ਜੇਕਰ ਇਨਸਾਨ ਦੀ ਇੱਛਾ ਸ਼ਕਤੀ ਮਜ਼ਬੂਤ ਹੋਵੇ ਤਾਂ ਉਹ ਹਰ ਕੰਮ ਕਰ ਸਕਦਾ ਹੈ, ਜਿਸਨੂੰ ਕਰਨ ਦੀ ਉਹ ਠਾਣ ਲਵੇ। ਪ੍ਰਿੰ.ਬਾਬੂ ਸਿੰਘ ਗੁਰਮ ਅਜਿਹਾ ਇਨਸਾਨ ਹੈ ਜਿਸਨੇ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਤੇ ਜਿਓਣ ਅਤੇ ਮਾਨਣ ਦਾ ਫ਼ੈਸਲਾ ਕਰ ਲਿਆ। ਉਤਨੀ ਦੇਰ ਤੱਕ ਉਸਨੂੰ ਚੈਨ ਨਹੀਂ ਆਈ ਜਿੰਨਾ ਚਿਰ ਤੱਕ ਉਸਨੇ ਆਪਣੇ ਨਿਸ਼ਾਨੇ ਦੀ ਪੂਰਤੀ ਨਹੀਂ ਕਰ ਲਈ। ਆਮ ਤੌਰ ਤੇ ਲੋਕ ਬਣੇ ਰਾਹਾਂ ਤੇ ਚਲਣ ਦੇ ਆਦੀ ਹੁੰਦੇ ਹਨ ਪ੍ਰੰਤੂ ਪਿੰਸੀਪਲ ਬਾਬੂ ਸਿੰਘ ਆਪਣੇ ਰਾਹ ਆਪ ਬਣਾਕੇ ਚਲਦੇ ਹਨ। ਜਿਸ ਖੇਤਰ ਵਿਚ ਵੀ ਉਨ੍ਹਾਂ ਹੱਥ ਪਾਇਆ ਸਫਲਤਾ ਉਸਦੇ ਪੈਰ ਚੁੰਮਦੀ ਰਹੀ। ਰੌਸ਼ਨੀ ਨੂੰ ਸੁਨਹਿਰੇ ਭਵਿਖ ਦਾ ਪ੍ਰਤੀਕ ਕਿਹਾ ਜਾਂਦਾ ਹੈ। ਦਿਨ ਅਤੇ ਰਾਤ ਦਾ ਫਰਕ ਰੌਸ਼ਨੀ ਤੋਂ ਹੀ ਪਤਾ ਚਲਦਾ ਹੈ। ਰੌਸ਼ਨ ਦਿਮਾਗ਼ ਇਨਸਾਨ ਨੂੰ ਸਿਆਣਾ ਅਤੇ ਸੁਲਝਿਆ ਹੋਇਆ ਕਿਹਾ ਜਾਂਦਾ ਹੈ, ਜੋ ਸਮਾਜ ਨੂੰ ਅਗਵਾਈ ਦੇਣ ਦੇ ਸਮਰੱਥ ਹੁੰਦਾ ਹੈ। ਰੌਸ਼ਨੀ ਪੜ੍ਹਾਈ ਤੋਂ ਮਿਲਦੀ ਹੈ। ਪੜ੍ਹਾਈ ਦੀ ਰੌਸ਼ਨੀ ਦੇਣਾ ਇਕ ਕਿਸਮ ਨਾਲ ਸਮਾਜ ਨੂੰ ਬਿਹਤਰੀਨ ਬਣਾਉਣ ਦਾ ਸਰਵੋਤਮ ਸਾਧਨ ਹੈ। ਪ੍ਰਿੰਸੀਪਲ ਬਾਬੂ ਸਿੰਘ ਵਿਦਿਆ ਦੀ ਰੌਸ਼ਨੀ ਫ਼ੈਲਾਉਣ ਵਾਲਾ ਇਨਸਾਨ ਹੈ ਜਿਸਨੇ, ਵਿਦਿਆ ਦਾ ਚਾਨਣ ਫ਼ੈਲਾ ਕੇ ਹਜ਼ਾਰਾਂ ਵਿਦਿਆਥੀਆਂ ਖਾਸ ਤੌਰ ਤੇ ਗ਼ਰੀਬ ਵਰਗਾਂ ਦੀਆਂ ਲੜਕੀਆਂ ਨੂੰ ਪੜ੍ਹਾ ਕੇ ਜੀਵਨ ਜਿਓਣ ਦੇ ਸਮਰੱਥ ਬਣਾਇਆ ਹੈ। ਉਨ੍ਹਾਂ ਨੂੰ ਕਿਸਮਤ ਦੇ ਧਨੀ ਕਿਹਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਕਿਸਮਤ ਤਾਂ ਬਣਾਈ ਹੀ ਹੈ ਪ੍ਰੰਤੂ ਹਜ਼ਾਰਾਂ ਵਿਦਿਆਰਥੀਆਂ ਦਾ ਭਵਿਖ ਸੁਨਹਿਰੀ ਬਣਾ ਦਿੱਤਾ ਹੈ। ਜਿਹੜੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟ ਰਹੇ ਹਨ ਅਤੇ ਪਿੰਸੀਪਲ ਬਾਬੂ ਸਿੰਘ ਨੂੰ ਦੁਆਵਾਂ ਦੇ ਰਹੇ ਹਨ। ਸਿਆਸਤ ਵਿਚ ਵੀ ਉਹ ਕਿੰਗ ਮੇਕਰ ਦੇ ਤੌਰ ਤੇ ਜਾਣੇ ਜਾਂਦੇ ਹਨ। ਮੁੱਢਲੇ ਤੌਰ ਤੇ ਉਹ ਅਕਾਲੀ ਦਲ ਦੇ ਸਮਰਥੱਕ ਹਨ ਪ੍ਰੰਤੂ ਜੇਕਰ ਅਕਾਲੀ ਦਲ ਸਿੱਖ ਸਿਧਾਂਤਾ ਤੇ ਪਹਿਰਾ ਨਾ ਦੇਵੇ ਤਾਂ ਉਹ ਸੱਚੀ ਗੱਲ ਕਹਿਣ ਦੀ ਹਿੰਮਤ ਰੱਖਦੇ ਹਨ। ਕਾਂਗਰਸੀ ਵੀ ਉਨ੍ਹਾਂ ਦੀ ਇੱਜ਼ਤ ਕਰਦੇ ਹਨ। ਪੈਸਾ ਕਮਾਉਣਾ ਅਤੇ ਉਸਨੂੰ ਖ਼ਰਚਣਾ ਵੀ ਉਸਨੂੰ ਆਉਂਦਾ ਹੈ। ਹੱਥ ਹਮੇਸ਼ਾ ਖੁਲ੍ਹਾ ਰੱਖਦੇ ਹਨ। ਜੇਕਰ ਕਿਸੇ ਵਿਦਿਆਰਥੀ ਨੇ ਕਿਹਾ ਕਿ ਉਹ ਫੀਸ ਦੇਣ ਦੇ ਸਮਰੱਥ ਨਹੀਂ ਤਾਂ ਕੋਈ ਗੱਲ ਨਹੀਂ ਪੜ੍ਹੋ ਜੀਅ ਸਦਕੇ ਪ੍ਰੰਤੂ ਅਨੁਸ਼ਾਸਨ ਹਮੇਸ਼ਾ ਬਰਕਰਾਰ ਰੱਖਦੇ ਸਨ। ਮਾਪੇ ਆਪਣੀਆਂ ਧੀਆਂ ਨੂੰ ਉਸਦੇ ਕਾਲਜ ਵਿਚ ਸੇਫ ਸਮਝਦੇ ਸਨ। ਮਜ਼ਾਲ ਹੈ ਕੋਈ ਉਚਾ ਨੀਵਾਂ ਬੋਲ ਜਾਏ। ਨਮਰਤਾ ਦੇ ਪੁਜਾਰੀ ਪ੍ਰੰਤੂ ਜੇਕਰ ਕੋਈ ਫੂੰ ਫਾਂ ਕਰੇ ਤਾਂ ਜੱਟ ਦੇ ਹੱਥ ਵੀ ਕਰੜੇ ਹਨ। ਉਹ ਫੋਰ ਇਨ ਵਨ ਹਨ, ਅਰਥਾਤ ਬਿਹਤਰੀਨ ਸਮਾਜ ਸੇਵਕ, ਕਾਬਲ ਸਿਖਿਆ ਸ਼ਾਸਤਰੀ, ਸਿਆਸਤ ਦੇ ਧੁਰੰਤਰ ਅਤੇ ਸਫਲ ਵਿਓਪਾਰੀ। ਬੀ.ਏ. ਕਰਨ ਤੋਂ ਬਾਅਦ ਉਸਨੇ ਪੀ.ਸੀ.ਐਸ.ਦਾ ਇਮਤਿਹਾਨ ਦਿੱਤਾ ਜਿਸ ਵਿਚ ਉਹ ਚੁਣਿਆ ਗਿਆ ਪ੍ਰੰਤੂ ਕੁਝ ਤਕਨੀਕੀ ਕਾਰਨਾ ਕਰਕੇ ਨੌਕਰੀ ਜਾਇਨ ਨਹੀਂ ਕਰ ਸਕੇ। ਇਸ ਤੋਂ ਬਾਅਦ ਉਨ੍ਹਾਂ ਐਮ.ਏ.ਰਾਜਨੀਤੀ ਸ਼ਾਸ਼ਤਰ ਵਿਚ ਲਾਇਲਪੁਰ ਖਾਲਸਾ ਕਾਲਜ ਜ¦ਧਰ ਵਿਚ ਦਾਖਲਾ ਲੈ ਲਿਆ ਅਤੇ 1961 ਵਿਚ ਪਹਿਲੇ ਦਰਜੇ ਵਿਚ ਇਮਤਿਹਾਨ ਪਾਸ ਕੀਤਾ। ਪੜ੍ਹਾਈ ਵਿਚ ਬਚਪਨ ਤੋਂ ਹੀ ਹੁਸ਼ਿਆਰ ਹੋਣ ਕਰਕੇ ਪ੍ਰਾਇਮਰੀ ਸਕੂਲ ਸਮਰਾਲਾ ਵਿਚ ਚੌਥੀ ਜਮਾਤ ਤੋਂ ਹੀ ਵਜ਼ੀਫ਼ਾ ਲੱਗ ਗਿਆ ਸੀ। ਇਸ ਤੋਂ ਬਾਅਦ ਸਰਕਾਰੀ ਹਾਈ ਸਕੂਲ ਸਮਰਾਲਾ ਵਿਚੋਂ 1952 ਵਿਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਅਤੇ ਜਿਲ੍ਹੇ ਵਿਚੋਂ ਫਸਟ ਆਏ। ਬੀ.ਏ. ਵਿਚ ਗੌਰਮਿੰਟ ਕਾਲਜ ਲੁਧਿਆਣਾ ਵਿਚ ਦਾਖ਼ਲਾ ਲੈ ਲਿਆ ਪ੍ਰੰਤੂ ਉਥੇ ਉਸਦੀ ਪੜ੍ਹਾਈ ਵਿਚ ਤਸੱਲੀ ਨਾ ਹੋਈ, ਫਿਰ ਲਾਇਲਪੁਰ ਖਾਲਸਾ ਕਾਲਜ ਵਿਚੋਂ ਬੀ.ਏ ਆਨਰਜ਼ ਅੰਗਰੇਜ਼ੀ ਦੇ ਵਿਸ਼ੇ ਵਿਚ ਕੀਤੀ। ਹੈਰਾਨੀ ਦੀ ਗੱਲ ਹੈ ਦਿਹਾਤੀ ਪਰਿਵਾਰ ਨਾਲ ਸੰਬੰਧਤ ਹੋਣ ਦੇ ਬਾਵਜੂਦ ਦਸਵੀਂ ਵਿਚ ਹਿੰਦੀ ਅਤੇ ਸੰਸਕ੍ਰਿਤ ਵਿਸ਼ਿਆਂ ਦੀ ਪੜ੍ਹਾਈ ਕੀਤੀ। ਦੱਸਣ ਤੋਂ ਭਾਵ ਪੰਜਾਬੀ, ਹਿੰਦੀ ਸੰਸਕ੍ਰਿਤ ਅਤੇ ਅੰਗਰੇਜ਼ੀ ਦੀ ਪੜ੍ਹਾਈ ਵਿਚ ਮੁਹਾਰਤ ਹਾਸਲ ਕੀਤੀ। ਗਿਆਨੀ ਦਾ ਇਮਤਿਹਾਨ ਵੀ ਪਾਸ ਕੀਤਾ। ਆਪਦੀ ਰੇਲਵੇ ਵਿਭਾਗ ਵਿਚ ਵੈਲਫ਼ੇਅਰ ਇਨਸਪੈਕਟਰ ਦੀ ਨੌਕਰੀ ਲੱਗ ਗਈ ਪ੍ਰੰਤੂ ਆਪਨੇ ਇਹ ਨੌਕਰੀ ਬਹੁਤ ਥੋੜ੍ਹੇ ਸਮੇਂ ਲਈ ਕੀਤੀ ਕਿਉਂਕਿ ਆਪ ਪਟਿਆਲਾ ਤੋਂ ਬਾਹਰ ਜਾਣਾ ਨਹੀਂ ਚਾਹੁੰਦੇ ਸਨ ਅਤੇ ਆਪਦੇ ਮਨ ਵਿਚ ਅਧਿਆਪਕ ਬਣਨ ਦਾ ਜਨੂੰਨ ਸਵਾਰ ਸੀ। ਫਿਰ ਪ੍ਰਭਾਕਰ ਦੀ ਪੜ੍ਹਾਈ ਲਈ ਜੋਸ਼ੀ ਕਾਲਜ ਪਟਿਆਲਾ ਵਿਚ ਦਾਖ਼ਲਾ ਲੈ ਲਿਆ ਪ੍ਰੰਤੂ ਅਧਿਆਪਕ ਕਲਾਸ ਵਿਚ ਬਾਬੂ ਸਿੰਘ ਦੇ ਸਵਾਲਾਂ ਦੇ ਜਵਾਬ ਨਾ ਦੇ ਸਕਿਆ, ਉਹ ਬਾਬੂ ਸਿੰਘ ਦੀ ਅੰਗਰੇਜ਼ੀ ਦੀ ਮੁਹਾਰਤ ਤੋਂ ਕਾਇਲ ਹੋ ਗਿਆ। ਇਸ ਲਈ ਉਦੋਂ ਉਸ ਅਧਿਆਪਕ ਨੇ ਆਪਨੂੰ ਬੀ.ਏ.ਦੀਆਂ ਈਵਨਿੰਗ ਕਲਾਸਾਂ ਵਿਚ ਪੜ੍ਹਾਉਣ ਲਈ ਪਾਰਟ ਟਾਈਮ ਨੌਕਰੀ ਤੇ ਰੱਖ ਲਿਆ। ਉਸ ਸਮੇਂ ਆਪ ਭਾਸ਼ਾ ਵਿਭਾਗ ਪੰਜਾਬ ਵਿਚ ਪਟਿਆਲਾ ਵਿਖੇ ਅਨੁਵਾਦਕ ਦੀ ਨੌਕਰੀ ਕਰ ਰਹੇ ਸੀ। ਇਹ ਨੌਕਰੀ ਆਪ ਨੇ 1963 ਵਿਚ ਜਾਇਨ ਕੀਤੀ ਸੀ। ਦਿਨ ਵਿਚ ਦਫ਼ਤਰ ਨੌਕਰੀ ਕਰਦੇ ਅਤੇ ਸਵੇਰੇ ਸ਼ਾਮ ਆਪ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ। ਉਸ ਸਮੇਂ ਗਿਆਨੀ ਲਾਲ ਸਿੰਘ ਵਿਭਾਗ ਦੇ ਡਾਇਰੈਕਟਰ ਸਨ। ਪਟਿਆਲਾ ਵਿਖੇ ਹੀ ਇੱਕ ਹੋਰ ਪ੍ਰਾਈਵੇਟ ਕੋਚਿੰਗ ਸੈਂਟਰ ਬਹੁਤ ਹੀ ਮਸ਼ਹੂਰ ਸੀ।
ਦਫ਼ਤਰਾਂ ਵਿਚ ਨੌਕਰੀ ਕਰਨ ਵਾਲੇ ਕਰਮਚਾਰੀ ਅਤੇ ਗ਼ਰੀਬ ਵਿਦਿਆਰਥੀ ਗਿਆਨੀ ਕਰਕੇ ਪ੍ਰਾਈਵੇਟ ਤੌਰ ਤੇ ਉਸ ਕਾਲਜ ਵਿਚ ਪੜ੍ਹਕੇ ਹਰ ਛੇ-ਛੇ ਮਹੀਨੇ ਬਾਅਦ ਇਮਤਿਹਾਨ ਦੇ ਕੇ ਬੀ.ਏ. ਕਰਦੇ ਸਨ। ਜਿਸਨੂੰ ਬੀ.ਏ.ਵਾਇਆ ਬਠਿੰਡਾ ਕਿਹਾ ਜਾਂਦਾ ਸੀ। ਜਦੋਂ ਬਾਬੂ ਸਿੰਘ ਨੇ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਉਸ ਕਾਲਜ ਦੇ ਬਹੁਤੇ ਵਿਦਿਆਰਥੀ ਬਾਬੂ ਸਿੰਘ ਕੋਲ ਪੜ੍ਹਨ ਲੱਗ ਗਏ। ਉਸ ਪ੍ਰਾਈਵੇਟ ਕਾਲਜ ਦਾ ਰੋਜ਼ਗਾਰ ਬੰਦ ਹੋਣ ਦੇ ਕਿਨਾਰੇ ਪਹੁੰਚ ਗਿਆ। ਉਸ ਕਾਲਜ ਦਾ ਪ੍ਰਿੰਸੀਪਲ ਬਹੁਤ ਹੀ ਸਿਆਸੀ ਤਾਕਤ ਵਾਲਾ ਵਿਅਕਤੀ ਸੀ। ਉਹ ਨਗਰ ਕੌਂਸਲ ਪਟਿਆਲਾ ਦਾ ਪ੍ਰਧਾਨ ਵੀ ਸੀ ਜਿਸ ਕਰਕੇ ਉਸਨੇ ਗਿਆਨੀ ਲਾਲ ਸਿੰਘ ਕੋਲ ਬਾਬੂ ਸਿੰਘ ਦੀ ਸ਼ਿਕਾਇਤ ਕਰ ਦਿੱਤੀ ਕਿ ਸਰਕਾਰੀ ਮੁਲਾਜ਼ਮ ਪ੍ਰਾਈਵੇਟ ਨੌਕਰੀ ਨਹੀਂ ਕਰ ਸਕਦਾ। ਅਨੁਵਾਦਕ ਦੀ ਤਨਖ਼ਾਹ ਥੋੜ੍ਹੀ ਹੁੰਦੀ ਸੀ, ਕਾਲਜ ਵਿਚ ਪੜ੍ਹਾਉਣ ਨਾਲ ਚੌਗੁਣੀ ਆਮਦਨ ਹੁੰਦੀ ਸੀ। ਗਿਆਨੀ ਲਾਲ ਸਿੰਘ ਨੇ ਬਾਬੂ ਸਿੰਘ ਨੂੰ ਬਿਨਾ ਫ਼ੀਸ ਆਪਣੇ ਘਰ ਪੜ੍ਹਾਉਣ ਲਈ ਕਹਿ ਦਿੱਤਾ। ਬਾਬੂ ਸਿੰਘ ਨੇ ਤਿੰਨ ਕਮਰੇ ਕਿਰਾਏ ਤੇ ਲੈ ਕੇ ਪੜ੍ਹਾਉਣਾ ਸ਼ਰੂ ਕਰ ਦਿੱਤਾ ਪ੍ਰੰਤੂ ਜਦੋਂ ਗਿਆਨੀ ਲਾਲ ਸਿੰਘ ਸੇਵਾ ਮੁਕਤ ਹੋ ਗਏ ਤਾਂ ਰਜਨੀਸ਼ ਕੁਮਾਰ ਡਾਇਰੈਕਟਰ ਭਾਸ਼ਾ ਵਿਭਾਗ ਲੱਗ ਗਏ। ਫਿਰ ਬਾਬੂ ਸਿੰਘ ਦੀਆਂ ਸ਼ਿਕਾਇਤਾਂ ਸ਼ੁਰੂ ਹੋ ਗਈਆਂ। ਮੁੱਖ ਮੰਤਰੀ ਤੋਂ ਸ਼ਿਕਾਇਤ ਸੀ.ਆਈ.ਡੀ ਪੁਲਿਸ ਕੋਲ ਪੜਤਾਲ ਲਈ ਆ ਗਈ। ਬਾਬੂ ਸਿੰਘ ਨੇ ਤੁਰੰਤ ਨਵੰਬਰ 1968 ਵਿਚ ਇਹ ਕਹਿਕੇ ਅਸਤੀਫ਼ਾ ਦੇ ਦਿੱਤਾ ਕਿ ਉਹ ਵਿਧਾਨ ਸਭਾ ਦੀ ਅਕਾਲੀ ਦਲ ਦੇ ਟਿਕਟ ਤੇ ਚੋਣ ਲੜਨਗੇ। ਰਜਨੀਸ਼ ਕੁਮਾਰ ਆਪ ਦਾ ਅਸਤੀਫ਼ਾ ਵੇਖਕੇ ਹੈਰਾਨ ਹੋ ਗਏ ਕਿ ਸਰਕਾਰੀ ਨੌਕਰੀ ਤਾਂ ਮਿਲਦੀ ਨਹੀਂ ਤੁਸੀਂ ਅਸਤੀਫ਼ਾ ਦੇ ਰਹੇ ਹੋ। ਉਸੇ ਦਿਨ ਅਸਤੀਫ਼ਾ ਪ੍ਰਵਾਨ ਕਰਵਾਕੇ ਆਪ ਘਰ ਆ ਗਏ। ਜਦੋਂ ਉਹ ਸ਼ਾਮ ਨੂੰ ਕਲਾਸ ਵਿਚ ਪੜ੍ਹਾ ਰਹੇ ਸਨ ਤਾਂ ਡੀ.ਐਸ. ਪੀ.ਸੀ. ਆਈ.ਡੀ.ਪੜਤਾਲ ਕਰਨ ਲਈ ਆ ਗਏ। ਬਾਬੂ ਸਿੰਘ ਨੇ ਦੱਸਿਆ ਕਿ ਉਹ ਤਾਂ ਨੌਕਰੀ ਕਰਦੇ ਹੀ ਨਹੀਂ, ਅੱਜ ਤੋਂ ਪਹਿਲਾਂ ਜ਼ਰੂਰ ਨੌਕਰੀ ਕਰਦਾ ਸੀ। ਪੁਲਿਸ ਅਧਿਕਾਰੀ ਨੂੰ ਨਿੰਮੋਝੂਣਾ ਹੋ ਕੇ ਵਾਪਸ ਜਾਣਾ ਪੈ ਗਿਆ। ਉਸ ਤੋਂ ਬਾਅਦ ਬਾਬੂ ਸਿੰਘ ਨੇ ਘੇਰ ਸੋਢੀਆਂ ਮੁਹੱਲੇ ਵਿਚ ਕੋਠੀ ਖ੍ਰੀਦ ਕੇ ਆਕਸਫੋਰਡ ਕਾਲਜ ਖੋਲ੍ਹ ਲਿਆ ਜਿਸ ਵਿਚ ਗ਼ਰੀਬ ਲੋਕਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਿਖਿਆ ਦੇਣੀ ਸ਼ੁਰੂ ਕਰ ਦਿੱਤੀ ਕਿਉਂਕਿ ਉਸ ਕੋਲ ਵਿਦਿਆਰਥੀ ਬਹੁਤ ਸਨ, ਜਿਨ੍ਹਾਂ ਦੀਆਂ ਫ਼ੀਸਾਂ ਨਾਲ ਆਮਦਨ ਹੋ ਜਾਂਦੀ ਸੀ। ਬਾਬੂ ਸਿੰਘ ਦੀ ਪੜ੍ਹਾਉਣ ਦੀ ਤਕਨੀਕ ਵੀ ਨਿਰਾਲੀ, ਮੁਹਾਵਰੇ ਅਤੇ ਲੱਛੇਦਾਰ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਸੰਸਕ੍ਰਿਤ ਦੀ ਭਾਸ਼ਾ ਨੇ ਬਾਬੂ ਸਿੰਘ ਦੀ ਸ਼ਹਿਰ ਵਿਚ ਮਹਿਮਾ ਕਰ ਦਿੱਤੀ। ਹਾਲਾਤ ਇਹ ਪੈਦਾ ਹੋ ਗਏ ਕਿ ਉਸਨੇ ਤਿੰਨ ਅਦਾਰੇ ਸ਼ੁਰੂ ਕਰ ਦਿੱਤੇ ਇੱਕ ਸਕੂਲ, ਇੱਕ ਲੜਕੀਆਂ ਦਾ ਕਾਲਜ ਅਤੇ ਇਕ ਕੋਐਜੂਕੇਸ਼ਨਲ ਕਾਲਜ। ਲਗਪਗ 1400 ਵਿਦਿਆਰਥੀਆਂ ਵਾਲੀਆਂ ਇਹ ਸੰਸਥਾਵਾਂ ਦੇ ਨਾਲ ਆਮਦਨ ਬਹੁਤ ਵੱਧ ਗਈ ਅਤੇ ਹੋਰ ਇਮਾਰਤਾਂ ਖ਼੍ਰੀਦ ਲਈਆਂ। ਸਿਆਸਤ ਦੀ ਗੁੜ੍ਹਤੀ ਬਾਬੂ ਸਿੰਘ ਨੇ ਪਰਿਵਾਰ ਵਿਚੋਂ ਹੀ ਲਈ ਕਿਉਂਕਿ ਅਜਮੇਰ ਸਿੰਘ ਉਸ ਸਮੇਂ ਦੇ ਮਾਲ ਮੰਤਰੀ ਪੰਜਾਬ ਆਪਦੇ ਪਿਤਾ ਦੇ ਨਿੱਘੇ ਦੋਸਤ ਸਨ, ਜਿਸ ਕਰਕੇ ਉਨ੍ਹਾਂ ਨਾਲ ਮੇਲ ਮਿਲਾਪ ਹੁੰਦਾ ਰਹਿੰਦਾ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਉਨ੍ਹਾਂ ਦਿਨਾਂ ਵਿਚ ਅਕਾਲੀ ਦਲ ਦੇ ਸਿਰਕੱਢ ਨੇਤਾ ਹੁੰਦੇ ਸਨ, ਉਨ੍ਹਾਂ ਨੂੰ ਪਟਿਆਲਾ ਵਿਖੇ ਪੜ੍ਹਿਆ ਲਿਖਿਆ ਸਿਆਸੀ ਸੂਝ ਰੱਖਣ ਵਾਲੇ ਸਹਾਇਕ ਦੀ ਲੋੜ ਸੀ। ਬਾਬੂ ਸਿੰਘ ਕਿਉਂਕਿ ਸਿਆਸਤ ਨਾਲ ਬਾਵਾਸਤਾ ਸੀ ਇਸ ਕਰਕੇ ਟੌਹੜਾ ਸਾਹਿਬ ਦੀ ਲੋਕ ਸਭਾ ਦੀ ਚੋਣ ਵਿਚ ਸਿਰੜ੍ਹ ਅਤੇ ਮਿਹਨਤ ਨਾਲ ਕੰਮ ਕਰਨ ਕਰਕੇ ਉਨ੍ਹਾਂ ਦਾ ਵਿਸ਼ਵਾਸ ਪਾਤਰ ਬਣ ਗਿਆ। ਪਟਿਆਲਾ ਸ਼ਹਿਰ ਵਿਚ ਪਾਕਿਸਤਾਨ ਵਿਚੋਂ ਆਏ ਬਹੁਤੇ ਸ਼ਹਿਰੀ ਸਿੱਖ ਹੀ ਰਹਿੰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਕ ਦਿਹਾਤੀ ਜੱਟ ਸਿੱਖ ਸ਼ਹਿਰੀ ਸਿੱਖਾਂ ਵਿਚ ਹਰਮਨ ਪਿਆਰਾ ਹੋ ਗਿਆ। ਟੌਹੜਾ ਸਾਹਿਬ ਨੂੰ ਸ਼ਹਿਰੀ ਸਿੱਖਾਂ ਦੀ ਚੋਣ ਵਿਚ ਮਦਦ ਦੀ ਲੋੜ ਸੀ। ਜਥੇਦਾਰ ਮਨਮੋਹਨ ਸਿੰਘ ਬਜਾਜ ਟੌਹੜਾ ਸਾਹਿਬ ਦੇ ਨਜ਼ਦੀਕ ਸਨ ਬਾਬੂ ਸਿੰਘ ਨੇ ਜਥੇਦਾਰ ਸਰਦਾਰਾ ਸਿੰਘ ਕੋਹਲੀ ਨੂੰ ਟੌਹੜਾ ਸਾਹਿਬ ਨਾਲ ਜੋੜ ਦਿੱਤਾ। ਬਾਬੂ ਸਿੰਘ ਟੌਹੜਾ ਸਾਹਿਬ ਦੇ ਹੋਰ ਨਜ਼ਦੀਕ ਹੋ ਗਏ। ਉਸ ਦਿਨ ਤੋਂ ਅੱਜ ਤੱਕ ਉਹ ਅਕਾਲੀ ਦਲ ਵਿਚ ਕਿਸੇ ਨਾ ਕਿਸੇ ਅਹੁਦੇ ਤੇ ਕੰਮ ਕਰਦੇ ਆ ਰਹੇ ਹਨ। ਪ੍ਰੰਤੂ ਟੌਹੜਾ ਸਾਹਿਬ ਦੇ ਜ਼ੋਰ ਦੇਣ ਤੇ ਵੀ ਆਪਣਾ ਅਧਿਆਪਕ ਦਾ ਕਿੱਤਾ ਛੱਡ ਕੇ ਸਿਆਸੀ ਰਾਹ ਅਪਣਾਉਣ ਲਈ ਤਿਆਰ ਨਹੀਂ ਹੋਏ। ਉਹ ਨਿਰਸਵਾਰਥ ਸਿਆਸਤਦਾਨ ਹਨ। ਇਸ ਸਮੇਂ ਅਕਾਲੀ ਦਲ ਦੀ ਸ਼ਹਿਰੀ ਇਕਾਈ ਦੇ ਸਰਪ੍ਰਸਤ ਹਨ। ਇਸ ਤੋਂ ਵੀ ਹੈਰਾਨੀ ਦੀ ਗੱਲ ਹੈ ਕਿ ਪ੍ਰਿੰਸੀਪਲ ਬਾਬੂ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਵੀ ਨੇੜੇ ਹਨ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਵਿਚ ਹੁੰਦੇ ਸਨ ਤਾਂ ਬਾਬੂ ਸਿੰਘ ਪੜ੍ਹੇ ਲਿਖੇ ਹੋਣ ਕਰਕੇ ਉਨ੍ਹਾਂ ਦੇ ਪਰਿਵਰ ਦੇ ਨੇੜੇ ਹੋ ਗਏ। ਪ੍ਰਿੰ.ਬਾਬੂ ਸਿੰਘ ਦੀ ਇਹ ਇਕ ਵਿਲੱਖਣ ਕਾਬਲੀਅਤ ਹੈ ਕਿ ਉਹ ਸਾਰੀਆਂ ਸਿਆਸੀ ਪਾਰਟੀਆਂ ਦੇ ਭਰੋਸੇ ਵਾਲੇ ਵਿਅਕਤੀ ਹਨ। ਸ੍ਰ.