Skip to content
Independent perspectives. Global stories.
BREAKING

ਪੁਲਿਸ ਵੱਲੋਂ ਕੋਹ-ਕੋਹ ਕੇ ਸ਼ਹੀਦ ਕੀਤੇ ਗਏ:ਜਥੇਦਾਰ ਗੁਰਦੇਵ ਸਿੰਘ ਕਾਉਂਕੇ

Share this story

ਜਥੇਦਾਰ ਗੁਰਦੇਵ ਸਿੰਘ ਕਾਉਂਕੇ
-ਸਰਬਜੀਤ ਸਿੰਘ ਘੁਮਾਣ(97819-91622,83606,43731)
ਫ਼ਰਵਰੀ 1997 ਦੀਆਂ ਚੋਣਾਂ ਮੌਕੇ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਸਰਕਾਰ ਬਣਨ ਮਗਰੋਂ ਸਿੱਖਾਂ ਉੱਤੇ ਜ਼ੁਲਮ ਕਰਨ ਵਾਲ਼ੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਤਾਂ ਸਿੱਖ ਜਗਤ ਨੇ 1978 ਤੋਂ ਸਿੱਖ ਗੱਭਰੂਆਂ ਦਾ ਸ਼ਿਕਾਰ ਖੇਡਣ ਵਾਲ਼ੇ ਪੁਲਸੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸ. ਬਾਦਲ ਨੂੰ ਮੁੱਖ ਮੰਤਰੀ ਬਣਾ ਦਿੱਤਾ। ਛੇਤੀ ਹੀ ਲੋਕਾਂ ਨੂੰ ਸਮਝ ਲੱਗ ਗਈ ਕਿ ਸ. ਬਾਦਲ ਦਾ ਅਜਿਹਾ ਕੋਈ ਇਰਾਦਾ ਨਹੀਂ।
ਦਰਅਸਲ ਉਹ ਦਿੱਲੀ ਦਰਬਾਰ ਦਾ ਦਿੱਤਾ ਸਬਕ ਸਿਖ ਚੁੱਕਾ ਸੀ ਕਿ ਸਿੱਖ ਜਜ਼ਬਾਤਾਂ ਦੀ ਗੱਲ ਕਰਨ ਵਾਲ਼ਾ ਭਾਵੇਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਹੋਵੇ, ਉਸ ਨੂੰ ਖ਼ਤਮ ਕਰਵਾ ਦਿੱਤਾ ਜਾਵੇਗਾ ਤੇ ਲਾਸ਼ ਵੀ ਨਹੀਂ ਮਿਲ਼ੇਗੀ। ਸ. ਬਾਦਲ ਨੇ ਦਿੱਲੀ ਦਰਬਾਰ ਨੂੰ ਯਕੀਨ ਦਿਵਾ ਦਿੱਤਾ ਕਿ ਉਹ ‘ਸਿੱਖੀ’, ‘ਪੰਥ’, ‘ਧਰਮ’, ‘ਮਰਿਆਦਾ’ ਵਰਗਿਆਂ ਸ਼ਬਦਾਂ ਦਾ ਭੋਗ ਪਾ ਦੇਵੇਗਾ, ਬੱਸ ਹਕੂਮਤ ਉਸ ਉੱਪਰ ‘ਮਿਹਰ’ ਰੱਖੇ। ਇਸ ਮਗਰੋਂ ਦਿੱਲੀ ਨੇ ਸਿੱਖ ਜਗਤ ਦੇ ਸਾਰੇ ਅਹਿਮ ਅਹੁਦੇ ‘ਤੇ ਸੰਸਥਾਵਾਂ ਬਾਦਲ ਦੇ ਹਵਾਲੇ ਕਰ ਦਿੱਤੇ, ਜਿੱਥੇ ਬਾਦਲ ਨੇ ਉਹ ਬੰਦੇ ਬਿਠਾਏ ਜਿਨ੍ਹਾਂ ਅੰਦਰ ਸਿੱਖੀ ਜਾਂ ਸਿੱਖਾਂ ਬਾਰੇ ਭੋਰਾ ਦਰਦ ਨਹੀਂ।
ਅੱਜ ਸਮੁੱਚੀਆਂ ਪੰਥਕ ਸੰਸਥਾਵਾਂ ਅੰਦਰ ਆਏ ਨਿਘਾਰ ਦੀ ਦੁਹਾਈ ਦੇ ਰਹੇ ਸਿੱਖ ਪ੍ਰੇਸ਼ਾਨ ਹਨ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹਿਮ ਅਹੁਦਿਆਂ ਉੱਤੇ ਬਿਰਾਜਮਾਨ ਹਸਤੀਆਂ ਕਦੇ ਵੀ ਪੰਥਕ ਜਜ਼ਬਾਤਾਂ ਦੀ ਪਹਿਰੇਦਾਰੀ ਤੇ ਤਰਜ਼ਮਾਨੀ ਕਿਉਂ ਨਹੀਂ ਕਰਦੇ। ਪਰ ਜਦੋਂ ਵੀ ਕੋਈ ਸਿਰ ਚੁੱਕਦਾ ਹੈ ਤਾਂ ਸ. ਬਾਦਲ ਅਕਲ ਦਿੰਦੇ ਹਨ- “ਜੇ ਜ਼ਿਆਦਾ ਕੁਸਕੇ ਤਾਂ ਅਗਲਿਆਂ ਨੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਵਾਂਗ ਲਾਸ਼ ਵੀ ਨਹੀਂ ਲੱਭਣ ਦੇਣੀ£ ਸੋ, ਪੰਥ-ਪੁੰਥ ਦੀ ਗੱਲ ਛੱਡੋ ਤੇ ਮੌਜਾਂ ਲਵੋ…।”
ਜਿਹੜਾ ਬਾਦਲ ਦਲ ਸਿੱਖੀ ਦੀ ਗੱਲ ਕਰਨ ਵਾਲ਼ਿਆਂ ਨੂੰ ਦਿੱਲੀ ਦਰਬਾਰ ਵਾਂਗ ਹੀ ਆਪਣਾ ਵੈਰੀ ਮੰਨੀ ਬੈਠਾ ਹੋਵੇ, ਉਸ ਤੋਂ ਇਹ ਆਸ ਕਰਨੀ ਬੇਵਕੂਫ਼ੀ ਹੈ ਕਿ ਉਹ ਭਾਈ ਗੁਰਦੇਵ ਸਿੰਘ ਕਾਉਂਕੇ ਤੇ ਹੋਰ ਸਿੱਖਾਂ ਉੱਤੇ ਜ਼ੁਲਮ ਕਰਨ ਵਾਲ਼ਿਆਂ ਖ਼ਿਲਾਫ਼ ਕੋਈ ਕਾਰਵਾਈ ਕਰਨਗੇ। ਦਿੱਲੀ ਦਰਬਾਰ ਸਿੱਖਾਂ ਨੂੰ ਇਹੀ ਮਤ ਦੇਣੀ ਚਾਹੁੰਦਾ ਹੈ ਕਿ ਪੰਥਕ ਗੱਲ ਕਰਨ ਵਾਲ਼ਾ ਭਾਵੇਂ ਕੋਈ ਆਮ ਗੁਰਸਿੱਖ ਹੋਵੇ ਤੇ ਭਾਵੇਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ, ਉਸ ਨੂੰ ਖ਼ਤਮ ਕਰਨਾ ਸਾਡੇ ਲਈ ਖੱਬੇ ਹੱਥ ਦੀ ਖੇਡ ਹੈ। 1997 ਤੋਂ ਪਹਿਲਾਂ ਸਿੱਖਾਂ ਨੂੰ ਭਰਮ ਸੀ ਕਿ ਸ਼ਾਇਦ ਅਕਾਲੀ ਕਹਾਉਂਦੇ ਲੋਕ, ਦਿੱਲੀ ਵਾਲ਼ਿਆਂ ਦੇ ਹੱਥ-ਠੋਕੇ ਬਣ ਕੇ ਸਿੱਖ ਗੱਭਰੂਆਂ ਦਾ ਘਾਣ ਕਰਨ ਵਾਲ਼ਿਆਂ ਨੂੰ ਸਜ਼ਾਵਾਂ ਦਿਵਾਉਣਗੇ। ਪਰ ਹੁਣ ਇਹ ਭਰਮ ਮਿਟ ਗਿਆ ਹੈ। ਹੁਣ ਹਰ ਸਿੱਖ ਜਾਣਦਾ ਹੈ ਕਿ ਜਦੋਂ ਪੰਥਕ ਜਜ਼ਬਾਤਾਂ ਦਾ ਘਾਣ ਕਰਨ ਦੀ ਗੱਲ ਹੋਵੇ, ਓਦੋਂ ਅਕਾਲੀ ਹੋਵੇ, ਕਾਂਗਰਸੀ ਹੋਵੇ, ਜਨਸੰਘੀ ਹੋਵੇ, ਕਾਮਰੇਡ ਹੋਵੇ, ਸਭ ਇੱਕ ਬਰਾਬਰ ਹਨ। ਦਰਅਸਲ ਇਹ ਸਾਰੇ ਭਾਰਤੀ ਮੁੱਖ ਧਾਰਾ ਦੇ ਝੰਡਾਬਰਦਾਰ ਹਨ, ਜਿਸ ਨੇ ਸਿੱਖੀ ਮੁੱਖਧਾਰਾ ਨੂੰ ਮਲੀਆਮੇਟ ਕਰਨ ਲਈ ਲੱਕ ਬੰਨ੍ਹਿਆ ਹੋਇਆ ਹੈ।
ਹੁਣ ਕੋਈ ਆਸ ਨਹੀਂ ਬਚੀ ਕਿ ਬਾਦਲ ਦਲ ਭਾਈ ਕਾਉਂਕੇ ਦੇ ਕਤਲ ਸੰੰਬੰਧੀ ਤਿਆਰ ਹੋਈ ਤਿਵਾੜੀ ਰਿਪੋਰਟ ਉੱਤੇ ਕੋਈ ਕਾਰਵਾਈ ਕਰੇਗਾ। ਸਪਸ਼ਟ ਹੈ ਕਿ ਸਿੱਖਾਂ ਉੱਤੇ ਕਹਿਰ ਢਾਹੁਣ ਵਾਲ਼ੇ ਹੋਰ ਜ਼ਾਲਮਾਂ ਵਾਂਗ ਹੀ ਭਾਈ ਸਾਹਿਬ ਨੂੰ ਤਸੀਹੇ ਦੇ-ਦੇ ਕੇ ਮਾਰਨ ਵਾਲ਼ੇ ਬੁੱਚੜ ਪੁਲਸੀਏ ਵੀ ਕਦੇ ਕਟਹਿਰੇ ਵਿੱਚ ਨਹੀਂ ਲਿਆਂਦੇ ਜਾਣਗੇ। ਉਲ਼ਟਾ, ਦਿੱਲੀ ਦਰਬਾਰ ਅਤੇ ਬਾਦਲ ਦਲ ਨੇ ਰਲ਼-ਮਿਲ਼ ਕੇ 1978 ਤੋਂ ਬਾਅਦ ਦੇ ਖ਼ੂਨੀ ਦਹਾਕੇ ਨੂੰ ਸਿੱਖ ਮਨਾਂ ਅੰਦਰੋਂ ਮਿਟਾ ਦੇਣ ਲਈ ਉਪਰਾਲੇ ਅਰੰਭੇ ਹੋਏ ਹਨ। ਕਿਸੇ ਆਮ ਅਕਾਲੀ ਤੋਂ ਲੈ ਕੇ ਸੁਖਬੀਰ ਬਾਦਲ ਤਕ, ਜਿਸ ਨਾਲ਼ ਮਰਜ਼ੀ ਗੱਲ ਕਰ ਲਓ, ਇੱਕੋ ਮੁਹਾਰਨੀ ਪੜ੍ਹ ਰਹੇ ਨੇ- “ਛੱਡੋ ਜੀ ਪੁਰਾਣੀਆਂ ਗੱਲਾਂ, ਹੁਣ ‘ਵਿਕਾਸ’ ਦੀ ਗੱਲ ਕਰੋ…।”
ਇਹੋ ਜਿਹੇ ਮਾਹੌਲ ਵਿੱਚ ਅਸੀਂ ਆਪਣੀ ਬਣਦੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਅਣਮਨੁੱਖੀ ਕਤਲ ਸਾਡੀਆਂ ਆਉਣ ਵਾਲ਼ੀਆਂ ਨਸਲਾਂ ਨੂੰ ਜ਼ਰੂਰ ਚੇਤੇ ਰਹਿਣੀ ਚਾਹੀਦੀ ਹੈ ਤਾਂ ਕਿ ਦਿੱਲੀ ਦਰਬਾਰ ਦੇ ਜ਼ੁਲਮਾਂ ਬਾਰੇ ਸਾਡੀ ਕੌਮ ਨੂੰ ਪਤਾ ਹੋਵੇ।
ਕੌਣ ਸਨ ਭਾਈ ਕਾਉਂਕੇ?
ਭਾਈ ਗੁਰਦੇਵ ਸਿੰਘ ਕਾਉਂਕੇ ਨੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਕਾਉਂਕੇ ਵਿਖੇ ਸ. ਗੁਰਦਿਆਲ ਸਿੰਘ ਦੇ ਘਰ 1949 ਵਿੱਚ ਜਨਮ ਲਿਆ। ਉਹਨਾਂ ਦੇ ਜਨਮ ਤੋਂ ਕੁਝ ਸਮਾਂ ਬਾਅਦ ਹੀ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਅਜੇ ਉਹ ਤਿੰਨ ਕੁ ਸਾਲ ਦੇ ਹੋਣਗੇ ਕਿ ਉਹਨਾਂ ਦੀ ਮਾਤਾ ਜੀ ਵੀ ਚੜ੍ਹਾਈ ਕਰ ਗਏ। ਭਾਈ ਸਾਹਿਬ ਨੂੰ ਉਹਨਾਂ ਦੇ ਪਿਤਾ ਦੇ ਭਰਾਵਾਂ ਨੇ ਪਾਲ਼ਿਆ। ਉਹਨਾਂ ਪਿੰਡ ਦੇ ਸਕੂਲ ਤੋਂ ਸਤਵੀਂ ਤਕ ਪੜ੍ਹਾਈ ਕੀਤੀ। ਫਿਰ ਉਹ ਗਿਆਨੀ ਵੀਰ ਸਿੰਘ ਮੱਦੋਕੇ ਤੇ ਬਾਬਾ ਇੰਦਰ ਸਿੰਘ ਬਧਨੀ ਕਲਾਂ ਵਾਲ਼ਿਆਂ ਕੋਲ਼ੋਂ ਧਾਰਮਿਕ ਸਿੱਖਿਆ ਲੈਣ ਲੱਗ ਪਏ। ਇੰਝ ਉਹ ਦਮਦਮੀ ਟਕਸਾਲ ਨਾਲ਼ ਜੁੜ ਗਏ। ਉਹਨਾਂ ਦਾ ਅਨੰਦ ਕਾਰਜ 1971 ਵਿੱਚ ਬੀਬੀ ਗੁਰਮੇਲ ਕੌਰ ਨਾਲ਼ ਹੋਇਆ। ਉਹਨਾਂ ਦੇ ਚਾਰ ਪੁੱਤਰੀਆਂ ਤੇ ਤਿੰਨ ਪੁੱਤਰ ਹੋਏ।
ਬਾਣੀ ਤੇ ਬਾਣੇ ਦੇ ਧਾਰਨੀ, ਗੁਰਮਤਿ ਵਿੱਚ ਪ੍ਰਪੱਕ ਤੇ ਧਰਮੀ ਪੁਰਸ਼ ਹੋਣ ਕਰਕੇ ਸਿੱਖ ਜਗਤ ਅੰਦਰ ਉਹਨਾਂ ਦਾ ਬੇਹੱਦ ਅਦਬ-ਸਤਿਕਾਰ ਸੀ। ਉੱਚੇ ਲੰਮੇ ਕੱਦਾਵਰ, ਮਜਬੂਤ ਸਰੀਰ ਵਾਲ਼ੇ ਭਾਈ ਸਾਹਿਬ ਦੇ ਸਿਰ ਉੱਪਰ ਸੁੰਦਰ ਦਸਤਾਰਾ, ਜਿਸਮ ਉੱਤੇ ਸਫ਼ੈਦ ਚੋਲ਼ਾ, ਪੈਰੀਂ ਸਾਦੀ ਦੇਸੀ ਜੁੱਤੀ, ਉੱਪਰ ਲੋਈ ਹੁੰਦੀ ਸੀ। ਵੇਖਣ ਵਾਲ਼ੇ ਉੱਪਰ ਉਹਨਾਂ ਦੀ ਸਖ਼ਸ਼ੀਅਤ ਦਾ ਬਹੁਤ ਪ੍ਰਭਾਵ ਪੈਂਦਾ ਸੀ। ਉਹਨਾਂ ਦੇ ਬੋਲਣ ਦਾ ਲਹਿਜਾ ਐਨਾ ਪ੍ਰਭਾਵਸ਼ਾਲੀ ਸੀ ਕਿ ਨਸ਼ੱਈ, ਅਯਾਸ਼ ਤੇ ਪਤਿਤ ਨੌਜਵਾਨ ਉਹਨਾਂ ਦੀ ਗੱਲ ਮੰਨ ਕੇ ਤੁਰੰਤ ਅੰਮ੍ਰਿਤ ਛਕਣ ਅਤੇ ਗੁਰਮਤਿ ਮਰਿਆਦਾ ਵਿੱਚ ਪ੍ਰਪੱਕ ਹੋਣ ਲਈ ਤਿਆਰ ਹੋ ਜਾਂਦੇ ਸਨ।
ਜੂਨ 1984 ਨੂੰ ਜਦੋਂ ਭਾਰਤੀ ਫ਼ੌਜਾਂ ਨੇ ਦਰਬਾਰ ਸਾਹਿਬ ਉੱਪਰ ਹਮਲਾ ਬੋਲਿਆ ਤਾਂ ਉਹਨਾਂ ਨੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਬਚਨਾਂ ਅਨੁਸਾਰ ਪਿੰਡੋਂ ਜਥੇ ਸਮੇਤ ਅੰਮ੍ਰਿਤਸਰ ਨੂੰ ਮਾਰਚ ਅਰੰਭ ਦਿੱਤਾ, ਪਰ ਉਹਨਾਂ ਨੂੰ ਗ੍ਰਿਫ਼ਤਾਰ ਕਰ ਕੇ ਲੁਧਿਆਣਾ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਕਈ ਮਹੀਨਿਆਂ ਮਗਰੋਂ ਉਹਨਾਂ ਦੀ ਰਿਹਾਈ ਹੋਈ।
26 ਜਨਵਰੀ 1986 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਹੋਏ ‘ਸਰਬੱਤ ਖ਼ਾਲਸਾ’ ਸਮਾਗਮ ਮੌਕੇ ਜਦੋਂ ਸੰਤ ਭਿੰਡਰਾਂਵਾਲ਼ਿਆਂ ਦੇ ਭਤੀਜੇ ਭਾਈ ਜਸਬੀਰ ਸਿੰਘ ਰੋਡੇ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਤਾਂ ਭਾਈ ਰੋਡੇ ਓਦੋਂ ਮੱਧ ਪ੍ਰਦੇਸ ਦੀ ਸਾਗਰ ਜੇਲ੍ਹ ਵਿੱਚ ਨਜ਼ਰਬੰਦ ਸਨ। ਇਸ ਕਰਕੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ। ਸੱਚੀ-ਸੁੱਚੀ ਬਿਰਤੀ ਦੇ ਧਾਰਨੀ ਹੋਣ ਕਾਰਨ ਸਮੁੱਚੇ ਸਿੱਖ ਜਗਤ ਅੰਦਰ ਉਹਨਾਂ ਦੀ ਨਿਯੁਕਤੀ ਤੋਂ ਬੜਾ ਉਤਸ਼ਾਹ ਸੀ। ਉਹਨਾਂ ਆਪਣੀ ਜ਼ਿੰਮੇਵਾਰੀ ਬੜੀ ਸ਼ਿੱਦਤ ਨਾਲ਼ ਨਿਭਾਈ।
29 ਅਪ੍ਰੈਲ 1986 ਨੂੰ ਖ਼ਾਲਿਸਤਾਨ ਦਾ ਐਲਾਨ ਹੋਣ ਮਗਰੋਂ ਪੰਥਕ ਕਮੇਟੀ ਦੇ ਮੈਂਬਰ ਤਾਂ ਦਰਬਾਰ ਸਾਹਿਬ ਤੋਂ ਚਲੇ ਗਏ, ਪਰ ਬਰਨਾਲ਼ਾ ਸਰਕਾਰ ਨੇ ਅੰਦਰ ਪੁਲੀਸ ਭੇਜ ਦਿੱਤੀ। ਕਈਆਂ ਨੇ ਬਰਨਾਲ਼ੇ ਨੂੰ ਸਮਝਾਇਆ ਕਿ ਅੰਦਰ ਕੋਈ ਵੀ ਖ਼ਾਲਿਸਤਾਨ-ਪੱਖੀ ਨਹੀਂ ਰਿਹਾ, ਸਭ ਚਲੇ ਗਏ ਹਨ ਪਰ ਕੇਂਦਰ ਦੇ ਹੁਕਮ ਉੱਤੇ ਫੁੱਲ ਚੜ੍ਹਾ ਕੇ ਬਰਨਾਲ਼ੇ ਨੇ ਪੁਲੀਸ ਐਕਸ਼ਨ ਕਰ ਦਿੱਤਾ। ਭਾਈ ਗੁਰਦੇਵ ਸਿੰਘ ਤੇ ਹੋਰ ਅਨੇਕਾਂ ਗੁਰਸਿੱਖਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਤੇ ਅੰਮ੍ਰਿਤਸਰ, ਸੰਗਰੂਰ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ।
ਮਈ 1988 ਨੂੰ ਭਾਈ ਸਾਹਿਬ ਸੰਗਰੂਰ ਜੇਲ੍ਹ ਤੋਂ ਰਿਹਾਅ ਹੋ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਆਏ ਤਾਂ ਉਹਨਾਂ ਵੇਖਿਆ ਕਿ ਜੁਝਾਰੂ ਸਿੰਘਾਂ ਦੇ ਲੇਬਲ ਹੇਠ ਏਜੰਸੀਆਂ ਦੇ ਬੰਦੇ ਦਰਬਾਰ ਸਾਹਿਬ ਅੰਦਰੋਂ ਘਟੀਆ ਹਰਕਤਾਂ ਕਰ ਕੇ ਸਿੱਖੀ ਨੂੰ ਬਦਨਾਮ ਕਰ ਰਹੇ ਹਨ। ਅੰਦਰੋਂ ਧਮਕੀ-ਪੱਤਰ ਭੇਜ ਕੇ ਲੋਕਾਂ ਤੋਂ ਪੈਸੇ ਬਟੋਰੇ ਜਾਂਦੇ, ਲੋਕਾਂ ਦੇ ਨਿੱਜੀ ਮਾਮਲਿਆਂ ਦੇ ਫ਼ੈਸਲੇ ਕਰਨ ਦੇ ਨਾਂ ‘ਤੇ ਗੁੰਡਾਗਰਦੀ ਕੀਤੀ ਜਾਂਦੀ। ਜੇ ਕੋਈ ਇਹਨਾਂ ਨੂੰ ਰੋਕਦਾ ਕਿ ਤੁਸੀਂ ਖ਼ਾਲਿਸਤਾਨ ਲਈ ਲੜੋ ਜਾਂ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰੋ, ਇਹ ਕੀ ਕਰਦੇ ਹੋ, ਤਾਂ ਅੱਗੋਂ ਗਲ਼ ਪੈ ਜਾਂਦੇ। ਦਰਅਸਲ ਇਹ ਸਰਕਾਰੀ ਕਰਿੰਦੇ ਇਹੋ ਜਿਹਾ ਮਾਹੌਲ ਬਣਾ ਦੇਣਾ ਚਾਹੁੰਦੇ ਸੀ ਕਿ ਜਦੋਂ ਦਰਬਾਰ ਸਾਹਿਬ ਉੱਤੇ ਦੁਬਾਰਾ ਕਾਰਵਾਈ ਹੋਵੇ ਤਾਂ ਲੋਕ ਖਾੜਕੂਆਂ ਦੀ ਹਮਾਇਤ ਨਾ ਕਰਨ ਤੇ ਲੋਕਾਂ ਵਿੱਚ ਖਾੜਕੂਆਂ ਦਾ ਵੱਕਾਰ ਖ਼ਤਮ ਹੋ ਜਾਵੇ। ਸੱਚੇ-ਸੁੱਚੇ ਜੁਝਾਰੂ ਵੀ ਇਹਨਾਂ ਤੋਂ ਦੁਖੀ ਸਨ ਪਰ ਕੋਈ ਵਾਹ ਨਹੀਂ ਸੀ ਚੱਲਦੀ। ਹਾਲਤ ਇਹੋ ਜਿਹੇ ਬਣ ਗਏ ਸੀ ਕਿ ਸ਼ਰਧਾਲੂ ਸਿੱਖ ਵੀ ਦਰਬਾਰ ਸਾਹਿਬ ਆਉਣ ਤੋਂ ਕਤਰਾਉਣ ਲੱਗ ਪਏ ਸਨ।
ਭਾਈ ਸਾਹਿਬ ਨੇ ਇਹਨਾਂ ਗ਼ਲਤ ਕਾਰਿਆਂ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ ਪਰ ਸਰਕਾਰੀ ਘੁਸਪੈਠੀਆਂ ਨੇ ਹੋਰ ਅੱਤ ਚੁੱਕ ਲਈ। ਜਦੋਂ ਕੁਝ ਦਿਨਾਂ ਮਗਰੋਂ ‘ਅਪਰੇਸ਼ਨ ਬਲੈਕ ਥੰਡਰ’ ਹੋਇਆ ਤਾਂ ਇਹਨਾਂ ਸਰਕਾਰੀ ਬੰਦਿਆਂ ਨੇ ਆਤਮ-ਸਮਰਪਣ ਕਰ ਦਿੱਤਾ। ਸਰਕਾਰੀ ਚਾਲ ਤਾਂ ਇਹ ਸੀ ਕਿ ਪਹਿਲਾਂ ਇਹਨਾਂ ਨੂੰ ਖਾੜਕੂਆਂ ਵਜੋਂ ਦਰਬਾਰ ਸਾਹਿਬ ਵਿੱਚ ਸਥਾਪਿਤ ਕਰੋ, ਫਿਰ ਇਹਨਾਂ ਤੋਂ ਘਟੀਆ ਹਰਕਤਾਂ ਕਰਵਾਓ ਤੇ ਲੋਕ ਮੰਗ ਕਰਨ ਕਿ ਦਰਬਾਰ ਸਾਹਿਬ ਨੂੰ ਇਹਨਾਂ ‘ਜੁਝਾਰੂਆਂ’ ਤੋਂ ਮੁਕਤ ਕਰਵਾਇਆ ਜਾਵੇ ਤੇ ਅੰਤ ਜਦੋਂ ਇਹ ਆਤਮ-ਸਮਰਪਣ ਕਰਨ ਤਾਂ ਸਾਰੀ ਦੁਨੀਆ ਵੇਖੇ ਕਿ ਜਿਨ੍ਹਾਂ ਜੁਝਾਰੂ ਸਿੰਘਾਂ ਨੂੰ ਸਿੱਖੀ ਦੀ ਚੜ੍ਹਦੀ ਕਲਾ ਲਈ ਸਿਰਾਂ ਉੱਤੇ ਖੱਫਣ ਬੰਨ੍ਹੀ ਫਿਰਦੇ ਸੂਰਮੇ ਮੰਨਿਆ ਜਾ ਰਿਹਾ ਹੈ, ਦਰਅਸਲ ਉਹ ਮਹਾਂ-ਡਰਪੋਕ ਹਨ। ਇਹ ਸਾਰੀ ਕਾਰਵਾਈ ਟੀ.ਵੀ. ਉੱਤੇ ਸਾਰੀ ਦੁਨੀਆ ਨੂੰ ਵਿਖਾਈ ਗਈ। ਸਿੱਖ ਜੁਝਾਰੂਆਂ ਨੂੰ ਸਿੱਖ ਜਗਤ ਅੰਦਰੋਂ ਪੂਰੀ ਤਰ੍ਹਾਂ ਖਦੇੜਨ ਲਈ ਸਰਕਾਰ ਨੇ ਸਭ ਤੋਂ ਨੀਚ ਹਰਕਤ ਇਹ ਕਰਵਾਈ ਕਿ ਆਪਣੇ ਕਰਿੰਦਿਆਂ ਤੋਂ ਪਵਿੱਤਰ ਦਰਬਾਰ ਸਾਹਿਬ ਦੀ ਬੇਅਦਬੀ ਕਰਵਾਈ। ਜਦੋਂ ਦੁਨੀਆ ਨੇ ਸੁਣਿਆ ਕਿ ਅੰਦਰ ਲੁਕੇ ਰਹੇ ਇਹਨਾਂ ਲੋਕਾਂ ਨੇ ਅੰਦਰ ਹੀ ਟੱਟੀ-ਪਿਸ਼ਾਬ ਕਰ ਕੇ ਪੀਪੇ ਭਰ ਦਿੱਤੇ ਹਨ ਤਾਂ ਬੜੀ ਥੂਹ-ਥੂਹ ਹੋਈ। ਸਰਕਾਰ ਦੇ ਇਸ ਕਾਰੇ ਦਾ ਸਿੱਖ ਮਨਾਂ ਵਿੱਚ ਅਸਰ ਪੈ ਸਕਦਾ ਸੀ ਤੇ ਸਿੱਖ ਸਫ਼ਾਂ ਅੰਦਰੋਂ ਸਿੱਖ ਜੁਝਾਰੂਆਂ ਦੀ ਸਾਖ਼ ਨੂੰ ਖੋਰਾ ਲੱਗ ਸਕਦਾ ਸੀ, ਪਰ ਜਦੋਂ ਇਹ ਤੱਥ ਸਾਮ੍ਹਣੇ ਆਇਆ ਕਿ ਐਡੇ ਤਰੱਦਦ ਨਾਲ਼ ਫੜੇ ਗਏ 46 ਬੰਦਿਆ ਵਿੱਚੋਂ ਕਿਸੇ ਉੱਤੇ ਵੀ ਕੋਈ ਮੁਕਦਮਾ ਨਹੀਂ ਚਲਾਇਆ ਗਿਆ ਤਾਂ ਸਪਸ਼ਟ ਹੋ ਗਿਆ ਕਿ ਇਹ ਤਾਂ ਸਾਰੇ ਏਜੰਸੀਆਂ ਦੇ ਬੰਦੇ ਸਨ, ਜਿਹੜੇ ਨਕਲੀ ਖਾੜਕੂ ਬਣ ਕੇ ਖ਼ਾਲਿਸਤਾਨੀ ਸੰਘਰਸ਼ ਨੂੰ ਬਦਨਾਮ ਕਰਨ ਲਈ ਸਰਕਾਰ ਨੇ ਆਪ ਹੀ ਦਰਬਾਰ ਸਾਹਿਬ ਅੰਦਰ ਭੇਜੇ ਸਨ। ਖ਼ੁਫ਼ੀਆ ਏਜੰਸੀਆਂ ਦੇ ਸਾਬਕਾ ਉੱਚ ਅਧਿਕਾਰੀ ਡਾ. ਸੰਗਤ ਸਿੰਘ ਨੇ ਆਪਣੀ ਕਿਤਾਬ ‘ਇਤਿਹਾਸ ਵਿੱਚ ਸਿੱਖ’ ਦੇ ਪੰਨਾ 522 ਉੱਤੇ ਲਿਖਿਆ ਹੈ ਕਿ ਖ਼ੁਫ਼ੀਆ ਏਜੰਸੀਆਂ ਦੇ ਬੰਦਿਆਂ ਦੇ ਨਾਲ਼ ਇਹਨਾਂ ਵਿੱਚ ਲਗਭਗ 40 ਹਿੰਦੂ ਵੀ ਸਨ, ਜਿਨ੍ਹਾਂ ਨੇ ਖਾੜਕੂਆਂ ਵਰਗਾ ਭਰਮ ਸਿਰਜਣ ਲਈ ਦਾੜ੍ਹੀਆਂ ਵਧਾਈਆਂ ਹੋਈਆਂ ਸਨ।
