ਬਲਵਿੰਦਰ ਆਜ਼ਾਦ
ਬਰਨਾਲਾ
ਸੰਪਰਕ : 73555-77961
ਫਰਾਂਸ ਦੀ ਧਰਤੀ ’ਤੇ ਪੈਦਾ ਹੋਏ, ਵਿਸ਼ਵ ਪ੍ਰਸਿੱਧ ਨੇਤਾ ਨੈਪੋਲੀਅਨ ਬੋਨਾਪਾਰਟ ਨੇ ਕਿਹਾ ਹੈ, ਕਿ ਸਿਆਸਤ ਵਿੱਚ ਦਿਲ ਨਹੀਂ ਹੁੰਦਾ, ਕੇਵਲ ਦਿਮਾਗ ਹੁੰਦਾ ਹੈ ਅਤੇ ਰਾਜਨੀਤੀ ਵਿੱਚ ਭਾਵੁਕਤਾ ਦਾ ਕੋਈ ਸਥਾਨ ਨਹੀਂ ਕਿਉਂਕਿ ਇਤਿਹਾਸ ਰਾਜਨੀਤੀ ਦੀ ਪਾਠਸ਼ਾਲਾ ਹੈ। 17ਵੀਂ ਸਦੀ ਇਸ ਮਹਾਨ ਨੇਤਾ ਨੈਪੋਲੀਅਨ ਦੇ ਇਹ ਸ਼ਬਦ 21ਵੀਂ ਸਦੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 8 ਨਵੰਬਰ 2016 ਨੂੰ ਨੋਟਬੰਦੀ ਦੇ ਲਏ ਗਏ ਇੱਕ ਵੱਡੇ ਫ਼ੈਸਲੇ ਉਪਰ ਪੂਰੀ ਤਰ੍ਹਾਂ ਨਾਲ ਮੇਲ ਖਾਂਦੇ ਨਜ਼ਰ ਆ ਰਹੇ ਹਨ। ਭਾਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਫੈਸਲਾ ਕਾਲੇ ਧਨ ਤੇ ਕਾਬੂ ਪਾਉਣ ਦੇ ਆਪਣੀ ਜਨਤਾ ਨਾਲ ਕੀਤੇ ਵਾਅਦੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਲਿਆ ਹੈ, ਪਰ ਇਸ ਫੈਸਲੇ ਨਾਲ ਭਾਰਤੀ ਜਨ-ਜੀਵਨ ਦੇ ਨਾਲ ਭਾਰਤੀ ਅਰਥ ਵਿਵਸਥਾ ਤੇ ਕੀ ਅਸਰ ਹੋਵੇਗਾ। ਇਹ ਸਵਾਲ ਅੱਜ ਵੀ ਰਹੱਸ ਬਣ ਕੇ ਰਹਿ ਗਿਆ ਹੈ। ਭਾਵੇਂ ਕਿ ਪ੍ਰਧਾਨ ਨਰਿੰਦਰ ਮੋਦੀ ਦੀ ਸਰਕਾਰ ਦੇ ਵਜੀਰ ਅਤੇ ਸਰਕਾਰ ’ਤੇ ਪਾਰਟੀ ਦੇ ਸਹਿਯੋਗੀ ਇਸ ਫ਼ੈਸਲੇ ਨੂੰ ਦੇਸ਼ ਵਾਸੀਆਂ ਦੇ ਹਿੱਤ ਅਤੇ ਕਾਲੇ ਧਨ ਦੇ ਖ਼ਾਤਮੇ ਦੀ ਦਲੀਲ ਦੇ ਕੇ ਦੇਸ਼ ਦੇ ਜਨ ਸਮੂਹ ਨੂੰ ਸ਼ਾਂਤ ਕਰਨ ਦੀਆਂ ਕਈ ਦਿਨਾਂ ਤੋਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ, ਪਰ ਹਕੀਕਤ ਇਹ ਹੈ ਕਿ ਮੌਜੂਦਾ ਸਮੇਂ ਵਿੱਚ ਜਿੱਥੇ ਦੇਸ਼ ਦੀਆਂ ਇੱਕਜੁੱਟ ਹੋਈਆਂ ਵਿਰੋਧੀ ਧਿਰ ਅਤੇ 