ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰਐਸ ਸੋਢੀ ਦੇ ਅਨੁਸਾਰ ਸਿੱਖ ਪੰਥ ਦੀ ਅੱਜ ਜੋ ਚਿੰਤਾਜਨਕ ਸਥਿਤੀ ਵੇਖਣ-ਸੁਣਨ ਨੂੰ ਮਿਲ ਰਹੀ ਹੈ, ਉਸਦਾ ਮੁੱਖ ਕਾਰਣ, ਉਸਦੀ ਅਗਵਾਈ ਕਰਨ ਅਤੇ ਉਸਦੀਆਂ ਸਥਾਪਤ ਧਾਰਮਕ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ ਦੀਆਂ ਜ਼ਿਮੇਂਦਾਰ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦੇ ਮੁੱਖੀ ਆਪਣੀ ਬਣਦੀ ਜ਼ਿਮੇਂਦਾਰੀ ਨੂੰ ਨਿਭਾਣ ਦੇ ਮੁੱਖ ਰਸਤੇ ਤੋਂ ਨਾ ਕੇਵਲ ਆਪ ਭਟਕ ਗਏ ਹਨ, ਸਗੋਂ ਉਨ੍ਹਾਂ ਨੇ ਆਪਣੇ ਅਧੀਨ ਜ਼ਿਮੇਂਦਾਰ ਸੰਸਥਾਵਾਂ ਨੂੰ ਵੀ ਭਟਕਾ ਦਿੱਤਾ ਹੈ। ਜਸਟਿਸ ਸੋਢੀ ਨੇ ਦਸਿਆ ਕਿ ਜਦੋਂ ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾਂ ਦੇ ਪੰਜੇ ਵਿਚੋਂ ਅਜ਼ਾਦ ਕਰਵਾਇਆ ਗਿਆ ਸੀ ਤਾਂ ਉਨ੍ਹਾਂ ਦੀ ਸੇਵਾ-ਸੰਭਾਲ ਕਰਨ ਲਈ ਅਤੇ ਉਨ੍ਹਾਂ ਵਿੱਚ ਮੂਲ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਨੂੰ ਕਾਇਮ ਰਖਣ ਅਤੇ ਉਨ੍ਹਾਂ ਦੀ ਰਖਿਆ ਕਰਨ ਜ਼ਿਮੇਂਦਾਰੀ ਸੌਂਪਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ ਅਤੇ ਇਸਦੇ ਨਾਲ ਹੀ, ਸਿੱਖਾਂ ਵਲੋਂ ਅੰਤ-ਹੀਨ ਦਿੱਤੀਆਂ ਗਈਆਂ ਕੁਰਬਾਨੀਆਂ ਦੇ ਫਲਸਰੂਪ, ਸਿੱਖ ਧਰਮ ਦੀਆਂ ਸਥਾਪਤ ਧਾਰਮਕ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ ਵਿੱਚ ਉਸਨੂੰ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ) ਸਹਿਯੋਗ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਕਾ ਗਠਨ ਕੀਤਾ ਗਿਆ। ਜਿਉਂ-ਜਿਉਂ ਸਮਾਂ ਬੀਤਦਾ ਚਲਿਆ ਗਿਆ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀ ਆਪਣੇ ਰਾਜਸੀ ਸੁਆਰਥ ਨੂੰ ਪੂਰਿਆਂ ਕਰਨ ਦੀ ਲਾਲਸਾ ਅਧੀਨ ਉਸਨੂੰ ਮੂਲ ਉਦੇਸ਼ਾਂ ਤੋਂ ਭਟਕਾ ਦੂਰ-ਦਰ-ਦੂਰ ਲਿਜਾਂਦੇ ਚਲੇ ਗਏ। ਇਸੇ ਗਲ ਦਾ ਨਤੀਜਾ ਹੈ ਕਿ ਅੱਜ ਹਾਲਾਤ ਉਥੇ ਪੁਜ ਗਏ ਹਨ, ਜਿਨ੍ਹਾਂ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਆਪਣੇ ਮੂਲ ਉਦੇਸ਼ ਤੋਂ ਭਟਕ, ਇਤਨੀ ਦੂਰ ਚਲਾ ਗਿਆ ਹੋਇਆ ਹੈ ਕਿ ਉਸਦੇ ਮੁੱਖੀਆਂ ਤਕ ਨੂੰ ਵੀ ਸ਼ਾਇਦ ਇਸ ਗਲ ਦਾ ਗਿਆਨ ਨਹੀਂ ਰਹਿ ਗਿਆ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਿੰਨ੍ਹਾਂ ਉਦੇਸ਼ਾਂ ਅਤੇ ਆਦਰਸ਼ਾਂ ਨੂੰ ਮੁੱਖ ਰਖਕੇ ਕੀਤੀ ਗਈ ਸੀ?
