ਸਿਹਤਮੰਦ ਲੋਕ ਅਤੇ ਹੈਪਾਟਾਈਟਸ-ਸੀ ਦੀ ਗੰਭੀਰਤਾ

ਹਰ ਸਾਲ 28 ਜੁਲਾਈ ਨੂੰ ਸੰਸਾਰ ਭਰ ਵਿੱਚ ਹੈਪਾਟਾਈਟਸ ਸੰਬੰਧੀ ਜਨ ਜਾਗਰੂਕਤਾ ਦੇ ਮਕਸਦ ਨਾਲ ਵਿਸ਼ਵ ਹੈਪਾਟਾਈਟਸ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਹੈਪਾਟਾਈਟਸ ਇੱਕ ਵਿਸ਼ਾਣੂ ਜਾਂ ਵਾਈਰਲ ਰੋਗ ਹੈ, ਜਿਸਨੂੰ ਸਾਧਾਰਨ ਭਾਸ਼ਾ ਵਿੱਚ ਪੀਲੀਆ ਜਾਂ ਜਾਉਂਡਿਸ ਕਿਹਾ ਜਾਂਦਾ ਹੈ। ਇਹ ਲੀਵਰ ਸੰਬੰਧੀ ਰੋਗ ਹੈ ਜਿਸਦੇ ਕਾਰਨ ਭਾਰਤ ਵਿੱਚ ਹਰ ਸਾਲ ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿੱਚ ਹਮੇਸ਼ਾਂ ਲਈ ਚਲੇ ਜਾਂਦੇ ਹਨ। ਹੈਪਾਟਾਈਟਸ ਸੰਬੰਧੀ ਆਮ ਲੋਕਾਂ ਵਿੱਚ ਅਗਿਆਨਤਾ ਜਾਂ ਜਾਗਰੂਕਤਾ ਦੀ ਘਾਟ ਸਦਕਾ ਇਹ ਬਿਮਾਰੀ ਦੁਨੀਆਂ ਭਰ ਵਿੱਚੋਂ ਲੋਕਾਂ ਨੂੰ ਦਿਨ-ਬ-ਦਿਨ ਆਪਣਾ ਸ਼ਿਕਾਰ ਬਣਾ ਰਹੀ ਹੈ।
ਹੈਪਾਟਾਈਟਸ ਜਾਂ ਪੀਲੀਆ ਕਈ ਤਰ੍ਹਾਂ ਦਾ ਹੁੰਦਾ ਹੈ, ਹੈਪਾਟਾਈਟਸ ਏ, ਹੈਪਾਟਾਈਟਸ ਬੀ, ਹੈਪਾਟਾਈਟਸ ਸੀ, ਹੈਪਾਟਾਈਟਸ ਡੀ, ਹੈਪਾਟਾਈਟਸ ਈ ਆਦਿ। ਸਾਧਾਰਨ ਰੂਪ ਵਿੱਚ ਹੈਪਾਟਾਈਟਸ ਏ, ਬੀ ਅਤੇ ਸੀ ਦੇ ਜ਼ਿਆਦਾ ਰੋਗੀ ਪਾਏ ਜਾਂਦੇ ਹਨ। ਹੈਪਾਟਾਈਟਸ ਏ ਅਤੇ ਹੈਪਾਟਾਈਟਸ ਈ ਮੁੱਖ ਰੂਪ ਵਿੱਚ ਸੰਕ੍ਰਮਿਤ ਖ਼ਰਾਬ ਭੋਜਨ ਖਾਣ ਅਤੇ ਦੂਸ਼ਿਤ ਪਾਣੀ ਪੀਣ ਨਾਲ ਫੈਲਦਾ ਹੈ। ਇਹ ਬਿਮਾਰੀ ਅਜਿਹੇ ਖੇਤਰਾਂ ਵਿੱਚ ਜ਼ਿਆਦਾ ਫੈਲਦੀ ਹੈ ਜਿੱਥੇ ਸਾਫ਼ ਪਾਣੀ ਅਤੇ ਸਾਫ਼ ਸਫਾਈ ਦੀ ਘਾਟ ਹੁੰਦੀ ਹੈ।