14 ਪਾਰਟੀਆਂ ਦੇ ਕਰੀਬ 200 ਸੰਸਦ ਮੈਂਬਰਾਂ ਨੇ ਸੰਸਦ ਦੇ ਅੰਦਰ ਅਤੇ ਬਾਹਰ ਨੋਟਬੰਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਪੇਂਡੂ ਅਤੇ ਸ਼ਹਿਰੀ ਖਿੱਤੇ ਦੇ ਲੋਕ ਵੀ ਇਸ ਫ਼ੈਸਲੇ ਨੂੰ ਪਿਛਲੇ ਕਈ ਦਿਨਾਂ ਤੋਂ ਕਥਿਤ ਰੂਪ ਵਿੱਚ ਲੋਕ ਵਿਰੋਧੀ ਕਰਾਰ ਦੇ ਰਹੇ ਹਨ।
ਭਾਵੇਂ ਕਿ ਪ੍ਰਧਾਨ ਮੰਤਰੀ ਸ੍ਰੀ ਨ੍ਯਰਿੰਦਰ ਮੋਦੀ ਨੋਟਬੰਦੀ ਨੂੰ ਗਰੀਬਾਂ ਦੇ ਹਿੱਤ ਵਿੱਚ ਦੱਸ ਰਹੇ ਹਨ ਅਤੇ ਸਥਿਤੀ ਦਰੁੱਸਤ ਕਰਨ ਲਈ ਉਹਨਾਂ ਜਨਤਾ ਤੋਂ 50 ਦਿਨਾਂ ਦਾ ਸਮਾਂ ਮੰਗਿਆ ਹੈ, ਪਰ ਜੇਕਰ ਮੌਜੂਦਾ ਸਮੇਂ ਵਿੱਚ ਨੋਟਬੰਦੀ ਦੇ ਅਸਰ ਦੀ ਗੱਲ ਕਰੀਏ ਤਾਂ ਅਖਬਾਰਾਂ, ਟੀ.ਵੀ.ਸ਼ੋਸ਼ਲ ਮੀਡੀਆ ਅਤੇ ਦੇਸ਼ ਦੇ ਹਰ ਪਿੰਡ/ਸ਼ਹਿਰ ਦੇ ਗਲੀ ਮੁਹੱਲੇ ਕੂਚੇ ਅੰਦਰ ਕੇਂਦਰ ਸਰਕਾਰ ਦੇ ਇਸ ਫੈਸਲੇ ਉੱਪਰ ਸਵਾਲੀਆ ਨਿਸ਼ਾਨ ਉੱਠ ਰਹੇ ਹਨ। ਕੁਝ ਲੋਕ ਇਸ ਫ਼ੈਸਲੇ ਨੂੰ ਪ੍ਰੇਸ਼ਾਨ ਕਰਨ ਵਾਲਾ ਫ਼ੈਸਲਾ ਕਰਾਰ ਦੇ ਰਹੇ ਹਨ ਅਤੇ ਕੁਝ ਇਸ ਨੂੰ ਕਾਲੇ ਧਨ ਤੇ ਸਰਜੀਕਲ ਸਟਰਾਇਕ ਆਖ ਰਹੇ ਹਨ। ਪਰ ਸਾਬਕਾ ਜਸਟਿਸ ਮਾਰਕੰਡੇ ਕਾਟਜੂ ਦਾ ਕਹਿਣਾ ਹੈ ਕਿ ਨੋਟਬੰਦੀ ਬੇਵਕੂਫ਼ੀ ਹੈ, ਕਿਉਂਕਿ 500 ਤੇ 1000 ਦੇ ਨੋਟ ਹਰ ਕਿਸੇ ਕੋਲ ਹਨ ਅਤੇ ਕਿਸਾਨ, ਮਜਦੂਰ ਤੇ ਆਮ ਲੋਕ ਕਾਲਾ ਬਜ਼ਾਰੀ ਕੀ ਕਰਨਗੇ? ਉਹਨਾਂ ਹੈਰਾਨ ਹੁੰਦੇ ਕਿਹਾ ਕਿ ਪਤਾ ਨਹੀਂ ਇਹ ਕਿਸ ਦਿਮਾਗ ਦੀ ਉਪਜ ਹੈ ਅਤੇ ਕਿਸ ਨੇ ਰਾਇ ਦਿੱਤੀ ਹੈ? ਪ੍ਰਸਿੱਧ ਵਕੀਲ ਅਤੇ ਰਾਜ ਸਭਾ ਮੈਂਬਰ ਰਾਮ ਜੇਠ ਮਲਾਨੀ ਨੇ ਨੋਟਬੰਦੀ ਮੁਹਿੰਮ ’ਤੇ ਚੋਟ ਕਰਦਿਆਂ ਕਿਹਾ ਹੈ ਕਿ ਇਹ ਵੱਡੇ ਚੋਰਾਂ ਨੂੰ ਬਚਾਉਣ ਦਾ ਕਵਰ ਅਪ ਅਪ੍ਰੇਸ਼ਨ ਹੈ ਅਤੇ ਇਸਦੀ ਭਰੋਸੇਯੋਗਤਾ ਸ਼ੱਕੀ ਹੈ, ਉਨ੍ਹਾਂ ਕਿਹਾ ਹੈ ਕਿ ਉਹ ਨੋਟਬੰਦੀ ਮੁਹਿੰਮ ਦੇ ਵਿਰੁੱਧ ਨਹੀਂ ਹਨ, ਪਰ ਇਸ ਨਾਲ ਕਾਲਾ ਧਨ ਕੱਢਣ ਵਿੱਚ ਕੋਈ ਵੱਡੀ ਪ੍ਰਾਪਤੀ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੁਹਿੰਮ ਨਾਲ ਛੋਟੇ ਚੋਰ ਤਾਂ ਫੜ੍ਹੇ ਜਾਣਗੇ, ਪਰ ਵੱਡੇ ਚੋਰ ਨਹੀਂ। ਪਰ ਪ੍ਰਧਾਨ ਮੰਤਰੀ ਮੋਦੀ ਨੋਟਬੰਦੀ ਨੂੰ ਦੇਸ਼ ਦੀ ਕਿਸਮਤ ਬਦਲਣ ਵਾਲਾ ਫੈਸਲਾ ਦੱਸ ਰਹੇ ਹਨ, ਪਰ ਅਜੀਬ ਸੰਯੋਗ ਹੈ ਕਿ ਦੇਸ਼ ਦਾ ਇੱਕ ਵੱਡਾ ਹਿੱਸਾ ਨੋਟਬੰਦੀ ਦੇ ਫੈਸਲੇ ਦਾ ਵਿਰੋਧ ਕਰ ਰਿਹਾ ਹੈ।
24 ਨਵੰਬਰ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ ਪਹਿਲੀ ਵਾਰੀ ਨੋਟਬੰਦੀ ਦੇ ਫੈਸਲੇ ਨੂੰ ਅਸਫ਼ਲ ਕਰਾਰ ਦਿੰਦਿਆਂ ਕਿਹਾ ਕਿ ਨੋਟਬੰਦੀ ਇੱਕ ਗਿਣੀ-ਮਿਥੀ ਲੁੱਟ ਹੈ ਅਤੇ ਕਾਨੂੰਨਣ ਸਭ ਤੋਂ ਵੱਡੀ ਗਲਤੀ ਹੈ, ਕਿਉਂਕਿ ਇਸ ਫ਼ੈਸਲੇ ਨਾਲ ਦੇਸ਼ ਅੰਦਰ ਖੁੱਲ੍ਹ ਕੇ ‘ਸੰਗਠਿਤ’ ਅਤੇ ‘ਕਾਨੂੰਨੀ’ ਲੁੱਟ ਮਾਰ ਹੋਈ ਹੈ ਅਤੇ ਆਮ ਆਦਮੀ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਵਰਗੇ ਵੱਡੇ ਲੋਕਤੰਤਰਕ ਦੇਸ਼ ਵਿੱਚ ਜਨਤਕ ਮੁੱਦਿਆ ਉੱਪਰ ਟਿੱਪਣੀ ਕਰਨ ਦਾ ਸਭ ਨੂੰ ਪੂਰਨ ਅਧਿਕਾਰ ਹੈ। ਪਰ ਭਾਰਤ ਵਰਗੇ 125 ਕਰੋੜ ਦੀ ਆਬਾਦੀ ਵਾਲੇ ਦੇਸ਼ ਪਿਆ ਹੋਵੇ ਜਾਂ ਨਾ, ਪਰ ਗਰੀਬ ਅਤੇ ਮੱਧਵਰਗੀ ਲੋਕਾਂ ਉੱਪਰ ਨੋਟਬੰਦੀ ਦਾ ਫ਼ੈਸਲਾ ਕਿਸੇ ਆਫ਼ਤ ਤੋਂ ਘੱਟ ਨਹੀਂ ਹੈ। ਸੂਰਜ ਚੜ੍ਹਣ ਤੋਂ ਪਹਿਲਾਂ ਬੈਂਕਾਂ ਅੱਗੇ ਲੱਗੀਆਂ ਆਮ ਜਨਤਾ ਦੀਆਂ ਲਾਇਨਾਂ ਨੋਟਬੰਦੀ ਦਾ ਦਰਦ ਬਿਨਾਂ ਬੋਲੇ ਹੀ ਬਿਆਨ ਕਰ ਰਹੀਆਂ ਹਨ। ਜੇਕਰ ਆਖ਼ਬਾਰੀ ਖ਼ਬਰਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਇਸ ਫ਼ੈਸਲੇ ਨਾਲ 70 ਤੋਂ ਜ਼ਿਆਦਾ ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ। ਕਾਲਾਬਜ਼ਾਰੀ ਕਰਨ ਵਾਲੇ ਗਰੀਬ ਲੋਕਾਂ ਦੇ ਖੂਨ ਪਸੀਨੇ ਨਾਲ ਕਮਾਏ 500 ਦੇ ਨੋਟ ਬਦਲ ਕੇ 400 ਰੁਪਏ ਦੇ ਕੇ ਅੰਨ੍ਹੀ ਲੁੱਟ ਕਰ ਰਹੇ ਹਨ। ਵੱਡੇ ਨੋਟ ਬੰਦ ਹੋਣ ਅਤੇ ਛੋਟੇ ਨੋਟ ਨਾ ਮਿਲਣ ਕਰਨ ਗਰੀਬਾਂ ਦੇ ਚੁੱਲ੍ਹੇ ਠੰਡੇ ਪੈ ਗਏ ਹਨ। ਵਿਆਹ ਵਰਗੇ ਖੁਸ਼ੀ ਦੇ ਪਲ ਬੁਰੇ ਸੁਪਨੇ ਵਿੱਚ ਤਬਦੀਲ ਹੋਣੇ ਸ਼ੁਰੂ ਹੋ ਗਏ ਹਨ। ਕਿਉਂਕਿ ਵਿਆਹ ਲਈ, ਸਬਜ਼ੀ, ਮਿਠਾਈ, ਕੱਪੜੇ, ਦਰਜੀ, ਟੈਂਟ ਵਾਲਾ ਬੈਂਡਬਾਜੇ ਵਾਲਾ, ਗੱਡੀ ਵਾਲੇ ਤੋਂ ਲੈ ਕੇ ਪੰਡਿਤ ਤੱਕ ਫੁੱਲ ਪੈਸਿਆਂ ਦੀ ਮੰਗ ਕਰਦੇ ਹਨ। ਭਾਵੇਂ ਇਹ ਸਭ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਇਹ ਆਖ ਰਹੇ ਹਨ, ਕਿ ਜਨਤਾ ਉਹਨਾਂ ਤੇ ਭਰੋਸਾ ਰੱਖੇ ਉਹ ਜਲਦੀ ਹੀ ਸਭ ਕੁੱਝ ਕਰ ਦੇਣਗੇ, ਪਰ ਦੂਸਰੇ ਪਾਸੇ ਜਨਤਾ ਇਹ ਸਵਾਲ ਕਰ ਰਹੀ ਹੈ ਕਿ ਇਹ ਸਾਡਾ ਭਰੋਸਾ ਹੀ ਸੀ, ਜੋ ਤੁਹਾਨੂੰ ਪ੍ਰਧਾਨ ਮੰਤਰੀ ਬਣਾਇਆ। ਜੇ ਭਰੋਸਾ ਨਾ ਹੁੰਦਾ ਤਾਂ ਤੁਸੀਂ ਅੱਜ ਰਾਜ ਸੱਤਾ ਦਾ ਸੁੱਖ ਕਿੰਝ ਭੋਗਦੇ?
ਇਸ ਲਈ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਭਾਵੇਂ ਨੋਟਬੰਦੀ ਦੇ ਫ਼ੈਸਲੇ ਉਪਰ ਪੂਰੀ ਤਰ੍ਹਾਂ ਦ੍ਰਿੜ ਰਹੇ, ਪਰ ਆਮ ਜਨਤਾ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਵੱਲ ਵੀ ਝਾਤ ਮਾਰੇ, ਤਾਂ ਹੀ ਉਹ ਜਨਤਾ ਦੇ ਭਰੋਸੇ ਉੱਪਰ ਖਰੇ ਉੱਤਰਨਗੇ ਅਤੇ ਜਨਤਾ ਉਹਨਾਂ ਨੂੰ ਸਹਿਯੋਗ ਕਰੇਗੀ।



