ਇਟਲੀ ਦੀ ਪਹਿਲੀ ਪਹਿਲਾ ਡਾਕਟਰ ਮਾਰਿਆ ਮਾਨਟੇਸਰੀ ਦੀ ਜੀਵਨ ਕਹਾਣੀ ਜਿੰਨੀ ਰੌਚਿਕ ਅਤੇ ਦਿਲਚਸਪ ਹੈ ਉਨੀਂ ਹੀ ਪ੍ਰੇਰਣਾਦਾਇਕ ਵੀ ਹੈ। ਮਾਰਿਆ 31 ਅਗਸਤ 1870 ਈਸਵੀ ਵਿੱਚ ਇਟਲੀ ਵਿਖੇ ਪੈਦਾ ਹੋਈ ਸੀ। ਮਾਰਿਆ ਨੇ 20 ਵਰ੍ਹਿਆਂ ਦੀ ਉਮਰ ਵਿੱਚ ਡਾਕਟਰ ਬਣਨ ਦਾ ਫੈਸਲਾ ਕੀਤਾ ਜੋ ਉਸ ਸਮੇਂ ਇੱਕ ਵੱਡਾ ਇਨਕਲਾਬੀ ਫੈਸਲਾ ਸੀ। ਉਸ ਵਕਤ ਤੱਕ ਰੋਮ ਵਿੱਚ ਸਿਰਫ ਪੁਰਸ਼ ਹੀ ਡਾਕਟਰ ਬਣ ਸਕਦੇ ਸਨ ਅਤੇ ਔਰਤਾਂ ਨੂੰ ਮੈਡੀਕਲ ਦੀ ਪੜ੍ਹਾਈ ਦੀ ਆਗਿਆ ਨਹੀਂ ਸੀ। ਉਸ ਦੇ ਬੇਨਤੀ ਪੱਤਰ ਦੇ ਜਵਾਬ ਵਿੱਚ ਰੋਮ ਦੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਸੀ ਕਿ ‘ਇਹ ਅਸੰਭਵ ਹੈ, ਅੱਜ ਤੱਕ ਅਜਿਹਾ ਨਹੀਂ ਹੋਇਆ ਕਿ ਕੋਈ ਮਹਿਲਾ ਡਾਕਟਰ ਬਣੀ ਹੋਵੇ ਅਤੇ ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।’’ ਜਿਨ੍ਹਾਂ ਲੋਕਾਂ ਦੇ ਇਰਾਦੇ ਪੱਕੇ ਹੁੰਦੇ ਹਨ ਅਤੇ ਜਿਨ੍ਹਾਂ ਲੋਕਾਂ ਦੇ ਮਨਾਂ ਵਿੱਚ ਕੁੱਝ ਨਵਾਂ ਕਰਨ ਦੀ ਧੁਨ ਸਵਾਰ ਹੁੰਦੀ ਹੈ, ਜੋ ਲੋਕ ਆਪਣੇ ਟੀਚੇ ਨੂੰ ਜਨੂੰਨ ਦੀ ਹੱਦ ਤੱਕ ਪਾਉਣ ਦੇ ਇੱਛੁਕ ਹੁੰਦੇ ਹਨ, ਉਹ ਲਗਾਤਾਰ ਯਤਨ ਕਰਦੇ ਰਹਿੰਦੇ ਹਨ ਅਤੇ ਸਫਲਤਾ ਇਕ ਨਾ ਇਕ ਦਿਨ ਉਨ੍ਹਾਂ ਦੇ ਕਦਮਾਂ ਵਿੱਚ ਆ ਜਾਂਦੀ ਹੈ। ਮਾਰਿਆ ਨੂੰ ਵੀ ਆਖਰ ਸਫਲਤਾ ਮਿਲੀ ਅਤੇ ਪੋਪ ਨੇ ਉਸ ਦੀ ਸਿਫਾਰਸ਼ ਕੀਤੀ ਅਤੇ ਮਾਰਿਆ ਮੈਡੀਕਲ ਕਾਲਜ ਵਿੱਚ ਦਾਖਲਾ ਲੈਣ ਵਿੱਚ ਕਾਮਯਾਬ ਹੋ ਗਈ। ਇਹ ਸਫ਼ਲਤਾ ਤਾਂ ਮਹਿਜ ਮੁੱਢਲੇ ਕਦਮ ਦੀ ਸਫ਼ਲਤਾ ਸੀ ਅਜੇ ਤਾਂ ਉਸ ਨੇ ਕਠਿਨਾਈਆਂ ਭਰੇ ਸਫ਼ਰ ਨੂੰ ਤਹਿ ਕਰਨਾ ਸੀ।
