Skip to content
Independent perspectives. Global stories.
BREAKING

ਪੰਜਾਬ ਚੋਣਾਂ ਦੇ ਰੌਲੇ ’ਚ ਸਿੱਖ ਮੁੱਦੇ ਗਾਇਬ

Share this story

ਬੰਦਿਆਂ ਵਾਂਗ ਮੁੱਦਿਆਂ ਦੀ ਵੀ ਅਜੀਬ ਹੋਣੀ ਹੈ। ਮੁੱਦੇ ਉੱਠਦੇ ਹਨ, ਨਾਅਰੇ ਲੱਗਦੇ ਹਨ, ਫਿਰ ਵਖਤ ਦੀ ਧੂੜ ਵਿੱਚ ਗਵਾਚ ਜਾਂਦੇ ਹਨ। ਪੁਰਾਣਿਆਂ ਦੀ ਥਾਂ ਨਵੇਂ ਮੁੱਦੇ ਲੈ ਲੈਂਦੇ ਹਨ। ਇਸ ਉਧੇੜ ਬੁਣ ਵਿੱਚ ਕਈ ਅਹਿਮ ਪੁਰਾਣੇ ਮੁੱਦੇ ਲੋਕਾਂ ਦੇ ਚੇਤਿਆਂ ’ਚੋਂ ਮਨਫ਼ੀ ਹੋ ਜਾਂਦੇ ਹਨ। ਇਸ ਚੱਕਰਵਿਊ ਵਿੱਚ ਫਸ ਕੇ ਕੌਮਾਂ ਦੀ ਹੋਣੀ ਨਾਲ ਜੁੜੇ ਹੋਏ ਮੁੱਦਿਆਂ ਦਾ ਵਿਸਰ ਜਾਣਾ ਠੀਕ ਨਹੀਂ ਹੁੰਦਾ। ਇਸ ਨਾਲ ਕੌਮਾਂ ਇਤਿਹਾਸ ਦੇ ਹਾਸ਼ੀਏ ਉੱਪਰ ਚਲੀਆਂ ਜਾਂਦੀਆਂ ਹਨ। ਸਿੱਖ ਭਾਈਚਾਰਾ ਵੀ ਇਸ ਅਣਹੋਣੀ ਵਿੱਚੋਂ ਗੁਜਰ ਰਿਹਾ ਹੈ। ਕੌਮ ਦੇ ਭਵਿੱਖ ਨਾਲ ਜੁੜੇ ਅਸਲ ਮੁੱਦੇ ਗਵਾਚ ਗਏ ਹਨ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਬਰੂਹੇ ’ਤੇ ਹਨ, ਪਰ ਗੈਰ-ਜਰੂਰੀ ਮੁੱਦਿਆਂ ’ਤੇ ਜ਼ੋਰ ਅਜ਼ਮਾਈ ਹੋ ਰਹੀ ਹੈ। ਅਸਲ ਮੁੱਦਿਆਂ ਦਾ ਗਵਾਚਣਾ ਇਤਿਹਾਸ ਦਾ ਸਹਿਜ ਕਰਮ ਨਹੀਂ ਹੁੰਦਾ ਕਿ ਇਸ ਨੂੰ ਕੌਮ ਦੀ ਹੋਣੀ ਸਮਝ ਕੇ ਬਰਦਾਸ਼ਤ ਕਰ ਲਿਆ ਜਾਂਦਾ ਹੈ। ਅਸਲ ਵਿੱਚ ਅਜਿਹੇ ਮੁੱਦੇ ਗਵਾਚਦੇ ਨਹੀਂ ਹਨ। ਉਨ੍ਹਾਂ ਨੂੰ ਠੰਢਾ ਕਰਨ ਲਈ ਤਰਤੀਬਾਂ ਲੜਦੀਆਂ ਹਨ। ਕੌਮਾਂ ਦੀ ਹੋਣੀ ਨੂੰ ਬਦਲਣ ਵਾਲੇ ਇਹ ਮੁੱਦੇ ਉਂਝ ਹਮੇਸ਼ਾ ਕਾਇਮ ਰਹਿੰਦੇ ਹਨ, ਪਰ ਉਨ੍ਹਾਂ ਦੁਆਲੇ ਜੁੜੀ ਸ਼ਿੱਦਤ ਕਮਜ਼ੋਰ ਪੈ ਜਾਂਦੀ ਹੈ। ਸਮੇਂ ਦੇ ਹੁਕਮਰਾਨ ਅਤੇ ਵਿਰੋਧੀ ਤਾਕਤਾਂ ਹਮੇਸ਼ਾਂ ਇਸ ਫਿਰਾਕ ਵਿੱਚ ਰਹਿੰਦੀਆਂ ਹਨ ਕਿ ਅਸਲ ਮੁੱਦੇ ਭੱਖਦੇ ਨਾ ਰਹਿਣ। ਉਨ੍ਹਾਂ ਨੂੰ ਸਮੇਂ ਦੀ ਧੂੜ ਵਿੱਚ ਰੋਲ ਦਿੱਤਾ ਜਾਂਦਾ ਹੈ। ਮਹਾਰਾਜ ਰਣਜੀਤ ਸਿੰਘ ਵੱਲੋਂ ਯਤਨਾਂ ਨਾਲ ਕਾਇਮ ਕੀਤੀ ਗਈ ਸਿੱਖ ਬਾਦਸ਼ਾਹਦਤ ਦਾ ਪਤਨ ਸਿੱਖ ਅੱਜ ਤੱਕ ਨਹੀਂ ਭੁੱਲ ਸਕੇ। ਪਿਛਲੇ ਸਮੇਂ ਦੌਰਾਨ ਸਿੱਖ ਰਾਜ ਦੀਆਂ ਯਾਦਾਂ ਨੂੰ ਸਿੱਖ ਭਾਈਚਾਰੇ ਦੇ ਮਨਾਂ ਵਿੱਚੋਂ ਭੁਲਾਉਣ ਲਈ ਹਰ ਹੀਲਾ ਵਰਤਿਆ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਅਜਿਹੇ ਹਾਲਾਤ ਬਣਾ ਦਿੱਤੇ ਗਏ ਹਨ ਕਿ ਸਿੱਖ ਛੋਟੇ-ਛੋਟੇ ਵਰਗਾਂ ਵਿੱਚ ਵੰਡੇ ਗਏ। ਉਨ੍ਹਾਂ ਨੂੰ ਜਾਤਾਂ ਅਤੇ ਉਪ-ਜਾਤਾਂ ਵਿੱਚ ਵੰਡ ਕੇ ਲੜਾਇਆ ਗਿਆ। ਫਿਰ ਇਸ ਦੌਰਾਨ ਹੀ ਅਜਿਹੇ ਮੁੱਦੇ ਉਭਾਰੇ ਗਏ ਜਿਨ੍ਹਾਂ ਦਾ ਸਿੱਖ ਪੰਥ ਦੀ ਸਿਆਸੀ ਹੋਂਦ ਨਾਲ ਕੋਈ ਸਰੋਕਾਰ ਨਹੀਂ ਸੀ। ਅਜਿਹੇ ਮੁੱਦਿਆਂ ਦੇ ਉਭਾਰ ਕਾਰਨ ਹੀ ਸਿੱਖ ਆਪਣੀ ਬਾਦਸ਼ਾਹਤ ਨੂੰ ਬਹਾਲ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ। ਅੰਗਰੇਜ਼ੀ ਰਾਜ ਦੇ ਸਮੇਂ ਜੇਕਰ ਸਿੱਖ ਭਾਈਚਾਰਾ ਆਪਣੀ ਸਾਰੀ ਸ਼ਕਤੀ ਸਿੱਖ ਬਾਦਸ਼ਾਹਤ ਦੀ ਬਹਾਲੀ ਉੱਪਰ ਲਾ ਦਿੰਦਾ ਤਾਂ ਅੱਜ ਹਾਲਾਤ ਹੋਰ ਹੋਣੇ ਸਨ। ਗੈਰ-ਜ਼ਰੂਰੀ ਮੁੱਦਿਆਂ ’ਤੇ ਸ਼ਕਤੀ ਨਸ਼ਟ ਕਰਨ ਕਾਰਨ ਹੀ ਸਿੱਖ ਭਾਰਤ ਅਤੇ ਪਾਕਿਸਤਾਨ ਦੀ ਵੰਡ ਸਮੇਂ ਆਪਣਾ ਹੱਕ ਲੈਣ ਵਿੱਚ ਕਾਮਯਾਬ ਨਹੀਂ ਹੋ ਸਕੇ। ਸੰਨ 1947 ਤੋਂ ਪਿੱਛੋਂ ਸਿੱਖ ਭਾਈਚਾਰਾ ਲਗਾਤਾਰ ਸੰਕਟ ਵਿੱਚ ਰਿਹਾ ਹੈ। ਇਸ ਸੰਕਟ ਦਾ ਵੱਡਾ ਕਾਰਨ ਵੀ ਇਹੋ ਹੈ ਕਿ ਸਿੱਖ ਲੀਡਰਸ਼ਿਪ ਵੱਲੋਂ ਅਸਲ ਮੁੱਦਿਆਂ ’ਤੇ ਧਿਆਨ ਕੇਂਦਰਿਤ ਨਹੀਂ ਕੀਤਾ ਗਿਆ। ਪਿਛਲੇ 7 ਦਹਾਕਿਆਂ ਦੌਰਾਨ ਗੈਰ-ਜ਼ਰੂਰੀ ਮੁੱਦਿਆਂ ’ਤੇ ਸਾਰੀ ਪੰਥਕ ਸ਼ਕਤੀ ਨਸ਼ਟ ਹੁੰਦੀ ਰਹੀ। 