ਹੈਪੇਟਾਈਟਸ ਬੀ ਅਤੇ ਸੀ ਨੂੰ ਆਮ ਬੋਲਚਾਲ ਦੀ ਭਾਸ਼ਾ ਵਿੱਚ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਹੈਪੇਟਾਈਟਸ ਬੀ ਅਤੇ ਸੀ ਜਾਨਲੇਵਾ ਸਿੱਧ ਹੋ ਸਕਦੇ ਹਨ ਅਤੇ ਇਹ ਲਹੂ ਦੇ ਮਾਧਿਅਮ ਰਾਹੀਂ ਸਰੀਰ ਵਿੱਚ ਪਹੁੰਚਦਾ ਹੈ।
ਹੈਪਾਟਾਈਟਸ ਬੀ ਕਿਸੇ ਸੰਕ੍ਰਮਿਤ ਵਿਅਕਤੀ (ਜਿਸ ਨੂੰ ਰੋਗ ਹੋਵੇ) ਦੇ ਲਹੂ ਦੇ ਸੰਪਰਕ ਵਿੱਚ ਆਉਣ ਨਾਲ ਹੁੰਦਾ ਹੈ। ਇਸਦੀ ਵੈਕਸੀਨੇਸ਼ਨ ਮੌਜੂਦ ਹੈ ਸੋ ਇੱਕ ਸਿਹਤਮੰਦ ਵਿਅਕਤੀ ਦੁਆਰਾ ਇਸਦਾ ਟੀਕਾਕਰਨ ਕਰਵਾ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਪਰਤੂੰ ਬਿਮਾਰੀ ਹੋਣ ਤੇ ਕੋਈ ਸਥਾਈ ਇਲਾਜ ਨਹੀਂ ਹੈ। ਹੈਪਾਟਾਈਟਸ ਡੀ ਉਹਨਾਂ ਵਿਅਕਤੀਆਂ ਨੂੰ ਹੁੰਦਾ ਹੈ ਜਿਹਨਾਂ ਨੂੰ ਪਹਿਲਾਂ ਹੀ ਹੈਪਾਟਾਈਟਸ ਬੀ ਵਾਇਰਸ ਦਾ ਸੰਕ੍ਰਮਣ ਹੋਵੇ। ਜਿਹਨਾਂ ਨੂੰ ਹੈਪਾਟਾਈਟਸ ਬੀ ਦਾ ਸੰਕ੍ਰਮਣ ਨਹੀਂ ਹੈ ਉਹ ਹੈਪਾਟਾਈਟਸ ਬੀ ਦਾ ਟੀਕਾ ਲਗਵਾ ਕੇ ਹੈਪਾਟਾਈਟਸ ਡੀ ਤੋਂ ਵੀ ਸੁਰੱਖਿਆ ਕਰ ਸਕਦੇ ਹਨ।
ਪੂਰੇ ਸੰਸਾਰ ਵਿੱਚ ਹੈਪਾਟਾਈਟਸ ਸੀ ਨਾਲ ਤਕਰੀਬਨ 130 ਤੋਂ 170 ਮਿਲੀਅਨ ਲੋਕ ਸੰਕ੍ਰਿਮਤ ਹਨ। ਹੈਪੇਟਾਈਟਸ ਸੀ ਇੱਕ ਪ੍ਰਕਾਰ ਦਾ ਸੰਕ੍ਰਮਣ ਹੈ ਜੋ ਮੁੱਖ ਰੂਪ ਚ ਲੀਵਰ ਨੂੰ ਪ੍ਰਭਾਵਿਤ ਕਰਦਾ ਹੈ।ਜਾਣਕਾਰ ਇਹ ਚੇਤਾਵਨੀ ਦਿੰਦੇ ਰਹੇ ਹਨ ਕਿ ਜੇਕਰ ਸਮੇਂ ਰਹਿੰਦੇ ਇਸ ਬਿਮਾਰੀ ਵੱਲ ਲੋੜੀਂਦਾ ਧਿਆਨ ਨਾ ਦਿੱਤਾ ਗਿਆ ਤਾਂ ਭਾਰਤ ਵਿੱਚ ਹੈਪੇਟਾਈਟਸ ਸੀ ਮਹਾਂਮਾਰੀ ਦੀ ਸ਼ਕਲ ਲੈ ਸਕਦੀ ਹੈ।