Skip to content
Independent perspectives. Global stories.
BREAKING

ਚੋਣ ਸੁਧਾਰਾਂ ਦੀ ਲੋੜ

Share this story

ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਸੁਧਾਰਾਂ ਲਈ ਕੁਝ ਨਵੀਆਂ ਪਹਿਲਕਦਮੀਆਂ ਲਈਆਂ ਜਾ ਰਹੀਆਂ ਹਨ। ਨਵੇਂ ਹਾਲਾਤਾਂ ਮੁਤਾਬਿਕ ਨਵੇਂ ਚੋਣ ਨਿਯਮ ਬੇਹੱਦ ਜ਼ਰੂਰੀ ਬਣਦੇ ਜਾ ਰਹੇ ਹਨ। ਚੋਣਾਂ ਵਿੱਚ ਅਪਰਾਧੀ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਰੋਕਣ ਲਈ ਪਹਿਲਾਂ ਹੀ ਕਈ ਉਪਾਅ ਕੀਤੇ ਗਏ ਹਨ। ਹੁਣ ਇਸ ਗੱਲ ਦੀ ਤਿਆਰੀ ਹੋ ਰਹੀ ਹੈ ਕਿ ਆਰਥਿਕ ਅਪਰਾਧ ਕਰਨ ਵਾਲਿਆਂ ਉੱਪਰ ਵੀ ਸਖ਼ਤੀ ਵਰਤੀ ਜਾਵੇ। ਇਸ ਮਕਸਦ ਲਈ ਚੋਣ ਕਮਿਸ਼ਨ ਚਾਹੁੰਦਾ ਹੈ ਕਿ ਬਿਜਲੀ ਤੇ ਪਾਣੀ ਦੇ ਬਿੱਲ ਨਾ ਤਾਰਨ ਵਾਲੇ ਉਮੀਦਵਾਰਾਂ ਨੂੰ ਚੋਣਾਂ ਲੜਨ ਤੋਂ ਰੋਕਣ ਲਈ ਕਾਨੂੰਨ ਵਿੱਚ ਲੋੜੀਂਦੀ ਤਬਦੀਲੀ ਕੀਤੀ ਜਾਵੇ। ਕਮਿਸ਼ਨ ਨੇ ਇਸ ਸਬੰਧ ਵਿੱਚ ਕਾਨੂੰਨ ਮੰਤਰਾਲੇ ਨੂੰ ਲੋਕ ਪ੍ਰਤੀਨਿਧਤਾ ਕਾਨੂੰਨ, 1951 ਵਿੱਚ ਸੋਧ ਕਰਨ ਲਈ ਕਿਹਾ ਹੈ ਤਾਂ ਜੋ ਅਜਿਹੇ ਡਿਫਾਲਟਰਾਂ ਨੂੰ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਲੜਨ ਤੋਂ ਰੋਕਿਆ ਜਾ ਸਕੇ।ਇਸ ਵਾਸਤੇ ਲੋਕ ਪ੍ਰਤੀਨਿਧਤਾ ਐਕਟ ਦੇ ਚੈਪਟਰ-3, ਜੋ ਚੋਣ ਅਪਰਾਧਾਂ ਨਾਲ ਸਬੰਧਤ ਹੈ, ਵਿੱਚ ਸੋਧ ਦੀ ਲੋੜ ਪਵੇਗੀ। ਡਿਫਾਲਟਰਾਂ ਨੂੰ ਅਯੋਗ ਕਰਾਰ ਦੇਣ ਲਈ ਇਸ ਕਾਨੂੰਨ ’ਚ ਨਵੀਂ ਧਾਰਾ ਜੋੜਨੀ ਪਵੇਗੀ। ਇਹ ਮੁੱਦਾ ਸਰਕਾਰ ਕੋਲ ਵਿਚਾਰ ਅਧੀਨ ਹੈ। ਇਥੇ ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਅਗਸਤ, 2015 ਦੇ ਹੁਕਮ ਵਿੱਚ ਕਮਿਸ਼ਨ ਨੂੰ ਕਿਹਾ ਸੀ ਕਿ ਲੋਕ ਸਭਾ ਤੇ ਅਸੈਂਬਲੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਤੋਂ ਉਨ੍ਹਾਂ ਦੀ ਰਿਹਾਇਸ਼ ‘ਤੇ ਬਿਜਲੀ, ਪਾਣੀ ਅਤੇ ਟੈਲੀਫੋਨ ਸੇਵਾ ਦੇਣ ਵਾਲੀਆਂ ਏਜੰਸੀਆਂ ਤੋਂ ‘ਕੋਈ ਬਕਾਇਆ ਨਹੀਂ’ ਸਰਟੀਫਿਕੇਟ ਲੈਣੇ ਯਕੀਨੀ ਬਣਾਏ ਜਾਣ। ਫਰਵਰੀ, 2016 ਬਾਅਦ ਚੋਣ ਕਮਿਸ਼ਨ ਵੱਲੋਂ ਇਹ ਸੇਵਾਵਾਂ ਦੇਣ ਵਾਲੀਆਂ ਏਜੰਸੀਆਂ ਤੋਂ ‘ਨੋ ਡਿਮਾਂਡ ਸਰਟੀਫਿਕੇਟ’ ਨਾਲ ਨਿਰਧਾਰਤ ਫਾਰਮੈਟ ਵਿੱਚ ਵਾਧੂ ਹਲਫ਼ੀਆ ਬਿਆਨ ਦੇਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜੇਕਰ ਕਿਸੇ ਉਮੀਦਵਾਰ ਕੋਲ ਪਿਛਲੇ ਦਸ ਸਾਲਾਂ ਤੋਂ ਸਰਕਾਰੀ ਰਿਹਾਇਸ਼ ਹੋਵੇ ਤਾਂ ਉਸ ਲਈ ‘ਕਿਰਾਇਆ ਬਕਾਇਆ ਨਹੀਂ’ ਸਰਟੀਫਿਕੇਟ ਦੇਣਾ ਵੀ ਜ਼ਰੂਰੀ ਹੈ।ਇਸ ਸਬੰਧ ਵਿੱਚ ਇਕ ਹੋਰ ਬਹੁਤ ਹੀ ਚਿੰਤਾਜਨਕ ਗੱਲ ਸਾਹਮਣੇ ਆਈ ਹੈ ਕਿ ਉਮੀਦਵਾਰ ‘ਕੋਈ ਬਕਾਇਆ ਨਹੀਂ‘ ਸਰਟੀਫਿਕੇਟ ਪ੍ਰਾਪਤ ਕਰਨ ਲਈ ਕਥਿਤ ਤੌਰ ’ਤੇ ਰਿਸ਼ਵਤ ਦਿੰਦੇ ਹਨ। ਚੋਣ ਕਮਿਸ਼ਨ ਦੇ ਧਿਆਨ ਵਿੱਚ ਵੀ ਇਹ ਆ ਚੁੱਕਾ ਹੈ।  ਚੋਣ ਕਮਿਸ਼ਨ ਦੀ ਇਹ ਪਹਿਲ ਬਹੁਤ ਹੀ ਚੰਗੀ ਅਤੇ ਸਮੇਂ ਮੁਤਾਬਿਕ ਹੈ। ਸਬੰਧਤ ਕਾਨੂੰਨ ਵਿੱਚ ਸੋਧ ਕਰਨ ਵੇਲੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਕੁੱਲ ਮਿਲਾ ਕੇ ਇਸ ਦਾ ਦੇਸ਼ ਦੇ ਲੋਕਤੰਤਰੀ ਢਾਂਚੇ ਉੱਪਰ ਚੰਗਾ ਅਸਰ ਪਵੇਗਾ।
– ਬਲਜੀਤ ਸਿੰਘ ਬਰਾੜ

WRITTEN BY