Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਦਾ ਤਲਿਸਮ

Share this story

ਪੰਜਾਬ ਵਿੱਚ ਲਗਾਤਾਰ 10 ਸਾਲਾਂ ਤੋਂ ਰਾਜ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਤਲਿਸਮ ਹਾਲੇ ਵੀ ਕਾਇਮ ਹੈ। ਮੋਗਾ ਵਿੱਚ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ 89ਵੇਂ ਜਨਮ ਦਿਨ ਮੌਕੇ ਕੀਤੀ ਗਈ ਰੈਲੀ ਦਾ ਬੇਜੋੜ ਅਤੇ ਵਿਲੱਖਣ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ। ਇਹ ਰੈਲੀ ਸਿਰਫ ਇਕੱਠ ਪੱਖੋਂ ਹੀ ਨਹੀਂ ਸਗੋਂ ਪ੍ਰਬੰਧ ਦੇ ਪੱਖੋਂ ਵੀ ਬਿਲਕੁੱਲ ਨਿਵੇਕਲੀ ਅਤੇ ਯਾਦਗਾਰੀ ਸੀ। ਸ਼੍ਰੋਮਣੀ ਅਕਾਲੀ ਦਲ ਨੇ ਵੱਡੀਆਂ ਮਹਾਂ ਰੈਲੀਆਂ ਕਰਨ ਦਾ ਇਕ ਵੱਖਰਾ ਸਿਆਸੀ  ਇਤਿਹਾਸ ਸਿਰਿਜਿਆ ਹੈ। ਸ਼ਾਇਦ ਭਾਰਤ ਵਿੱਚ ਹੋਰ ਕਿਸੇ ਵੀ ਪਾਰਟੀ ਕੋਲ ਏਨੇ ਯੋਜਨਾਬੱਧ ਢੰਗ ਨਾਲ ਏਨੀ ਵੱਡੀ ਰੈਲੀ ਕਰਨੀ ਸੰਭਵ ਨਹੀਂ ਹੈ। ‘ਪਾਣੀ ਬਚਾਓ-ਪੰਜਾਬ ਬਚਾਓ’ ਦੇ ਨਾਅਰੇ ਨਾਲ ਕੀਤੀ ਗਈ ਇਹ ਰੈਲੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਦੀ 2017 ਵਿੱਚ ਹੋਣ ਵਾਲੀ ਚੋਣ ਲਈ ਸਿਆਸੀ ਮੁਹਿੰਮ ਦੀ ਇਕ ਵੱਡੀ ਸ਼ੁਰੂਆਤ ਵੀ ਆਖਿਆ ਜਾ ਸਕਦਾ ਹੈ। ਇਸ ਰੈਲੀ ਨਾਲ ਬਿਨਾਂ ਸ਼ੱਕ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਹਲਕਿਆਂ ਵਿੱਚ ਡੂੰਘੀ ਚਰਚਾ ਛੇੜ ਦਿੱਤੀ ਹੈ। ਵਿਰੋਧੀ ਸਿਆਸੀ ਧਿਰਾਂ ਲਈ ਇਸ ਰੈਲੀ ਦਾ ਇਕੱਠ ਇਕ ਚੁਣੌਤੀ ਆਖਿਆ ਜਾ ਸਕਦਾ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਲਈ ਇਸ ਪੱਧਰ ’ਤੇ ਰੈਲੀ ਕਰਨਾ ਹੀ ਸੰਭਵ ਨਹੀਂ ਹੈ। ਇਸ ਰੈਲੀ ਦਾ ਸਮੁੱਚਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਜਾਣਾ ਚਾਹੀਦਾ ਹੈ। ਸਿਆਸੀ ਸੂਝ ਬੂਝ ਅਤੇ ਪ੍ਰਬੰਧ ਦੇ ਪੱਧਰ ਉੱਪਰ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਰੈਲੀ ਵਿੱਚ ਇਕੱਠ ਬਾਰੇ ਦਾਅਵੇ ਵੱਖ-ਵੱਖ ਹੋ ਸਕਦੇ ਹਨ। ਪਰ ਇਸ ਵਿੱਚ ਵੱਡੀ ਭੀੜ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ। ਰੈਲੀ ਦੇ ਪ੍ਰਬੰਧ ਲਈ ਸ. ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੀ ਇਕ ਟੀਮ ਦਾ ਗਠਨ ਕੀਤਾ ਗਿਆ ਸੀ। 