ਗੁਰਮਿਹਰ ਕੌਰ ਦੇ ਸਮਰਥਨ ਜਾਂ ਵਿਰੋਧ ਵਿਚ ਝੰਡੇ ਚੁਕਣ ਦੀ ਥਾਂ, ਉਸ ਨੂੰ ਸਮਝਣ ਦੀ ਲੋੜ ਹੈ। ਉਹ ਆਖਦੀ ਹੈ: “ ਮੇਰੇ ਪਿਤਾ ਜੀ ਨੂੰ ਪਾਕਿਸਤਾਨ ਨੇ ਨਹੀਂ, ਜੰਗ ਨੇ ਮਾਰਿਆ ਹੈ।” ਇਹ ਕੋਈ ਸਧਾਰਨ ਕਥਨ ਨਹੀਂ। ਸੰਘ ਪਰਿਵਾਰ ਦੀਆਂ ਸਿਧਾਂਤਕ ਨੀਹਾਂ ਹਿਲਾ ਦੇਣ ਵਾਲਾ ਸਿਆਸੀ ਬਿਆਨ ਹੈ। ਉਨ੍ਹਾਂ ਦੇ ‘ਸਭਿਆਚਾਰਕ ਨੈਸ਼ਨਲਿਜ਼ਮ‘ ਦੇ ਸਿਧਾਂਤ ਉੱਪਰ ਸਿੱਧਾ ਹਮਲਾ ਹੈ। ਦੂਸਰੇ ਪਾਸੇ, ਗੁਰਮਿਹਰ ਦਾ ਇਹ ਬਿਆਨ ਕਾਂਗਰਸ ਅਤੇ ਦੂਸਰੀਆਂ ਧਰਮ ਨਿਰਪੱਖ ਪਾਰਟੀਆਂ ਦੇ ‘ਸਵਿਧਾਨਕ ਨੈਸ਼ਨਲਿਜ਼ਮ‘ ਦੇ ਸਿਧਾਂਤ‘ ਨੂੰ ਵੀ ਪ੍ਰਵਾਨ ਨਹੀਂ ਕਰਦਾ। ਪਰ ਉਹ ਗੁਰਮਿਹਰ ਦਾ ਇਸ ਲਈ ਸਮਰਥਨ ਕਰੀ ਜਾ ਰਹੀਆਂ ਹਨ, ਕਿਉਂਕਿ ਉਹ ਇਸ ਬਿਆਨ ਨੂੰ ਟਕਰਾਅ ਦੇ ਰੂਪ ਵਿਚ ਨਹੀਂ, ਕੇਵਲ ਇਕ ਚਨੌਤੀ ਦੇ ਰੂਪ ਵਿਚ ਹੀ ਦੇਖਦੀਆਂ ਹਨ।
ਇਸ ਬਿਆਨ ਦੀ ਤਹਿ ਤੱਕ ਪਹੁੰਚਣ ਲਈ ਸਭ ਤੋਂ ਪਹਿਲਾਂ ਨੈਸ਼ਨਲਿਜ਼ਮ ਦੇ ਸਿਧਾਂਤ ਨੂੰ ਸਮਝਣਾ ਹੋਵੇਗਾ। ਨੇਸ਼ਨ (ਕੌਮ) ਨੂੰ ਆਮ ਤੌਰ ਤੇ ਕਿਸੇ ਖਿੱਤਾ ਵਿਸ਼ੇਸ਼ ਵਿਚ ਰਹਿ ਰਹੇ ਲੋਕਾਂ ਦੀ ਸਾਂਝੀ ਭਾਸ਼ਾ, ਸਾਂਝੀਆਂ ਪਰੰਪਰਾਵਾਂ ਅਤੇ ਸਾਂਝੇ ਸੁਪਨਿਆਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਸ਼ਾਇਦ ਇਸੇ ਕਰਕੇ, ਆਜ਼ਾਦੀ ਤੋਂ ਬਾਅਦ, ਭਾਸ਼ਾ ਨੂੰ ਕੌਮੀ ਘਾੜਤ ਦਾ ਆਧਾਰ ਮੰਨ ਕੇ, ਰਾਜਾਂ ਦੇ ਪੁਨਰਗਠਨ ਰਾਹੀਂ, ਭਾਰਤ ਨੂੰ ਇੱਕ ਬਹੁ-ਕੌਮੀ ਰਾਸ਼ਟਰ ਬਣਾ ਦਿੱਤਾ ਗਿਆ ਸੀ। ਇਨ੍ਹਾਂ ਜ਼ੁਬਾਨਾਂ ਨੂੰ ਅਸੀਂ, ਖੇਤਰੀ ਨਹੀਂ, ਕੌਮੀ ਭਾਸ਼ਾਵਾਂ ਦਾ ਰੁਤਬਾ ਦਿਤਾ। ਇਸ ਲਈ ਇਨ੍ਹਾਂ ਭਾਸ਼ਾਵਾਂ ਉੱਪਰ ਉਸਰੇ ਹਿੰਦੀ, ਪੰਜਾਬੀ, ਕਸ਼ਮੀਰੀ, ਗੁਜਰਾਤੀ, ਮਰਾਠੀ, ਬੰਗਾਲੀ, ਤਾਮਿਲ, ਆਦਿ ਭਾਈਚਾਰਿਆਂ ਨੂੰ ਭਾਰਤ ਦੀਆਂ ਸਮਾਨੰਤਰ ਕੌਮਾਂ ਦਾ ਰੁਤਬਾ ਮਿਲ ਗਿਆ। ਨਤੀਜੇ ਵਜੋਂ, ਭਾਰਤ ਇੱਕ ਬਹੁ-ਕੌਮੀ ਰਾਸ਼ਟਰ ਬਣ ਗਿਆ ਅਤੇ ਵੱਖ ਵੱਖ ਕੌਮੀ ਸੰਗਠਨਾਂ ਵਿਚ ਬੱਝੇ ਭਾਰਤ ਦੇ ਲੋਕ ਇਸਦੇ ਸਾਂਝੇ ਨਾਗਰਿਕ। ਇਸ ਤਰ੍ਹਾਂ, ਨਾਗਰਿਕਤਾ ਅਤੇ ਕੌਮੀਅਤ ਵੱਖ ਹੋ ਗਈਆਂ।
ਭਾਰਤ ਇੱਕ ਬਹੁ-ਕੌਮੀ ਰਾਸ਼ਟਰ ਤਾਂ ਬਣ ਗਿਆ। ਪਰ ਇਸ ਅਮਲ ਰਾਹੀਂ, 1961 ਦੀ ਮਰਦਮਸ਼ੁਮਾਰੀ ਵੇਲੇ, ਰਿਕਾਰਡ ਕੀਤੀਆਂ ਗਈਆਂ ਭਾਰਤ ਦੀਆਂ 1615 ਬੋਲੀਆਂ/ ਭਾਸ਼ਾਵਾਂ ਨੂੰ ਕੇਵਲ 22 ਅਨੁਸੂਚਿਤ ਭਾਸ਼ਾਵਾਂ ਦੀ ਚੌਧਰ ਥੱਲੇ ਮੌਨ ਕਰ ਦਿੱਤਾ ਗਿਆ। ਅਜਿਹਾ ਕਰਦੇ ਸਮੇਂ, ਕਾਂਗਰਸ ਨੇ ਇਨ੍ਹਾਂ ਭਾਸ਼ਾਵਾਂ ਦਾ ਕੇਵਲ ਗਲਾ ਹੀ ਨਹੀਂ ਸੀ ਘੁੱਟਿਆ, ਸਗੋਂ ਇਹ ਭਾਸ਼ਾਵਾਂ ਬੋਲਣ ਵਾਲੇ ਭਾਈਚਾਰਿਆਂ ਦੀ ਸਭਿਆਚਾਰਕ-ਰਾਜਨੀਤਕ ਪਛਾਣ ਖਤਮ ਕਰਕੇ, ਇਨ੍ਹਾਂ ਨੂੰ ਪ੍ਰਮੁਖ ਭਾਸ਼ਾਈ ਸਭਿਆਚਾਰਾਂ ਦੇ ਗੁਲਾਮ ਵੀ ਬਣਾਇਆ ਸੀ। ਤੇ ਹੁਣ ਬੀ ਜੇ ਪੀ ਭਾਰਤ ਦੀ ਇਸ ਬਚੀ ਖੁਚੀ ਵੰਨਸਵੰਨਤਾ ਨੂੰ ਹਿੰਦੀ/ ਹਿੰਦੂ ਸਭਿਆਚਾਰ ਦੀ ਗੁਲਾਮ ਬਣਾ ਕੇ, ਨਾਗਰਿਕਤਾ ਅਤੇ ਕੌਮੀਅਤ ਵਿਚਲੇ ਇਸ ਦਵੰਦ ਨੂੰ ਹੀ ਖਤਮ ਕਰ ਦੇਣਾ ਚਾਹੁੰਦੀ ਹੈ।
ਵਿਸ਼ਵ ਸਰਮਾਏ ਦੀ ਸੋਚ ਇਸ ਤੋਂ ਅੱਗੇ ਹੈ। ਜਿਵੇਂ ਬੀ ਜੇ ਪੀ ਭਾਰਤ ਦੀ ਸਭਿਆਚਾਰਕ-ਰਾਜਨੀਤਕ ਵੰਨਸਵੰਨਤਾ ਨੂੰ ਖਤਮ ਕਰਕੇ ਇਸ ਉਪਰ ਇਕ ਸਾਂਝੀ ਹਿੰਦੂ ਪਛਾਣ ਥੋਪਣਾ ਚਾਹੁੰਦੀ ਹੈ। ਉਸੇ ਤਰ੍ਹਾਂ ਪੂੰਜੀਵਾਦ, ਦੁਨੀਆਂ ਦੀਆਂ ਤਮਾਮ ਪਰੰਪਰਾਵਾਂ ਨੂੰ ਖਤਮ ਕਰਕੇ, ਉਨ੍ਹਾਂ ਉਪਰ ਵਿਅਕਤੀਵਾਦ, ਮਸ਼ੀਨੀ ਤਰਕ, ਧਰਮ ਨਿਰਪੱਖਤਾ ਅਤੇ ਆਰਥਕ ਵਿਕਾਸ ਦੀ ਇੱਕ ਸਰਬ ਸਾਂਝੀ ਵਿਚਾਰਧਾਰਾ ਥੋਪ ਰਹੀ ਹੈ। (ਇਸ ਗੱਲ ਤੇ ਬਹੁਤੀ ਚਰਚਾ ਕਰਨ ਦੀ ਲੋੜ ਨਹੀਂ ਕਿ ਜਨੈਟਿਕ ਅਤੇ ਸਭਿਆਚਾਰਕ ਵੰਨਸਵੰਨਤਾ ਵਿਚ ਵਾਧਾ ਹੀ ਜੈਵਿਕ ਵਿਕਾਸ ਅਤੇ ਸਿਰਜਣਾਤਮਕਤਾ ਦਾ ਇੱਕੋ ਇਕ ਮਾਰਗ ਹੈ।)
ਆਪਾਂ ਭਾਰਤੀ ਰਾਸ਼ਟਰਵਾਦ ਦੀ ਗੱਲ ਕਰੀਏ। ਸੰਘ ਪਰਿਵਾਰ ਇਸ ਨੂੰ ਭਾਰਤ ਦੀ ਇੱਕ ਸਰਬਸਾਂਝੀ ਹਿੰਦੂ ਪਰੰਪਰਾ ਵਿਚੋਂ ਨਿਰਮਿਤ ਹੋਏ ਦੇਖਦਾ ਹੈ, ਜਿਸ ਕਰਕੇ ਉਹ ਗੈਰ-ਹਿੰਦੂਆਂ ਨੂੰ ਆਪਣੇ ਇਸ ਸਭਿਆਚਾਰਕ ਰਾਸ਼ਟਰਵਾਦ ਦੇ ਘੇਰੇ ਤੋਂ ਬਾਹਰ ਰੱਖਦਾ ਹੈ। ਦੂਸਰੇ ਪਾਸੇ ਕਾਂਗਰਸ ਦੇ ਸਵਿਧਾਨਕ ਰਾਸ਼ਟਰਵਾਦ ਅਨੁਸਾਰ, ਭਾਰਤ ਵਿਚ ਰਹਿਣ ਵਾਲਾ ਹਰ ਵਿਅੱਕਤੀ, ਭਾਵੇਂ ਉਹ ਕਿਸੇ ਵੀ ਜਾਤੀ, ਧਰਮ, ਨਸਲ ਜਾਂ ਮੁਲਕ ਨਾਲ ਸਬੰਧ ਰੱਖਦਾ ਹੋਵੇ, ਜੇ ਉਹ ਭਾਰਤੀ ਸਵਿਧਾਨ/ ਕਾਨੂੰਨ ਦੀ ਪਾਲਣਾ ਕਰਦਾ ਹੈ, ਤਾਂ ਉਹ ਭਾਰਤੀ ਨਾਗਰਿਕ ਹੋ ਸਕਦਾ ਹੈ। ਇਸ ਤਰ੍ਹਾਂ ਨਾਲ ਸਵਿਧਾਨਕ ਰਾਸ਼ਟਰਵਾਦ, ਬਰਤਾਨਵੀ ਸਾਮਰਾਜ ਦੇ ਆਧੁਨਿਕਤਾਵਾਦੀ ਪ੍ਰਾਜੈਕਟ ਨੂੰ ਹੀ ਭਾਰਤੀ ਰਾਸ਼ਟਰਵਾਦ ਦਾ ਆਧਾਰ ਮੰਨ ਲੈਂਦਾ ਹੈ।
ਗੁਰਮਿਹਰ ਕੌਰ ਦੇ ਬਿਆਨ ਰਾਹੀਂ ਪ੍ਰਗਟ ਹੋਣ ਵਾਲੀ ਨੈਸ਼ਨਲਿਜ਼ਮ ਦੀ ਭਾਵਨਾ, ਸਭਿਆਚਾਰਕ ਰਾਸ਼ਟਰਵਾਦ ਅਤੇ ਸਵਿਧਾਨਕ ਰਾਸ਼ਟਰਵਾਦ ਦੀਆਂ ਦੋਨੋ ਧਾਰਨਾਵਾਂ ਨੂੰ ਰੱਦ ਕਰਦੀ ਹੈ।
ਸੰਘ ਪਰਿਵਾਰ ਨੂੰ ਸਮਝਣਾ ਚਾਹੀਦਾ ਹੈ ਕਿ ਕੌਮੀ ਪਛਾਣ ਕੋਈ ਸਥਿਰ, ਸਥਾਈ ਅਤੇ ਸ਼ੁਨਿਸ਼ਚਿਤ ਰਚਨਾ ਨਹੀਂ ਹੁੰਦੀ, ਜ਼ਮੀਨ ਜਾਇਦਾਦ ਵਾਂਗ ਜਿਸ ਦੇ ਖੁਸ ਜਾਣ ਦਾ ਖਤਰਾ ਹੀ ਲੱਗਿਆ ਰਹੇ। ਕੌਮੀ ਪਛਾਣ ਸਾਂਝੀ ਸਮਾਜ ਆਰਥਕ ਰਾਜਨੀਤਕ ਪ੍ਰੈਕਟਿਸ ਵਿਚ ਬੱਝੇ ਖਿੱਤਾ ਵਿਸ਼ੇਸ਼ ਲੋਕਾਂ ਦੇ ਸੰਘਰਸ਼ ਵਿਚੋਂ ਪੈਦਾ ਹੁੰਦੀ ਹੈ। ਜਿਹੜੇ ਲੋਕ ਸਾਂਝੀਆਂ ਪ੍ਰੰਪਰਾਵਾਂ ਅਤੇ ਸਾਂਝੇ ਸੁਪਨਿਆਂ ਨੂੰ ਹੀ ਕੌਮੀ ਨਿਰਮਾਣ ਦਾ ਆਧਾਰ ਮੰਨਦੇ ਹਨ, ਉਹ ਠੀਕ ਨਹੀਂ। ਵਿਭਿੰਨ ਜਾਤਾਂ, ਜਮਾਤਾਂ, ਧਰਮਾਂ, ਨਸਲਾਂ, ਫਿਰਕਿਆਂ, ਖਿੱਤਿਆਂ ਅਤੇ ਭਾਸ਼ਾਈ ਵਰਗਾਂ ਦੀਆਂ ਨਾ ਤਾਂ ਸਾਂਝੀਆਂ ਪਰੰਪਰਾਵਾਂ ਹੁੰਦੀਆਂ ਹਨ ਅਤੇ ਨਾ ਹੀ ਸਾਂਝੇ ਸੁਪਨੇ।ਸੰਘ ਪਰਿਵਾਰ ਨੂੰ ਮੰਨਣਾ ਹੀ ਪਵੇਗਾ ਕਿ ਕੌਮੀ ਪਛਾਣ ਗਤੀਸ਼ੀਲ ਰਾਜਨੀਤਕ ਵਰਤਾਰਾ ਹੈ, ਜੋ ਦੁਨੀਆਂ/ ਕੌਮਾਂ ਦੇ ਨਵ ਨਿਰਮਾਣ ਵਿਚ ਆਪਣੇ ਅਤੇ ਆਪਣੇ ਭਾਈਚਾਰੇ ਨੂੰ ਆਰਥਕ, ਰਾਜਨੀਤਕ ਅਤੇ ਸਮਾਜ-ਸਭਿਆਚਾਰਕ ਪੱਧਰ ਤੇ ਮੁੜ ਪ੍ਰੀਭਾਸ਼ਿਤ ਕਰਨ ਲਈ ਲਗਾਤਾਰ ਕੀਤੀ ਜਾ ਰਹੀ ਜੱਦੋ ਜਹਿਦ ਵਿਚੋਂ ਪੈਦਾ ਹੁੰਦੀ ਹੈ। “ਪੁੱਤ ਜੱਟਾਂ ਦੇ” ਗੀਤ ਦੇ ਮੁਕਾਬਲੇ ਦਲਿਤ ਮੁੰਡਿਆਂ ਦਾ “ਪੁੱਤ ਚਮਾਰਾਂ ਦੇ” ਗੀਤ ਗਾਉਣਾ ਅਤੇ ਮੋਟਰ ਸਾਈਕਲਾ ਤੇ ਆਪਣੀ ਜਾਤ ਬਾਰੇ ਮਾਣ ਵਾਲੇ ਸਲੋਗਨ ਈਜਾਦ ਕਰਕੇ ਲਿਖਣਾ, ਦਲਿਤ ਚੇਤਨਾ ਦੇ ਉਭਾਰ ਨੂੰ ਪ੍ਰਗਟ ਕਰਦਾ ਹੈ। ਦਲਿਤ ਭਾਈਚਾਰਾ ਹੁਣ ਆਪਣੀ ਕੌਮੀ ਹਸਤੀ ਨੂੰ ਨਵੀਂ ਤਰ੍ਹਾਂ ਉਲੀਕ ਰਿਹਾ ਹੈ।
ਦਲਿਤ, ਦਮਿਤ, ਔਰਤਾਂ, ਪ੍ਰਵਾਸੀ, ਸ਼ਰਨਾਰਥੀ, ਵਿਦਿਆਰਥੀ, ਬੇਰੁਜ਼ਗਾਰ ਨੌਜੁਆਨ, ਬੇਜ਼ਮੀਨੇ ਕਿਸਾਨ,ਆਦਿਵਾਸੀ ਕਬੀਲੇ ਅਤੇ ਘੱਟ-ਗਿਣਤੀਆਂ, ਸਭ ਆਪਣੇ ਆਪ ਨੂੰ ਨਵੀਂ ਤਰ੍ਹਾਂ ਨਾਲ ਪ੍ਰੀਭਾਸ਼ਿਤ ਕਰਨ ਦੇ ਰਾਜਨੀਤਕ ਅਮਲ ਵਿਚ ਪਏ ਹੋਏ ਹਨ। ਸਮਾਜਕ ਨਿਆਂ ਅਤੇ ਬਰਾਬਰੀ ਉਪਰ ਅਧਾਰਿਤ ਆਪਣੀ ਨਵੀਂ ਪਛਾਣ ਲਈ ਲੜ ਰਹੇ ਹਨ।
ਸੰਘ ਪਰਿਵਾਰ ਨੂੰ ਇਸ ਨਵੇਂ ਯਥਾਰਥ ਦੇ ਸਨਮੁਖ ਬਦਲਨਾ ਹੋਵੇਗਾ। ਆਪਣੀ ਰਾਸ਼ਟਰਵਾਦ ਦੀ ਪਰਿਭਾਸ਼ਾ ਵਿਚ ਉਪ੍ਰੋਕਤ ਸਭਨਾ ਧਿਰਾਂ ਲਈ ਸਨਮਾਨਯੋਗ ਸਥਾਨ ਨਿਸ਼ਚਿਤ ਕਰਨਾ ਹੋਵੇਗਾ। ਜੇਕਰ ਸੰਘ ਪਰਿਵਾਰ ਨੇ ਆਪਣੀ ਕੌਮੀ ਸੰਗਠਨਕਾਰੀ ਨੂੰ ਮਜ਼ਬੂਤ ਕਰਨਾ ਹੈ ਤਾਂ ਉਸ ਨੂੰ ਸਮਝਣਾ ਪਵੇਗਾ ਕਿ ਕਿਸੇ ਕੌਮੀ ਸੰਗਠਨਕਾਰੀ ਦਾ ਭਾਗ ਕੇਵਲ ਉਹੋ ਭਾਈਚਾਰੇ ਬਣਦੇ ਹਨ, ਜਿਨ੍ਹਾਂ ਨੂੰ ਉਸ ਕੌਮੀ ਸੰਗਠਨਕਾਰੀ ਵਿਚੋਂ ਆਂਪਣੀ ਆਰਥਕ, ਰਾਜਨੀਤਕ ਅਤੇ ਸਮਾਜ-ਸਭਿਆਚਾਰਕ ਸਪੇਸ ਦੀ ਭੁਖ ਪੂਰੀ ਹੁੰਦੀ ਦਿਖਾਈ ਦਿੰਦੀ ਹੋਵੇ।
ਜੇਕਰ ਭਾਰਤੀ ਮੁਸਲਮਾਨਾ ਨੂੰ ਇਹ ਮਹਿਸੂਸ ਹੋਇਆ ਕਿ ਭਾਰਤ ਦੇ ਕੌਮੀ ਸੰਗਠਨ ਵਿਚ ਉਹ ਅਲੱਗ ਥਲੱਗ ਹੋ ਕੇ ਰਹਿ ਜਾਣਗੇ, ਤਾਂ ਉਹ ਧਰਮ ਦੇ ਆਧਾਰ ਤੇ ਇੱਕ ਵੱਖਰੀ ਪਾਕਿਸਤਾਨੀ ਕੌਮ ਵਿਚ ਸੰਗਠਿਤ ਹੋ ਗਏ। ਜੇਕਰ ਪੂਰਬੀ ਪਾਕਿਸਤਾਨ ਦੇ ਮੁਸਲਮਾਨਾ ਨੂੰ ਇਹ ਮਹਿਸੂਸ ਹੋਇਆ ਕਿ ਉਹ ਪਾਕਿਸਤਾਨ ਵਿਚ ਰਹਿ ਕੇ ਆਪਣੀ ਸਭਿਆਚਾਰਕ-ਰਾਜਨੀਤਕ ਸਪੇਸ ਸੁਨਿਸ਼ਚਿਤ ਨਹੀਂ ਕਰ ਪਾਉਣਗੇ, ਤਾਂ ਉਹ ਜ਼ੁਬਾਨ ਦੇ ਆਧਾਰ ਤੇ ਬੰਗਲਾਦੇਸ਼ ਵਿਚ ਸੰਗਠਿਤ ਹੋ ਗਏ। ਹੁਣ ਸਿੰਧੀ, ਬਲੋਚ ਅਤੇ ਪਸ਼ਤੂਨ ਪਾਕਿਸਤਾਨ ਵਿਚ ਅਤੇ ਕਸ਼ਮੀਰੀ ਮੁਸਲਮਾਨ ਭਾਰਤ ਵਿਚ ਘੁਟਣ ਮਹਿਸੂਸ ਕਰ ਰਹੇ ਹਨ।
ਸੰਘ ਪਰਿਵਾਰ ਦੇ ਤੰਗ ਨਜ਼ਰੀਏ ਕਾਰਨ ਉਸਦਾ ਸਭਿਆਚਾਰਕ ਰਾਸ਼ਟਰਵਾਦ ਭਾਰਤ ਅਤੇ ਪਾਕਿਸਤਾਨ ਦੀ ਆਪਸੀ ਦੁਸ਼ਮਣੀ ਤੇ ਪਲਦਾ ਹੈ। ਪਾਕਿਸਤਾਨ ਵਿਰੁੱਧ ਨਫਰਤ ਹੀ ਇਸ ਦਾ ਬਾਲਣ ਹੈ। ਇਸੇ ਲਈ ਸੰਘ ਪਰਿਵਾਰ ਆਪਣੀ ਰਾਸ਼ਟਰਵਾਦੀ ਭਾਵਨਾ ਨੂੰ ਪਰਚੰਡ ਕਰਨ ਲਈ ਜੰਗ ਦਾ ਮਹੌਲ ਸਿਰਜੀ ਰੱਖਦਾ ਹੈ। ਗੁਰਮਿਹਰ ਕੌਰ ਦਾ ਬਿਆਨ ਸੰਘ ਪਰਿਵਾਰ ਦੁਆਰਾ ਪਰਚੰਡ ਕੀਤੀ ਜਾ ਰਹੀ ਇਸੇ ਸੌੜੀ ਸੋਚ ਵੱਲ ਇਸ਼ਾਰਾ ਕਰਦਾ ਹੈ।
ਗੁਰਮਿਹਰ ਅਜਿਹਾ ਇਸ ਲਈ ਕਰਦੀ ਹੈ, ਕਿਉਂਕਿ ਜਿਸ ਪਰੰਪਰਾ ਨੂੰ ਉਹ ਬੀਲੌਂਗ ਕਰਦੀ ਹੈ, ਉਸ ਪਰੰਪਰਾ ਦਾ ਤਾਂ ਜਨਮ ਹੀ ਹਿੰਦੂ ਧਰਮ ਅਤੇ ਇਸਲਾਮ ਵਿਚਲੇ ਟਕਰਾਅ ਨੂੰ ਖਤਮ ਕਰਨ ਲਈ ਹੋਇਆ ਸੀ। ਇਹ ਸਿਖ ਪਰੰਪਰਾ ਹੀ ਸੀ ਜਿਸਨੇ ਦੁਨੀਆਂ ਵਿਚ ਪਹਿਲੀ ਵਾਰ ਧਾਰਮਿਕ ਵੰਨਸਵੰਨਤਾ ਨੂੰ ਸਟੇਟ ਫਾਰਮੇਸ਼ਨ ਦੀ ਜੁਗਤ ਦਾ ਆਧਾਰ ਬਣਾਇਆ। ਵਿਦਵਾਨਾਂ ਨੇ ਸਿਖ ਪਰੰਪਰਾ ਦੇ ਇਸ ਸਿਧਾਂਤ ਨੂੰ ‘ਬਹੁ-ਕੇਂਦ੍ਰਿਤ ਅਨੇਕਤਾਵਾਦ‘ ਦਾ ਨਾਮ ਦਿੱਤਾ ਹੈ। ਗੁਰਮਿਹਰ ਕੌਰ ਦੇ ਕਥਨ ਵਿਚੋਂ ਪ੍ਰਗਟ ਹੋ ਰਹੀ ਇਸ ਸੋਚ ਨੇ ਘੱਟ ਗਿਣਤੀਆਂ ਦੀ ਵਰਜਨਾ (ਐਕਸਕਲੂਯਨ) ਉਪਰ ਟਿਕੀ ਸੰਘ ਪਰਿਵਾਰ ਦੀ ਸਭਿਆਚਾਰਕ ਰਾਸ਼ਟਰਵਾਦ ਦੀ ਵਿਚਾਰਧਾਰਾ ਨੂੰ ਤਾਂ ਰੱਦ ਕਰਨਾ ਹੀ ਸੀ। ਪਰ ਉਸਦੀ ਇਹ ਸੋਚ ਧਰਮ ਨਿਰਪੱਖ ਪਾਰਟੀਆ ਦੀ ਸਵਿਧਾਨਕ ਰਾਸ਼ਟਰਵਾਦ ਦੀ ਆਧੁਨਿਕਤਾਵਾਦੀ ਵਿਚਾਰਧਾਰਾ ਨੂੰ ਵੀ ਉਸੇ ਹਿੰਮਤ ਅਤੇ ਦਲੇਰੀ ਨਾਲ ਰੱਦ ਕਰ ਦਿੰਦੀ ਹੈ, ਕਿਉਂਕਿ ਇਨ੍ਹਾਂ ਪਾਰਟੀਆਂ ਦੀ ਇਹ ਵਿਚਾਰਧਾਰਾ ਵਿਭਿਂਨ ਭਾਈਚਾਰਿਆ ਦੇ ਇਨੋਵੇਟਿਵ ਅਤੇ ਕਰੀਏਟਿਵ ਸੰਵਾਦ ਦੀ ਥਾਂ ਉਨ੍ਹਾਂ ਉਪਰ ਆਧੁਨਿਕਤਾਵਾਦੀ ਵਿਚਾਰਧਾਰਾ ਦੀ ਚੌਧਰ ਸਥਾਪਤ ਕਰਕੇ ਉਨ੍ਹਾਂ ਨੂੰ ਮੌਨ ਕਰ ਦੇਣ ਦੇ ਪ੍ਰਯੋਜਨ ਨਾਲ ਜੁੜੀ ਹੋਈ ਹੈ।
ਹਿੰਦੂ ਧਰਮ ਅਤੇ ਇਸਲਾਮ ਦੀ ਵਿਲੱਖਣਤਾ ਅਤੇ ਸਾਂਝ ਨੂੰ ਪਛਾਣਦੇ ਹੋਏ, ਇਨ੍ਹਾਂ ਦੀਆਂ ਸਮਾਨੰਤਰ ਅਤੇ ਕਾਟਵੀਆਂ ਸੋਚ ਪ੍ਰਣਾਲੀਆਂ ਨੂੰ ਇਕੋ ਗ੍ਰੰਥ, ਇੱਕੋ ਪ੍ਰਬੰਧ ਅਤੇ ਇਕੋ ਮਾਰਗ ਦੇ ਅੰਗ ਬਣਾ ਦੇਣਾ ਮੱਧਕਾਲ ਵਿਚ ਆਉਣ ਵਾਲਾ ਇਨਕਲਾਬੀ ਮੋੜ ਸੀ। ਸਿਖ ਪਰੰਪਰਾ ਨੇ ਦੁਨੀਆਂ ਵਿਚ ਪਹਿਲੀ ਵਾਰ ਵਿਲੱਖਣ ਅਤੇ ਵਿਪਰੀਤ ਧਿਰਾਂ ਵਿਚ ਸੰਵਾਦ ਦੀ ਪਰੰਪਰਾ ਨੂੰ ਆਰਥਕ, ਰਾਜਨੀਤਕ ਅਤੇ ਸਮਾਜ-ਸਭਿਆਚਾਰਕ ਵਿਕਾਸ ਦੇ ਪ੍ਰਮੁਖ ਸਾਧਨ ਵਜੋਂ ਵਰਤਣ ਦੀ ਪਿਰਤ ਪਾਈ। ਇਹ ਬਹੁਵਾਦੀ/ ਸੰਵਾਦੀ ਸੋਚ ਕੇਵਲ ਚਿੰਤਨ ਦੀ ਪੱਧਰ ਤੱਕ ਹੀ ਸਿਮਤ ਨਹੀਂ ਰਹੀ। ਲੋਕਧਾਰਾ ਦਾ ਹਿੱਸਾ ਬਣਕੇ ਆਮ ਲੋਕਾਂ ਦੇ ਜੀਵਨ ਵਿਚ ਵੀ ਰਚ ਗਈ ਸੀ। ਇਸ ਗੱਲ ਦਾ ਪ੍ਰਗਟਾਵਾ ਲੋਕਾਂ ਦੀ ਇਸ ਯਾਦ ਵਿਚੋਂ ਹੁੰਦਾ ਹੈ; “ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨਾਂ ਦਾ ਪੀਰ।”