80ਵਿਆਂ ਵਿੱਚ ਸ਼ੁਰੂ ਕੀਤਾ ਗਿਆ ਧਰਮ ਯੁੱਧ ਮੋਰਚਾ ਸਿੱਖ ਭਾਈਚਾਰੇ ਨੂੰ ਇੱਕ ਸਹੀ ਦਿਸ਼ਾ ਵੱਲ ਲਿਜਾ ਰਿਹਾ ਸੀ। ਇਸ ਮੋਰਚੇ ਨਾਲ ਸਿੱਖਾਂ ਅੰਦਰ ਬਾਦਸ਼ਾਹਤ ਦੀ ਤੜਫ ਮੁੜ ਪੈਦਾ ਹੋ ਗਈ। ਸਿੱਖ ਪੰਥ ਦਾ ਨਿਆਰਾਪਨ ਹੀ ਉਸ ਦੀ ਸ਼ਕਤੀ ਹੈ। ਸਿੱਖ ਵਿਰੋਧੀ ਤਾਕਤਾਂ ਹਮੇਸ਼ਾ ਇਸ ਯਤਨ ਵਿੱਚ ਰਹਿੰਦੀਆਂ ਹਨ ਕਿ ਉਨ੍ਹਾਂ ਦੀ ਸਿਆਸੀ ਅਤੇ ਧਾਰਮਿਕ ਤਾਕਤ ਨੂੰ ਗੈਰ-ਜ਼ਰੂਰੀ ਮੁੱਦੇ ਉਠਾ ਕੇ ਕਮਜ਼ੋਰ ਕੀਤਾ ਜਾਵੇ। ਪਿਛਲੇ ਸਮੇਂ ਦੌਰਾਨ ਉਠਾਏ ਗਏ ਇਨ੍ਹਾਂ ਗੈਰ-ਜ਼ਰੂਰੀ ਮੁੱਦਿਆਂ ਦੀ ਧੂੜ ਵਿੱਚ ਹੀ ਸਿੱਖ ਧਰਮਯੁੱਧ ਮੋਰਚੇ ਦਾ ਮਕਸਦ ਕਿੱਧਰੇ ਗਵਾਚ ਗਿਆ ਹੈ। ਇਹ ਬੇਹੱਦ ਦੁੱਖਦ ਸਥਿਤੀ ਹੈ ਕਿ ਵੱਡੀਆਂ ਕੁਰਬਾਨੀਆਂ ਵਾਲੇ ਸਿੱਖ ਧਰਮਯੁੱਧ ਮੋਰਚੇ ਦੀ ਅੰਤਿਮ ਪ੍ਰਾਪਤੀ ਹਾਲੇ ਤੱਕ ਉਜਾਗਰ ਨਹੀਂ ਹੋ ਸਕੀ। ਇਸ ਦਾ ਇੱਕ ਕਾਰਨ ਇਹ ਹੈ ਕਿ ਸਿੱਖ ਪੰਥ ਨੇ ਇਸ ਮੋਰਚੇ ਦੇ ਮਕਸਦ ਅਤੇ ਮੋਰਚੇ ਦੇ ਨਾਲ ਜੁੜੇ ਮੁੱਦਿਆਂ ਪ੍ਰਤੀ ਸ਼ਿੱਦਤ ਨੂੰ ਤਿਆਗ ਦਿੱਤਾ ਹੈ। ਸਿੱਖ ਪੰਥ ਦੀ ਭਲਾਈ ਇਸ ਵਿੱਚ ਹੈ ਕਿ ਉਹ ਗੈਰ-ਜ਼ਰੂਰੀ ਮੁੱਦਿਆਂ ’ਤੇ ਆਪਣੀ ਸ਼ਕਤੀ ਨੂੰ ਨਸ਼ਟ ਕਰਨ ਦੀ ਥਾਂ ਕੌਮ ਦੇ ਬਿਹਤਰ ਭਵਿੱਖ ਲਈ ਅਸਲ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰੇ। ਇਸ ਤੋਂ ਬਿਨਾਂ ਸਿੱਖ ਪੰਥ ਦੀ ਮੁਕਤੀ ਦਾ ਹੋਰ ਕੋਈ ਸਾਧਨ ਨਹੀਂ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਥਕ ਮੁੱਦੇ ਉਭਾਰਨ ਲਈ ਵਿਸ਼ੇਸ਼ ਯਤਨ ਹੋਣੇ ਚਾਹੀਦੇ ਹਨ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਵੀ ਪਹਿਲ ਕਦਮੀ ਲੈਣੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ

WRITTEN BY