Skip to content
Independent perspectives. Global stories.
BREAKING

ਚੰਡੀਗੜ੍ਹ ’ਚ ਭਾਜਪਾ ਦੀ ਜਿੱਤ ਦੇ ਅਰਥ

Share this story

ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜੇ ਸਚਮੁੱਚ ਹੈਰਾਨੀਜਨਕ ਹਨ। ਨੋਟਬੰਦੀ ਦੇ ਵਿਵਾਦ ਕਾਰਨ ਖੁਦ ਭਾਜਪਾ ਨੂੰ ਵੀ ਇਹ ਵਿਸ਼ਵਾਸ ਨਹੀਂ ਸੀ ਕਿ ਉਸ ਨੂੰ ਪੜ੍ਹੇ ਲਿਖਿਆਂ ਦੇ ਸ਼ਹਿਰ ਚੰਡੀਗੜ੍ਹ ਵਿੱਚ ਏਨੀ ਵੱਡੀ ਜਿੱਤ ਮਿਲੇਗੀ। ਇਸ ਇੱਕ ਪਾਸੜ ਚੋਣ ਵਿੱਚ ਕਾਂਗਰਸ ਦਾ ਤਾਂ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਹੈ। ਚੰਡੀਗੜ੍ਹ ਵਾਸੀਆਂ ਨੇ ਭਾਜਪਾ ਨੂੰ ਰਿਕਾਰਡ ਤੋੜ ਵੋਟਾਂ ਪਾਈਆਂ ਹਨ। ਨੋਟਬੰਦੀ ਖਿਲਾਫ ਮੁਹਿੰਮਬਾਜ਼ੀ ਕਰ ਰਹੀਆਂ ਸਿਆਸੀ ਧਿਰਾਂ ਲਈ ਤਾਂ ਇਹ ਇੱਕ ਵੱਡਾ ਝਟਕਾ ਹੈ। ਚੰਡੀਗੜ੍ਹ ਨਗਰ ਨਿਗਮ ਦੀ ਚੋਣ ਨੂੰ ਸਿਰਫ ਸਥਾਨਕ ਚੋਣ ਆਖ ਕੇ ਖਾਰਿਜ਼ ਨਹੀਂ ਕੀਤਾ ਜਾ ਸਕਦਾ। ਚੰਡੀਗੜ੍ਹ ਉ¤ਤਰੀ ਭਾਰਤ ਦਾ ਬਹੁਤ ਹੀ ਅਹਿਮ ਸ਼ਹਿਰ ਹੈ। ਇਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਵੀ ਹੈ। ਵੱਡੀ ਗਿਣਤੀ ਵਿੱਚ ਪੰਜਾਬੀ ਇਸ ਸ਼ਹਿਰ ਵਿੱਚ ਵੱਸੋਂ ਰੱਖ ਰਹੇ ਹਨ। ਚੰਡੀਗੜ੍ਹ ਦੀ ਸਿਆਸੀ ਹਵਾ ਦਾ ਪੰਜਾਬ ਦੀਆਂ ਚੋਣਾਂ ਉ¤ਪਰ ਵੀ ਅਸਰ ਪੈਣਾ ਲਾਜ਼ਮੀ ਹੈ। ਚੰਡੀਗੜ੍ਹ ਦੀ ਜਿੱਤ ਨਾਲ ਭਾਜਪਾ ਦੀ ਫਸਲ ਇੱਕ ਵਾਰ ਫਿਰ ਹਰੀ ਹੋ ਗਈ ਹੈ। ਮੀਡੀਆ ਦੇ ਇੱਕ ਹਿੱਸੇ ਵਿੱਚ ਅਤੇ ਸਿਆਸੀ ਹਲਕਿਆਂ ਵਿੱਚ ਲਗਾਤਾਰ ਇਹ ਚਰਚਾ ਚੱਲ ਰਹੀ ਸੀ ਕਿ ਨੋਟਬੰਦੀ ਕਾਰਨ ਭਾਜਪਾ ਨੂੰ ਉ¤ਤਰ ਪ੍ਰਦੇਸ਼ ਅਤੇ ਪੰਜਾਬ ਸਮੇਤ 4 ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ’ਚ ਭਾਰੀ ਸਿਆਸੀ ਨੁਕਸਾਨ ਉਠਾਉਣਾ ਪਵੇਗਾ। ਚੰਡੀਗੜ੍ਹ ਦੇ ਨਤੀਜਿਆਂ ਤੋਂ ਬਾਅਦ ਅਜਿਹੇ ਅਨੁਮਾਨਾਂ ’ਤੇ ਸਵਾਲੀਆ ਨਿਸ਼ਾਨ ਲੱਗਣਾ ਸੁਭਾਵਿਕ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਚੰਡੀਗੜ੍ਹ ਦੀ ਜਿੱਤ ਦਾ ਭਾਜਪਾ ਨੂੰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿੰਨਾ ਕੁ ਲਾਭ ਮਿਲਦਾ ਹੈ। ਹਾਂ ਇਹ ਗੱਲ ਪੱਕੀ ਹੈ ਕਿ ਇਸ ਨਾਲ ਭਾਜਪਾ ਦੋ ਹੌਸਲੇ ਬੁਲੰਦ ਹੋਏ ਹਨ। ਉਸ ਲਈ ਸਿਆਸੀ ਪੱਧਰ ’ਤੇ ਵਿਰੋਧੀਆਂ ਦਾ ਮੁਕਾਬਲਾ ਕਰਨਾ ਕੁਝ ਆਸਾਨ ਹੋ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਬਹੁਤ ਨੇੜੇ ਹਨ, ਇਸ ਲਈ ਇਨ੍ਹਾਂ ਨਤੀਜਿਆਂ ਦੀ ਛਾਪ ਇਸ ਚੌਣ ’ਤੇ ਸਾਫ ਤੌਰ ’ਤੇ ਦਿਖੇਗੀ। ਭਾਜਪਾ ਆਗੂ ਚੰਡੀਗੜ੍ਹ ਦੇ ਚੋਣ ਨਤੀਜਿਆਂ ਨੂੰ ਪੰਜਾਬ ਵਿਧਾਨ ਸਭਾ ਚੋਣ ਦਾ ਸੈਮੀ-ਫਾਈਨਲ ਦੱਸ ਰਹੇ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਆਮ ਜਨਤਾ ਦਾ ਇਹ ਰੁਝਾਨ ਪੰਜਾਬ ਅਤੇ ਉ¤ਤਰ ਪ੍ਰਦੇਸ਼ ਦੀਆਂ ਚੋਣਾਂ ਵਿੱਚ ਵੀ ਦੇਖਣ ਨੂੰ ਮਿਲੇਗਾ। 8 ਨਵੰਬਰ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਾਲੇ ਧਨ ਅਤੇ ਭ੍ਰਿਸ਼ਟਾਚਾਰ ’ਤੇ ਫੈਸਲਾਕੁੰਨ ਚੋਟ ਕਰਦਿਆਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ। ਨੋਟਬੰਦੀ ਦੇ ਚਲਦਿਆਂ ਲੋਕਾਂ ਨੂੰ ਨਗਦੀ ਦੀ ਕਮੀ ਕਾਰਨ ਭਾਰੀ ਪਰੇਸ਼ਾਨੀਆਂ ਵੀ ਸਹਿਣੀਆਂ ਪਈਆਂ। ਬੈਂਕਾਂ ’ਚ ਅਤੇ ਏਟੀਐਮ ਸਾਹਮਣੇ ਅਜੇ ਵੀ ਲੋਕਾਂ ਦੀਆਂ ਲੰਬੀਆਂ ਲਾਇਨਾਂ ਲਗ ਰਹੀਆਂ ਹਨ। ਇਸ ਸਭ ਕੁਝ ਦੇ ਬਾਵਜੂਦ ਜੇਕਰ ਲੋਕ ਸਰਕਾਰ ਦੇ ਫੈਸਲੇ ਤੋਂ ਖੁਸ਼ ਹਨ ਅਤੇ ਭਾਜਪਾ ਨੂੰ ਵੋਟ ਦੇ ਰਹੇ ਹਨ ਤਾਂ ਇਸ ਮੁੱਦੇ ’ਤੇ ਸਾਰੀਆਂ ਸਿਆਸੀ ਧਿਰਾਂ ਅਤੇ ਮੀਡੀਆ ਨੂੰ ਮੁੜ ਤੋਂ ਵਿਚਾਰ ਚਰਚਾ ਕਰਨੀ ਚਾਹੀਦੀ ਹੈ। ਲੋਕਤੰਤਰ ਵਿੱਚ ਲੋਕਾਂ ਦੀ ਰਾਏ ਆਪਣੇ ਆਪ ਵਿੱਚ ਬਹੁਤ ਅਹਿਮ ਹੁੰਦੀ ਹੈ। ਇਸ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਵਿਰੋਧੀ ਸਿਆਸੀ ਧਿਰਾਂ ਚੰਡੀਗੜ੍ਹ ਦੇ ਚੋਣ ਫਤਵੇ ਨੂੰ ਖੁੱਲ੍ਹੇ ਰੂਪ ਵਿੱਚ ਪ੍ਰਵਾਨ ਕਰਨ ਅਤੇ ਖੁਦ ਦੇ ਅੰਦਰ ਝਾਕਣ।
    -ਬਲਜੀਤ ਸਿੰਘ ਬਰਾੜ

WRITTEN BY