ਅਪਰੇਸ਼ਨ ਬਲੈਕ ਥੰਡਰ ਮੌਕੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਫਿਰ 6 ਮਹੀਨੇ ਮਗਰੋਂ ਉਹਨਾਂ ਦੀ ਰਿਹਾਈ ਹੋਈ। ਰਿਹਾਈ ਉਪਰੰਤ ਉਹ ਬਹੁਤਾ ਆਪਣੇ ਜੱਦੀ ਪਿੰਡ ਕਾਉਂਕੇ ਹੀ ਰਹਿੰਦੇ ਰਹੇ ਤੇ ਪੰਥਕ ਸਰਗਰਮੀਆਂ ਕਰਦੇ ਰਹੇ। ਉਹ ਖ਼ਾਲਿਸਤਾਨੀ ਜੁਝਾਰੂਆਂ ਨਾਲ਼ ਕਈ ਪੱਖਾਂ ਤੋਂ ਅਸਹਿਮਤ ਸਨ, ਪਰ ਉਹ ਜਾਣਦੇ ਸਨ ਕਿ ਇਹ ਜੁਝਾਰੂ ਕੌਮੀ ਜਜ਼ਬੇ ਤਹਿਤ ਹੀ ਮੈਦਾਨ ਵਿੱਚ ਨਿੱਤਰੇ ਸਨ। ਉਹਨਾਂ ਨੇ ਸਦਾ ਹੀ ਬੇਦੋਸ਼ੇ ਲੋਕਾਂ ਦੇ ਕਤਲਾਂ, ਲੁੱਟਾਂ-ਖੋਹਾਂ, ਫ਼ਿਰੌਤੀਆਂ ਦਾ ਵਿਰੋਧ ਕੀਤਾ। ਪੁਲੀਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਮਾਰਨਾ ਉਹ ਬਿਲਕੁਲ ਗ਼ਲਤ ਸਮਝਦੇ ਸੀ। ਪਰ ਇਸ ਦੇ ਬਾਵਜੂਦ ਪੁਲੀਸ ਨੇ ਭਾਈ ਸਾਹਿਬ ਨੂੰ ਨਿਸ਼ਾਨਾ ਬਣਾਈ ਰੱਖਿਆ।
1991 ਵਿੱਚ ਲੁਧਿਆਣੇ ਦੇ ਓਸ ਵੇਲ਼ੇ ਦੇ ਐੱਸ.ਐੱਸ.ਪੀ. ਸੁਮੇਧ ਸੈਣੀ ਨੇ ਭਾਈ ਸਾਹਿਬ ਉੱਤੇ ਬੇਕਿਰਕੀ ਨਾਲ਼ ਤਸ਼ੱਦਦ ਕੀਤਾ। ਮਨੁੱਖੀ ਹੱਕਾਂ ਦੇ ਸਰਗਰਮ ਆਗੂ ਰਹੇ ਸ੍ਰੀ ਰਾਮ ਨਰਾਇਣ ਕੁਮਾਰ ਨੇ ‘ਟੈਰਰ ਇਨ ਪੰਜਾਬ’ ਨਾਮੀ ਕਿਤਾਬ ਦੇ ਪੰਨਾ 61 ਉੱਤੇ ਲਿਖਿਆ ਹੈ ਕਿ ਸੈਣੀ ਨੇ ਭਾਈ ਸਾਹਿਬ ਨੂੰ ਨੰਗਾ ਕਰ ਕੇ, ਪੁੱਠਾ ਟੰਗ ਕੇ ਖ਼ੁਦ ਤਸ਼ੱਦਦ ਕੀਤਾ ਤੇ ਸਿਗਰੇਟ ਦਾ ਧੂੰਆ ਮੂੰਹ ਉੱਤੇ ਛੱਡਿਆ। ਰਾਮ ਨਰਾਇਣ ਕੁਮਾਰ ਅਨੁਸਾਰ- ਭਾਈ ਸਾਹਿਬ ਨੇ ਸੈਣੀ ਨੂੰ ਸਿਗਰੇਟ ਦਾ ਧੂੰਆਂ ਮੂੰਹ ਉੱਤੇ ਨਾ ਸੁੱਟਣ ਦੀ ਬੇਨਤੀ ਕੀਤੀ ਕਿ ਇਹ ਸਿੱਖੀ ਵਿੱਚ ਮਨ੍ਹਾ ਹੈ, ਤਾਂ ਅੱਗੋਂ ਸੈਣੀ ਨੇ ਟਾਂਚ ਕੀਤੀ ਕਿ ‘ਕੀ ਕਰ ਲਵੇਂਗਾ…?’ ਤਾਂ ਭਾਈ ਸਾਹਿਬ ਨੇ ਸੈਣੀ ਦੇ ਮੂੰਹ ਉੱਤੇ ਕਰਾਰਾ ਥੱਪੜ ਛੱਡਿਆ। ਇਸ ਮਗਰੋਂ ਪੁਲੀਸ ਨੇ ਜ਼ੁਲਮ ਵਾਲ਼ੀ ਇੰਤਹਾ ਕਰ ਦਿੱਤੀ।
ਭਾਈ ਸਾਹਿਬ ਦੀ ਲੋਕਾਂ ਵਿੱਚ ਵਧੀ ਹੋਈ ਸਾਖ਼ ਤੋਂ ਪੁਲੀਸ ਚਿੰਤਤ ਸੀ। ਲੋਕਾਂ ਲਈ ਭਾਈ ਸਾਹਿਬ ‘ਭਿੰਡਰਾਂਵਾਲ਼ਾ ਸੰਤਾਂ ਦਾ ਦੂਜਾ ਰੂਪ’ ਹੀ ਸਨ। ਹਰ ਰੋਜ਼ ਪਿੰਡ ਕਾਉਂਕੇ ਦੇ ਗੁਰਦੁਆਰਾ ਸਾਹਿਬ ਵਿੱਚ ਸਿੱਖ ਸੰਗਤਾਂ ਉਹਨਾਂ ਨੂੰ ਮਿਲ਼ਣ, ਮਸਲੇ ਸੁਲਝਾਉਣ ਅਤੇ ਵਿਚਾਰਾਂ ਕਰਨ ਪੁੱਜ ਜਾਂਦੀਆਂ ਸੀ, ਜਿਨ੍ਹਾਂ ਨੂੰ ਪੁਲੀਸ ਵਾਲ਼ੇ ਭਜਾ ਦਿੰਦੇ ਪਰ ਲੋਕ ਫਿਰ ਆ ਜਾਂਦੇ। ਭਾਈ ਸਾਹਿਬ ਦੇ ਬੋਲਾਂ ਅੰਦਰੋਂ ਸਿੱਖੀ ਪ੍ਰਤੀ ਪਿਆਰ ਫੁੱਟ-ਫੁੱਟ ਝਲਕਦਾ ਸੀ। ਸਰਕਾਰੀ ਜ਼ੁਲਮ ਦੇ ਮਾਰੇ ਲੋਕ ਉਹਨਾਂ ਕੋਲ਼ ਪੁੱਜਦੇ ਤਾਂ ਭਾਈ ਸਾਹਿਬ ਉਹਨਾਂ ਦਾ ਦਰਦ ਵੰਡਾਉਂਦੇ। ਭਾਈ ਸਾਹਿਬ ਕਹਿੰਦੇ ਹੁੰਦੇ ਸੀ- “ਸਰਕਾਰ ਨੇ ਸਿੱਖੀ ਮੁਕਾਉਣ ਦਾ ਤਹੱਈਆ ਕੀਤਾ ਹੋਇਆ ਹੈ, ਆਓ ਆਪਾਂ ਸਾਰੇ ਸਿੱਖੀ ਵਿੱਚ ਪ੍ਰਪੱਕ ਹੋ ਕੇ ਸਰਕਾਰੀ ਚਾਲ ਨੂੰ ਫੇਲ੍ਹ ਕਰ ਦੇਈਏ…।”
ਉਹਨਾਂ ਦੇ ਬੋਲਾਂ ਉੱਤੇ ਫੁੱਲ ਚੜ੍ਹਾ ਕੇ ਹਜ਼ਾਰਾਂ ਸਿੱਖਾਂ ਨੇ ਅੰਮ੍ਰਿਤਪਾਨ ਕੀਤਾ।
ਪੁਲੀਸ ਨੂੰ ਇਹੀ ਚਿੜ੍ਹ ਸੀ ਕਿ ਭਾਈ ਸਾਹਿਬ ਸਿੱਖਾਂ ਅੰਦਰ ਸਿੱਖੀ ਦਾ ਜਜ਼ਬਾ ਪ੍ਰਚੰਡ ਕਰ ਰਹੇ ਹਨ। ਪੁਲੀਸ ਸੋਚਦੀ ਸੀ ਕਿ ਜਿਸ ਵੀ ਸਿੱਖ ਅੰਦਰ ਪੰਥਕ ਜਜ਼ਬਾ ਹੋਵੇਗਾ, ਉਹ ਅੰਮ੍ਰਿਤਧਾਰੀ ਹੋ ਕੇ ਸਿੱਖ ਹੱਕਾਂ ਦੀ ਰਾਖੀ ਲਈ ਨਿੱਤਰੇਗਾ। ਇਸ ਕਰਕੇ ਉਹ ਭਾਈ ਸਾਹਿਬ ਨੂੰ ਵਾਰ-ਵਾਰ ਨਿਸ਼ਾਨਾ ਬਣਾ ਰਹੇ ਸੀ ਕਿ ਭਾਈ ਸਾਹਿਬ ਵੀ ਹੋਰਨਾਂ ਕਈਆਂ ਵਾਂਗ ਖ਼ਾਮੋਸ਼ ਹੋ ਜਾਣ। ਕਈ ਪੁਲੀਸ ਕਰਮਚਾਰੀ ਇਹ ਵੀ ਸੋਚਦੇ ਸਨ ਕਿ ਸਿੱਖੀ ਦਾ ਪ੍ਰਚਾਰ ਕਰਨਾ ਤਾਂ ਕੋਈ ਗ਼ੈਰ ਕਨੂੰਨੀ ਗੱਲ ਨਹੀਂ। ਆਪਣੇ ਧਰਮ ਵਿੱਚ ਪ੍ਰਪੱਕ ਹੋਣ ਲਈ ਕਹਿਣਾ ਕਿਵੇਂ ਗ਼ਲਤ ਹੈ? ਉਹ ਇਹ ਵੀ ਸੋਚਦੇ ਸੀ ਕਿ ਜਿਹੜੀ ਸਖ਼ਸ਼ੀਅਤ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਮਾਰੇ ਜਾਣ ਖ਼ਿਲਾਫ਼ ਤੇ ਬੇਦੋਸ਼ੇ ਲੋਕਾਂ ਦੇ ਮਾਰੇ ਜਾਣ ਖ਼ਿਲਾਫ਼ ਨਿੱਤਰੀ ਹੋਈ ਹੋਵੇ, ਉਸ ਨੂੰ ਤਾਂ ਸਰਕਾਰ ਹੋਰ ਮੌਕਾ ਦੇਵੇ, ਪਰ ਇਹ ਪੁਲਸੀਏ ਇਹ ਨਹੀਂ ਸੀ ਜਾਣਦੇ ਕਿ ਸਿੱਖ ਜੁਝਾਰੂਆਂ ਤੇ ਪੁਲੀਸ ਮੁਲਾਜ਼ਮਾਂ ਵਿੱਚ ਸਿੱਧੀ ਟੱਕਰ ਲਵਾਉਣ ਲਈ ਸਰਕਾਰ ਤਾਂ ਖ਼ੁਦ ਹੀ ਨਕਲੀ ਖਾੜਕੂਆਂ ਤੋਂ ਪੁਲੀਸ ਮੁਲਾਜ਼ਮਾਂ ਦੇ ਟੱਬਰ ਮਰਵਾ ਰਹੀ ਹੈ। ਜੇ ਇਹ ਹਕੀਕਤ ਸਾਮ੍ਹਣੇ ਆ ਜਾਂਦੀ ਕਿ ਪੁਲੀਸ ਮੁਲਾਜ਼ਮਾਂ ਉੱਤੇ ਹਮਲੇ ਸਰਕਾਰੀ ਕਰਿੰਦੇ ਹੀ ਕਰ ਰਹੇ ਹਨ ਤਾਂ ਪੁਲੀਸ ਮੁਲਾਜ਼ਮਾਂ ਦਾ ਸਾਰਾ ਰੁਖ਼ ਹੀ ਬਦਲ ਸਕਦਾ ਸੀ। ਇਸੇ ਕਰਕੇ ਸਰਕਾਰੀ ਅਫ਼ਸਰ ਭਾਈ ਸਾਹਿਬ ਨੂੰ ਖ਼ਾਮੋਸ਼ ਕਰਵਾਉਣ ਲਈ ਬਜਿੱਦ ਸਨ। ਭਾਈ ਸਾਹਿਬ ਸਿੱਖ ਹੱਕਾਂ ਦੀ ਰਾਖੀ ਲਈ ਜੂਝਣ ਦੇ ਹੱਕ ਵਿੱਚ ਸਨ ਪਰ ਉਹ ਕਿਸੇ ਵੀ ਅਜਿਹੇ ਕੰਮ ਨਾਲ਼ ਸਹਿਮਤ ਨਹੀਂ ਸਨ ਹੋ ਸਕਦੇ, ਜਿਹੜਾ ਸਿੱਖ ਸਿਧਾਂਤਾਂ ਦੇ ਖ਼ਿਲਾਫ਼ ਹੋਵੇ।
ਵੇਖਿਆ ਗਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਖਾੜਕੂਆਂ ਦਾ ਜ਼ੋਰ ਵਧ ਜਾਂਦਾ ਸੀ, ਓਥੇ ਹੀ ਸਰਕਾਰੀ ਕਰਿੰਦੇ ਪੁਲੀਸ ਮੁਲਾਜ਼ਮਾਂ ਦੇ ਟੱਬਰ ਅਤੇ ਬੇਦੋਸ਼ੇ ਸਿੱਖਾਂ ਦਾ ਘਾਣ ਕਰ ਕੇ ਲੋਕਾਂ ਨੂੰ ਖਾੜਕੂਆਂ ਦੇ ਖ਼ਿਲਾਫ਼ ਕਰ ਦਿੰਦੇ ਰਹੇ। ਅੱਜ ਵੀ ਉਸ ਦੌਰ ਵਿੱਚ ਹੋਏ ਕਈ ਵੱਡੇ ਕਤਲੇਆਮਾਂ ਦੀ ਸਪਸ਼ਟਤਾ ਨਹੀਂ ਹੋ ਸਕੀ ਕਿ ਇਹ ਕਿਸ ਜਥੇਬੰਦੀ ਨੇ ਕੀਤੇ। ਸਮਾਂ ਬੀਤਣ ਦੇ ਨਾਲ਼-ਨਾਲ਼ ਇਹ ਵਿਚਾਰ ਪ੍ਰਪੱਕ ਹੁੰਦਾ ਜਾਂਦਾ ਹੈ ਕਿ ਜੁਝਾਰੂਆਂ ਦੀ ਸਾਖ਼ ਮਾਰਨ ਲਈ ਕੈਟਾਂ ਤੋਂ ਇਹ ਕਾਰੇ ਕਰਵਾਏ ਗਏ।
ਮਨੁੱਖੀ ਹੱਕਾਂ ਦੇ ਸਰਗਰਮ ਕਾਰਕੁੰਨ ਰਹੇ ਸ੍ਰੀ ਰਾਮ ਨਰਾਇਣ ਕੁਮਾਰ ਦੀ ਕਿਤਾਬ ‘ਟੈਰਰ ਇਨ ਪੰਜਾਬ’ ਦੇ ਪੰਨਾ 70 ਉੱਤੇ ਇੱਕ ਪੁਲੀਸ ਅਫ਼ਸਰ ਦਾ ਬਿਆਨ ਦਰਜ਼ ਹੈ ਕਿ ਭਾਈ ਸਾਹਿਬ ਨਾਲ਼ ਪੁਲੀਸ ਹਿਰਾਸਤ ਵਿੱਚ ਕਿਸ ਤਰ੍ਹਾਂ ਘਟੀਆ ਵਿਹਾਰ ਕੀਤਾ ਜਾਂਦਾ ਰਿਹਾ। ਦਰਅਸਲ ਭਾਈ ਸਾਹਿਬ ਦਾ ਨਜ਼ਰੀਆ ਅਤੇ ਪੰਥਕ ਜਜ਼ਬਾਤਾਂ ਦੀ ਤਰਜ਼ਮਾਨੀ ਕਰਨਾ ਸਰਕਾਰ ਨੂੰ ਮਨਜ਼ੂਰ ਨਹੀਂ ਸੀ ਤੇ ਉਹ ਹਿਰਾਸਤ ਵਿੱਚ ਲੈ ਕੇ ਜ਼ਲੀਲ ਕਰ ਕੇ ਉਹਨਾਂ ਨੂੰ ਝੁਕਾਉਣ ਲਈ ਹਰ ਸੰਭਵ ਹੀਲਾ ਵਰਤ ਰਹੀ ਸੀ। ਭਾਈ ਸਾਹਿਬ ਕਿਸੇ ਖਾੜਕੂ ਸਰਗਰਮੀ ਵਿੱਚ ਤਾਂ ਦਖ਼ਲਅੰਦਾਜ਼ੀ ਕਰਦੇ ਨਹੀਂ ਸੀ, ਸੋ ਪੁਲੀਸ ਨੂੰ ਉਹਨਾਂ ਉੱਤੇ ਤਸ਼ੱਦਦ ਕਰਨ ਲਈ ਝੂਠੇ ਬਹਾਨੇ ਘੜਨੇ ਪੈਂਦੇ। ਹਿਰਾਸਤ ਵਿੱਚ ਪੁਲੀਸ ਅਫ਼ਸਰ ਭਾਈ ਸਾਹਿਬ ਨੂੰ ਉਹਨਾਂ ਖਾੜਕੂ ਵਾਰਦਾਤਾਂ ਬਾਰੇ ਪੁੱਛਦੇ, ਜਿਨ੍ਹਾਂ ਦਾ ਉਹਨਾਂ ਨੂੰ ਨਾ ਕੋਈ ਇਲਮ ਸੀ ਤੇ ਨਾ ਹੋ ਸਕਦਾ ਸੀ। ਸੱਚਾਈ ਦਾ ਪਤਾ ਤਾਂ ਪੁਲੀਸ ਅਫ਼ਸਰਾਂ ਨੂੰ ਵੀ ਸੀ ਕਿ ਇਹ ਬੇਦੋਸ਼ੇ ਹਨ ਪਰ ‘ਉੱਪਰੋਂ ਆਏ ਹੁਕਮਾਂ’ ਤਹਿਤ ਉਹ ਤਸ਼ੱਦਦ ਕਰਦੇ ਰਹਿੰਦੇ। ਮੂਲ ਮੁੱਦਾ ਇਹੀ ਸੀ ਕਿ ਭਾਈ ਸਾਹਿਬ ਡਰ ਕੇ ਦੜ ਵੱਟ ਜਾਣ। ਪੁਲੀਸ ਤਾਂ ਭਾਈ ਸਾਹਿਬ ਅੰਦਰ ਖ਼ੌਫ਼ ਪੈਦਾ ਕਰਨਾ ਚਾਹੁੰਦੇ ਸੀ ਕਿ ਜੇ ਉਹਨਾਂ ਆਪਣਾ ਅੰਦਾਜ਼ ਨਾ ਬਦਲਿਆ ਤਾਂ ਕਿਸੇ ਖਾੜਕੂ ਵਾਰਦਾਤ ਵਿੱਚ ਫਸਾ ਦਿੱਤਾ ਜਾਵੇਗਾ।
‘ਟੈਰਰ ਇਨ ਪੰਜਾਬ’ ਕਿਤਾਬ ਦੇ ਪੰਨਾ 70 ‘ਤੇ ਦਰਜ਼ ਹੈ ਕਿ ਕਿਵੇਂ ਇੱਕ ਸਿੱਖ ਪੁਲੀਸ ਅਫ਼ਸਰ ਨੇ ਜਗਰਾਓਂ ਸੀ.ਆਈ.ਏ. ਸਟਾਫ਼ ਵਿੱਚ ਐੱਸ.ਪੀ. ਸ਼ਿਵ ਕੁਮਾਰ ਤੇ ਅਨਿਲ ਸ਼ਰਮੇ ਨੂੰ ਕਿਹਾ ਕਿ ਭਾਈ ਸਾਹਿਬ ਨੂੰ ਜਦ ਦਿਲ ਕਰੇ, ਗ੍ਰਿਫ਼ਤਾਰ ਕਰ ਲਓ, ਪਰ ਇਸ ਤਰ੍ਹਾਂ ਜ਼ਲੀਲ ਨਾ ਕਰੋ, ਕਿਉਂਕਿ ਉਹਨਾਂ ਦਾ ਕਿਸੇ ਵਾਰਦਾਤ ਨਾਲ਼ ਕੋਈ ਸੰਬੰਧ ਹੀ ਨਹੀਂ। ਸ਼ਾਇਦ ਹੋਰ ਪੁਲੀਸ ਮੁਲਾਜ਼ਮ ਵੀ ਭਾਈ ਸਾਹਿਬ ਦੀ ਬੇਅਦਬੀ ਤੋਂ ਦੁਖੀ ਹੁੰਦੇ ਰਹੇ ਹੋਣਗੇ, ਪਰ ਇੱਥੇ ਦਰਜ਼ ਵੇਰਵੇ ਅਨੁਸਾਰ ਉਸ ਸਿੱਖ ਅਫ਼ਸਰ ਨੂੰ ਅੰਤਾਂ ਦਾ ਰੰਜ ਸੀ ਕਿ ਆਏ ਦਿਨ ਉਸ ਗੁਰਸਿੱਖ ਦੀ ਦਸਤਾਰ ਲਾਹ ਕੇ ਬਿਨਾਂ ਵਜ੍ਹਾ ਤਸੀਹੇ ਕਿਉਂ ਦਿੱਤੇ ਜਾਂਦੇ ਹਨ? ਉਹ ਕਹਿੰਦਾ ਹੈ- “ਅਸੀਂ ਕਾਉਂਕੇ ਪਿੰਡ ਸੀ.ਆਰ.ਪੀ. ਬਿਠਾ ਦਿੱਤੀ, ਭਾਈ ਸਾਹਿਬ ਨੂੰ ਮਿਲ਼ਣ ਆਏ ਬੰਦੇ ਚੁੱਕ ਕੇ ਬੁਰੀ ਤਰ੍ਹਾਂ ਟਾਰਚਰ ਕੀਤੇ ਪਰ ਕਦੇ ਕੁਝ ਨਹੀਂ ਮਿਲ਼ਿਆ, ਕੋਈ ਹਥਿਆਰ ਨਹੀਂ, ਕੋਈ ਗ਼ਲਤ ਗੱਲ ਨਹੀਂ ਫਿਰ ਵੀ ਉਹਨਾਂ ਨੂੰ ਕਿਉਂ ਤੰਗ ਕੀਤਾ ਜਾਂਦਾ ਹੈ…?”
ਜੂਨ 1991 ਵਿੱਚ ਝੂਠਾ ਕੇਸ ਪਾ ਕੇ ਭਾਈ ਸਾਹਿਬ ਨੂੰ ਫੇਰ ਨਾਭਾ ਜੇਲ੍ਹ ਵਿੱਚ ਬੰਦ ਕਰ ਦਿੱਤਾ। ਜੇਲ੍ਹ ਵਿੱਚ ਰਿਹਾਈ ਮਗਰੋਂ ਉਹ ਫਿਰ ਪਿੰਡ ਕਾਉਂਕੇ ਰਹਿਣ ਲੱਗ ਪਏ।
19 ਫ਼ਰਵਰੀ 1992 ਨੂੰ ਪੰਜਾਬ ਵਿੱਚ ਚੋਣਾਂ ਹੋਈਆਂ। 5-7 ਮਹੀਨੇ ਦੇ ਰਾਸ਼ਟਰਪਤੀ ਸ਼ਾਸਨ ਮਗਰੋਂ ਹੁਣ ਦਿੱਲੀ ਦਰਬਾਰ ਨੂੰ ਇੱਕ ਪੱਗ ਵਾਲ਼ਾ ਬੰਦਾ ਮਿਲ਼ ਗਿਆ ਸੀ, ਜਿਸ ਦੇ ਨਾਂ ਹੇਠ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਜਾਣਾ ਸੀ। ਮੁੱਖ ਮੰਤਰੀ ‘ਬੇਅੰਤ ਸਿੰਘ’ ਨਾਂਅ ਦਾ ਹੀ ਮੁੱਖ ਮੰਤਰੀ ਸੀ, ਅਸਲ ਤਾਕਤ ਦਿੱਲੀ ਦਰਬਾਰ ਦੇ ਉਹਨਾਂ ਹੱਥਠੋਕਿਆਂ ਦੇ ਹੱਥ ਵਿੱਚ ਸੀ, ਜਿਹੜੇ ਕੇ.ਪੀ.ਐੱਸ. ‘ਗਿੱਲ’ ਨੂੰ ਮੋਹਰਾ ਬਣਾ ਕੇ ਸਿੱਖਾਂ ਦੇ ਸੱਥਰ ਵਿਛਾਉਣ ਲਈ ਪੈਂਤੜੇਬਾਜ਼ੀ ਕਰੀ ਬੈਠੇ ਸਨ। ਪੰਜਾਬ ਪੁਲੀਸ ਤੇ ਦਿੱਲੀ ਦੀਆਂ ਭੇਜੀਆਂ ਹੋਰ ਸੁਰੱਖਿਆ ਫ਼ੋਰਸਾਂ ਪਿੰਡਾਂ ਵਿੱਚ ਘੇਰੇ ਪਾ-ਪਾ ਕੇ ਸਿੱਖ ਨੌਜਵਾਨਾਂ ਨੂੰ ਫੜ ਕੇ ਕਤਲ ਕਰੀ ਜਾਂਦੀਆਂ ਤੇ ‘ਗਿੱਲ’ ਤੇ ਬੇਅੰਤ ਸਿੰਘ ਕਹੀ ਜਾਂਦੇ ਕਿ- ‘ਮਾਰਿਆ ਗਿਆ ਹਰ ਬੰਦਾ ਖਾੜਕੂ ਹੈ।’
ਬੇਅੰਤ ਸਿੰਘ ਦੇ ਰਾਜ ਵਿੱਚ ਪੁਲੀਸ ਨੂੰ ਖੁੱਲ੍ਹੀ ਛੁੱਟੀ ਦਿੱਤੀ ਗਈ ਕਿ ਜਿਸ ਨੂੰ ਚਾਹੋ ਮਾਰੋ, ਪਰ ਪੰਜਾਬ ਵਿੱਚੋਂ ਖਾੜਕੂਵਾਦ ਖ਼ਤਮ ਕਰੋ। ਇਸ ਕਾਲ਼ੇ ਦੌਰ ਵਿੱਚ ਪੁਲੀਸ ਨੇ ਸਿੱਖ ਜਵਾਨੀ ਦਾ ਰੱਜ ਕੇ ਕਤਲੇਆਮ ਕੀਤਾ। ਘਰਾਂ ਵਿੱਚ, ਬੱਸਾਂ ਵਿੱਚੋਂ, ਖੇਤਾਂ ਵਿੱਚੋਂ, ਸਕੂਲਾਂ-ਕਾਲਜਾਂ ਵਿੱਚੋਂ ਚੁੱਕ-ਚੁੱਕ ਸਿੱਖਾਂ ਨੂੰ ਮਾਰਿਆ ਗਿਆ। ਕਿੱਧਰੇ ਕਾਲ਼ੇ ਕੱਛਿਆਂ ਵਾਲ਼ਿਆਂ ਨੇ ਦਹਿਸ਼ਤ ਪਾ ਦਿੱਤੀ ਤੇ ਕਿੱਧਰੇ ਵਰਦੀਧਾਰੀ ਲੁਟੇਰੇ ਆ ਵੜਦੇ। ਖ਼ੁਫ਼ੀਆ ਏਜੰਸੀਆਂ ਦੇ ਸਾਬਕਾ ਅਧਿਕਾਰੀ ਡਾ. ਸੰਗਤ ਸਿੰਘ ਨੇ ਆਪਣੀ ਕਿਤਾਬ ‘ਇਤਿਹਾਸ ਵਿੱਚ ਸਿੱਖ’ ਦੇ ਪੰਨਾ 561 ‘ਤੇ ਲਿਖਿਆ ਹੈ ਕਿ ਜਦੋਂ ਪੇਂਡੂ ਲੋਕਾਂ ਨੇ ਹਮਲਾਵਰਾਂ ਦਾ ਮੁਕਾਬਲਾ ਕੀਤਾ ਤਾਂ ਉਹਨਾਂ ਨੂੰ ਇਸ ਭਿਆਨਕ ਸੱਚਾਈ ਦਾ ਪਤਾ ਲੱਗਾ ਕਿ ਇਹ ਤਾਂ ਪੁਲਸੀਏ ਹਨ, ਜਿਹੜੇ ਬਲਾਤਕਾਰ, ਲੁੱਟਮਾਰ ਅਤੇ ਪੈਸੇ ਬਟੋਰਨ ਦੇ ਕਾਰੇ ਕਰ ਰਹੇ ਹਨ। ਉਦਾਹਰਨ ਵਜੋਂ 26 ਸਤੰਬਰ 1992 ਦੇ ‘ਹਿੰਦੁਸਤਾਨ ਟਾਈਮਜ਼’ ਨੇ ਜਗਰਾਉਂ, ਸਮਰਾਲਾ ਤੇ ਰੋਪੜ ਪੁਲੀਸ ਜ਼ਿਲ੍ਹਿਆਂ ਵਿੱਚ ਵਾਪਰੀਆਂ ਤਿੰਨ ਘਟਨਾਵਾਂ ਰਿਪੋਰਟ ਕੀਤੀਆਂ, ਜਿਨ੍ਹਾਂ ਵਿੱਚ ਪਿੰਡਾਂ ਵਾਲ਼ਿਆਂ ਨੇ ਗਹਿਗੱਚਵੀਂ ਲੜਾਈ ਵਿੱਚ ਵੱਖ-ਵੱਖ ਅਹੁਦਿਆਂ ਵਾਲ਼ੇ ਪੁਲਸੀਏ ਮਾਰ ਦਿੱਤੇ, ਜ਼ਖ਼ਮੀ ਕੀਤੇ ਜਾਂ ਉਹਨਾਂ ਦੀਆਂ ਏ.ਕੇ. 47 ਰਾਇਫ਼ਲਾਂ ਸਮੇਤ ਫੜ ਲਏ।
ਜਦੋਂ 5 ਜੁਲਾਈ 1992 ਨੂੰ ਕੇ.ਪੀ.ਐੱਸ. ‘ਗਿੱਲ’ ਨੇ ਐਲਾਨ ਕੀਤਾ ਕਿ ਸਾਰੇ ਖਾੜਕੂਆਂ ਦਾ 3 ਮਹੀਨਿਆਂ ਵਿੱਚ ਸਫ਼ਾਇਆ ਕਰ ਦਿੱਤਾ ਜਾਵੇਗਾ ਤਾਂ ਇਸ ਨੂੰ ਲੋਕਾਂ ਨੇ ਰੁਟੀਨ-ਬਿਆਨ ਹੀ ਸਮਝਿਆ ਸੀ ਪਰ ਜਦੋਂ 29 ਜੁਲਾਈ ਨੂੰ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲ਼ਾ ਤੇ ਉਸ ਤੋਂ ਕੁਝ ਦਿਨਾਂ ਮਗਰੋਂ 8 ਅਗਸਤ ਨੂੰ ਬੱਬਰ ਖ਼ਾਲਸਾ ਦੇ ਮੁਖੀ ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹੀਦੀ ਹੋਈ ਤਾਂ ਮਹਿਸੂਸ ਹੋਇਆ ਕਿ ਪੁਲੀਸ ਕੋਲ਼ ਖਾੜਕੂਆਂ ਬਾਰੇ ਪੁਖਤਾ ਸੂਚਨਾਵਾਂ ਹਨ। ਇਹ ਉਹ ਦਿਨ ਸਨ, ਜਦ ਹਰ ਰੋਜ਼ ਅਖ਼ਬਾਰਾਂ ਵਿੱਚ 8-8, 10-10 ਖਾੜਕੂਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਛਪਦੀਆਂ ਸਨ। ਫਿਰ ਤਾਂ ਉਹ ਦਿਨ ਵੀ ਆ ਗਏ ਕਿ ਜੇ ਖਾੜਕੂ ਕੋਈ ਕਾਰਵਾਈ ਕਰਦੇ ਤਾਂ ਪੁਲੀਸ ਵੀ ਤੁਰੰਤ ਬਦਲੇ ਦੀ ਕਾਰਵਾਈ ਕਰਦੀ, ਜਿਵੇਂ 1 ਦਸੰਬਰ 1992 ਨੂੰ ਖਾੜਕੂਆਂ ਨੇ ਜਗਰਾਉਂ ਪੁਲੀਸ ਜ਼ਿਲ੍ਹੇ ਵਿੱਚ ਸਿਧਵਾਂ ਕੋਲ਼ 19 ਹਿੰਦੂ ਬੱਸ ਕਾਂਡ ਵਿੱਚ ਮਾਰੇ ਤਾਂ ਪੁਲੀਸ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮਖੂ ਕੋਲ਼ ਐੱਸ.ਐੱਸ.ਪੀ. ਮੁਹੰਮਦ ਮੁਸਤਫ਼ਾ ਨੇ ਇੱਕ ਪੁਲੀਸ ਮੁਕਾਬਲਾ ਵਿਖਾ ਕੇ ਓਨੇ ਹੀ ਸਿੱਖ ਗੱਭਰੂ ਮਾਰ ਸੁੱਟੇ। ਸਪਸ਼ਟ ਸੀ ਕਿ ਦਸੰਬਰ 1992 ਤਕ ਪੁਲੀਸ ਦਾ ਹੱਥ ਖਾੜਕੂਆਂ ਤੋਂ ਉੱਤੇ ਹੋ ਗਿਆ ਸੀ। ਫਿਰ ਖਾੜਕੂ ਆਗੂਆਂ ਨੇ ਵੀ ਕੇ.ਪੀ.ਐੱਸ. ‘ਗਿੱਲ’ ਦੇ ਉਸ ਬਿਆਨ ਨੂੰ ਗੰਭੀਰਤਾ ਨਾਲ਼ ਲਿਆ, ਜਿਹੜਾ ਉਸ ਨੇ ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਮੌਕੇ 9 ਅਗਸਤ ਨੂੰ ਦਿੱਤਾ ਸੀ ਕਿ ਸਤੰਬਰ ਤਕ ਪੰਜਾਬ ਵਿੱਚੋਂ ਖਾੜਕੂਵਾਦ ਖ਼ਤਮ ਕਰ ਦਿੱਤਾ ਜਾਵੇਗਾ। ਇਸੇ ਮਾਹੌਲ ਵਿੱਚ ਖ਼ਬਰ ਉੱਡੀ ਕਿ ਦਵਿੰਦਰ ਸਿੰਘ ਪੌਤ ਨਾਮੀ ਖਾੜਕੂ ਲੁਧਿਆਣਾ ਪੁਲੀਸ ਨੇ ਕਾਬੂ ਕੀਤਾ ਹੋਇਆ ਹੈ, ਜੋ ਪੁਲੀਸ ਤਸ਼ੱਦਦ ਨਾ ਝੱਲਦਾ ਹੋਇਆ ਖਾੜਕੂਆਂ ਬਾਰੇ ਸੂਹ ਦੇ ਰਿਹਾ ਹੈ।
ਖਾੜਕੂ ਲਹਿਰ ਦਾ ਲੱਕ ਤੋੜਨ ਦੇ ਨਾਲ਼ ਹੀ ‘ਗਿੱਲ’ ਤੇ ਬੇਅੰਤ ਦੀ ਜੋੜੀ ਨੇ ਉਹਨਾਂ ਗੁਰਸਿੱਖਾਂ ਦਾ ਵੀ ਸਫ਼ਾਇਆ ਕਰਨਾ ਸ਼ੁਰੂ ਕਰ ਦਿੱਤਾ, ਜਿਹੜੇ ਹਥਿਆਰਬੰਦ ਤਾਂ ਨਹੀਂ ਸਨ, ਪਰ ਸਿੱਖਾਂ ਉੱਪਰ ਹੋ ਰਹੇ ਜ਼ੁਲਮਾਂ ਤੋਂ ਹਾਅ ਦਾ ਨਾਹਰਾ ਮਾਰਦੇ ਸਨ। ਇਸ ਮਾਹੌਲ ਵਿੱਚ ਉਹਨਾਂ ਪੁਲੀਸ ਅਫ਼ਸਰਾਂ ਨੂੰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਖ਼ਤਮ ਕਰਨ ਦਾ ਮੌਕਾ ਲੱਭ ਗਿਆ, ਜਿਹੜੇ ਉਹਨਾਂ ਵੱਲੋਂ ਪੰਥਕ ਜਜ਼ਬਾਤਾਂ ਦੀ ਤਰਜ਼ਮਾਨੀ ਕਰਨ ਤੋਂ ਦੁਖੀ ਸਨ ਕਿ ਇਹ ਸਾਡੇ ਸਾਮ੍ਹਣੇ ਝੁਕਦਾ ਨਹੀਂ।
ਭਾਈ ਸਾਹਿਬ ਦੀ ਆਖ਼ਰੀ ਗ੍ਰਿਫ਼ਤਾਰੀ
16 ਅਕਤੂਬਰ 1992 ਨੂੰ 9 ਮਹੀਨੇ ਦੀ ਜੇਲ੍ਹ ਪਿੱਛੋਂ ਭਾਈ ਗੁਰਦੇਵ ਸਿੰਘ ਕਾਉਂਕੇ ਜਦੋਂ ਬਾਹਰ ਨਿਕਲ਼ੇ ਤਾਂ ਬਹੁਤ ਕਮਜ਼ੋਰ ਦਿਖ ਰਹੇ ਸੀ। ਆਮ ਚਰਚਾ ਸੀ ਕਿ ਉਹਨਾਂ ਨੂੰ ਜੇਲ੍ਹ ਵਿੱਚ ਹੌਲ਼ੀ-ਹੌਲ਼ੀ ਅਸਰ ਕਰਨ ਵਾਲ਼ਾ ਜ਼ਹਿਰ ਦਿੱਤਾ ਗਿਆ ਹੈ। ਰਿਹਾਈ ਮਗਰੋਂ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮਾਗਮ ਦੌਰਾਨ ਇਹ ਚਰਚਾ ਭਾਰੂ ਰਹੀ ਕਿ ਮੌਜੂਦਾ ਬਿਖੜੇ ਸਮੇਂ ਭਾਈ ਗੁਰਦੇਵ ਸਿੰਘ ਨੂੰ ਹੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਾਇਆ ਜਾਵੇ, ਕਿਉਂਕਿ ਓਹੀ ਸਹੀ ਸੇਧ ਦੇਣ ਦੇ ਸਮਰੱਥ ਹਨ।
ਭਾਈ ਸਾਹਿਬ ਨੂੰ ਮੁੜ ਜਥੇਦਾਰ ਥਾਪੇ ਜਾਣ ਦੀਆਂ ਖ਼ਬਰਾਂ ਨੇ ਜਿੱਥੇ ਸਿੱਖ ਸੰਗਤ ਅੰਦਰ ਮੁੜ ਚੜ੍ਹਦੀ ਕਲਾ ਦੀ ਭਾਵਨਾ ਪ੍ਰਚੰਡ ਕੀਤੀ, ਓਥੇ ਸਰਕਾਰ ਨੇ ਇਸ ਨੂੰ ਭਵਿੱਖ ਦੀ ਚੁਣੌਤੀ ਮੰਨਿਆ। ਸਰਕਾਰ ਸਮਝਦੀ ਸੀ ਕਿ ਖਾੜਕੂ ਲਹਿਰ ਨੂੰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਜਥੇਦਾਰ ਬਣਨ ਨਾਲ਼ ਹੁਲਾਰਾ ਮਿਲ਼ੇਗਾ।
20 ਦਸੰਬਰ 1992 ਨੂੰ ਸਵੇਰੇ 4 ਵਜੇ 15-20 ਪੁਲਸੀਆਂ ਨੇ ਉਹਨਾਂ ਦੇ ਘਰ ਛਾਪਾ ਮਾਰਿਆ। ਓਸੇ ਰਾਤ ਉਹਨਾਂ ਦੀ ਵੱਡੀ ਬੇਟੀ ਪਰਮਜੀਤ ਕੌਰ ਦਾ ਨਵਜਨਮਿਆ ਪੁੱਤਰ ਚੜ੍ਹਾਈ ਕਰ ਗਿਆ ਸੀ, ਜਿਸ ਦੀ ਦੇਹ ਦਾ ਸਸਕਾਰ ਅਜੇ ਹੋਣਾ ਸੀ। ਭਾਈ ਸਾਹਿਬ ਦੀ ਸਿੰਘਣੀ ਬੀਬੀ ਗੁਰਮੇਲ ਕੌਰ ਨੇ ਪੁਲੀਸ ਵਾਲ਼ਿਆਂ ਨੂੰ ਆਪਣੇ ਦੋਹਤੇ ਦੀ ਲਾਸ਼ ਵਿਖਾ ਕੇ ਕਿਹਾ ਕਿ ਸਾਨੂੰ ਸਸਕਾਰ ਤਾਂ ਕਰ ਲੈਣ ਦਿਓ। ਪੁਲੀਸ ਵਾਲ਼ੇ ਕਹਿਣ ਲੱਗੇ- “ਕੁਝ ਅਫ਼ਸਰ ਕਈ ਅਹਿਮ ਗੱਲਾਂ ਪੁੱਛਣ ਲਈ ਬੜੀ ਦੂਰੋਂ ਆਏ ਹਨ, ਉਹਨਾਂ ਨਾਲ਼ ਗੱਲ ਕਰ ਕੇ ਭਾਈ ਸਾਹਿਬ ਚਲੇ ਜਾਣ…।”
ਇਸ ‘ਤੇ ਭਾਈ ਸਾਹਿਬ ਨੇ ਆਪਣੀ ਸਿੰਘਣੀ ਨੂੰ ਕਿਹਾ- “ਤੁਸੀਂ ਸਸਕਾਰ ਕਰ ਦੇਣਾ ਤੇ ਇਹਨਾਂ ਦਾ ਇਤਬਾਰ ਨਾ ਕਰਿਓ…।”
ਭਾਈ ਸਾਹਿਬ ਪੁਲੀਸ ਪਾਰਟੀ ਨਾਲ਼ ਜਗਰਾਓ ਸਦਰ ਥਾਣੇ ਚਲੇ ਗਏ, ਜਦਕਿ ਉਹਨਾਂ ਦੀ ਸਿੰਘਣੀ ਹੋਰ ਰਿਸ਼ਤੇਦਾਰਾਂ ਦੇ ਨਾਲ਼ ਦੋਹਤੇ ਦੀ ਦੇਹ ਲੈ ਕੇ ਮੰਡੀ ਅਹਿਮਦਗੜ੍ਹ, ਕੁੜੀ ਦੇ ਸਹੁਰੇ ਘਰ ਵੱਲ ਸਸਕਾਰ ਲਈ ਚਲੀ ਗਈ। ਜਗਰਾਓਂ ਸਦਰ ਥਾਣੇ ਵਿੱਚ ਭਾਈ ਸਾਹਿਬ ਤੋਂ 2 ਦਸੰਬਰ 1992 ਨੂੰ ਜਗਰਾਓਂ ਕੋਲ਼ ਹੋਏ 19 ਬੱਸ ਮੁਸਾਫ਼ਰਾਂ ਦੇ ਕਤਲੇਆਮ ਬਾਰੇ ਪੁੱਛਗਿੱਛ ਕੀਤੀ ਗਈ। ਭਾਵੇਂ ਬੱਸ ਕਾਂਡ ਤੋਂ ਅਗਲੇ ਹੀ ਦਿਨ ਮਖੂ ਕੋਲ਼ 19 ਸਿੱਖ ਨੌਜਵਾਨਾਂ ਨੂੰ ਮਾਰ ਕੇ ਕਿਹਾ ਸੀ ਕਿ ਸਿਧਵਾਂ ਬੱਸ ਕਾਂਡ ਲਈ ਜ਼ਿੰਮੇਵਾਰ ਮਾਰੇ ਗਏ ਹਨ, ਪਰ ਹੁਣ ਇਸ ਕਾਂਡ ਲਈ ਭਾਈ ਕਾਉਂਕੇ ਤੋਂ ਪੁੱਛਗਿੱਛ ਹੋ ਰਹੀ ਸੀ। ਉਸ ਦਿਨ 5 ਘੰਟੇ ਦੀ ਪੁੱਛਗਿੱਛ ਮਗਰੋਂ ਪੁਲੀਸ ਨੇ ਭਾਈ ਸਾਹਿਬ ਨੂੰ ਘਰ ਭੇਜ ਦਿੱਤਾ।
ਭਾਈ ਸਾਹਿਬ ਹਰ ਰੋਜ਼ ਸਵੇਰੇ ਪਿੰਡ ਦੀ ਬਾਦਾ ਪੱਤੀ ਦੇ ਗੁਰਦੁਆਰੇ ਵਿੱਚ 6 ਤੋਂ 7 ਵਜੇ ਤਕ ਗੁਰਬਾਣੀ ਦੀ ਕਥਾ ਕਰਿਆ ਕਰਦੇ ਸਨ। 25 ਦਸੰਬਰ 1992 ਨੂੰ ਥਾਣਾ ਸਦਰ ਜਗਰਾਓਂ ਦੇ ਥਾਣੇਦਾਰ ਗੁਰਮੀਤ ਸਿੰਘ ਨੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਲਈ ਫਿਰ ਛਾਪਾ ਮਾਰਿਆ। ਭਾਈ ਸਾਹਿਬ ਦੀ ਸਿੰਘਣੀ ਬੀਬੀ ਗੁਰਮੇਲ ਕੌਰ ਤਾਂ ਅਜੇ ਆਪਣੀ ਧੀ ਕੋਲ਼ ਮੰਡੀ ਅਹਿਮਦਗੜ੍ਹ ਹੀ ਸਨ। ਉਹਨਾਂ ਦੇ ਪੁੱਤਰ ਸ. ਹਰੀ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਭਾਈ ਸਾਹਿਬ ਤਾਂ ਗੁਰਦੁਆਰਾ ਸਾਹਿਬ ਕਥਾ ਕਰ ਰਹੇ ਹਨ। ਪੁਲੀਸ ਗੁਰਦੁਆਰਾ ਸਾਹਿਬ ਪੁੱਜੀ ਤਾਂ ਭਾਈ ਸਾਹਿਬ ਨੇ ਕਿਹਾ- “ਮੈਂ ਨਿਤਨੇਮ ਕਰ ਲਵਾਂ, ਤੁਸੀਂ ਉਡੀਕ ਕਰੋ…।”
ਪੁਲੀਸ ਬਾਹਰ ਖੜ੍ਹੀ ਰਹੀ ਤੇ ਅੰਦਰ ਭਾਈ ਸਾਹਿਬ ਨੇ ਬੜੀ ਵੈਰਾਗਮਈ ਕਥਾ ਕੀਤੀ ਤੇ ਦੋ ਵਾਰ ‘ਤੇਰਾ ਕੀਆ ਮੀਠਾ ਲਾਗੈ’ ਸਬਦ ਪੜ੍ਹਿਆ। ਫੇਰ ਉਹ ਗੁਰਦੁਆਰਾ ਸਾਹਿਬ ਤੋਂ ਪੁਲੀਸ ਪਾਰਟੀ ਦੇ ਨਾਲ਼ ਹੀ ਘਰ ਵੱਲ ਨੂੰ ਤੁਰ ਪਏ। ਮਗਰੇ ਹੀ ਸੰਗਤ ਤੁਰੀ ਆਵੇ। ਘਰ ਆ ਕੇ ਭਾਈ ਸਾਹਿਬ ਨੇ ਇਸ਼ਨਾਨ ਕੀਤਾ ਤੇ ਫਿਰ ਉਹਨਾਂ ਨੂੰ ਸੇਵਾਦਾਰ ਪ੍ਰੀਤਮ ਸਿੰਘ ਨੇ ਖਾਣਾ ਦਿੱਤਾ। ਉਹ ਹਾਜ਼ਰ ਸੰਗਤ ਨੂੰ ਕਹਿ ਰਹੇ ਸਨ ਕਿ- “ਇਹ ਮੇਰੀ ਆਖ਼ਰੀ ਵਾਰ ਯਾਤਰਾ ਹੈ, ਪੁਲੀਸ ਆਪਣਾ ਕਾਰਾ ਕਰ ਕੇ ਰਹੇਗੀ…।” ਇਹ ਗੱਲਾਂ ਕਰਦਿਆਂ ਉਹਨਾਂ ਸ਼ਾਂਤੀ ਨਾਲ਼ ਰੋਟੀ ਖਾਧੀ ਤੇ ਸੰਗਤ ਦੇ ਸਾਮ੍ਹਣੇ ਪੁਲੀਸ ਦੀ ਗੱਡੀ ਵਿੱਚ ਬਹਿ ਗਏ।
ਪੁਲੀਸ ਦੀਆਂ ਗੱਡੀਆਂ ਧੂੜਾਂ ਪਟਦੀਆਂ ਜਗਰਾਓਂ ਵੱਲ ਤੁਰ ਪਈਆਂ, ਜਦਕਿ ਪਿੱਛੇ ਖੜ੍ਹੀ ਸੰਗਤ ਭਾਈ ਸਾਹਿਬ ਦੇ ਬੋਲਾਂ ਉੱਤੇ ਵਿਚਾਰ ਕਰਦੀ ਰਹੀ। ਚਰਚਾ ਚੱਲ ਰਹੀ ਸੀ ਕਿ ਭਾਈ ਸਾਹਿਬ ਨੇ ਕੁਝ ਦਿਨ ਪਹਿਲਾਂ ਹੀ ਆਪਣੀ 36 ਏਕੜ ਜ਼ਮੀਨ ਤਿੰਨਾਂ ਪੁੱਤਰਾਂ ਦੇ ਨਾਂ ਬਰਾਬਰ-ਬਰਾਬਰ ਲਾ ਦਿੱਤੀ ਸੀ।
ਅਗਲੇ ਦਿਨ ਪੁਲੀਸ ਨੇ ਕਾਉਂਕੇ ਪਿੰਡ ਦੇ ਸ. ਰਣਜੀਤ ਸਿੰਘ ਤੇ ਸ. ਮਹਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ, ਜੋ ਕਿ ਭਾਈ ਸਾਹਿਬ ਦੇ ਬਹੁਤ ਨਜ਼ਦੀਕੀ ਪਿਆਰ ਵਾਲ਼ੇ ਸਨ। ਰਣਜੀਤ ਸਿੰਘ ਨੇ ਸਦਰ ਥਾਣੇ ਵਿੱਚ ਭਾਈ ਸਾਹਿਬ ਨੂੰ ਵੇਖਿਆ ਜੋ ਕਿ ਤਸ਼ੱਦਦ ਦੇ ਬੁਰੀ ਤਰ੍ਹਾਂ ਭੰਨੇ ਹੋਏ ਇੱਕ ਕੰਬਲ਼ ਲਈ ਬੈਠੇ ਸਨ। ਮਹਿੰਦਰ ਸਿੰਘ ਉੱਤੇ ਐਨਾ ਅੰਨ੍ਹਾ ਤਸ਼ੱਦਦ ਢਾਹਿਆ ਗਿਆ ਤੇ ਉਹ ਕਦੇ ਵੀ ਬੋਲ ਨਹੀਂ ਸਕਿਆ। ਗੁਰੂਸਰ ਕਾਉਂਕੇ ਪਿੰਡ ਤੋਂ ਗ੍ਰਿਫ਼ਤਾਰ ਕੀਤੇ 70 ਸਾਲ ਦੇ ਸ਼ੇਰ ਸਿੰਘ ਨੂੰ ਵੀ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ ਕਿ ਉਹ ਤੁਰਨ ਜੋਗਾ ਨਾ ਰਿਹਾ ਤੇ ਕੁਝ ਦਿਨਾਂ ਮਗਰੋਂ ਚੜ੍ਹਾਈ ਕਰ ਗਿਆ। ਰਣਜੀਤ ਸਿੰਘ ਉੱਤੇ ਵੀ ਤਸ਼ੱਦਦ ਹੋਇਆ।
27 ਦਸੰਬਰ ਨੂੰ ਸ਼ਾਮ ਨੂੰ ਹਨੇਰੇ ਪਏ ਸਦਰ ਥਾਣੇ ਦੀਆਂ ਸਾਰੀਆਂ ਬੱਤੀਆਂ ਬੁਝਾ ਦਿੱਤੀਆਂ ਗਈਆਂ ਤੇ ਥਾਣੇ ਵਿੱਚ ਹਾਜ਼ਰ ਸਾਰੇ ਲੋਕਾਂ ਨੂੰ ਆਪਣੇ ਮੂੰਹ ਕੰਧਾਂ ਵੱਲ ਕਰਨ ਲਈ ਹਦਾਇਤ ਕੀਤੀ ਗਈ। ਕੁਝ ਗੱਡੀਆਂ ਦੇ ਆਉਣ, ਰੁਕਣ ਤੇ ਚੱਲਣ ਦੀ ਅਵਾਜ਼ ਆਈ। ਕੁਝ ਸਮੇਂ ਮਗਰੋਂ ਲਾਈਟ ਆ ਗਈ। ਰਣਜੀਤ ਸਿੰਘ ਦਾ ਮੰਨਣਾ ਹੈ ਕਿ ਓਸ ਵੇਲ਼ੇ ਭਾਈ ਗੁਰਦੇਵ ਸਿੰਘ ਨੂੰ ਸੀ.ਆਈ.ਏ. ਸਟਾਫ਼ ਜਗਰਾਉਂ ਲੈ ਕੇ ਗਏ ਹੋਣਗੇ।
ਭਾਈ ਸਾਹਿਬ ਗੁਰਸਿੱਖ ਦੇ ਹੱਥ ਦਾ ਬਣਿਆ ਖਾਣਾ ਹੀ ਛਕਦੇ ਸਨ। ਉਹਨਾਂ ਦੀ ਸਿੰਘਣੀ ਗੁਰਮੇਲ ਕੌਰ ਖਾਣਾ ਤਿਆਰ ਕਰ ਕੇ ਜਗਰਾਉਂ ਸਦਰ ਥਾਣੇ ਪਹੁੰਚੀ ਕਿ ਭਾਈ ਸਾਹਿਬ ਨੂੰ ਖਾਣਾ ਦਿੱਤਾ ਜਾਵੇ, ਪਰ ਉਸ ਦੀ ਕੋਈ ਵਾਹ ਨਾ ਚੱਲੀ। ਉਸ ਨੇ ਕਈ ਪ੍ਰਮੁੱਖ ਆਗੂਆਂ ਨਾਲ਼ ਵੀ ਗੱਲ ਕੀਤੀ ਪਰ ਕੋਈ ਗੱਲ ਨਾ ਬਣੀ।
28 ਦਸੰਬਰ ਨੂੰ ਵੀ ਬੀਬੀ ਗੁਰਮੇਲ ਕੌਰ ਖਾਣਾ ਲੈ ਕੇ ਸੀ.ਆਈ.ਏ. ਸਟਾਫ਼ ਮੂਹਰੇ ਬੈਠੀ ਰਹੀ। ਆਖ਼ਰ ਇੱਕ ਮੁਲਾਜ਼ਮ ਨੇ ਤਰਸ ਕਰ ਕੇ ਭਾਈ ਸਾਹਿਬ ਕੋਲ਼ ਖਾਣਾ ਪਹੁੰਚਾਉਣ ਦੀ ਪੇਸ਼ਕਸ਼ ਕੀਤੀ, ਪਰ ਛੇਤੀ ਹੀ ਉਸ ਨੇ ਅੰਦਰੋਂ ਆ ਕੇ ਦੱਸਿਆ ਕਿ ਭਾਈ ਸਾਹਿਬ ਦੀ ਹਾਲਤ ਬੇਹੱਦ ਖ਼ਰਾਬ ਹੈ। ਇਸ ਤੋਂ ਪਹਿਲਾਂ ਵੀ ਕਲੇਰ ਪਿੰਡ ਦੀ ਇੱਕ ਮਾਈ ਨੇ ਭਾਈ ਸਾਹਿਬ ਦੀ ਤਸ਼ੱਦਦ ਕਾਰਨ ਹੋਈ ਮਾੜੀ ਹਾਲਤ ਬਾਰੇ ਦੱਸਿਆ ਸੀ। ਅੰਦਰ ਭਾਈ ਸਾਹਿਬ ਦੀ ਹਾਲਤ ਐਨੀ ਮਾੜੀ ਹੋ ਗਈ ਸੀ ਕਿ ਬਾਹਰੋਂ ਡਾਕਟਰ ਤੋਂ ਟੀਕੇ ਲਵਾਏ ਗਏ ਤੇ ਦਵਾਈ ਦਿੱਤੀ ਗਈ, ਪਰ ਨਾਲ਼ ਦੀ ਨਾਲ਼ ਤਸ਼ੱਦਦ ਵੀ ਜਾਰੀ ਰਿਹਾ। ਬੀਬੀ ਗੁਰਮੇਲ ਕੌਰ ਨੂੰ 30 ਦਸੰਬਰ ਨੂੰ ਸੀ.ਆਈ.ਏ. ਸਟਾਫ਼ ਵਿੱਚੋਂ ਰਿਹਾਅ ਹੋਏ ਇੱਕ ਨੌਜਵਾਨ ਨੇ ਦੱਸਿਆ ਕਿ ਭਾਈ ਸਾਹਿਬ ਦੀ ਹਾਲਤ ਵੇਖੀ ਨਹੀਂ ਜਾਂਦੀ। ਇਸ ਮਾਹੌਲ ਵਿੱਚ 31 ਦਸੰਬਰ ਨੂੰ ਬੀਬੀ ਗੁਰਮੇਲ ਕੌਰ ਚੰਡੀਗੜ੍ਹ ਚਲੇ ਗਈ, ਜਿੱਥੋਂ ਐਡਵੋਕੇਟ ਗੁਰਮੁਖ ਸਿੰਘ ਮਨੌਲੀ ਵੱਲੋਂ ਕੀਤੀ ਕਨੂੰਨੀ ਚਾਰਾਜੋਈ ਮਗਰੋਂ ਅਦਾਲਤ ਨੇ ਵਰੰਟ ਅਫ਼ਸਰ ਭੇਜ ਦਿੱਤਾ।
1 ਜਨਵਰੀ 1993 ਨੂੰ ਵਰੰਟ ਅਫ਼ਸਰ ਹਰੀ ਚੰਦ ਨੂੰ ਲੈ ਕੇ ਜਦੋਂ ਬੀਬੀ ਗੁਰਮੇਲ ਕੌਰ ਜਗਰਾਓਂ ਪੁੱਜੀ। ਉਹ ਪਹਿਲਾਂ ਇਹ ਨਿਸ਼ਚਿਤ ਕਰ ਲੈਣਾ ਚਾਹੁੰਦੀ ਸੀ ਕਿ ਭਾਈ ਸਾਹਿਬ ਬਾਰੇ ਪੱਕਾ ਪਤਾ ਕਰ ਲਵੇ ਕਿ ਉਹ ਕਿੱਥੇ ਕੈਦ ਹਨ। ਪਰ ਪੱਕਾ ਪਤਾ ਨਹੀਂ ਸੀ ਲੱਗ ਰਿਹਾ ਕਿ ਭਾਈ ਸਾਹਿਬ ਸੀ.ਆਈ.ਏ. ਸਟਾਫ਼ ਹੀ ਹਨ ਕਿ ਇੱਥੋਂ ਕਿਤੇ ਹੋਰ ਲਿਜਾਏ ਗਏ ਹਨ। 2 ਜਨਵਰੀ 1993 ਨੂੰ ਵਰੰਟ ਅਫ਼ਸਰ ਨੇ ਸਦਰ ਥਾਣੇ ਅਤੇ ਸੀ.ਆਈ.ਏ. ਸਟਾਫ਼ ਛਾਪਾ ਮਾਰਿਆ, ਪਰ ਭਾਈ ਸਾਹਿਬ ਕਿਤੇ ਵੀ ਨਹੀਂ ਸਨ।
ਅਖ਼ਬਾਰਾਂ ਦੀ ਖ਼ਬਰ
3 ਜਨਵਰੀ 1993 ਨੂੰ ਪੰਜਾਬ ਪੁਲੀਸ ਨੇ ਦਾਅਵਾ ਕੀਤਾ ਕਿ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਓਦੋਂ ਫ਼ਰਾਰ ਹੋ ਗਏ, ਜਦੋਂ ਸਿਧਵਾਂ ਥਾਣੇ ਦੇ ਪਿੰਡ ਕੰਨੀਆਂ ਵੱਲ ਉਹਨਾਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾ ਰਹੇ ਸੀ ਕਿ ਖਾੜਕੂਆਂ ਨੇ ਹਮਲਾ ਕਰ ਕੇ ਉਹਨਾਂ ਨੂੰ ਛੁਡਵਾ ਲਿਆ। ਪੁਲੀਸ ਨੇ ਦਾਅਵਾ ਕੀਤਾ ਕਿ ਇਸ ਗੋਲ਼ੀਬਾਰੀ ਦੌਰਾਨ ਭਾਈ ਕਾਉਂਕੇ ਹਥਕੜੀ ਛੁਡਵਾ ਕੇ ਭੱਜ ਗਏ। ਇਸ ਖ਼ਬਰ ਨੂੰ ਸੁਣਨ ਸਾਰ ਸਾਰੇ ਸਿੱਖ ਜਗਤ ਅੰਦਰ ਤੁਫ਼ਾਨ ਖੜ੍ਹਾ ਹੋ ਗਿਆ। ਅਕਾਲੀ ਆਗੂਆਂ ਤੇ ਆਮ ਸੰਗਤ ਨੇ ਆਖਿਆ ਕਿ ਅਸਲ ਵਿੱਚ ਭਾਈ ਸਾਹਿਬ ਨੂੰ ਪੁਲੀਸ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਹੈ ਤੇ ਹੁਣ ਝੂਠੀਆਂ ਕਹਾਣੀਆਂ ਸੁਣਾ ਰਹੀ ਹੈ। ਜਗਰਾਉਂ ਵਿੱਚ ਰੋਸ ਮੁਜ਼ਾਹਰਿਆਂ ਤੇ ਧਰਨਿਆਂ ਦਾ ਮਾਹੌਲ ਬਣ ਗਿਆ। ਭਾਈ ਸਾਹਿਬ ਦੇ ਪਿੰਡ ਕਾਉਂਕੇ ਨੂੰ ਪੁਲੀਸ ਛਾਉਣੀ ਬਣਾ ਦਿੱਤਾ ਗਿਆ। ਜਿਹੜਾ ਵੀ ਕਾਉਂਕੇ ਪਿੰਡ ਵੱਲ ਜਾਂਦਾ, ਪੁਲੀਸ ਕੁੱਟ-ਮਾਰ ਕੇ ਭਜਾ ਦਿੰਦੀ।
ਸ਼ਹਾਦਤ ਦੀ ਵਾਰਤਾ
ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹੀਦੀ ਦੀ ਵਾਰਤਾ ਆਖ਼ਰ ਮਈ 1998 ਵਿੱਚ ਸਾਮ੍ਹਣੇ ਆਈ, ਜਦੋਂ ਪਹਿਲਾਂ ਫ਼ੌਜੀ ਰਹੇ ਤੇ ਫਿਰ ਪੁਲੀਸ ਵਿੱਚ ਨੌਕਰੀ ਕਰਦੇ ਰਹੇ ਸ. ਦਰਸ਼ਨ ਸਿੰਘ ਹਠੂਰ ਨੇ ਆਪਣੀ ਜ਼ੁਬਾਨ ਖੋਲ੍ਹੀ। ਉਸ ਨੇ ਦੱਸਿਆ- “ਮੇਰੇ ਸਾਮ੍ਹਣੇ ਐੱਸ.ਐੱਸ.ਪੀ. ਸਵਰਨ ਸਿੰਘ ਘੋਟਣਾ, ਡੀ.ਐੱਸ.ਪੀ. ਹਰਭਗਵਾਨ ਸਿੰਘ ਸੋਢੀ, ਇੰਸਪੈਕਟਰ ਗੁਰਮੀਤ ਸਿੰਘ ਅਤੇ ਐੱਸ.ਆਈ. ਚੰਨਣ ਸਿੰਘ; ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਨਿਰਵਸਤਰ ਕਰ ਕੇ ਤਸ਼ੱਦਦ ਕਰਦੇ ਰਹੇ। ਉਹਨਾਂ ਨੇ ਭਾਈ ਸਾਹਿਬ ਦੀਆਂ ਲੱਤਾਂ ਫੜ ਕੇ ਅੱਡ-ਅੱਡ ਦਿਸ਼ਾਵਾਂ ਨੂੰ ਖਿੱਚ ਦਿੱਤੀਆਂ, ਜਿਵੇਂ ਮੁਰਗੇ ਦੀਆਂ ਲੱਤਾਂ ਮਰੋੜਦੇ ਨੇ। ਉਹਨਾਂ ਨੇ ਬੇਦਰਦੀ ਨਾਲ਼ ਤਸੀਹੇ ਦਿੱਤੇ ਤੇ ਅੰਤ ਗੋਲ਼ੀ ਮਾਰ ਦਿੱਤੀ। ਅਜੇ ਉਹਨਾਂ ਦੀ ਜਾਨ ਨਹੀਂ ਨਿਕਲ਼ੀ ਹੋਣੀ ਕਿ ਐੱਸ.ਐੱਸ.ਪੀ. ਘੋਟਣੇ, ਡੀ.ਐੱਸ.ਪੀ. ਸੋਢੀ ਅਤੇ ਐੱਸ.ਆਈ. ਚੰਨਣ ਸਿੰਘ ਨੇ ਹੋਰ ਪੁਲਸੀਆਂ ਨੂੰ ਨਾਲ਼ ਲੈ ਕੇ ਭਾਈ ਸਾਹਿਬ ਦੇ ਸਰੀਰ ਦੇ ਟੋਟੇ-ਟੋਟੇ ਕਰ ਕੇ ਸਿਧਵਾਂ ਬੇਟ ਕੋਲ਼ ਕੰਨੀਆਂ ਪਿੰਡ ਵਿਖੇ ਸਤਲੁਜ ਦਰਿਆ ਵਿੱਚ ਪੱਥਰ ਬੰਨ੍ਹ-ਬੰਨ੍ਹ ਰੋੜ੍ਹ ਦਿੱਤੇ….।”
ਮਨੁੱਖੀ ਹੱਕਾਂ ਦੀ ਲੜਾਈ ਲੜਨ ਵਾਲ਼ੇ ਸ੍ਰੀ ਰਾਮ ਨਰਾਇਣ ਕੁਮਾਰ ਨੂੰ ਜਗਰਾਉਂ ਰਹੇ ਇੱਕ ਐੱਸ.ਐੱਸ.ਪੀ. ਨੇ ਜੋ ਦੱਸਿਆ, ਉਸ ਅਨੁਸਾਰ- “ਓਦੋਂ ਓਥੇ ਡੀ.ਐੱਸ.ਪੀ. ਸੋਢੀ ਦੀ ਚੱਲਦੀ ਸੀ, ਮੈਂ ਉਸ ਦੇ ਤਸ਼ੱਦਦ ਤੋਂ ਦੁਖੀ ਸੀ। ਉਹ ਹਰ ਰੋਜ਼ ਕਿਸੇ ਨਾ ਕਿਸੇ ਨੂੰ ਪਾਣੀ ਵਿੱਚ ਡੋਬ ਕੇ ਮਾਰ ਦਿੰਦਾ ਤੇ ਸ਼ਾਮ ਨੂੰ ਉਸ ਦੀ ਲਾਸ਼ ਕਿਤੇ ਸੁੱਟਣ ਲਈ ਕਹਿ ਦਿੰਦਾ। ਉਹ ਰਾਏਕੋਟ ਜਾਂ ਸਿਧਵਾਂ ਬੇਟ ਦੇ ਥਾਣੇਦਾਰ ਨੂੰ ਸੱਦ ਕੇ ਲਾਸ਼ ਨਿਪਟਾਉਣ ਲਈ ਆਖਦਾ। ਸੋਢੀ ਗਿੱਦੜਬਾਹੇ ਲੱਗਿਆ, ਫ਼ਰੀਦਕੋਟ ਲੱਗਾ, ਹਰ ਥਾਂ ਉਸ ਦੀਆਂ ਸ਼ਿਕਾਇਤਾਂ ਹੋਈਆਂ। ਉਸ ਦੀ ਗ੍ਰਿਫ਼ਤਾਰੀ ਹੋਣ ਵਾਲ਼ੀ ਸੀ ਕਿ ਸਵਰਨ ਸਿੰਘ ਘੋਟਣੇ ਨੇ ਡੀ.ਜੀ.ਪੀ. ‘ਗਿੱਲ’ ਨੂੰ ਕਿਹਾ ਕਿ ਸੋਢੀ ਨੂੰ ਨਾਮਵਰ ਖਾੜਕੂ ਕੁਲਦੀਪ ਸਿੰਘ ਸ਼ੇਖ਼ੂਪੁਰਾ ਦੀ ਸੂਹ ਮਿਲ਼ ਗਈ ਹੈ, ਇੰਝ ਸੋਢੀ ਬਚ ਗਿਆ। ਸਵਰਨ ਸਿੰਘ ਨੇ ਸੋਢੀ ਨੂੰ ਕਿਹਾ ਕਿ ਭਾਈ ਕਾਉਂਕੇ ਕੋਲ਼ੋਂ ਹਥਿਆਰਾਂ ਦਾ ਭਰਿਆ ਬੈਗ ਬਰਾਮਦ ਕਰਨਾ ਹੈ, ਇਸ ਬਰਾਮਦਗੀ ਲਈ ਹੀ ਭਾਈ ਕਾਉਂਕੇ ਨੂੰ ਤਸੀਹੇ ਦਿੱਤੇ ਗਏ। ਚਰਚਾ ਇਹ ਵੀ ਹੈ ਕਿ ਸਵਰਨ ਸਿੰਘ ਘੋਟਣੇ ਨੂੰ ਆਪਣੀ ਜਗਰਾਉਂ ਤੋਂ ਬਦਲੀ ਦੀ ਸੂਚਨਾ ਮਿਲ਼ੀ ਸੀ ਤੇ ਉਸ ਨੇ ਬਦਲੀ ਰੁਕਵਾਉਣ ਲਈ ਭਾਈ ਸਾਹਿਬ ਦਾ ਕਤਲ ਕੀਤਾ, ਕਿਉਂਕਿ ਪਹਿਲਾਂ ਵੀ ਉਹ ਇੰਝ ਕਰਦਾ ਰਿਹਾ ਸੀ। ਜਦੋਂ ਵੀ ਐੱਸ.ਐੱਸ.ਪੀਜ਼ ਨਾਲ਼ ਡੀ.ਜੀ.ਪੀ. ‘ਗਿੱਲ’ ਦੀ ਮੀਟਿੰਗ ਹੁੰਦੀ ਸੀ ਤਾਂ ਹਰੇਕ ਐੱਸ.ਐੱਸ.ਪੀ. ਆਪਣੇ ਜ਼ਿਲ੍ਹੇ ਵਿੱਚ ਮਾਰੇ 15-20-30 ਨੌਜਵਾਨਾਂ ਦੀ ਗਿਣਤੀ ਦੱਸ ਕੇ ਆਪਣੀ ਸਥਿਤੀ ਮਜਬੂਤ ਕਰਦਾ ਸੀ। ਰਿਕਾਰਡ ਚੈੱਕ ਕੀਤਾ ਜਾ ਸਕਦਾ ਹੈ ਕਿ ‘ਗਿੱਲ’ ਦੀ ਐੱਸ.ਐੱਸ.ਪੀਜ਼ ਨਾਲ਼ ਹਰ ਮੀਟਿੰਗ ਤੋਂ ਦੋ-ਤਿੰਨ ਪਹਿਲਾਂ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਮਰਨਾ ਪੈਂਦਾ ਸੀ ਤਾਂ ਕਿ ਐੱਸ.ਐੱਸ.ਪੀ. ਆਪਣੀ ਕਾਰਗੁਜ਼ਾਰੀ ਵਿਖਾ ਸਕਣ। ਜਦੋਂ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਵਿੱਚ ਤਾਇਨਾਤ ਸੀ ਤਾਂ ਮੈਨੂੰ ਅਕਸਰ ਅੰਮ੍ਰਿਤਸਰ ਮਾਲ ਮੰਡੀ ਜਾਣਾ ਪੈਂਦਾ ਸੀ, ਜਿੱਥੇ ਹੋਰ ਥਾਣਿਆਂ ਦੇ ਥਾਣੇਦਾਰ ਵੀ ਆਏ ਹੁੰਦੇ ਸੀ। ਸਭ ਨੂੰ ਫੜੇ ਹੋਏ ਨੌਜਵਾਨ ਦਿੱਤੇ ਜਾਂਦੇ ਸੀ ਤਾਂ ਕਿ ਝੂਠੇ ਮੁਕਾਬਲੇ ਬਣਾ ਸਕਣ। ਜਦੋਂ ਮੈਨੂੰ ਮਾਲ ਮੰਡੀ ਪਹਿਲੀ ਵਾਰ ਸੱਦਿਆ ਤਾਂ ਕਹਿੰਦੇ- ‘ਆਜੋ ਭਾਈ, ਤੁਹਾਨੂੰ ਅੰਮ੍ਰਿਤ ਛਕਾਉਣਾ ਹੈ…।’ 1 ਜਨਵਰੀ 1993 ਨੂੰ ਭਾਈ ਕਾਉਂਕੇ ਦੀ ਹਾਲਤ ਬੜੀ ਮਾੜੀ ਸੀ, ਉਹ ਅਧਮਰਿਆ ਸੀ। ਸਦਰ ਥਾਣੇ ਦੇ ਇੰਚਾਰਜ ਗੁਰਮੀਤ ਸਿੰਘ ਨੇ ਹੀਟਰ ਲਾ ਦਿੱਤਾ ਅਤੇ ਭਾਈ ਸਾਹਿਬ ਨੂੰ ਇੱਕ ਕੰਬਲ਼ ਦੇ ਦਿੱਤਾ। ਕਹਿਰਾਂ ਦੀ ਠੰਢ ਵਿੱਚ ਭਾਈ ਸਾਹਿਬ ਕੰਬਲ਼ ਲਪੇਟੀ ਲੇਟੇ ਸਨ ਕਿ ਇਕਦਮ ਸਵਰਨ ਸਿੰਘ ਘੋਟਣਾ ਗਾਲ਼ਾਂ ਕੱਢਦਾ ਆ ਵੜਿਆ- ‘ਆਹ ਤੁਹਾਡਾ ਪਿਓ ਲੱਗਦੈ, ਜੀਹਨੂੰ ਕੰਬਲ਼ ਤੇ ਹੀਟਰ ਦਿੱਤਾ…’ ਨਾਲ਼ ਹੀ ਡੀ.ਐੱਸ.ਪੀ. ਸੋਢੀ ਤੇ ਐੱਸ.ਆਈ. ਚੰਨਣ ਸਿੰਘ ਨੇ ਭਾਈ ਸਾਹਿਬ ਦੇ ਗੁਪਤ ਅੰਗਾਂ ਉੱਤੇ ਬੂਟਾਂ ਦੇ ਠੁੱਡ ਮਾਰਨੇ ਸ਼ੁਰੂ ਕਰ ਦਿੱਤੇ। ਭਾਈ ਸਾਹਿਬ ਦੀ ਬਹੁਤ ਦੁਰਗਤ ਹੋ ਰਹੀ ਸੀ ਤੇ ਸਵਰਨ ਸਿੰਘ ਮੇਰੀ ਭਾਈ ਸਾਹਿਬ ਪ੍ਰਤੀ ਹਮਦਰਦੀ ਕਰਕੇ ਮੈਨੂੰ ਟਾਂਚ ਮਾਰ ਰਿਹਾ ਸੀ- ‘ਥੋਡੇ ਜਥੇਦਾਰ ਦਾ ਮੂਤ ਨਿਕਲ਼ ਗਿਆ, ਵੇਖ ਮੂਤ…’ ਮੈਂ ਕਿਹਾ- ‘ਮੂਤ ਨਹੀਂ ਨਿਕਲ਼ਿਆ, ਲਹੂ ਨਿਕਲ਼ ਗਿਆ, ਜਾਨ ਵੀ ਨਿਕਲ਼ ਜਾਏਗੀ…’ ਇਸੇ ਰਾਤ ਭਾਈ ਸਾਹਿਬ ਨੂੰ ਸਿਧਵਾਂ ਲੈ ਗਏ ਸੀ…।”