ਸਿਖ ਪਰੰਪਰਾ ਵਿਚ ਇਹ ਗੱਲ ਕੇਵਲ ਸੋਚੀ ਵਿਚਾਰੀ ਜਾਂ ਕਹੀ ਸੁਣੀ ਹੀ ਨਹੀਂ ਗਈ, ਗੁਰੂ ਤੇਗ ਬਹਾਦਰ ਨੇ ਦੂਸਰੇ ਦੇ ਦੂਸਰੇਪਣ ਭਾਵ ਵਿਪਰੀਤ ਵਿਚਾਰ ਰੱਖਣ ਦੀ ਆਜ਼ਾਦੀ ਲਈ ਆਪਣੀ ਜਾਨ ਦੇ ਕੇ ਇਸ ਬਹੁਵਾਦੀ ਚੇਤਨਾ ਉਪਰ ਸ਼ਹੀਦੀ ਦੀ ਮੋਹਰ ਵੀ ਲਗਾਈ। ਔਰੰਗਜ਼ੇਬ ਦੂਸਰੇ ਧਰਮਾ ਨੂੰ ਆਪਣੀ ਤਲਵਾਰ ਨਾਲ ਦਬਾ ਕੇ ਇਸਲਾਮ ਦਾ ਏਕਾਧਿਕਾਰ ਸਥਾਪਤ ਕਰਨਾ ਚਾਹੁੰਦਾ ਸੀ। ਗੁਰੂ ਤੇਗ ਬਹਾਦਰ ਨੇ ਉਸਦੇ ਇਸ ਏਕ?ਧਿਕਾਰ ਨੂੰ ਚਣੌਤੀ ਦੇ ਕੇ ਸਭਨਾ ਧਰਮਾਂ, ਅਕੀਦਿਆ, ਸਿਧਾਂਤਾਂ ਅਤੇ ਵਿਚਾਰ ਪਰੰਪਰਾਵਾ ਨੂੰ ਬਰਾਬਰ ਅਤੇ ਸਮਾਨੰਤਰ ਸਤਿਕਾਰ ਦਿੰਦੇ ਹੋਏ, ਦੂਸਰੇ ਦੇ ਦੂਸਰੇਪਣ ਲਈ (ਉਸ ਵਿਚਾਰ ਲਈ ਵੀ ਜਿਸਦਾ ਉਹ ਆਪ ਵਿਰੋਧ ਕਰਦੇ ਸਨ) ਸਭ ਤੋਂ ਵੱਡੀ ਕੁਰਬਾਨੀ ਦੇ ਕੇ ਵਿਸ਼ਵ ਚੇਤਨਾ ਅੰਦਰ ਇਕ ਐਪਿਸਟੀਮਿਕ ਤਬਦੀਲੀ ਲਿਆਦੀ। ਅੱਜ ਦੇ ਪਾਰਰਾਸਟਰੀ ਅਤੇ ਬਹੁਵਾਦੀ ਦੌਰ ਵਿਚ ਕੇਵਲ ਇਹ ਬਹੁਕੇਂਦ੍ਰਿਤ ਅਨੇਕਤਾਵਾਦੀ ਸੋਚ ਹੀ ਵਿਸ਼ਵ ਸ਼ਾਂਤੀ, ਅਮਨ ਅਤੇ ਵਿਕਾਸ ਦੀ ਜਾਮਨ ਹੋ ਸਕਦੀ ਹੈ। ਗੁਰਮਿਹਰ ਨੇ ਜੋ ਕੁਝ ਆਪਣੀ ਇਸ ਪਰੰਪਰਾ ਵਿਚੋਂ ਪ੍ਰਾਪਤ ਕੀਤਾ ਹੈ, ਉਹ ਉਸ ਦੇ ਆਧਾਰ ਉਪਰ ਹੀ ਬੋਲ ਰਹੀ ਸੀ। ਅਜਿਹਾ ਕਰਕੇ ਉਸ ਨੇ ਕੋਈ ਗੁਨਾਹ ਨਹੀਂ ਕੀਤਾ। ਉਸ ਨੂੰ ਸਮਝਣ ਦੀ ਲੋੜ ਹੈ।
ਅਮਰਜੀਤ ਸਿੰਘ ਗਰੇਵਾਲ
ਵਿਦਵਾਨ ਅਤੇ ਸਿੱਖਿਆ ਸ਼ਾਸਤਰੀ ਲੁਧਿਆਣਾ
ਸੰਪਰਕ : 98761-38523