ਬੇਅੰਤ ਸਿੰਘ ਨੇ ਪ੍ਰਿੰ.ਬਾਬੂ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਦੀ ਸੈਨੇਟ ਦਾ ਮੈਂਬਰ ਨਾਮਜਦ ਕੀਤਾ ਸੀ। ਪ੍ਰਿੰ.ਬਾਬੂ ਸਿੰਘ ਇਕ ਸਫਲ ਕਾਰੋਬਾਰੀ ਵੀ ਹਨ। ਪੁਰਾਣੀ ਕੋਤਵਾਲੀ ਚੌਕ ਅਦਾਲਤ ਬਾਜਾਰ ਪਟਿਆਲਾ ਵਿਚ ਪੁਰਾਣੀ ਕੋਤਵਾਲੀ ਦੇ ਨਾਲ ਲੱਗਦੀ ਕੋਠੀ ਵਿਚ ਦੁਕਾਨਦਾਰਾਂ ਦੀਆਂ ਦੁਕਾਨਾ ਸਨ, ਦੁਕਾਨਦਾਰ ਮਾਲਕ ਨੂੰ ਨਾਮਾਤਰ ਕਿਰਾਇਆ ਦੇ ਰਹੇ ਸਨ ਪ੍ਰੰਤੂ ਉਹ ਦੁਕਾਨਾਂ ਨਾ ਤਾਂ ਕਿਰਾਇਆ ਵਧਾ ਰਹੇ ਸਨ ਅਤੇ ਨਾ ਹੀ ਦੁਕਾਨਾ ਖਾਲੀ ਕਰ ਰਹੇ ਸਨ। ਲਗਪਗ 50 ਦੁਕਾਨਾ ਸਨ। ਕੋਈ ਵੀ ਵਿਅਕਤੀ ਉਹ ਦੁਕਾਨਾ ਖ੍ਰੀਦਣ ਲਈ ਤਿਆਰ ਨਹੀਂ ਸੀ। ਪ੍ਰਿੰ.ਬਾਬੂ ਸਿੰਘ ਨੇ ਦਲੇਰੀ ਦਾ ਸਬੂਤ ਦਿੰਦਿਆਂ ਸਾਰੀਆਂ ਦੁਕਾਨਾਂ ਹੀ ਖ੍ਰੀਦ ਲਈਆਂ ਅਤੇ ਕਿਰਾਏਦਾਰਾਂ ਨੂੰ ਵੇਚ ਦਿੱਤੀਆਂ ਨਾਲੇ ਦੁਕਾਨਦਾਰ ਖ਼ੁਸ਼ ਨਾਲੇ ਬਾਬੂ ਸਿੰਘ ਮਾਲਾਮਾਲ ਹੋ ਗਏ। ਪ੍ਰਿੰ.ਬਾਬੂ ਸਿੰਘ ਦਾ ਜਨਮ ਸਮਰਾਲਾ ਦੇ ਕੋਲ ਭਰਥਲਾ ਪਿੰਡ ਵਿਚ 28 ਅਗਸਤ 1930 ਨੂੰ ਮਾਤਾ ਹਰਦਿਆਲ ਕੌਰ ਅਤੇ ਪਿਤਾ ਬਸੰਤ ਸਿੰਘ ਦੇ ਘਰ ਜ਼ਿਮੀਦਾਰ ਪਰਿਵਾਰ ਵਿਚ ਹੋਇਆ। ਆਪਦੇ ਦੋ ਲੜਕੇ ਅਤੇ ਇਕ ਲੜਕੀ ਹੈ। ਸਾਰਾ ਪਰਿਵਾਰ ਖ਼ੁਸ਼ਹਾਲੀ ਦਾ ਆਨੰਦ ਮਾਣਦਾ ਹੋਇਆ ਪ੍ਰਿੰਸੀਪਲ ਬਾਬੂ ਸਿੰਘ ਦੀ ਸਰਪ੍ਰਸਤੀ ਦਾ ਨਿੱਘ ਮਾਣ ਰਿਹਾ ਹੈ। 86 ਸਾਲ ਦੀ ਉਮਰ ਵਿਚ ਵੀ ਆਪਣੀ ਗੱਡੀ ਆਪ ਚਲਾਕੇ ਸਕੂਲ ਜਾਂਦਾ ਹੈ, ਸਕੂਲ ਅਤੇ ਵਿਓਪਾਰ ਦੀ ਨਿਗਰਾਨੀ ਕਰ ਰਿਹਾ ਹੈ।
ਸੇਵਾ, ਸਿਆਸਤ ਤੇ ਸਿੱਖਿਆ ਦੇ ਧੁਰੰਤਰ :ਪ੍ਰਿੰ.ਬਾਬੂ ਸਿੰਘ ਗੁਰਮ