ਸ਼ਹਾਦਤ ਤੋਂ ਬਾਅਦ
ਭਾਈ ਸਾਹਿਬ ਨੂੰ ਕਤਲ ਕਰਨ ਮਗਰੋਂ ‘ਗਿੱਲ’ ਤੇ ਬੇਅੰਤ ਦੀ ਜੋੜੀ ਨੇ ਐੱਸ.ਐੱਸ.ਪੀ. ਸਵਰਨ ਘੋਟਣੇ ਨੂੰ ਜਲੰਧਰ ਬਦਲ ਦਿੱਤਾ ਤੇ ਚੰਗੇ ਅਕਸ ਵਾਲ਼ਾ ਸਮਝਿਆ ਜਾਂਦਾ ਹਰਿੰਦਰ ਸਿੰਘ ਚਹਿਲ ਜਗਰਾਉਂ ਐੱਸ.ਐੱਸ.ਪੀ. ਲਾ ਦਿੱਤਾ। ਭਾਈ ਕਾਉਂਕੇ ਦੇ ਭਗੌੜੇ ਹੋਣ ਦੀ ਖ਼ਬਰ ਐੱਸ.ਐੱਸ.ਪੀ. ਚਹਿਲ ਨੇ ਹੀ ਜਾਰੀ ਕੀਤੀ ਸੀ। ਪੁਲੀਸ ਨੇ ਕਾਉਂਕੇ ਪਿੰਡ ਦੀ ਘੇਰਾਬੰਦੀ ਕਰ ਕੇ ਓਥੇ ਆਉਣ ਵਾਲ਼ੇ ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ। ਸ. ਸਿਮਰਨਜੀਤ ਸਿੰਘ ਮਾਨ, ਬਾਬਾ ਜੋਗਿੰਦਰ ਸਿੰਘ, ਸ. ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਸਮੇਤ ਅਨੇਕਾਂ ਆਗੂਆਂ ਅਤੇ ਵਰਕਰਾਂ ਨੂੰ ਜੇਲ੍ਹਾਂ ਵਿੱਚ ਤੁੰਨ ਦਿੱਤਾ। ਸਮੁੱਚਾ ਸਿੱਖ ਜਗਤ ਇਲਜ਼ਾਮ ਲਾ ਰਿਹਾ ਸੀ ਕਿ ਪੁਲੀਸ ਨੇ ਭਾਈ ਸਾਹਿਬ ਦਾ ਕਤਲ ਕਰ ਕੇ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਭੱਜ ਗਏ ਹਨ, ਪਰ ਮੁੱਖ ਮੰਤਰੀ ਬੇਅੰਤ ਸਿੰਘ ਇਹੀ ਕਹਿੰਦਾ ਰਿਹਾ ਕਿ ਭਾਈ ਕਾਉਂਕੇ ਨੂੰ ਪੁਲੀਸ ਨੇ ਨਹੀਂ ਮਾਰਿਆ।
ਮੁੱਖ ਮੰਤਰੀ ਬੇਅੰਤ ਸਿੰਘ ਨੇ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਗਿਆਨੀ ਗੁਰਦੇਵ ਸਿੰਘ ਕਾਉਂਕੇ ਦੇ ਕਾਤਲ ਪੁਲਸੀਆਂ ਦੀ ਵੀ ਹਰ ਤਰ੍ਹਾਂ ਪੁਸ਼ਤਪਨਾਹੀ ਕੀਤੀ ਤਾਂ ਪੁਲਸੀਆਂ ਨੂੰ ਹੋਰ ਵੀ ਸ਼ਹਿ ਹੋ ਗਈ। ਜ਼ੁਲਮ ਹੋਰ ਤੇਜ਼ ਹੋ ਗਏ। ਇਸ ਦੌਰ ਵਿੱਚ ਹਜ਼ਾਰਾਂ ਸਿੱਖਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਫੂਕ ਦਿੱਤਾ ਗਿਆ। ਆਖ਼ਰ 31 ਅਗਸਤ 1995 ਨੂੰ ਬੇਅੰਤ ਸਿੰਘ ਦੇ ਜ਼ੁਲਮ ਦਾ ਅੰਤ ਹੋ ਗਿਆ।
ਜਦੋਂ 12 ਫ਼ਰਵਰੀ 1997 ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਅੰਤ ਸਿੰਘ ਦੇ ਕਾਂਗਰਸੀ ਰਾਜ ਵਿੱਚ ਕੀਤੇ ਜ਼ੁਲਮਾਂ ਦਾ ਐਨਾ ਗ਼ੁੱਸਾ ਸੀ ਕਿ ਉਹਨਾਂ ਨੇ ਕਾਂਗਰਸੀਆਂ ਨੂੰ ਹਰਾਉਣ ਲਈ, ਅਕਾਲੀ ਦਲ ਬਾਦਲ ਨੂੰ ਭਾਰੀ ਵੋਟਾਂ ਪਾ ਕੇ ਕਾਮਯਾਬ ਕੀਤਾ। ਸ. ਪ੍ਰਕਾਸ਼ ਸਿੰਘ ਬਾਦਲ ਦਾ ਐਲਾਨ ਸੀ ਕਿ ਜ਼ੁਲਮ ਕਰਨ ਵਾਲ਼ੇ ਸਰਕਾਰੀ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੇ ਬੇਦੋਸ਼ੇ ਨਜ਼ਰਬੰਦ ਸਿੱਖ ਕੈਦੀ ਰਿਹਾਅ ਕੀਤੇ ਜਾਣਗੇ। ਸਿੱਖਾਂ ਦੇ ਕਾਤਲ ਪੁਲਸੀਆਂ ਖ਼ਿਲਾਫ਼ ਕਾਰਵਾਈ ਬਾਰੇ ਸ. ਬਾਦਲ ਦੇ ਐਲਾਨਾਂ ਵਿੱਚੋਂ ਸਿੱਖ ਜਗਤ ਨੂੰ ਆਸ ਸੀ ਕਿ ਹੋਰਨਾਂ ਕਾਂਡਾਂ ਵਾਂਗ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕੇਸ ਦੀ ਵੀ ਪੜਤਾਲ ਹੋਵੇਗੀ ਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਹੋਵੇਗੀ। ਪਰ ਸੱਤਾ ਮਿਲ਼ਦਿਆਂ ਹੀ ਸ. ਬਾਦਲ ਨੇ ਅੱਖਾਂ ਫੇਰ ਲਈਆਂ। ਬਾਦਲ ਨੇ ਉਹਨਾਂ ਪੁਲਸੀਆਂ ਦੀ ਸਰਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੇ ਸਿੱਖਾਂ ਦਾ ਘਾਣ ਕੀਤਾ ਸੀ। ਕੋਈ ਜਾਂਚ ਕਮਿਸ਼ਨ ਨਾ ਬਣਾਇਆ ਤੇ ਕਿਸੇ ਨੌਜਵਾਨ ਦੀ ਰਿਹਾਈ ਨਾ ਕਰਵਾਈ।
ਤਿਵਾੜੀ ਰਿਪੋਰਟ
ਮਨੁੱਖੀ ਹੱਕਾਂ ਨਾਲ਼ ਸੰਬੰਧਿਤ ਜਥੇਬੰਦੀਆਂ ਦੇ ਆਗੂ ਵਾਰ-ਵਾਰ ਸ. ਬਾਦਲ ਕੋਲ਼ ਪੰਜਾਬ ਵਿੱਚ ਹੋਏ ਘਾਣ ਦਾ ਮੁੱਦਾ ਉਠਾਉਂਦੇ ਰਹੇ। ਚਾਰੇ ਪਾਸੇ ਬਾਦਲ ਦੀ ਥੂਹ-ਥੂਹ ਹੋ ਰਹੀ ਸੀ। ਇਸ ਦੌਰਾਨ ਮਈ 1998 ਨੂੰ ਭਾਈ ਕਾਉਂਕੇ ਦੇ ਕਤਲ ਦੀ ਸਾਰੀ ਕਹਾਣੀ ਸਿਪਾਹੀ ਸ. ਦਰਸ਼ਨ ਸਿੰਘ ਹਠੂਰ ਨੇ ਵੀ ਨਸ਼ਰ ਕਰ ਦਿੱਤੀ। 5 ਜੂਨ 1998 ਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਸ. ਕੁਲਦੀਪ ਸਿੰਘ ਦੀ ਅਗਵਾਈ ਹੇਠ ਮਨੁੱਖੀ ਹੱਕਾਂ ਲਈ ਸਰਗਰਮ ਆਗੂਆਂ ਦਾ ਇੱਕ ਵਫ਼ਦ ਮੁੱਖ ਮੰਤਰੀ ਬਾਦਲ ਨੂੰ ਮਿਲ਼ਿਆ ਤੇ ਭਾਈ ਕਾਉਂਕੇ ਦੇ ਕੇਸ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ। ਇਸ ਵਫ਼ਦ ਵਿੱਚ ਸ੍ਰੀ ਰਾਮ ਨਰਾਇਣ ਕੁਮਾਰ, ਜਸਟਿਸ ਅਜੀਤ ਸਿੰਘ ਬੈਂਸ, ਸ. ਇੰਦਰਜੀਤ ਸਿੰਘ ਜੇਜੀ, ਡਾ. ਸੁਖਜੀਤ ਕੌਰ, ਮੇਜਰ ਜਨਰਲ ਨਰਿੰਦਰ ਸਿੰਘ, ਸ. ਅਮਰੀਕ ਸਿੰਘ ਮੁਕਤਸਰ, ਐਡਵੋਕੇਟ ਡੀ.ਐੱਸ. ‘ਗਿੱਲ’, ਐਡਵੋਕੇਟ ਸ. ਰਾਜਵਿੰਦਰ ਸਿੰਘ ਬੈਂਸ, ਐਡਵੋਕੇਟ ਸ. ਅਮਰ ਸਿੰਘ ਚਾਹਲ, ਐਡਵੋਕੇਟ ਸ. ਨਵਕਿਰਨ ਸਿੰਘ, ਸ੍ਰੀਮਤੀ ਬਲਜੀਤ ਕੌਰ ਅਤੇ ਸ. ਜਸਪਾਲ ਸਿੰਘ ਢਿੱਲੋਂ ਸ਼ਾਮਿਲ ਸਨ। ਇਸ ਮੁੱਦੇ ਉੱਤੇ ਇਹਨਾਂ ਸਾਰਿਆਂ ਦੀ ਸਰਗਰਮੀ ਸ਼ਲਾਘਾਯੋਗ ਰਹੀ।
ਸ. ਬਾਦਲ ਨੇ ਐਡੀਸ਼ਨਲ ਡਾਇਰੈਕਟਰ ਜਨਰਲ ਬੀ.ਪੀ. ਤਿਵਾੜੀ ਦੀ ਅਗਵਾਈ ਵਿੱਚ ਜਾਂਚ ਕਮਿਸ਼ਨ ਬਣਾ ਦਿੱਤਾ। ਭਾਵੇਂ ਇਸ ਕਮਿਸ਼ਨ ਨੇ ਆਪਣੀ ਜਾਂਚ ਤਿੰਨ ਮਹੀਨੇ ਵਿੱਚ ਮੁਕੰਮਲ ਕਰਨੀ ਸੀ, ਪਰ ਸਵਾ ਸਾਲ ਮਗਰੋਂ 29 ਸਤੰਬਰ 1999 ਨੂੰ ਹੀ ਇਸ ਕਮਿਸ਼ਨ ਨੇ ਆਪਣੀ ਰਿਪੋਰਟ ਬਾਦਲ ਸਰਕਾਰ ਨੂੰ ਸੌਂਪੀ। ਪਰ ਉਸ ਦਿਨ ਤੋਂ ਬਾਦਲ ਸਰਕਾਰ ਇਸ ਰਿਪੋਰਟ ਨੂੰ ਠੱਪ ਕਰ ਕੇ ਬੈਠ ਗਈ। ਅੱਜ ਤਕ ਸ. ਬਾਦਲ ਨੇ ਉਹ ਰਿਪੋਰਟ ਜਾਰੀ ਨਹੀਂ ਕੀਤੀ, ਉਸ ‘ਤੇ ਕਾਰਵਾਈ ਤਾਂ ਕੀ ਕਰਨੀ ਸੀ। ਨਾ ਤਾਂ ਕੋਈ ਵਿਧਾਇਕ ਅਸੰਬਲੀ ਵਿੱਚ ਇਸ ਬਾਰੇ ਗੱਲ ਕਰਦਾ ਹੈ ਤੇ ਨਾ ਹੀ ਕਿੱਧਰੇ ਕੋਈ ਹੋਰ ਸੁਣਵਾਈ ਹੁੰਦੀ ਹੈ। ਸਪਸ਼ਟ ਹੈ ਕਿ ਸ. ਬਾਦਲ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਜਾਂਚ ਰਿਪੋਰਟ ਜੋ ਵੀ ਹੋਵੇ, ਉਸ ਉੱਤੇ ਅਮਲ ਨਹੀਂ ਕਰਨਾ। ਹੁਣ ਤਾਂ ਲੋਕ ਇਸ ਜਾਂਚ ਰਿਪੋਰਟ ਨੂੰ ਵੀ ਭੁੱਲਦੇ ਜਾ ਰਹੇ ਹਨ।
ਰਿਪੋਰਟ ਜਨਤਕ ਹੋ ਗਈ
ਬਾਦਲ ਸਰਕਾਰ ਤਾਂ ਤਿਵਾੜੀ ਰਿਪੋਰਟ ਨੂੰ ਦੱਬ ਕੇ ਬੈਠ ਗਈ, ਇੱਥੋਂ ਤਕ ਕਿ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਹਾਈਕੋਰਟ ਦੇ ਦਰਾਂ ਉੱਤੇ ਦਿੱਤੀ ਦਸਤਕ ਵੀ ਕੋਈ ਰੰਗ ਨਾ ਲਿਆ ਸਕੀ ਪਰ ਪ੍ਰਸਿੱਧ ਜਰਨਲਿਸਟ ਤੇ ਖੋਜੀ ਪੱਤਰਕਾਰ ਸ. ਐੱਚ.ਐੱਸ. ਬਾਵਾ (ਅੱਜ-ਕੱਲ੍ਹ ਉਹ ‘ਯੈੱਸ ਪੰਜਾਬ’ ਨਾਂ ਦਾ ਇੰਟਰਨੈੱਟ ਅਖ਼ਬਾਰ ਬੜੀ ਕਾਮਯਾਬੀ ਨਾਲ਼ ਚਲਾ ਰਹੇ ਹਨ) ਨੇ ਹਿੰਮਤ ਨਾ ਹਾਰੀ। ਆਖ਼ਰ ਉਹਨਾਂ ਨੂੰ ਤਿਵਾੜੀ ਰਿਪੋਰਟ ਦੀ ਕਾਪੀ ਹਾਸਲ ਕਰਨ ਵਿੱਚ ਸਫ਼ਲਤਾ ਹਾਸਲ ਕਰ ਹੀ ਲਈ, ਜੋ 4 ਜੂਨ 2011 ਨੂੰ ਜਨਤਕ ਹੋਈ। ਭਾਈ ਸਾਹਿਬ ਦੇ ਕਤਲ ਤੋਂ 17 ਸਾਲ ਬਾਅਦ ਅਤੇ ਜਾਂਚ ਮੁਕੰਮਲ ਹੋਣ ਤੋਂ 11 ਸਾਲ ਬਾਅਦ ਜਦੋਂ 7 ਸਫ਼ਿਆਂ ਦੀ ਇਹ ਰਿਪੋਰਟ ਬਾਹਰ ਆਈ ਤਾਂ ਸਪਸ਼ਟ ਹੋਇਆ ਕਿ ਤਿਵਾੜੀ ਰਿਪੋਰਟ ਵਿੱਚ ਵੀ ਸਿੱਖਾਂ ਨਾਲ਼ ਇਨਸਾਫ਼ ਨਹੀਂ ਸੀ ਕੀਤਾ ਗਿਆ।