ਇਸ ਬਿਮਾਰੀ ਦਾ ਇੱਕ ਖ਼ਤਰਨਾਕ ਪੱਖ ਇਹ ਵੀ ਹੈ ਕਿ ਇਸ ਬਿਮਾਰੀ ਦਾ ਵਾਈਰਸ ਮਰੀਜ਼ ਦੇ ਅੰਦਰ ਹੋਣ ਦੇ ਬਾਵਜੂਦ ਵੀ ਲੰਬੇ ਸਮੇਂ ਤੱਕ ਆਪਣਾ ਕੋਈ ਲੱਛਣ ਨਹੀਂ ਦਿਖਾਉਂਦਾ ਅਤੇ ਜਦੋਂ ਬਿਮਾਰੀ ਦਾ ਪਤਾ ਚੱਲਦਾ ਹੈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਕਿਉਂਕਿ ਉਸ ਸਮੇਂ ਤੱਕ ਤਕਰੀਬਨ ਜ਼ਿਆਦਾਤਰ ਲੀਵਰ ਖ਼ਰਾਬ ਹੋ ਚੁੱਕਾ ਹੁੰਦਾ ਹੈ ਅਤੇ ਉਸਦਾ ਇਲਾਜ ਮੁਮਕਿਨ ਨਹੀਂ ਹੁੰਦਾ।
ਹੈਪੇਟਾਈਟਸ ਸੀ ਦੇ ਵਿਸ਼ਾਣੂ ਜਾਂ ਵਾਈਰਸ ਨੂੰ ਹੈਪਾਟਾਈਟਸ ਸੀ ਵਾਈਰਸ (ਐੱਚ.ਸੀ.ਵੀ.) ਕਿਹਾ ਜਾਂਦਾ ਹੈ। ਵਿਗਿਆਨੀਆਂ ਨੇ 1970 ਦੇ ਦਸ਼ਕ ਚ ਐੱਚ.ਸੀ.ਵੀ. ਤੇ ਖੋਜ ਕਰਨਾ ਸ਼ੂਰੂ ਕੀਤਾ ਸੀ ਅਤੇ 1989 ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਇਹ ਮੌਜੂਦ ਹੈ। ਹੈਪਾਟਾਈਟਸ ਸੀ ਪੂਰੀ ਤਰ੍ਹਾਂ ਨਾਲ ਮਾਨਵੀ ਬਿਮਾਰੀ ਹੈ, ਇਸਨੂੰ ਕਿਸੇ ਹੋਰ ਜਾਨਵਰ ਤੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਹਨਾਂ ਨੂੰ ਰੋਗੀ ਕੀਤਾ ਜਾ ਸਕਦਾ ਹੈ। ਪ੍ਰਯੋਗਸ਼ਾਲਾ ਵਿੱਚ ਚੰਪਾਂਜੀ ਨੂੰ ਹੈਪਟਾਈਟਸ ਸੀ ਦਾ ਵਾਈਰਸ ਦਿੱਤਾ ਜਾ ਸਕਦਾ ਹੈ ਪਰੰਤੂ ਉਹਨਾਂ ਵਿੱਚ ਬਿਮਾਰੀ ਨਹੀਂ ਪਨਪਦੀ, ਸੋ ਇਸ ਤਰ੍ਹਾਂ ਇਸ ਬਿਮਾਰੀ ਸੰਬੰਧੀ ਪ੍ਰਯੋਗ ਬਹੁਤ ਮੁਸ਼ਕਲ ਹਨ।ਹੈਪੇਟਾਈਟਸ ਸੀ ਬਿਮਾਰੀ ਤੋਂ ਸੁਰੱਖਿਆ ਲਈ ਕੋਈ ਪੂਰਵ-ਟੀਕਾ (ਵੈਕਸੀਨੇਸ਼ਨ) ਨਹੀਂ ਹੈ ਪਰੰਤੂ ਇਸ ਦੇ ਲਈ ਵਿਗਿਆਨੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਦੇ ਸਾਰਥਕ ਨਤੀਜੇ ਪ੍ਰਾਪਤ ਹੋਣ ਦੀ ਆਸ ਬੱਝੀ ਹੋਈ ਹੈ।