ਮੈਡੀਕਲ ਕਾਲਜ ਵਿੱਚ ਉਸ ਦਾ ਮੁਸ਼ਕਿਲਾਂ ਭਰਿਆ ਸਫਰ ਸ਼ੁਰੂ ਹੋਇਆ। ਔਰਤ ਵਿਰੋਧੀ ਮਾਨਸਿਕਤਾ ਵਾਲੇ ਇਕ ਮਹਿਲਾ ਨੂੰ ਡਾਕਟਰ ਬਣਨਾ ਨਹੀਂ ਵੇਖਣਾ ਚਾਹੁੰਦੇ ਸਨ। ਨਤੀਜੇ ਵਜੋਂ ਉਸਦੇ ਸਹਿਪਾਠੀਆਂ ਵੱਲੋਂ ਹੀ ਉਸ ਨਾਲ ਭੈੜਾ ਸਲੂਕ ਕਰਨ ਦਾ ਅਤੇ ਹਰ ਕਦਮ ’ਤੇ ਕੰਡੇ ਬੀਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਦੂਰ ਤੱਕ ਕਾਂਟੇ ਬਿਛੇ ਥੇ, ਜ਼ਿੰਦਗੀ ਕੀ ਰਾਹ ਮੇਂ ਢੂੰਡਨੇ ਵਾਲੋਂ ਨੇ ਦੇਖੋ, ਫਿਰ ਭੀ ਕਲੀਆਂ ਢੂੰਡ ਲੀਂ।
ਮਾਰਿਆ ਨੇ ਵੀ ਆਪਣੇ ਰਾਹ ਦੀਆਂ ਕਠਿਨਾਈਆਂ ਅਤੇ ਚੁਣੌਤੀਆਂ ਨੂੰ ਆਪਣੀ ਸਫਲਤਾ ਦੀ ਪੌੜੀ ਦੇ ਡੰਡੇ ਬਣਾ ਲਿਆ। ਮਾਰਿਆ ਨੂੰ ਜਾਣ ਬੁੱਝ ਕੇ ਰਾਤ ਨੂੰ ਮੁਰਦਾਘਰ ਜਾ ਕੇ ਮੁਰਦਿਆਂ ਦੀ ਚੀਰ ਫਾੜ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਸ ਨੇ ਹਰ ਮੁਸ਼ਕਿਲ ਦਾ ਸਾਹਮਣਾ ਦਲੇਰੀ ਨਾਲ ਕੀਤਾ ਅਤੇ 1896 ਵਿੱਚ ਉਹ ਇਟਲੀ ਦੀ ਪਹਿਲੀ ਮਹਿਲਾ ਡਾਕਟਰ ਬਣ ਗਈ। ਡਾਕਟਰ ਬਣਨ ਤੋਂ ਬਾਅਦ ਵੀ ਉਸ ਸਮੇਂ ਦੇ ਪੁਰਸ਼ ਪ੍ਰਧਾਨ ਸਮਾਜ ਵੱਲੋਂ ਕੀਤਾ ਜਾ ਰਿਹਾ ਭੇਦਭਾਵ ਜਾਰੀ ਰਿਹਾ। ਔਰਤ ਹੋਣ ਕਾਰਨ ਉਸ ਨੂੰ ਮਰਦਾਂ ਦੇ ਇਲਾਜ ਕਰਨ ਤੋਂ ਵਾਂਝਿਆਂ ਰੱਖਿਆ ਗਿਆ ਅਤੇ ਉਸ ਨੂੰ ‘ਮੰਦਬੁੱਧੀ’ ਬੱਚਿਆਂ ਦੇ ਇਲਾਜ ਦੀ ਡਿਊਟੀ ਸੌਂਪੀ ਗਈ।
ਕਠਿਨਾਈਆਂ ਅਸਲ ਵਿੱਚ ਉਹ ਔਜਾਰ ਹੁੰਦੇ ਹਨ ਜਿਨ੍ਹਾਂ ਨਾਲ ਪ੍ਰਮਾਤਮਾ ਸਾਨੂੰ ਬੇਹਤਰ ਕੰਮਾਂ ਲਈ ਤਿਆਰ ਕਰਦਾ ਹੈ। ਮਾਰਿਆ ਨੇ ਇਸ ਚੁਣੌਤੀ ਨੂੰ ਵੀ ਸਵੀਕਾਰ ਕੀਤਾ ਅਤੇ ਮੰਦਬੁੱਧੀ ਬੱਚਿਆਂ ਦੀ ਅਧਿਆਪਨ ਵਿਧੀ ’ਤੇ ਖੂਬ ਖੋਜ ਕਰਨੀ ਸ਼ੁਰੂ ਕੀਤੀ। ਇਨ੍ਹਾਂ ਦਿਨਾਂ ਵਿੱਚ ਹੀ ਉਹ ਆਪਣੇ ਇਕ ਸਾਥੀ ਡਾਕਟਰ ਨੂੰ ਪਿਆਰ ਕਰ ਬੈਠੀ ਅਤੇ ਅਣਵਿਆਹੀ ਮਾਂ ਬਣ ਗਈ। ਜਦੋਂ ਉਸ ਦੇ ਪ੍ਰੇਮੀ ਨੇ ਉਸ ਨੂੰ ਧੋਖਾ ਦੇ ਦਿੱਤਾ ਤਾਂ ਉਸ ਨੇ ਆਪਣੇ ਪੁੱਤਰ ਨੂੰ ਪਾਲਣ ਲਈ ਕਿਸੇ ਪਿੰਡ ਛੱਡ ਦਿੱਤਾ ਪਰ ਕੁੱਝ ਵਰ੍ਹਿਆਂ ਬਾਅਦ ਆਪਣੇ ਕੋਲ ਲੈ ਆਈ। ਉਸ ਦੇ ਪੁੱਤਰ ਨੇ ਉਸ ਦੀ ਖੋਜ ਵਿੱਚ ਬਹੁਤ ਮੱਦਦ ਕੀਤੀ। ਜਿਨ੍ਹਾਂ ‘ਮੰਦਬੁਧੀ’ ਬੱਚਿਆਂ ਨੂੰ ਪੜਾਉਂਦੀ ਸੀ ਉਹ ਕੁੱਝ ਮਹੀਨਿਆਂ ਬਾਅਦ ਹੀ ਆਮ ਬੱਚਿਆਂ ਦੀ ਤਰ੍ਹਾਂ ਪੜ੍ਹਨ ਲਿਖਣ ਦੇ ਕਾਬਲ ਹੋ ਜਾਂਦੇ ਸਨ। ਹੌਲੀ-ਹੌਲੀ ਮਾਰਿਆ ਦੀ ਪਹਿਚਾਣ ਬਣਨ ਲੱਗੀ ਸੀ। ਉਸ ਨੇ ਆਪਣੀ ਪੜ੍ਹਾਉਣ ਵਾਲੀ ਪ੍ਰਣਾਲੀ ਨੂੰ ਵਾਰ-ਵਾਰ ਦੁਹਰਾਕੇ ਉਸ ਦੀ ਸਫ਼ਲਤਾ ਦੀ ਜਾਂਚ ਕਰ ਲਈ। ਜਦੋਂ ਉਸ ਨੂੰ ਆਪਣੀ ਬਣਾਈ ਅਧਿਆਪਨ ਵਿਧੀ ’ਤੇ ਯਕੀਨ ਹੋ ਗਿਆ ਤਾਂ ਉਸ ਨੇ 1899 ਵਿੱਚ ਆਰਥੋਪੀਡਿਕ ਸਕੂਲ ਆਫ ਰੋਮ ਦੀ ਸਥਾਪਨਾ ਕੀਤੀ। ਆਪਣੀ ਸਿੱਖਿਆ ਪ੍ਰਣਾਲੀ ਦੇ ਪ੍ਰਚਾਰ ਪ੍ਰਸਾਰ ਲਈ ਮਾਨਸਟੇਰੀ ਦੀ ਨੌਕਰੀ ਛੱਡ ਦਿੱਤੀ। ਆਖਰ ਵਿਸ਼ਵ ਨੇ ਉਸ ਦੀ ਸਿੱਖਿਆ ਪ੍ਰਣਾਲੀ ਨੂੰ ਅਪਣਾ ਲਿਆ ਅਤੇ ਮਾਰਿਆ ਮਾਨਟੇਸਰੀ ਦੁਨੀਆਂ ਦੀ ਮੰਨੀ-ਪ੍ਰਮੰਨੀ ਸਖਸ਼ੀਅਤ ਬਣ ਗਈ ਅਤੇ 1952 ਵਿੱਚ ਜਦੋਂ ਉਹ ਦੁਨੀਆਂ ਤੋਂ ਰੁਖਸਤ ਹੋਈ ਤਾਂ ਰੋਮ ਵਾਸੀਆਂ ਨੇ ਬਹੁਤ ਅਫਸੋਸ ਮਨਾਇਆ ਕਿਉਂਕਿ ਉਸ ਨੇ ਮੰਦਬੁੱਧੀ ਬੱਚਿਆਂ ਲਈ ਵੱਡਾ ਕੰਮ ਕੀਤਾ ਸੀ। ਮਾਰਿਆ ਦੀ ਸਫ਼ਲਤਾ ਦੀ ਕਹਾਣੀ ਸਾਨੂੰ ਸਪੱਸ਼ਟ ਕਰਦੀ ਹੈ ਕਿ ਦ੍ਰਿੜ ਇਰਾਦੇ ਵਾਲੇ ਮਨੁੱਖ ਅੰਤ ਵਿੱਚ ਹਰ ਕਠਿਨਾਈ ’ਤੇ ਕਾਬੂ ਪਾ ਕੇ ਜਿੱਤ ਪ੍ਰਾਪਤ ਕਰ ਲੈਂਦੇ ਹਨ।