Skip to content
Independent perspectives. Global stories.
BREAKING

ਕਿਵੇਂ ਮਾਣੀਏ ਨਵੇਂ ਸਾਲ ਦੀਆਂ ਅਸਲ ਖੁਸ਼ੀਆਂ

Share this story

ਪਰਿਵਰਤਨ ਕੁਦਰਤ ਦਾ ਨਿਯਮ ਹੈ । ਇਸੇ ਨਿਯਮ ਦੇ ਅਧੀਨ ਪੁਰਾਣੇ ਸਾਲ 2019 ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ । ਇਕ ਵਾਰ ਫਿਰ ਨਵਾਂ ਸਾਲ 2020 ਬੂਹਾ ਖੜਕਾ ਰਿਹਾ ਹੈ। ਨਵਾਂ ਸਾਲ ਸਾਡੇ ਸਾਰਿਆਂ ਲਈ ਨਵੀਆਂ ਉਮੰਗਾ ਅਤੇ ਨਵਾਂ ਉਤਸ਼ਾਹ ਲੈ ਕੇ ਆਉਂਦਾ ਹੈ। ਨਵਾਂ ਸਾਲ ਜ਼ਿੰਦਗੀ ਵਿਚ ਨਵੇਂ ਸੰਕਲਪ, ਨਵੀਂ ਸੋਚ ਤੇ ਆਸ਼ਾ ਦੀ ਭਾਵਨਾ ਅਤੇ ਨਵੀਂ ਤਾਜਗੀ ਭਰਨ ਦਾ ਵਧੀਆ ਬਹਾਨਾ ਹੈ।
ਪੁਰਾਣੇ ਦਿਨਾਂ ਵਿਚ, ਨਵਾਂ ਸਾਲ ਪਵਿੱਤਰ ਦਿਨ ਮੰਨਿਆ ਜਾਂਦਾ ਸੀ। ਲੋਕ ਮੰਦਰਾਂ, ਮਸਜਿਦਾਂ, ਚਰਚਾਂ ਅਤੇ ਗੁਰੂਦੁਆਰਿਆਂ ਵਿਚ ਜਾ ਕੇ ਸਰਬੱਤ ਦੇ ਭਲੇ ਅਤੇ ਚੰਗੇ ਕਰਮਾਂ ਲਈ ਅਰਦਾਸ ਕਰਦੇ ਸਨ। ਇਸ ਦਿਨ ਹਰ ਪੇਸ਼ੇ ਦੇ ਲੋਕ, ਨੌਕਰੀ ਕਰਨ ਵਾਲੇ ਕਾਮੇ, ਕਾਰੋਬਾਰੀ, ਵਿਦਿਆਰਥੀ, ਪੇਸ਼ੇਵਰ, ਬੱਚੇ, ਨੌਜਵਾਨ, ਬਜੁਰਗ ਅਤੇ ਅੋਰਤਾਂ ਸਾਰੇ ਨਵੇਂ ਸਾਲ ਵਿਚ ਕੁਝ ਨਾ ਕੁਝ ਨਵਾਂ ਕਰਨ ਲਈ ਆਪਣਾ ਮਨ ਤਿਆਰ ਕਰਦੇ ਸਨ। ਲੋਕ ਨਵੇਂ ਸਾਲ ਦੇ ਦਿਨ ਅਨਾਥ ਆਸ਼ਰਮ, ਬੇਸਹਾਰਾ ਅਤੇ ਬੁਢਾਪਾ ਘਰਾਂ ‘ਚ ਜਾ ਕੇ ਲੰਗਰ ਛਕਾਓਦੇਂ ਅਤੇ ਗਰੀਬਾਂ ਨੂੰ ਪੁੰਨ-ਦਾਨ ਭੀ ਕਰਿਆ ਕਰਦੇ ਸਨ।