ਇੱਕ ਤਾਜ਼ਾ ਅਧਿਐਨ ਵਿੱਚ ਇਹ ਪਾਇਆ ਗਿਆ ਹੈ ਕਿ ਜਿਹਨਾਂ ਨੂੰ ਡਾਇਬਟੀਜ਼ ਦੀ ਸ਼ਿਕਾਇਤ ਹੈ, ਉਹਨਾਂ ਨੂੰ ਹੈਪੇਟਾਈਟਸ-ਸੀ ਦੀ ਵੀ ਸ਼ਿਕਾਇਤ ਹੋ ਸਕਦੀ ਹੈ ਅਤੇ ਜਿਹਨਾਂ ਨੂੰ ਹੈਪੇਟਾਈਟਸ-ਸੀ ਦੀ ਸ਼ਿਕਾਇਤ ਹੈ, ਉਹਨਾਂ ਨੂੰ ਡਾਇਬਟੀਜ਼ ਦੀ ਵੀ ਸ਼ਿਕਾਇਤ ਹੋ ਸਕਦੀ ਹੈ, ਸੋ ਸੰਬੰਧਤ ਲੋਕਾਂ ਨੂੰ ਟੈਸਟ ਕਰਵਾ ਕੇ ਨਤੀਜਾ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਲੋੜ ਅਨੁਸਾਰ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ।
ਇਹ ਬਿਮਾਰੀ ਵੀ ਐੱਚ.ਆਈ.ਵੀ. ਵਾਂਗ ਖ਼ੂਨ ਨਾਲ ਹੀ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਪੁੱਜਦੀ ਹੈ। ਇਸ ਲਈ ਜਿਹਨਾਂ ਤਰੀਕਿਆਂ ਨਾਲ ਇੱਕ ਇਨਸਾਨ ਦਾ ਖ਼ੂਨ ਦੂਜੇ ਦੇ ਖ਼ੂਨ ਦੇ ਸੰਪਰਕ ਵਿੱਚ ਆ ਸਕਦਾ ਹੈ, ਇਹ ਬਿਮਾਰੀ ਇੱਕ ਰੋਗੀ ਤੋਂ ਤੰਦਰੁਸਤ ਇਨਸਾਨ ਨੂੰ ਹੋ ਸਕਦੀ ਹੈ, ਜਿਵੇਂ ਕਿ ਸਰਿੰਜਾਂ ਜਾਂ ਹੋਰ ਸਾਧਨਾਂ ਜਿੰਨ੍ਹਾਂ ਰਾਹੀਂ ਇੱਕ ਦਾ ਦੂਜੇ ਦੇ ਖ਼ੂਨ ਨਾਲ ਸੰਪਰਕ ਹੋ ਸਕਦਾ ਹੋਵੇ, ਦੀ ਅਸਿੱਧੇ ਢੰਗ ਨਾਲ ਮੁੜ ਵਰਤੋਂ, ਅਸੁਰੱਖਿਅਤ ਯੌਨ ਸੰਬਧਾਂ ਨਾਲ, ਮਾਂ ਤੋਂ ਬੱਚੇ ਨੂੰ ਆਦਿ। ਇੱਥੇ ਇਹ ਗੱਲ ਬਹੁਤ ਖ਼ਤਰਨਾਕ ਹੈ ਕਿ ਹੈਪੇਟਾਈਟਸ ਸੀ ਉਨ੍ਹਾਂ ਲੋਕਾਂ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ ਜੋ ਐੱਚ.ਆਈ.ਵੀ. ਗ੍ਰਸਤ ਹੁੰਦੇ ਹਨ।
ਹੈਪੇਟਾਈਟਸ ਸੀ ਦੇ ਕਾਰਨ ਸਿਰਫ਼ 15 ਪ੍ਰਤੀਸ਼ਤ ਮਾਮਲਿਆਂ ਵਿੱਚ ਹੀ ਘਾਤਕ ਲੱਛਣ ਉਤਪੰਨ ਹੁੰਦੇ ਹਨ। ਜ਼ਿਆਦਾਤਰ ਇਸਦੇ ਲੱਛਣ ਜਾਂ ਚਿੰਨ ਹਲਕੇ ਅਤੇ ਅਸਥਿਰ ਹੁੰਦੇ ਹਨ, ਇਹਨਾਂ ਲੱਛਣਾਂ ਵਿੱਚ ਕੁਝ ਮੁੱਖ ਗੱਲਾਂ ਹਨ ਜਿਵੇਂ ਕਿ ਅੱਖਾਂ ਜਾਂ ਸਰੀਰ ਦੀ ਚਮੜੀ ਦਾ ਪੀਲਾ ਪੈਣਾ, ਜੋੜਾਂ ਚ ਦਰਦ, ਸਰੀਰਕ ਵਜ਼ਨ ਚ ਕਮੀ ਆਉਣਾ, ਪਿਸ਼ਾਬ ਦਾ ਰੰਗ ਪੀਲਾ ਹੋਣਾ, ਪੇਟ ’ਚ ਸੱਜੇ ਪਾਸੇ ਉੱਪਰ ਵੱਲ ਦਰਦ ਦੀ ਸ਼ਿਕਾਇਤ, ਭੁੱਖ ਦਾ ਘੱਟ ਲੱਗਣਾ, ਸਰੀਰ ਵਿੱਚ ਥਕਾਵਟ ਮਹਿਸੂਸ ਕਰਨਾ ਆਦਿ। ਹੈਪੇਟਾਈਟਸ ਸੀ ਰੋਗ ਸੰਬੰਧੀ ਜਾਂਚ ਲਹੂ ਦੇ ਟੈਸਟ ਤੋਂ ਹੋ ਜਾਂਦੀ ਹੈ ਅਤੇ ਇਸ ਬਿਮਾਰੀ ਪ੍ਰਤੀ ਗੰਭੀਰਤਾ ਨਾ ਦਿਖਾਉਣ ਤੇ ਲੀਵਰ ਕੈਂਸਰ ਵੀ ਹੋ ਸਕਦਾ ਹੈ। ਜੇਕਰ ਸਮੇਂ ਰਹਿੰਦੇ ਉਪਚਾਰ ਕਰ ਲਿਆ ਜਾਵੇ ਤਾਂ ਰੋਗੀ ਲਈ ਰਾਹਤ ਦੀ ਗੱਲ ਹੈ ਕਿਉਂਕਿ ਵਰਤਮਾਨ ਸਮੇਂ ਦੌਰਾਨ ਹੈਪਾਟਾਈਟਸ ਸੀ ਦੇ ਨਵੀਨ ਉਪਚਾਰਾਂ ਨਾਲ 90-95% ਰੋਗੀਆਂ ਦਾ ਇਲਾਜ ਸੰਭਵ ਹੈ।
ਸਿਹਤਮੰਦ ਲੋਕ ਅਤੇ ਹੈਪਾਟਾਈਟਸ ਸੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੰਜਾਬ ਸਰਕਾਰ ਨੇ 16 ਜੂਨ 2016 ਤੋਂ ਮੁੱਖ ਮੰਤਰੀ ਹੈਪਾਟਾਈਟਸ ਸੀ ਰਿਲੀਫ ਫੰਡ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਮਰੀਜ ਨੂੰ ਸਿਰਫ ਟੈਸਟ ਆਪ ਕਰਾਉਣੇ ਪੈਂਦੇ ਹਨ ਅਤੇ ਦਵਾਈ ਸਰਕਾਰੀ ਹਸਪਤਾਲ ਵਿੱਚੋਂ ਮੁਫ਼ਤ ਮਿਲਦੀ ਹੈ। ਇਸ ਸੁਵਿਧਾ ਪੰਜਾਬ ਦੇ ਸਾਰੇ ਸਰਕਾਰੀ ਜ਼ਿਲ੍ਹਾ ਹਸਪਤਾਲਾਂ ਅਤੇ ਤਿੰਨੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਉਪੱਲਬਧ ਹੈ। ਇੱਥੇ ਵਿਚਾਰਣਯੋਗ ਤੱਥ ਹੈ ਕਿ ਕਿਸੇ ਤਰ੍ਹਾਂ ਦੀ ਸਿਹਤ ਸੰਬੰਧੀ ਜਾਣਕਾਰੀ ਲੈਣ ਲਈ ਟੋਲ ਫ੍ਰੀ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।

Send this to a friend