ਅਸੀਂ ਹਰ ਸਾਲ 31 ਦਸੰਬਰ ਭਾਵ ਸਾਲ ਦੇ ਆਖਰੀ ਦਿਨ ਨੂੰ ਅਲਵਿਦਾ ਕਹਿ ਕੇ ਅਗਲੇ ਦਿਨ ਭਾਵ ਨਵੇਂ ਸਾਲ ਦੇ ਪਹਿਲੇ ਦਿਨ ਭਾਵ 1 ਜਨਵਰੀ ਨੂੰ ਖੁਸ਼ਆਮਦੀਦ ਆਖਦੇ ਹਾਂ। ਅਸੀਂ ਆਪਣੇ ਦੋਸਤਾਂ, ਸਕੇ ਸੰਬੰਧੀਆਂ, ਰਿਸ਼ਤੇਦਾਰਾ ਤੇ ਪਰਿਵਾਰਕ ਮੈਂਬਰਾਂ ਨੂੰ ਮੋਬਾਈਲਾਂ, ਗਰੀਟ੍ਰਿੰਗ ਕਾਰਡ ਤੇ ਸ਼ੋਸ਼ਲ ਸਾਈਟਾਂ ਰਾਹੀ ਉਨ੍ਹਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹਾਂ ਤੇ ਕਾਮਨਾ ਕਰਦੇ ਹਾਂ ਕਿ ਨਵਾਂ ਵਰ੍ਹਾ ਉਨ੍ਹਾਂ ਲਈ ਖੁਸ਼ੀਆ ਭਰਿਆ ਹੋਵੇ। ਪਰ ਅਸੀਂ ਕਦੇ ਸੋਚਿਆ ਹੈ ਕਿ ਇਹ ਸ਼ੁਭਕਾਮਨਾਵਾਂ ਸਿਰਫ ਇਕ ਖਾਨਾਪੂਰਤੀ ਬਣ ਕੇ ਰਹਿ ਜਾਂਦੀਆਂ ਹਨ ਅਸੀਂ ਇੰਨਾਂ ਨੂੰ ਅਸਲ ਜੀਵਨ ਵਿਚ ਕਿੰਨਾ ਕੁ ਸਾਰਥਿਕਤਾ ਨਾਲ ਲਾਗੂ ਕਰਦੇ ਹਾਂ ਕੀ ਅਸੀਂ ਸੱਚਮੁੱਚ ਦੂਸਰਿਆਂ ਦੀ ਖੁਸ਼ੀ ਲੋਚਦੇ ਹਾਂ। ਜਿਵੇਂ ਹੀ ਕੰਧ ਉਪਰ ਲੱਗਿਆ ਕੈਲੰਡਰ ਬਦਲਦਾ ਹੈ ਤਾਂ ਸਾਡਾ ਜੀਵਨ ਵੀ ਉਸ ਤਰ੍ਹਾਂ ਹੀ ਚੱਲ ਪੈਂਦਾ ਹੈ। ਸਾਡੇ ਦਿਲਾਂ ਵਿਚ ਉਹੀ ਵੈਰ, ਈਰਖਾ ਇਕ ਦੂਸਰੇ ਨਾਲੋਂ ਅੱਗੇ ਲੰਘਣ ਵਰਗੀਆਂ ਹੀਣ ਭਾਵਨਾਵਾਂ ਪ੍ਰਬਲ ਹੋ ਜਾਦੀਆਂ ਹਨ ਤੇ ਸਾਡਾ ਜੀਵਨ ਉਸ ਤਰ੍ਹਾਂ ਹੀ ਚੱਲਦਾ ਹੈ ਜਿਸ ਤਰ੍ਹਾਂ ਅਸੀਂ ਬੀਤੇ ਵਰ੍ਹੇ ਲੰਘਾ ਚੁੱਕੇ ਹੁੰਦੇ ਹਾਂ। ਹੁਣ ਸਵਾਲ ਇਹ ਉਠਦਾ ਹੈ ਕਿ ਅਸੀਂ ਪਰਿਵਾਰ, ਸਮਾਜ, ਦੇਸ਼ ਲਈ ਅਜਿਹਾ ਕੀ ਨਵਾਂ ਕਰ ਸਕਦੇ ਹਾਂ ਜਿਸ ਨਾਲ ਸਾਨੂੰ ਸੱਚਮੁੱਚ ਨਵੇਂ ਸਾਲ ਦੇ ਚੜਨ ਦਾ ਅਹਿਸਾਸ ਹੋ ਜਾਵੇ। ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਸਾਨੂੰ ਅੰਤਰ ਧਿਆਨ ਹੋ ਕੇ ਦੇਖਣਾ ਚਾਹੀਦਾ ਹੈ ਕਿ ਸਾਡੇ ਵਿਚ ਕੀ ਕਮੀਆਂ ਹਨ ਤੇ ਸਾਨੂੰ ਦ੍ਰਿੜ ਸੰਕਲਪ ਕਰ ਲੈਣਾ ਚਾਹੀਦਾ ਹੈ ਕਿ ਇੰਨਾਂ ਕਮੀਆਂ ਨੂੰ ਅਸੀਂ ਨਵੇਂ ਵਰ੍ਹੇ ਚ ਆਪਣੇ ਨਾਲ ਨਹੀਂ ਲੈ ਕੇ ਜਾਵਾਂਗੇ। ਅਸੀਂ ਪਿੱਛੇ ਝਾਤੀ ਮਾਰੀਏ ਤਾਂ ਸਾਨੂੰ ਇਲਮ ਹੋਵੇਗਾ ਕਿ ਅਸੀਂ, ਸਮਾਜ ਤੇ ਦੇਸ਼ ਲਈ ਕਦੇ ਕੁਝ ਕੀਤਾ? ਅਸੀਂ ਹਮੇਸ਼ਾ ਆਪਣੇ ਲਈ ਜਿੰਦਗੀ ਜਿਊਂਦ ਆਏ ਹਾਂ ਪਰ ਅਸੀਂ ਸੋਚੀਏ ਤਾਂ ਸਮਝ ਆਉਂਦੀ ਹੈ ਕਿ ਪਸੂ ਪੰਛੀ ਵੀ ਤਾਂ ਆਪਣੇ ਲਈ ਜਿੰਦਗੀ ਨਹੀਂ ਜਿਊਂਦ ਉਹ ਵੀ ਸਾਨੂੰ ਤੇ ਕੁਦਰਤ ਨੂੰ ਕੁਝ ਦਿੰਦੇ ਸਨ ਉਹ ਵੀ ਨਿਰ ਸਵਾਰਥ ਹੋ ਕੇ ਅਸੀਂ ਮਨੁੱਖੀ ਜੀਵਨ ਪ੍ਰਾਪਤ ਕਰਕੇ ਵੀ ਇੰਨੇ ਸਵਾਰਥੀ ਹੋ ਗਏ ਹਾਂ ਕਿ ਅਸੀਂ ਜਿੰਦਗੀ ਦੇ ਇੰਨੇ ਵਰ੍ਹੇ ਆਪਣੀ ਨਿੱਜੀ ਜਿੰਦਗੀ ਤੇ ਵਾਰ ਦਿੱਤੇ ਹਨ ਪਰ ਕਿਸੇ ਲੇਖਕ ਦੇ ਵਿਚਾਰ ਹਨ ਕਿ ਜਦ ਤੁਸੀਂ ਇਸ ਸੰਸਾਰ ਤੋ ਕੂਚ ਕਰ ਜਾਉਗੇ ਤਾਂ ਉਥੇ ਤੁਹਾਡੇ ਤੋਂ ਇਹ ਨਹੀਂ ਪੁੱਛਿਆ ਜਾਵੇਗਾ ਕਿ ਤੁਸੀਂ ਆਪਣੇ ਪਰਿਵਾਰ ਲਈ ਕਿੰਨੀ ਜਾਇਦਾਦ ਬਣਾ ਕੇ ਆਏ ਹੋ, ਤੁਹਾਡੀ ਕੋਠੀ ਕਿੰਨੀ ਮੰਜਿਲੀ ਸੀ, ਤੁਹਾਡੇ ਕੋਲ ਕਾਰ ਕਿਹੜੀ ਸੀ। ਉਥੇ ਤੁਹਾਡੇ ਤੋਂ ਇਹ ਪੁੱਛਿਆ ਜਾਵੇਗਾ ਕਿ ਤੁਸੀਂ ਆਪਣੀ ਨਿੱਜੀ ਜਿੰਦਗੀ ਤੋਂ ਬਾਹਰ ਨਿਕਲ ਕੇ ਸਮਾਜ ਤੇ ਦੇਸ਼ ਲਈ ਕੀ ਕੀਤਾ। ਸ਼ਾਇਦ ਫਿਰ ਸਾਡੇ ਕੋਲ ਕੋਈ ਜਵਾਬ ਨਹੀਂ ਹੋਵੇਗਾ। ਇਸ ਲਈ ਅਸੀਂ ਇਕ ਨਵੇਂ ਵਰ੍ਹੇ ਤੇ ਸੰਕਲਪ ਲਈਏ ਕਿ ਆਪਣੀ ਜਿੰਦਗੀ ਦੇ ਕੁਝ ਪਲ ਦੂਜਿਆਂ ਲਈ ਵੀ ਦੇਵਾਂਗੇ। ਇਸ ਲਈ ਅਸੀਂ ਜੇਕਰ ਖੁਦ ਚੰਗੇ ਇੰਨਸਾਨ ਬਣ ਜਾਵਾਂਗੇ ਤਾਂ ਜਾਹਿਰ ਹੈ ਕਿ ਇਸ ਨਾਲ ਇਕ ਚੰਗੇ ਸਮਾਜ, ਰਾਸ਼ਟਰ ਤੇ ਸੰਸਾਰ ਦੀ ਸਥਾਪਨਾ ਹੋ ਸਕਦੀ ਹੈ। ਇਹ ਜਰੂਰੀ ਨਹੀਂ ਕਿ ਪਿਛਲਾ ਵਰ੍ਹਾ ਸਾਰਿਆਂ ਲਈ ਖੁਸ਼ੀਆ ਭਰਿਆ ਹੀ ਹੋਵੇ ਹੋ ਸਕਦਾ ਹੈ ਕਿ ਪਿਛਲੇ ਵਰ੍ਹੇ ਸਾਡੀ ਜਿੰਦਗੀ ਵਿਚ ਬਹੁਤ ਦੁੱਖ ਆਏ ਹੋਣ ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਨੂੰ ਇਹ ਸਭ ਆਪਣਾ ਅਤੀਤ ਸਮਝ ਕੇ ਭੁੱਲ ਜਾਣਾ ਚਾਹੀਦਾ ਹੈ ਤੇ ਨਵੇਂ ਵਰ੍ਹੇ ਤੇ ਇਹ ਸਭ ਆਪਣੇ ਨਾਲ ਨਹੀਂ ਲੈ ਕੇ ਜਾਣਾ ਚਾਹੀਦਾ ਸਭ ਨਵੇਂ ਸਿਰੇ ਤੋਂ ਆਪਣੀ ਜਿੰਦਗੀ ਸ਼ੂਰੂ ਕਰਨੀ ਚਾਹੀਦੀ ਹੈ। ਜੇਕਰ ਸਾਨੂੰ ਲੱਗਦਾ ਹੈ ਕਿ ਬੀਤੇ ਸਾਲ ਚ ਸਾਡੇ ਤੋਂ ਕਿਸੇ ਦਾ ਬੁਰਾ ਹੋਇਆ ਹੈ ਤਾਂ ਸਾਨੂੰ ਚਾਹੀਦਾ ਹੈ ਇਸ ਸਾਲ ਇਹ ਗਲਤੀ ਨਾਂ ਦੁਹਰਾਈ ਜਾਵੇ। ਸਾਨੂੰ ਜਿੰਦਗੀ ਦੇ ਨਵੇਂ ਟੀਚੇ ਮਿੱਥਣੇ ਚਾਹੀਦੇ ਹਨ ਤੇ ਇੰਨਾਂ ਨੂੰ ਪੂਰਾ ਕਰਨ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ। ਨਵੇਂ ਵਰ੍ਹੇ ਤੇ ਸਭ ਨੂੰ ਪਿਆਰ ਵੰਡਣਾ ਚਾਹੀਦਾ ਹੈ ਕਿਉਂਕਿ ਪਿਆਰ ਵੰਡਣ ਨਾਲ ਹੀ ਵੱਧਦਾ ਹੈ। ਸਭ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ।
ਨਵੇਂ ਵਰ੍ਹੇ ਤੇ ਸਾਨੂੰ ਸਮਾਜਿਕ ਬੁਰਾਈਆਂ ਜਿਵੇਂ ਕਿ ਔਰਤਾਂ ਨਾਲ ਹੁੰਦੀ ਅਹਿੰਸਾ, ਬਲਾਤਕਾਰ, ਰਿਸ਼ਵਤਖੋਰੀ, ਮਿਲਾਵਟਖੋਰੀ, ਰਿਸ਼ਤਿਆ ਦਾ ਹੁੰਦਾ ਘਾਣ, ਬਿਰਧ ਆਸ਼ਰਮਾਂ ਚ ਰੁਲਦਾ ਬੁਢਾਪਾ, ਬੇਰੁਜ਼ਗਾਰੀ ਕਰਕੇ ਪ੍ਰਵਾਸ ਕਰਦੀ ਨੋਜਵਾਨੀ ਕਿਸਾਨ ਖੁਦਕੁਸ਼ੀਆਂ, ਵਾਤਾਵਰਣ ਦਾ ਪ੍ਰਦੂਸ਼ਣ, ਪਾਣੀਆਂ ਚ ਘੁਲਦਾ ਜਹਿਰ, ਧਰਮ ਦੀ ਆੜ ਚ ਰਾਸ਼ਟਰ ਨੂੰ ਵੰਡਣ ਵਾਲੇ ਕਾਰਨਾਂ ਦੀ ਨਿਸ਼ਾਨਦੇਹੀ ਕਰਕੇ ਇੰਨਾਂ ਨੂੰ ਰੋਕਣ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਇਹ ਸਭ ਸਾਨੂੰ ਸਰਕਾਰਾਂ ਉਪਰ ਹੀ ਨਹੀਂ ਸੁੱਟ ਦੇਣਾ ਚਾਹੀਦਾ ਇਸ ਲਈ ਸਾਡੀ ਵੀ ਨੈਤਿਕ ਜਿੰਮੇਵਾਰੀ ਬਣਦੀ ਹੈ ਇਸ ਤਰ੍ਹਾਂ ਦੀਆਂ ਬੁਰਾਈਆਂ ਚ ਨਾਂ ਤਾਂ ਅਸੀਂ ਆਪ ਭਾਗੀ ਬਣਾਗੇ ਤੇ ਨਾਂ ਹੀ ਕਿਸੇ ਨੂੰ ਇਸ ਤਰ੍ਹਾਂ ਦੀਆਂ ਬੁਰਾਈਆਂ ਫੈਲਾਉਣ ਦੇਵਾਂਗੇ। ਫਿਰ ਹੀ ਨਵਾਂ ਵਰ੍ਹਾ ਸਾਡੇ ਲਈ ਸਾਰਥਿਕ ਹੋਵੇਗਾ ਜਦ ਕੁਝ ਨਵਾਂ ਹੋਵੇਗਾ।
ਨਵਾਂ ਵਰ੍ਹਾ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ।