ਅੱਜ ਪੂਰੇ ਵਿਸ਼ਵ ਦੇ ਲੋਕ ਨਵੇਂ ਸਾਲ 2020 ਦਾ ਸਵਾਗਤ ਕਰਨ ਲਈ ਖੜੇ ਹਨ। ਨਵੇਂ ਸਾਲ ਦੇ ਸਵਾਗਤ ਲਈ ਘਰਾਂ ‘ਚ ਸਜਾਵਟ ਕੀਤੀ ਗਈ ਹੈ। ਹੋਟਲਾਂ-ਪੱਬਾਂ ਵਿਚ ਵੱਡੀਆਂ ਪਾਰਟੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਨਵੇਂ ਸਾਲ ਦੀ ਖੁਸ਼ੀ ਵਿੱਚ ਲੋਕ ਡੀਜੇ ਦੀ ਉੱਚੀ ਆਵਾਜ਼ ਵਿੱਚ ਨੱਚ-ਗਾ ਰਹੇ ਹਨ। ਕੁਝ ਲੋਕ ਸਰਾਬਾਂ ਪੀ ਕੇ ਟੱਲੀ ਹੋ ਰਹੇ ਹਨ, ਕੁਝ ਜੂਆ ਖੇਡਣ ‘ਚ ਮਸਤ ਹਨ, ਕੁਝ ਕੂਕਾ ਮਾਰਦੇ ਇਧਰ-ਓਧਰ ਭਟਕਦੇ ਫਿਰ ਰਹੇ ਹਨ, ਮੁਕਦੀ ਗੱਲ ਕਿ ਬਹੁਤ ਸਾਰੇ ਲੋਕ ਅਪਣੇ ਹਿਸਾਬ ਨਾਲ ਦਿਲ ਪਰਚਾ ਕੇ ਨਵੇਂ ਸਾਲ ਦੇ ਜਸ਼ਨ ਨੂੰ ਮਾਣ ਰਹੇ ਹਨ। ਇਹ ਸਭ ਕੁਛ ਦੇਖ ਕੇ ਇੰਝ ਜਾਪਦਾ ਹੈ ਕਿ ਅੱਜ ਇਸ ਦਿਨ ਦੀ ਸ਼ੁੱਧਤਾ ਖਤਮ ਹੋ ਗਈ ਲਗਦੀ ਹੈ ਅਤੇ ਇਹ ਦਿਨ ਕੇਵਲ ਖਾਣ-ਪੀਣ, ਨੱਚਣ-ਗਾਉਣ ਅਤੇ ਦਿਲ ਪਰਚਾਵੇ ਦਾ ਇੱਕ ਮੌਕਾ ਬਣ ਕੇ ਰਹਿ ਗਿਆ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ, ਕੀ ਕੇਵਲ ਖਾਣ-ਪੀਣ, ਨੱਚਣ-ਗਾਉਣ ਅਤੇ ਦਿਲ ਪਰਚਾਵੇ ਨਾਲ ਹੀ ਨਵੇਂ ਸਾਲ ਦੀ ਅਸਲ ਖੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ ? ਮੈਂ ਮਹਿਸੂਸ ਕਰਦਾ ਹਾਂ ਕਿ ਦਿਮਾਗ ਵਿਚੋਂ ਈਰਖਾ, ਨਫ਼ਰਤ ਅਤੇ ਹਉਮੈ ਨੂੰ ਕੱਢ ਕੇ ਅਸੀਂ ਆਪਣੇ ਮਨ ਵਿਚ ਪੈਦਾ ਹੋਈਆਂ ਭੈੜੀਆਂ ਭਾਵਨਾਵਾਂ ਅਤੇ ਭੁਲੇਖੇ ਦੂਰ ਕਰ ਕੇ ਜ਼ਿੰਦਗੀ ਵਿਚ ਸੱਚੀ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਾਂ। ਨਵੇਂ ਸਾਲ ਮੋਕੇ ਸਾਨੂੰ ਆਪਣੇ ਨਾਲ ਇਹ ਵਾਅਦਾ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਮਾਪਿਆਂ, ਅਧਿਆਪਕਾਂ, ਮਾਲਕਾਂ, ਨੌਕਰਾਂ, ਛੋਟੇ ਅਤੇ ਵੱਡੇ ਭੈਣ-ਭਰਾਵਾਂ, ਦਾਦਾ-ਦਾਦੀ, ਦੋਸਤਾਂ, ਆਂਢੀਆ-ਗੁਆਂਢੀਆ, ਵਾਤਾਵਰਣ, ਜਾਨਵਰਾਂ ਅਤੇ ਪੰਛੀਆਂ ਨੂੰ ਮਾਣ-ਸਤਿਕਾਰ ਦੇਵਾਂਗੇ ਅਤੇ ਹਮੇਸ਼ਾਂ ਸਾਰਿਆਂ ਦਾ ਖਿਆਲ ਰੱਖਾਂਗੇ।
ਜੇ ਅਸੀਂ ਸੰਸਾਰ ਦੇ ਭਲਾਈ ਕਾਰਜਾਂ ਵਿਚ ਨਿਰੰਤਰ ਰੁੱਝੇ ਹੋਏ ਹਾਂ, ਤਾਂ ਅਸੀਂ ਨਵੇਂਪਨ, ਜੋਸ਼ ਅਤੇ ਉਤਸ਼ਾਹ ਦਾ ਅਨੁਭਵ ਕਰਦੇ ਹਾਂ। ਇਸ ਲਈ ਸਾਨੂੰ ਅਜੋਕੇ ਸਮੇਂ ਦੀ ਚੰਗੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਕੱਲ੍ਹ ਨੂੰ ਨਹੀਂ ਬਲਕਿ ਅੱਜ ਤੋਂ ਹੀ ਚੰਗੇ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਸਾਨੂੰ ਦੁਨੀਆਂ ਨੂੰ ਪਿਆਰ ਅਤੇ ਖੁਸ਼ੀ ਨਾਲ ਵੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਅਜਿਹਾ ਕੋਈ ਕੰਮ ਨਹੀ ਕਰਨਾ ਚਾਹੀਦਾ ਜਿਸ ਨਾਲ ਭਾਈਚਾਰਕ ਸਾਂਝ ਖਰਾਬ ਹੋਵੇ।
ਨਵੇਂ ਸਾਲ ਦੀ ਸ਼ੁਰੂਆਤ ‘ਚ ਨਵੀਂ ਸ਼ਕਤੀ ਪੈਦਾ ਕਰਕੇ ਲੰਘ ਰਹੇ ਸਾਲ ਦੀਆਂ ਅਧੂਰੀਆਂ ਇੱਛਾਵਾਂ ਅਤੇ ਸੰਕਲਪਾਂ ਨੂੰ ਪੂਰਾ ਕਰਨ ਦਾ ਵਧੀਆ ਮੌਕਾ ਹੈ। ਅਸੀਂ ਸਿਹਤ, ਵਾਤਾਵਰਣ, ਕੁਝ ਨਵੇਂ ਅਤੇ ਸ਼ਾਨਦਾਰ ਕੰਮ, ਆਰਥਿਕ ਯੋਜਨਾਬੰਦੀ ਅਤੇ ਹੋਰ ਬਹੁਤ ਸਾਰੀਆਂ ਔਂਕੜਾਂ ਦੇ ਹਲ ਲਈ ਬਹੁਤ ਕੁਝ ਨਵਾਂ ਕਰ ਸਕਦੇ ਹਾਂ। ਨਵੇਂ ਸਾਲ ਵਿੱਚ ਆਪਣੇ ਉਦੇਸ਼ਾਂ ਅਤੇ ਟੀਚਿਆਂ ਨੂੰ ਪੂਰਾ ਕਰਨ ਲਈ ਦ੍ਰਿੜ ਇਰਾਦੇ ਨਾਲ ਕੰਮ ਕਰਨ ਦੇ ਸੰਕਲਪ ਨਾਲ ਹੀ ਨਵਾਂ ਸਾਲ ਮਨਾਉਣਾ ਸਾਰਥਕ ਅਤੇ ਸਫਲ ਹੋ ਸਕਦਾ ਹੈ।

WRITTEN BY