ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਕੰਨਾਂ ‘ਚ ਸੋਨੇ ਦੇ ਕੁੰਡਲ . ਗਲੇ ਵਿਚ ਮੋਤੀਆਂ ਦੀ ਮਾਲਾ , ਸੁੰਦਰ ਸੇਜ ਤੇ ਫੁਲਾਂ ਦੀ ਵਾਸ ‘ਚ ਨਹੀਂ ਗੁਰਸਿਖ ਪਰਮਾਤਮਾ ‘ਚ ਸੁਖ ਖੋਜਦਾ ਹੈ। ਸਲੋਨੇ ਨੈਨਾਂ ਵਾਲੀ ਰੂਪਵਤੀ ਨਾਰੀ ਜਿਸ ਨੇ ਸੋਲਹ ਸਿੰਗਾਰ ਕੀਤੇ ਹੋਏ ਨੇ ਤੇ ਰੀਝਾਂ ਨਾਲ ਪ੍ਰੀਤ ਕਰਨ ਦੀ ਕਾਮਨਾ ਕਰ ਰਹੀ ਹੈ , ਗੁਰਸਿਖ ਨੂੰ ਮੋਹ ਨਹੀਂ ਪਾਉਂਦੀ ਕਿਉਂਕਿ ਨਾਮ ਜਪਣ ਬਿਨਾ ਉਸ ਨੂੰ ਬਾਕੀ ਸਭ ਕੁਝ ਖੁਆਰ ਕਰਨ ਵਾਲਾ ਜਾਪਦਾ ਹੈ।
ਸੁੰਦਰ ਮਹਲ , ਰੋਜ ਤਾਜੇ ਫੁਲਾਂ ਨਾਲ ਸਜੀ ਹੋਈ ਸੇਜ ਵੀ ਤਨ ਨੂੰ ਦੁਖ ਦਿੰਦੀ ਹੈ ਜੇ ਪ੍ਰਭੂ ਦਾ ਭਜਨ ਨਾ ਹੋਵੇ। ਦਰ ਤੇ ਖੜੋਤੇ ਸੁੰਦਰ ਹਾਥੀ , ਘੋੜੇ , ਲਸ਼ਕਰ , ਨੇਜੇ ਵਾਜੇ ਸਭ ਗੁਰਸਿਖ ਲਈ ਸ਼ੋਭਾ ਹੀਨ ਦਿਖਾਵੇ ਹਨ ਕਿਉਂਕਿ ਉਸ ਦਾ ਮਨ ਤੇ ਪ੍ਰਭੂ ਦੀ ਸ਼ੋਭਾ ‘ਚ ਰਮਿਆ ਹੋਇਆ ਹੈ। ਗੁਰਸਿਖ ਨੂੰ ਵਡਾ ਸਿਧ , ਗਿਆਨੀ ਕਹਾਉਣ ਤੇ ਰਿਧਿਆਂ ਸਿਧਿਆਂ ਬੁਲਾਉਣ ਦੀ ਸ਼ਕਤੀ ਦੀ ਚਾਹ ਨਹੀਂ , ਰਾਜਾ – ਮਹਾਰਾਜਾ ਬਣਨ ਦੀ ਵੀ ਕਾਮਨਾ ਨਹੀਂ ਹੈ।
ਗੁਰਸਿਖ ਜਾਣਦਾ ਹੈ ਕਿ ਬਿਨਾ ਗੁਰੂ ਸ਼ਬਦ ਉਸ ਦਾ ਕੋਈ ਵੀ ਕਾਰਜ ਸਿਧ ਨਹੀਂ ਹੋ ਸਕਦਾ “ ਬਿਨੁ ਗੁਰ ਸਬਦ ਨ ਸਵਰਸਿ ਕਾਜਾ। ਜੀਵਨ ਨੂੰ ਸਵਾਰਨ ਦੀ ਸਮਰਥਾ ਗੁਰੂ ਸ਼ਬਦ ‘ਚ ਹੀ ਹੈ । ਗੁਰਸਿਖ ਨੂੰ ਸੁਖ ਚਾਹੀਦੇ ਜੋ ਮਨ ਨੂੰ ਪਰਮਾਤਮਾ ਨਾਲ ਜੋੜੇ “ ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ । ਗੁਰਸਿਖੀ ਦਰਅਸਲ ਝੂਠੇ ਸੁਖਾਂ ਦਾ ਮੋਹ ਤਿਆਗ ਕੇ ਸਚੇ ਸੁਖ ਲਈ ਜੀਵਨ ਲਗਾਉਣਾ ਹੈ। ਗੁਰੂ ਨਾਨਕ ਸਾਹਿਬ ਨਿਰੰਕਾਰ ਦਾ ਰੂਪ ਸਨ ਪਰ ਮਨੁਖੀ ਜਾਮੇ ‘ਚ ਆਪ ਨੇ ਸੰਸਾਰਕ ਸੁਖਾਂ ਦਾ ਤਿਆਗ ਕੀਤਾ । ਘਰ , ਪਰਿਵਾਰ , ਕਾਰ ਵਿਹਾਰ ਛਡਿਆ ਤੇ ਸਾਧੂ ਵੇਸ਼ ਧਾਰਣ ਕੀਤਾ ਤਾਂ ਜੋ ਸੰਸਾਰ ਨੂੰ ਸਚੇ ਸੁਖ ਦੀ ਪਛਾਣ ਕਰਾ ਸਕਣ। ਭਾਈ ਲਹਿਣਾ ਜੀ ਜਦੋਂ ਕਰਤਾਰਪੁਰ ਗੁਰੂ ਨਾਨਕ ਸਾਹਿਬ ਦੀ ਸ਼ਰਣ ‘ਚ ਆਏ ਤਾਂ ਧਨਵਾਨ ਹੋਣ ਦਾ ਰਸ ਜਾਂਦਾ ਰਿਹਾ ਤੇ ਸਾਰੇ ਸੁਖ ਨਾਮ ਜਪਣ ‘ਚ ਲਭ ਲਏ। ਵਡੇ ਭਾਗ ਸਨ ਉਹਨਾਂ ਗੁਰਸਿਖਾਂ ਦੇ ਜਿਨ੍ਹਾਂ ਤੇ ਗੁਰੂ ਦੀ ਮਿਹਰ ਹੋਈ ਤੇ ਨਾਮ ਦੇ ਰੰਗ ‘ਚ ਰੰਗੇ ਗਏ। ਸੰਸਾਰ ਦੇ ਸਾਰੇ ਰੰਗ ਝੂਠੇ ਤੇ ਫਿਕੇ ਸਾਬਤ ਹੋਏ। ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਲੋਕਾਂ ਦੇ ਆਤਮਕ ਸੁਖ ਦੀ ਰਾਹ ਦੇ ਸਾਰੇ ਵਿਘਨ ਦੂਰ ਕਰਨ ਲਈ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਸਾਜ ਕੇ ਇਸ ਸੁਖ ਨੂੰ ਨਿਰਭੈਤਾ ਤੇ ਨਿਰੰਤਰਤਾ ਬਖਸ਼ੀ 9 ਸੁਖ ਤੇ ਸਿਖੀ ’ਚ ਗਹਿਰਾ ਸੰਬੰਧ ਬਣਿਆ।
ਸਿਖੀ ਦਾ ਮਿਸ਼ਨ ਹੀ ਉਸ ਸੁਖ ਦੀ ਪ੍ਰਾਪਤੀ ਹੈ ਜੋ ਮਨ ਨੂੰ ਨਿਰਮਲ ਤੇ ਨਿਰਵਿਕਾਰ ਕਰ ਪਰਮਾਤਮਾ ਦੀ ਸ਼ਰਣ ਤੇ ਉਸ ਦੇ ਹੁਕਮ ਅੰਦਰ ਮਿਲਦੀ ਹੈ “ ਸੋ ਸੁਖੁ ਮੋ ਕਉ ਸੰਤ ਬਤਾਵਹੁ, ਤ੍ਰਿਸਨਾ ਬੁਝੈ ਮਨੁ ਤ੍ਰਿਪਤਾਵਹੁ। ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਪਰਮੇਸ਼ਵਰ ਦੀ ਭਗਤੀ ’ਚ ਹੀ ਸੁਖ ਹੈ ਹੋਰ ਕਿਸੇ ਥਾਂ ਤੇ ਨਹੀਂ “ ਸੁਖ ਨਾਹੀ ਰੇ ਹਰਿ ਭਗਤਿ ਬਿਨਾ। ਗੁਰਬਾਣੀ ਨੇ ਪਰਮਾਤਮਾ ਦੀ ਭਗਤੀ ਨੂੰ ਗੂੜ੍ਹਾ ਤੇ ਪਕਾ ਲਾਲ ਰੰਗ ਕਿਹਾ ਜੋ ਪਤੀ ਦੇ ਪ੍ਰੇਮ ‘ਚ ਪ੍ਰਫੁਲਤ ਹੋਈ ਇਕ ਸੁਹਾਗਣ ਨਾਰ ਦੇ ਮਨ ਦੀ ਖੁਸ਼ੀ ਨੂੰ ਦਰਸਾਉਣ ਵਾਲਾ ਰੰਗ ਹੈ “ ਮਿਲਿ ਪ੍ਰੀਤਮ ਜਿਉਂ ਹੋਤ ਅੰਨਦਾ ਤਿਉ ਹਰੀ ਰੰਗ ਮਨੁ ਰੰਗੀਨਾ ਜੀਉ। ਇਸ ਦੀ ਮਿਸਾਲ ਕੀਮਤੀ ਜਵਾਹਰ , ਮਾਣਕਾਂ ਨਾਲ ਵੀ ਦਿਤੀ ਗਈ “ ਪਾਇਆ ਲਾਲ ਰਤਨੁ ਮਨਿ ਪਾਇਆ। ਪਰਮਾਤਮਾ ਭਗਤੀ ਦੀ ਮਨ ਦੀ ਅਵਸਥਾ ਨੂੰ ਮੋਰ ਤੇ ਚਕੋਰ ਜਿਹੀ ਅਨੁਰਾਗ ਦੀ ਅਵਸਥਾ ਵੀ ਕਿਹਾ ਗਿਆ “ ਜਉ ਤੁਮ ਗਿਰਿਵਰ ਤਉ ਹਮ ਮੋਰਾ , ਜਉ ਤੁਮ ਚੰਦ ਤਉ ਹਮ ਭਏ ਹੈਂ ਚਕੋਰਾ। ਗੁਰਬਾਣੀ ‘ਚ ਆਮ ਜੀਵਨ ‘ਚ ਪਰਮ ਸੁਖ ਦੇਣ ਵਾਲਿਆਂ ਅਵਸਥਾਵਾਂ ਜਿਵੇਂ ਬਾਲਕ ਦਾ ਖੀਰ ਨਾਲ , ਜਵਾਨ ਇਸਤਰੀ ਦਾ ਆਪਣੇ ਪਤੀ ਨਾਲ , ਫੁਲ ਨਾਲ ਭੰਵਰੇ ਦਾ ,ਮਛਲੀ ਦਾ ਜਲ ਨਾਲ , ਹਿਰਨ ਦਾ ਨਾਦ ਨਾਲ , ਕੋਇਲ ਦਾ ਅੰਬ ਨਾਲ ਪ੍ਰੇਮ ਆਦਿ ਦੇ ਵੀ ਉਦਾਹਰਣ ਦਿਤੇ ਗਏ ਤਾਂ ਜੋ ਪਰਮਾਤਮਾ ਤੋਂ ਮਿਲਣ ਵਾਲੇ ਸਚੇ ਸੁਖ ਦੀ ਕਲਪਨਾ ਕੀਤੀ ਜਾ ਸਕੇ। ਇਸ ਨਾਲ ਭਗਤੀ ਦੇ ਰਸ ਨੂੰ ਸਮਝਨਾ ਤੇ ਮਹਿਸੂਸ ਕਰਨਾ ਸੌਖਾ ਹੋ ਗਿਆ। ਇਸ ਸੁਖ ਨੂੰ ਸਮਝਿਆ ਤੇ ਮਹਿਸੂਸ ਹੀ ਕੀਤਾ ਜਾ ਸਕਦੇ ਪਰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਆਤਮਿਕ ਸੁਖ ਦਾ ਸ਼ਿਖਰ ਸੀ ਜਿਸ ਲਈ ਇਸ ਨੂੰ ਗੂੰਗੇ ਦੀ ਮਿਠਿਆਈ ਕਿਹਾ ਗਿਆ। ਜੋ ਇਸ ਮਾਰਗ ਤੇ ਚਲ ਪਿਆ ਉਸ ਨੂੰ ਸੰਸਾਰਕ ਸੁਖਾਂ ਦੀ ਲੋੜ ਹੀ ਨਹੀਂ ਰਹਿ ਜਾਂਦੀ। ਉਸ ਦਾ ਮਨ ਪਰਮਾਤਮਾ ਦੇ ਸੰਗ ’ਚ ਹੀ ਦੁਨਿਆ ਦੇ ਸਾਰੇ ਸੁਖ ਮਾਨਣ ਲਗ ਪੈਂਦਾ ਹੈ।
ਬਨਸਪਤਿ ਮਉਲੀ ਚੜਿਆ ਬਸੰਤੁ।
ਇਹੁ ਮਨੁ ਮਉਲਿਆ ਸਤਿਗੁਰੂ ਸੰਗਿ। ਤੁਮ ਸਾਚੁ ਧਿਆਵਹੁ ਮੁਗਧ ਮਨਾ। ਤਾਂ ਸੁਖੁ ਪਾਵਹੁ ਮੇਰੇ ਮਨਾ। ਰਹਾਉ। ਇਤੁ ਮਨਿ ਮਉਲਿਐ ਭਇਆ ਅਨੰਦੁ। ਅੰਮ੍ਰਿਤੁ ਫਲੁ ਪਾਇਆ ਨਾਮੁ ਗੋਬਿੰਦ।
( ਪੰਨਾ 1176 )
ਗੁਰਸਿਖੀ ਦਾ ਮਾਰਗ ਨਿਰੰਕਾਰ ਦੇ ਅੰਮ੍ਰਿਤ ਫਲ ਤੁਲ ਨਾਮ ਦੀ ਪ੍ਰਾਪਤੀ ਦਾ ਮਰਗ ਹੈ ਜੋ ਸਚਾ ਸੁਖ ਦੇਣ ਵਾਲਾ ਹੈ। ਗੁਰਸਿਖ ਦੀ ਅਰਦਾਸ ਹੀ ਨਾਮ ਪ੍ਰਾਪਤੀ ਦੀ ਅਰਦਾਸ ਹੈ 9 ਗੁਰੂ ਦੀ ਸ਼ਰਣ ‘ਚ ਜਾ ਕੇ ਸੰਸਾਰਕ ਪਦਾਰਥ , ਧਨ ਦੌਲਤ , ਪਦ , ਸ਼ੋਹਰਤ ਮੰਗਣ ਵਾਲਾ ਗੁਰਸਿਖ ਨਹੀਂ ਹੋ ਸਕਦਾ। ਗੁਰੂ ਕੋਲੋਂ ਨਾਮ ਦਾ ਦਾਨ ਮੰਗਣ ਦੀ ਥਾਂ ਹੋਰ ਕੁਝ ਮੰਗਣ ਵਾਲਾ ਮਨ ਭਗਤੀ ਵਿਚ ਨਹੀਂ ਲੀਨ ਹੋ ਸਕਦਾ “ ਭਗਤਾ ਤੇ ਸੈਸਾਰੀਆ ਜੋੜੁ ਕਦੇ ਨ ਆਇਆ। ਮਨ ਸੰਸਾਰਕ ਕਾਮਨਾਵਾਂ ’ਚ ਲਿਪਤ ਹੈ, ਉਸ ਮਾਇਆ ਜਾਲ ਤੋਂ ਬਾਹਰ ਨਹੀਂ ਨਿਕਲ ਪਾਇਆ ਤਾਂ ਭਗਤੀ ਨਹੀਂ ਕਰ ਸਕਦਾ। ਪਰਮਾਤਮਾ ਦੀ ਪ੍ਰੀਤ ਤਾਂ ਸੰਸਾਰਕ ਬੰਧਨਾਂ ਤੋਂ ਮੁਕਤ ਕਰਨ ਵਾਲੀ ਹੈ , ਇੰਦ੍ਰਿਆਂ ਨੂੰ ਸੰਜਮ ‘ਚ ਲਿਆਉਣ ਵਾਲੀ ਹੈ। ਮਨ ਪੂਰਣ ਤੌਰ ਤੇ ਨਾਮ ‘ਚ ਟਿਕਾ ਲੈਣਾ ਹੀ ਅੰਮ੍ਰਿਤ ਫਲ ਦੇਣ ਵਾਲਾ ਹੈ। ਇਹ ਸੌਖਾ ਨਹੀਂ ਹੈ। ਸੰਸਾਰਕ ਸੁਖ ਧਨ ਦੇ ਜਰੀਏ , ਸ਼ਕਤੀ ਨਾਲ , ਜੋੜ ਤੋੜ ਕਰ ਕੇ ਹਾਸਲ ਕੀਤੇ ਜਾ ਸਕਦੇ ਹਨ ਪਰ ਨਾਮ ਦਾ ਅਭਿਆਸ ਪਰਮਾਤਮਾ ਦੀ ਕਿਰਪਾ ਬਿਨਾ ਨਹੀਂ ਹੋ ਸਕਦਾ। ਗੁਰਸਿਖ ਇਸ ਲਈ ਅਰਦਾਸ ਕਰਦਾ ਹੈ। ਗੁਰਸਿਖ ਦੀ ਭਗਤੀ ਦਾ ਇਹੋ ਮਨੋਰਥ ਹੈ। ਪਰਮਾਤਮਾ ‘ਚ ਲੀਨ ਮਨ ਦੀ ਪਛਾਣ ਹੈ ਕਿ ਸੰਸਾਰ ਦੇ ਰੰਗ ਤਮਾਸ਼ਿਆਂ ‘ਚ ਉਸ ਨੂੰ ਆਨੰਦ ਆਉਣਾ ਬੰਦ ਹੋ ਜਾਂਦਾ ਹੈ।
ਤਖਤੁ ਸਭਾ ਮੰਡਨ ਦੋਲੀਚੇ। ਸਗਲ ਮੇਵੇ ਸੁੰਦਰ ਬਗੀਚੇ। ਆਖੇੜ ਬਿਰਤਿ ਰਾਜਨ ਕੀ ਲੀਲਾ। ਮਨ ਨ ਸੁਹੇਲਾ ਪਰਪੰਚੁ ਹੀਲਾ।
( ਪੰਨਾ 179)
ਸਿਖ ਜਗਤ ਅੰਦਰ ਬਾਰ ਬਾਰ ਸਵਾਲ ਉਠਾਏ ਜਾਂਦੇ ਹਨ ਕਿ ਮਨ ਨਹੀਂ ਟਿਕਦਾ। ਇਸ ਦਾ ਜਵਾਬ ਕਿਸੇ ਸੰਸਾਰੀ ਕੋਲ ਨਹੀਂ ਹੈ। ਇਸ ਦੀ ਕੋਈ ਜੁਗਤੀ ਨਹੀਂ ਹੈ। ਇਹ ਸਵਾਲ ਕਿਸੇ ਸੰਸਾਰੀ ਕੋਲੋਂ ਪੁਛਣ ਦੀ ਥਾਂ ਆਪਣੇ ਮਨ ’ਚ ਝਾਤ ਮਾਰਨੀ ਚਾਹੀਦੀ ਹੈ। ਮਨ ਜੇ ਅਜੇ ਵੀ ਸੰਸਾਰ ਦੀ ਲੀਲਾ ਅੰਦਰ ਸੁਖ ਭਾਲ ਰਿਹਾ ਹੈ ਤਾਂ ਨਹੀਂ ਟਿਕ ਸਕਦਾ।
ਮਨ ਟਿਕਾਉਣਾ ਹੈ ਤਾਂ ਮਨ ਨੂੰ “ ਮਨ ਨ ਸੁਹੇਲਾ ਪਰਪੰਚੁ ਲੀਲਾ “ ਦੀ ਅਵਸਥਾ ਤਕ ਪੁਜਣਾ ਪਏਗਾ। ਪਰਿਵਾਰ , ਸੰਤਾਨ . ਧਨ , ਜਾਇਦਾਦ , ਸੰਸਾਰਕ ਪਦਾਰਥਾਂ , ਮਾਨ ਸਨਮਾਨ ‘ਚ ਸੁਖ ਦੇਖਣ ਦੀ ਵ੍ਰਿਤੀ ਬਣੀ ਹੋਈ ਹੈ ਤਾਂ ਮਨ ਭਰਮਾਂ ਤੋਂ ਮੁਕਤ ਨਹੀਂ ਹੋਇਆ। ਇਸ ਕਾਰਣ ਦੁਖ ਦੂਰ ਨਹੀਂ ਹੋ ਸਕਦੇ। ਇਸ ਭਰਮ ਨੂੰ ਤੋੜ ਕੇ ਹੀ ਸੁਖ ਦੀ ਅਵਸਥਾ ਬਣਨੀ ਸ਼ੁਰੂ ਹੁੰਦੀ ਹੈ “ ਸੋ ਸੁਖੀਆ ਜਿਸੁ ਭ੍ਰਮੁ ਗਇਆ। ਭਰਮ , ਮੋਹ ਮਾਇਆ ਦੇ ਬੰਧਨ ਅਕਾਲ ਪੁਰਖ ਆਪ ਨਦਰਿ ਕਰ ਕੇ ਤੋੜਦਾ ਹੈ। ਪ੍ਰਮਾਤਮਾ ਦੀ ਨਦਰਿ ਨਾਮ ਜਪ ਕੇ ਹੀ ਪ੍ਰਾਪਤ ਹੁੰਦੀ ਹੈ ਜੋ ਮਨੁਖ ਦੀ ਅਵਸਥਾ ਦਾ ਇਕ ਮੁਕੰਮਲ ਬਦਲਾਵ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਦੀਆਂ ਸਤ ਪੌੜੀਆਂ ਦਸੀਆਂ ਨੇ ਜੋ ਨਾਮ ਜਪਣਾ “ ਮੋਹਿ ਦੀਨ ਹਰਿ ਹਰਿ ਆਰਾਧੇ “ ਤੋਂ ਸ਼ੁਰੂ ਹੁੰਦੀਆਂ ਹਨ ਤੇ ਦ੍ਰਿੜ੍ਹ ਵਿਸ਼ਵਾਸ “ ਮੋਹਿ ਦੀਨ ਹਰਿ ਹਰਿ ਓਟ ਲੀਤੀ “ , ਪੂਰਣ ਸਮਰਪਣ ਮੋਹਿ ਦੀਨ ਹਰਿ ਹਰਿ ਦਰਿ ਪਰੀਆ , ਪੂਰਣ ਟੇਕ “ ਮੋਹਿ ਦੀਨ ਹਰਿ ਹਰਿ ਆਧਾਰਾ, ਪੂਰਣ ਸੰਜੋਗ “ ਮੋਹਿ ਦੀਨ ਹਰਿ ਹਰਿ ਹਰਿ ਧਿਆਇਆ “, ਦਾਸ ਵਿਰਤੀ “ ਮੋਹਿ ਦੀਨ ਹਰਿ ਹਰਿ ਹਰਿ ਸੇਵਾ “ ਰਾਹੀਂ ਹਰਿ ਦੀ ਕ੍ਰਿਪਾ ਤਕ ਪੁਜਾਉਣ ਵਾਲਿਆਂ ਹਨ “ ਮੋਹਿ ਦੀਨ ਹਰਿ ਹਰਿ ਹਰਿ ਸਰਣੀ। ਇਸ ਤਰਹ ਨਾਮ ਜਪਣਾ ਸੰਸਾਰ ਤੋਂ ਨਿਰੰਕਾਰ ਤਕ ਦੀ ਪੂਰਣ ਯਾਤਰਾ ਹੈ ਤੇ ਨਾਮ ਜਪਣਾ ਇਨ੍ਹਾਂ ਸਾਰੀਆਂ ਪੌੜੀਆਂ ਨੂੰ ਚੜ੍ਹ ਕੇ ਪਰਮਾਤਮਾ ਦੀ ਮਿਹਰ ਪ੍ਰਾਪਤ ਕਰਨਾ ਹੈ ਨਿਰਾ ਰਟਂਤ ਨਹੀਂ ਹੈ। ਇਹ ਸਚ ਤੇ ਧਰਮ ਦੀ ਸੋਝੀ ਦੇਣ ਵਾਲਾ ਹੈ। ਸਗਲੇ ਕਰਮ ਧਰਮ ਜੁਗ ਸੋਧੇ। ਬਿਨ ਨਾਵੈ ਇਹੁ ਮਨੁ ਨ ਪ੍ਰਬੋਧੇ।
( ਪੰਨਾ912)
ਮਨ ਦਾ ਪ੍ਰਬੋਧ ਸੁਖ ਤੇ ਭਗਤੀ ਦੀ ਪਰਮ ਅਵਸਥਾ ਹੈ ਜਿਸ ਅੰਦਰ “ ਮਨ ਨਾ ਸੁਹੇਲਾ ਪਰਪੰਚੁ ਹੀਲਾ “ ਦਾ ਭਾਵ ਦ੍ਰਿੜ੍ਹ ਹੁੰਦਾ ਹੈ ਤੇ ਮਨੁਖ ਜੀਵਨ ਮੁਕਤ ਹੋ ਜਾਂਦਾ ਹੈ।