35 ਏਕੜ ਤੋਂ ਵੱਧ ਫੈਲੇ ਮੁੱਖ ਪੰਡਾਲ ਨੂੰ ਅੱਠ ਸੈਕਟਰਾਂ ਵਿੱਚ ਵੰਡ ਕੇ 16 ਚੋਟੀ ਦੇ ਨੇਤਾਵਾਂ ਨੂੰ ਇਸ ਦੀ ਕਮਾਂਡ ਸੌਂਪੀ ਗਈ। ਸੈਕਟਰ ਇੰਚਾਰਜ ਵਾਕੀ-ਟਾਕੀ ਨਾਲ ਉਪ ਮੁੱਖ ਮੰਤਰੀ ਦੇ ਓਐਸਡੀ ਸ. ਚਰਨਜੀਤ ਸਿੰਘ ਬਰਾੜ ਅਤੇ ਸ. ਪਰਮਿੰਦਰ ਸਿੰਘ ਬਰਾੜ ਨਾਲ ਲਗਾਤਾਰ ਸੰਪਰਕ ’ਤੇ ਸਨ। ਰੈਲੀ ਵਿੱਚ ਸਾਰੇ ਹੀ ਸ਼ਾਮਲ ਲੋਕਾਂ ਲਈ ਖਾਣੇ, ਪਾਣੀ ਅਤੇ ਹੋਰ ਸਹੂਲਤਾਂ ਦਾ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤਾ ਗਿਆ। 6 ਹਜ਼ਾਰ ਤੋਂ ਵੱਧ ਬੱਸਾਂ/ਗੱਡੀਆਂ ਦੀ ਪਾਰਕਿੰਗ ਲਈ ਵੀ ਯੂਥ ਦਲ ਦੇ ਵਰਕਰ ਹੀ ਸੇਵਾ ਨਿਭਾਅ ਰਹੇ ਸਨ। ਦਿਲਚਸਪ ਗੱਲ ਇਹ ਸੀ ਕਿ ਇਸ ਦੌਰਾਨ ਕਿਧਰੇ ਵੀ ਟ੍ਰੈਫਿਕ ਜਾਮ ਨਹੀਂ ਹੋਈ ਅਤੇ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਗਈ। ਇਸ ਦਾ ਇਕ ਕਾਰਨ ਨਵੀਂਆਂ, ਵੱਡੀਆਂ ਅਤੇ ਦੋਹਰੀਆਂ-ਚੌੜੀਆਂ ਸੜਕਾਂ ਦੀ ਉਸਾਰੀ ਵੀ ਆਖਿਆ ਜਾ ਸਕਦਾ ਹੈ। ਮੋਗਾ ਰੈਲੀ ਦੀ ਸਫਲਤਾ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਸੰਭਾਵਨਾਵਾਂ ਨੂੰ ਇਕ ਵਾਰ ਫੇਰ ਰੌਸ਼ਨ ਕਰ ਦਿੱਤਾ ਹੈ। ਇਸ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਅਕਾਲੀ-ਭਾਜਪਾ ਗਠਜੋੜ ਵੱਲੋਂ ਵੱਡੀ ਸਿਆਸੀ ਚੁਣੌਤੀ ਪੇਸ਼ ਕੀਤੀ ਜਾ ਰਹੀ ਹੈ। ਵਿਰੋਧੀ ਸਿਆਸੀ ਧਿਰਾਂ ਲਈ ਇਹ ਲੜਾਈ ਸੌਖੀ ਨਹੀਂ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮੁਹਿੰਮ ਅਤੇ ਚੜ੍ਹਤ ਕਿਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਉਸ ਨੂੰ ਪੰਜਾਬ ਵਿੱਚ ਤੀਸਰੀ ਵਾਰ ਸਰਕਾਰ ਬਣਾਉਣ ਦਾ ਫਿਰ ਮੌਕਾ ਮਿਲ ਸਕਦਾ ਹੈ। ਮੋਗਾ ਰੈਲੀ ਨੇ ਇਕ ਵਾਰ ਫਿਰ ਸ. ਸੁਖਬੀਰ ਸਿੰਘ ਬਾਦਲ ਦੀ ਪਾਰਟੀ ਉੱਪਰ ਪਕੜ ਅਤੇ ਸਿਆਸੀ ਪ੍ਰਬੰਧਾਂ ਵਿੱਚ ਮੁਹਾਰਤ ਨੂੰ ਪੁਸ਼ਟ ਕਰ ਦਿੱਤਾ ਹੈ। ਉਹ ਹੁਣ ਆਪਣੇ ਪਿਤਾ ਦੇ ਸਾਏ ਤੋਂ ਵੀ ਉਭਰ ਆਏ ਹਨ। ਇਹ ਰੈਲੀ ਉਨ੍ਹਾਂ ਨੇ ਆਪਣੇ ਤੌਰ ’ਤੇ ਕਰਕੇ ਇਹ ਵਿਖਾ ਦਿੱਤਾ ਹੈ ਕਿ ਉਹ ਸਰਕਾਰ ਅਤੇ ਪਾਰਟੀ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਰੈਲੀ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਗਟ ਕੀਤੇ ਗਏ ਵਿਚਾਰ ਪੰਜਾਬ ਦੇ ਲੋਕਾਂ ਲਈ ਇਹ ਉਮੀਦ ਜਗਾਉਂਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੁੰਦਿਆਂ ਪੰਜਾਬ ਦਾ ਦਰਿਆਈ ਪਾਣੀ ਕਿਸੇ ਵੀ ਹਾਲਤ ਵਿੱਚ ਕੋਈ ਖੋਹ ਨਹੀਂ ਸਕੇਗਾ।
– ਬਲਜੀਤ ਸਿੰਘ ਬਰਾੜ

WRITTEN BY