ਉਂਝ ਇਸ ਰਿਪੋਰਟ ਵਿੱਚ ਪੁਲੀਸ ਵੱਲੋਂ ਖਾੜਕੂਆਂ ਦੇ ਖ਼ਾਤਮੇ ਲਈ ਕੇ.ਪੀ.ਐੱਸ. ‘ਗਿੱਲ’ ਦੀ ਅਗਵਾਈ ਹੇਠ ਅਪਣਾਏ ਗ਼ੈਰ-ਕਨੂੰਨੀ ਵਰਤਾਰੇ ਬਾਰੇ ਕਾਫ਼ੀ ਕੁਝ ਸਾਮ੍ਹਣੇ ਆਇਆ। ਤਿਵਾੜੀ ਰਿਪੋਰਟ ਵਿੱਚ ਭਾਈ ਕਾਉਂਕੇ ਦੇ ਪੁਲੀਸ ਹਿਰਾਸਤ ਵਿੱਚ ਕਤਲ ਹੋਣ ਨੂੰ ਨਹੀਂ ਮੰਨਿਆ ਗਿਆ। ਰਿਪੋਰਟ ਵਿੱਚ ਇਹ ਤਾਂ ਦਰਜ਼ ਹੈ ਕਿ ਭਾਈ ਕਾਉਂਕੇ ਨੂੰ ਲੋਕਾਂ ਦੇ ਸਾਮ੍ਹਣੇ 25 ਦਸੰਬਰ 1992 ਨੂੰ ਪੁਲੀਸ ਨੇ ਚੁੱਕਿਆ ਸੀ, ਪਰ ਨਾਲ਼ ਹੀ ਲਿਖ ਦਿੱਤਾ ਕਿ- ‘ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਕਿ ਭਾਈ ਸਾਹਿਬ ਨੂੰ ਪੁਲੀਸ ਨੇ ਮਾਰ-ਕੁੱਟ ਕੇ ਮਾਰ ਦਿੱਤਾ…।’ ਤਿਵਾੜੀ ਰਿਪੋਰਟ ਨੇ ਪੁਲੀਸ ਦੀ ਸੁਣਾਈ ਕਹਾਣੀ ਨੂੰ ਵੀ ਝੂਠ ਕਿਹਾ ਹੈ ਕਿ ਇਹ ਭਾਈ ਕਾਉਂਕੇ ਕੰਨੀਆਂ ਪਿੰਡ ਕੋਲ਼ ਹੋਈ ਫ਼ਾਇਰਿੰਗ ਦੌਰਾਨ ਬੈਲਟ ਤੋੜ ਕੇ ਭੱਜ ਗਏ ਸਨ। ਇਸ ਕੇਸ ਵਿੱਚ ਸਿਪਾਹੀ ਤਰਸੇਮ ਸਿੰਘ ਦੀ ਬੈਲਟ ਤੋੜ ਕੇ ਹਥਕੜੀ ਕੱਢ ਕੇ ਭੱਜਣ ਲਈ ਇਸ ਸਿਪਾਹੀ ਨੂੰ ਵਿਖਾਵੇ ਲਈ ਮੁਅਤਲ ਕੀਤਾ ਗਿਆ ਸੀ ਤੇ ਫਿਰ ਉਸ ਨੂੰ ਇਸ ਕਾਰੇ ਵਿੱਚ ਸ਼ਾਮਲ ਹੋਣ ਦੇ ਇਵਜ਼ਾਨੇ ਵਜੋਂ ਕੇ.ਪੀ.ਐੱਸ. ‘ਗਿੱਲ’ ਨੇ 28 ਸੀਨੀਅਰ ਮੁਲਾਜ਼ਮਾਂ ਤੋਂ ਪਹਿਲਾਂ ਹੀ ਉਸ ਨੂੰ ਹੌਲਦਾਰ ਬਣਾ ਦਿੱਤਾ ਗਿਆ ਸੀ। ਕੀ ਸਿਪਾਹੀ ਦਰਸ਼ਨ ਸਿੰਘ ਹਠੂਰ ਵਾਂਗ ਕਦੇ ਹੌਲਦਾਰ ਤਰਸੇਮ ਸਿੰਘ ਦੀ ਜ਼ਮੀਰ ਵੀ ਜਾਗੇਗੀ?
ਤਿਵਾੜੀ ਨੇ ਰਿਪੋਰਟ ਵਿੱਚ ਸਿਫ਼ਾਰਸ਼ ਕੀਤੀ ਸੀ ਕਿ ਥਾਣੇਦਾਰ ਗੁਰਜੀਤ ਸਿੰਘ ਖ਼ਿਲਾਫ਼, ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਦਾ ਕੇਸ ਬਣਦਾ ਹੈ। ਪਰ ਸ. ਬਾਦਲ ਨੂੰ ਤਾਂ ਇਸ ਥਾਣੇਦਾਰ ਖ਼ਿਲਾਫ਼ ਕਾਰਵਾਈ ਕਰਨੀ ਵੀ ਮਨਜੂਰ ਨਹੀਂ ਸੀ ਤੇ ਉਹ ਤਰੱਕੀ ਕਰਦਾ-ਕਰਦਾ ਡੀ.ਐੱਸ.ਪੀ. ਬਣ ਗਿਆ ਹੈ। ਭਾਵੇਂ ਤਿਵਾੜੀ ਰਿਪੋਰਟ ਵਿੱਚ ਭਾਈ ਸਾਹਿਬ ਦੇ ਸਾਰੇ ਕਾਤਲ ਟੋਲੇ ਜਿਸ ਵਿੱਚ ਸਵਰਨ ਸਿੰਘ ਘੋਟਣਾ, ਹਰਭਗਵਾਨ ਸਿੰਘ ਸੋਢੀ, ਗੁਰਮੀਤ ਸਿੰਘ, ਚੰਨਣ ਸਿੰਘ ਤੇ ਤਰਸੇਮ ਸਿੰਘ ਖ਼ਿਲਾਫ਼ ਕੋਈ ਤਸੱਲੀਬਖ਼ਸ਼ ਗੱਲ ਨਹੀਂ ਸੀ, ਪਰ ਫੇਰ ਵੀ ਸ. ਬਾਦਲ ਨੇ ਇਸ ਰਿਪੋਰਟ ਨੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਦੇ ਪਾਵਿਆਂ ਹੇਠਾਂ ਦੱਬ ਲਿਆ।
ਰਿਪੋਰਟ ਵਿੱਚ ਸਿਪਾਹੀ ਦਰਸ਼ਨ ਸਿੰਘ ਹਠੂਰ ਬਾਰੇ ਸ੍ਰੀ ਤਿਵਾੜੀ ਨੇ ਲਿਖਿਆ ਕਿ ਪਹਿਲਾਂ ਮਨੁੱਖੀ ਹੱਕਾਂ ਦੀ ਜਥੇਬੰਦੀ ਸਾਮ੍ਹਣੇ ਭਾਈ ਕਾਉਂਕੇ ਨੂੰ ਪੁਲੀਸ ਅਧਿਕਾਰੀਆਂ ਵੱਲੋਂ ਕੁੱਟ-ਕੁੱਟ ਕੇ ਮਾਰਨ ਦੇ ਬਿਆਨ ਦੇਣ ਵਾਲ਼ਾ ਸਿਪਾਹੀ ਦਰਸ਼ਨ ਸਿੰਘ ਹਠੂਰ ਉਹਨਾਂ ਸਾਮ੍ਹਣੇ ਆਪਣੇ ਬਿਆਨ ਤੋਂ ਮੁੱਕਰ ਗਿਆ ਸੀ, ਪਰ ਸਿਪਾਹੀ ਦਰਸ਼ਨ ਸਿੰਘ ਅੱਜ ਵੀ ਲਲਕਾਰ ਕੇ ਕਹਿੰਦਾ ਹੈ ਕਿ- ‘ਮੇਰੇ ਬਿਆਨਾਂ ਵਿੱਚ ਕੋਈ ਹੇਰਾਫੇਰੀ ਪੁਲੀਸ ਨੇ ਹੀ ਕੀਤੀ ਹੋਵੇਗੀ, ਮੈਨੂੰ ਬਥੇਰੇ ਲੋਭ-ਲਾਲਚ ਤੇ ਦਬਾਅ ਦਿੱਤੇ ਗਏ ਪਰ ਮੈਂ ਇਹੀ ਕਹਿੰਦਾ ਰਿਹਾ ਕਿ ਭਾਈ ਸਾਹਿਬ ਨੂੰ ਐੱਸ.ਐੱਸ.ਪੀ. ਘੋਟਣੇ ਨੇ ਮੇਰੀਆਂ ਅੱਖਾਂ ਦੇ ਸਾਮ੍ਹਣੇ ਗੋਲ਼ੀ ਮਾਰੀ ਸੀ।’
ਹੋਰ ਚਾਰਾਜੋਈ
ਅਪ੍ਰੈਲ 2002 ਨੂੰ ਸ. ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਕੀਤੀ ਕਿ ਪੰਜਾਬ ਸਰਕਾਰ ਨੂੰ ਤਿਵਾੜੀ ਰਿਪੋਰਟ ਜਨਤਕ ਕਰਨ ਲਈ ਹਦਾਇਤ ਕੀਤੀ ਜਾਵੇ, ਪਰ ਕੁਝ ਨਾ ਬਣਿਆ ਤੇ ਹਾਈਕੋਰਟ ਨੇ ਇੱਕ ਹੋਰ ਪੜਤਾਲ ਕਰਵਾਉਣ ਦੇ ਹੁਕਮ ਦੇ ਦਿੱਤੇ। ਤਿਵਾੜੀ ਰਿਪੋਰਟ ਨੂੰ ਖ਼ਤਮ ਕਰਦਿਆਂ ਪੰਜਾਬ ਪੁਲੀਸ ਵੱਲੋਂ ਕੀਤੀ ਇਸ ਪੜਤਾਲ ਵਿੱਚ ਸਭ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਇਹ ਪੜਤਾਲ ਆਈ.ਜੀ. ਐੱਸ.ਕੇ. ਸ਼ਰਮਾ ਨੇ ਓਦੋਂ ਦੇ ਕਾਂਗਰਸ ਦੇ ਐੱਸ.ਐੱਸ.ਪੀ. ਸ੍ਰੀ ਸੁਖਵਿੰਦਰ ਸਿੰਘ ਛੀਨਾ ਤੇ ਦੋ ਹੋਰ ਐੱਸ.ਪੀ. ਤੋਂ ਕਰਵਾਈ ਸੀ ਤੇ 2003 ਵਿੱਚ ਆਪਣੀ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਵਾਲ਼ੀ ਸਰਕਾਰ ਮੌਕੇ ਜਮ੍ਹਾ ਕਰਵਾਈ ਸੀ। ਪੁਲੀਸ ਵਾਲ਼ੇ ਆਪਣੇ ਹੀ ਸਾਥੀ ਪੁਲਸੀਆਂ ਦੀ ਕਰਤੂਤ ਕਿਵੇਂ ਨਾ ਲੁਕਾਉਂਦੇ।
ਸੰਤ ਭਿੰਡਰਾਂਵਾਲ਼ਿਆਂ ਦੇ ਬੋਲ
ਭਾਵੇਂ ਇਹ ਗੱਲ ਜੱਗ ਜ਼ਾਹਰ ਹੈ ਕਿ ਜਗਰਾਓਂ ਸੀ.ਆਈ.ਏ. ਸਟਾਫ਼ ਵਿੱਚ ਪੁਲੀਸ ਅਫ਼ਸਰਾਂ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਬੇਦਰਦੀ ਨਾਲ਼ ਤਸੀਹੇ ਦੇ-ਦੇ ਕੇ ਮਾਰ ਮੁਕਾਇਆ ਪਰ ਕਨੂੰਨੀ ਤੌਰ ‘ਤੇ ਉਹ ਹੁਣ ਵੀ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹਨ। ਸਾਰੀਆਂ ਜਾਂਚ-ਪੜਤਾਲਾਂ ਤੇ ਚਾਰਾਜੋਈਆਂ ਭਾਈ ਸਾਹਿਬ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਜਾਂ ਨਿਸ਼ਾਨਦੇਹੀ ਕਰਨ ਵਿੱਚ ਅਸਫ਼ਲ ਰਹੀਆਂ ਹਨ। ਭਾਈ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਜੇ ਸਾਡੀ ਸੁਪਰੀਮ ਸੀਟ ‘ਤੇ ਬਿਰਾਜਮਾਨ ਰਹਿਣ ਵਾਲ਼ੀਆਂ ਹਸਤੀਆਂ ਦਾ ਇਹ ਹਸ਼ਰ ਹੈ ਤਾਂ ਆਮ ਸਿੱਖਾਂ ਲਈ ਇਨਸਾਫ਼ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ। ਇਸ ਨਿਰਾਸ਼ਾਜਨਕ ਮਾਹੌਲ ਵਿੱਚ ਸੰਤ ਭਿੰਡਰਾਂਵਾਲ਼ਿਆਂ ਦੇ ਬੋਲ ਚੇਤੇ ਆਉਂਦੇ ਹਨ। ਉਹ ਕਹਿੰਦੇ ਹੁੰਦੇ ਸੀ- “ਇਨਕੁਆਰੀਆਂ ਵਿੱਚ ਇਨਸਾਫ਼ ਖ਼ਾਲਸਾ ਜੀ ਓਥੇ ਮਿਲ਼ਦਾ ਹੈ, ਜਿੱਥੇ ਕੋਈ ਦਲੀਲ, ਵਕੀਲ ਤੇ ਅਪੀਲ ਹੋਵੇ। ਜਿੱਥੇ ਹੈ ਹੀ ਸਰਾਸਰ ਧੱਕਾ ਤੇ ਇਹ ਨਿਰਣਾ ਕੀਤਾ ਹੈ ਕਿ ਸਿੱਖਾਂ ਨੂੰ ਖ਼ਤਮ ਈ ਕਰਨਾ ਹੈ, ਓਥੇ ਫਿਰ ਵਕੀਲ ਤੇ ਦਲੀਲ ਦੀ ਕੀ ਲੋੜ ਐ?
ਭਾਈ ਸਾਹਿਬ ਨੂੰ ਕਤਲ ਕਰ ਕੇ ਹਕੂਮਤੀ ਮਸ਼ੀਨਰੀ ਨੇ ਸਿੱਖਾਂ ਨੂੰ ਸੰਦੇਸ਼ ਦਿੱਤਾ ਹੈ ਕਿ ਸਿੱਖਾਂ ਦੀ ਵੱਡੀ ਤੋਂ ਵੱਡੀ ਹਸਤੀ ਵੀ ਜੇਕਰ ਪੰਥਕ ਗੱਲ ਕਰੇਗੀ ਤਾਂ ਅਸੀਂ ਉਸ ਨੂੰ ਖ਼ਤਮ ਕਰ ਦਿਆਂਗੇ। ਸ. ਬਾਦਲ ਨੇ ਇਹ ਸਬਕ ਚੰਗੀ ਤਰ੍ਹਾਂ ਚੇਤੇ ਕਰ ਲਿਆ ਹੈ। ਦਿੱਲੀ ਦਰਬਾਰ ਦਾ ਹੱਥ-ਠੋਕਾ ਬਣ ਕੇ ਬਾਦਲ ਦਲ ਹੁਣ ਸਿੱਖੀ ਦੀ ਗੱਲ ਕਰਨੀ-ਸੁਣਨੀ ਬੰਦ ਕਰੀ ਬੈਠਾ ਹੈ। ਅਜੋਕੇ ਸਿੱਖ ਓਸੇ ਬਾਦਲ ਦਲ ਨੂੰ ਵੋਟਾਂ ਪਾਈ ਜਾਂਦੇ ਹਨ, ਜਿਹੜਾ ਕਦੇ ਵੀ ਸਿੱਖੀ ਦੀ ਗੱਲ ਨਹੀਂ ਕਰਦਾ। ਇਹੋ ਜਿਹੇ ਬੰਦੇ ਨੂੰ ‘ਪੰਥ ਰਤਨ’ ਕਹਿਣਾ ਪੰਥ ਦੀ ਬੇਅਦਬੀ ਨਹੀਂ?

WRITTEN BY