ਜਲੰਧਰ, 18 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਪੰਜਾਬੀ ਬੋਲੀ ਬੜੀ ਅਮੀਰ ਬੋਲੀ ਹੈ। ਕਈ ਵਾਰ ਕੁਝ ਲੋਕ ਇਹ ਖਦਸ਼ਾ ਜ਼ਾਹਰ ਕਰਦੇ ਨੇ ਕਿ ਪੰਜਾਬੀ ਬੋਲੀ ਖਤਮ ਹੋ ਜਾਵੇਗੀ ਅਤੇ ਪੰਜਾਬੀ ਮਾਂ ਬੋਲੀ ਦੇ ਦੋਖੀ ਦੱਬੀ ਜ਼ੁਬਾਨ ਨਾਲ ਇਸ ਤਰਾਂ ਦਾ ਪ੍ਰਚਾਰ ਕਰ ਰਹੇ ਹਨ। ਪਰ ਜਿਸ ਤਰਾਂ ਪੰਜਾਬ ਵਾਸੀ ਬਹਾਦਰ ਨੇ ਤੇ ਹਰ ਜਬਰ ਦਾ ਟਾਕਰਾ ਕਰਦੇ ਨੇ ਇਸੇ ਤਰਾਂ ਪੰਜਾਬੀ ਬੋਲੀ ਵੀ ਖਤਮ ਹੋਣ ਦੀ ਥਾਂ ਕੌਮਾਂਤਰੀ ਪੱਧਰ ’ਤੇ ਆਪਣਾ ਪ੍ਰਭਾਵ ਪਾ ਰਹੀ ਹੈ। ਇਹ ਵਿਚਾਰ ਬੁਲਾਰਿਆਂ ਨੇ ਪ੍ਰੈਸ ਕਾਨਫਰੰਸ ਵਿੱਚ ਪੰਜਾਬੀ ਲਿਖਾਰੀ ਸਭਾ ਦੇ 50 ਸਾਲਾ ਸਮਾਗਮ ਸਮੇਂ ਕਹੇ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ. ਪਰਮਿੰਦਰਪਾਲ ਸਿੰਘ ਖਾਲਸਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦਕਿ ਸ. ਗੁਰਬਖਸ਼ ਸਿੰਘ ਦੁਨੇਜਾ, ਕੇ.ਕੇ ਸ਼ਰਮਾ ਚੇਅਰਮੈਨ ਤੇ ਪਰਦੁਮਨ ਸਿੰਗ ਵਾਇਸ ਚੇਅਰਮੈਨ ਸਿਟੀਜ਼ਨ ਬੈਂਕ, ਸ. ਗੁਰਦੇਵ ਸਿੰਘ ਨਿੱਝਰ, ਦੇਵਿੰਦਰ ਸਿੰਘ, ਹਰਜੀਤ ਸਿੰਘ ਐਡਵੋਕੇਟ, ਡਾ. ਸਵਰਨਜੀਤ ਕੌਰ ਗਰੇਵਾਲ ਅਤੇ ਜਸਵਿੰਦਰ ਸਿੰਘ ਮੱਕੜ ਪਰਧਾਨਗੀ ਮੰਡਲ ਵਿੱਤ ਸੁਸ਼ੋਭਿਤ ਸਨ। ਪਹਿਲਾਂ ਕਵੀ ਦਰਬਾਰ ਦਾ ਦੌਰ ਚੱਲਿਆ ਜਿਸ ਵਿੱਚ ਸਭਾ ਦੇ ਮੈਂਬਰਾਂ ਨੇ ਹਿੱਸਾ ਲਿਆ। ਦੂਜੇ ਦੌਰ ਵਿੱਚ ਸਭਾ ਦੇ ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ ਦਾ ਸਭਾ ਦੀ 50 ਸਾਲ ਅਗਵਾਈ ਕਰਨ ਤੇ ਭਰਵਾਂ ਸਮਨਾਨ ਕੀਤਾ। ਕਿਰਪਾਨ ਦੁਸ਼ਾਲਾ, ਸਿਰੋਪਾਓ ਭੇਂਟ ਕੀਤਾ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਸ੍ਰੀ ਸੁਖਮਨੀ ਸਾਹਿਬ ਸੁਸਾਇਟੀ, ਬਾਬਾ ਸੰਗਤ ਸਿੰਘ ਟਰੱਸਟ ਅਤੇ ਸੀਚੇਵਾਲ, ਵਾਡੀਆ ਤੇ ਹੋਰਨਾਂ ਨੇ ਵਿਅਕਤੀਗਤ ਤੌਰ ’ਤੇ ਸਿਰੋਪਾਓ, ਦੁਸ਼ਾਲੇ ਮੋਮੈਂਟੋ ਭੇਂਟ ਕਰ ਕੇ ਸਨਮਾਨ ਕੀਤਾ।
ਮੈਡਮ ਵਾਡੀਆ, ਮੈਡਮ ਦੂਆ ਸੀਚੇਵਾਲਵੀ, ਨਰਿੰਜਨ ਸਿੰਘ ਸਾਬੀ ਹੁਰਾਂ ਸਰਹੱਦੀ ਜੀ ਬਾਰੇ ਪੇਪਰ ਪੜ੍ਹੇ ਅਤੇ ਦੱਸਿਆ ਕਿ ਪੰਜਾਬੀ ਲਿਖਾਰੀ ਸਭਾ ਨੂੰ ਸਰਹੱਦੀ ਜੀ ਲਿਖਾਰੀਆਂ ਤੇ ਕਵੀਆਂ ਦੀ ਨਰਸਰੀ ਵਜੋਂ ਚਲਾ ਰਹੇ ਹਨ। ਇਨਾਂ ਦੀ ਦੇਖ-ਰੇਖ ਵਿੱਚ ਕਈ ਕਵੀ ਤੇ ਲੇਖਕ ਉਤਸ਼ਾਹਿਤ ਹੋਏ ਤੇ ਮਾਂ ਬੋਲੀ ਵਿੱਚ ਰਚਨਾਵਾਂ ਰਚ ਰਹੇ ਹਨ।
ਇਸ ਮੌਕੇ ਤੇ ਸਿਮਰਨ ਸਪਤਾਹਿਕ ਦਾ ਵਿਸ਼ੇਸ਼ ਅੰਕ ਵੀ ਪ੍ਰਧਾਨਗੀ ਮੰਡਲ ਨੇ ਲੋਕ-ਅਰਪਨ ਕੀਤਾ। ਸਰਦਾਰਨੀ ਸਰਹੱਦੀ ਨੂੰ ਵੀ ਦੁਸ਼ਾਲੇ ਭੇਂਟ ਕਰ ਕੇ ਸਨਮਾਨਿਆ ਗਿਆ।
ਪੰਜਾਬੀ ਲਿਖ਼ਾਰੀ ਸਭਾ ਜਲੰਧਰ ਦਾ 50 ਸਾਲਾ ਸਮਾਗਮ