ਅਕਾਲੀ ਆਗੂ ਬਨਾਮ ਪੰਥਕ ਸੰਸਥਾਵਾਂ ਦਾ ਪਤਨ: ਸ਼੍ਰੋਮਣੀ ਅਕਾਲੀ ਦਲ ਦੇ ਨਾਂ ‘ਤੇ ਇਸ ਸਮੇਂ ਜਿਤਨੇ ਵੀ ਗੁੱਟ ਜਾਂ ਧੜੇ ਹੋਂਦ ਵਿੱਚ ਹਨ, ਉਨ੍ਹਾਂ ਸਾਰਿਆਂ ਦੇ ਮੁੱਖੀਆਂ ਦੇ ਸਾਹਮਣੇ ਕੇਵਲ ਇਕੋ-ਇਕ ਨਿਸ਼ਾਨਾ ਹੈ, ਅਤੇ ਉਹ ਹੈ, ਸੱਤਾ! ਭਾਵੇਂ ਉਹ ਧਾਰਮਕ ਹੋਵੇ ਜਾਂ ਰਾਜਨੀਤਿਕ! ਉਨ੍ਹ੍ਹਾਂ ਨੂੰ ਤਾਂ ਬਸ ਸੱਤਾ ਚਾਹੀਦੀ ਹੈ। ਇਸਦੇ ਲਈ ਉਨ੍ਹਾਂ ਨੂੰ ਜਿਤਨਾ ਵੀ ਹੇਠਾਂ ਡਿਗਣਾ ਪਵੇ, ਉਸਦੇ ਲਈ ਉਹ ਤਿਆਰ ਹਨ। ਇਸੇ ਸੋ ਦਾ ਹੀ ਨਤੀਜਾ ਹੈ ਕਿ ਅੱਜ ਭਾਵੇਂ ਜੋ ਵੀ ਸ਼੍ਰੋਮਣੀ ਅਕਾਲੀ ਦਲ ਦਿਖਾਈ ਦੇ ਰਿਹਾ ਹੈ, ਉਸਦੇ ਮੁੱਖੀ ਸਿੱਖ ਪੰਥ ਦੀਆਂ ਸਮੁਚੀਆਂ ਸੰਸਥਾਵਾਂ ਦੇ ਪਤਨ (ਘਾਣ) ਦੇ ਪ੍ਰਤੀਕ ਬਣ ਗਏ ਹੋਏ ਹਨ।
ਮੂਲ ਆਦਰਸ਼ਾਂ ਤੇ ਮਾਨਤਾਵਾਂ ਦੀ ਸਥਾਪਨਾ ਦੀ ਗਲ: ਕਿਸੇ ਸਮੇਂ ਦਿੱਲੀ ਦੀਆਂ ਕੁਝ ਸਿੱਖ ਸੰਸਥਾਵਾਂ ਦੇ ਮੁੱਖੀਆਂ ਵਲੋਂ ਆਪਸੀ ਸਹਿਯੋਗ ਦੇ ਨਾਲ ਇੱਕ ਸੇਮੀਨਾਰ ਦਾ ਆਯੋਜਨ ਕੀਤਾ ਗਿਆ ਸੀ। ਜਿਸਦਾ ਉਦੇਸ਼ ਸ਼੍ਰੋਮਣੀ ਅਕਾਲੀ ਦਲ ਦੀਆਂ ਮੂਲ ਮਾਨਤਾਵਾਂ ਅਤੇ ਆਦਰਸ਼ਾਂ ਨੂੰ ਮੁੜ ਕੇ ਸਥਾਪਤ ਕਰਨ ਦੇ ਲਈ ਰਸਤਾ ਤਲਾਸ਼ਣਾ ਸੀ। ਇਸ ਸੇਮੀਨਾਰ ਵਿੱੱਚ ਚਿੰਤਕਾਂ, ਬੁਧੀਜੀਵੀਆਂ ਅਤੇ ਪੰਥ ਦਰਦੀਆਂ ਨੇ ਕਈ ਮਹਤੱਤਾਪੂਰਣ ਸੁਝਾਉ ਦਿੱਤੇ। ਸੇਮੀਨਾਰ ਦੀ ਸਮਾਪਤੀ ‘ਤੇ ਆਯੋਜਕਾਂ ਵਲੋਂ ਇਹ ਭਰੋਸਾ ਦੁਆਇਆ ਗਿਆ ਕਿ ਇਸ ਸੇਮੀਨਾਰ ਵਿੱਚ ਪ੍ਰਗਟ ਕੀਤੇ ਗਏ ਵਿਚਾਰਾਂ ਅਤੇ ਦਿੱਤੇ ਗਏ ਸੁਝਾਵਾਂ ਦੀ ਗੰਭੀਰਤਾ ਨਾਲ ਘੋਖ ਕਰ, ਸ਼੍ਰੋਮਣੀ ਅਕਾਲੀ ਦਲ ਦੇ ਮੂਲ ਆਦਰਸ਼ਾਂ ਅਤੇ ਉਸਦੀਆਂ ਮਾਨਤਾਵਾਂ ਨੂੰ ਮੁੜਕੇ ਸਥਾਪਤ ਕਰਨ ਦੇ ਲਈ ਪ੍ਰਭਾਵਸ਼ਾਲੀ ਕਦਮ ਚੁਕੇ ਜਾਣਗੇ। ਇਹ ਭਰੋਸਾ ਦਿਤਿਆਂ ਇੱਕ ਲੰਮਾਂ ਸਮਾਂ ਬੀਤ ਜਾਣ ਤੇ ਵੀ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਇਸ ਪਾਸੇ ਕੋਈ ਕਦਮ ਅੱਗੇ ਵਧਾਇਆ ਵੀ ਗਿਆ ਹੈ ਜਾਂ ਨਹੀਂ। ਉਨ੍ਹਾਂ ਆਯੋਜਕਾਂ ਦੇ ਆਪਣੇ ਰੁਝੇਵੇਂ ਇਤਨੇ ਜ਼ਿਆਦਾ ਹਨ ਕਿ, ਕਿ ਸ਼ਾਇਦ ਉਨ੍ਹਾਂ ਨੂੰ ਵੀ ਯਾਦ ਨਹੀਂ ਰਿਹਾ ਹੋਣਾ ਕਿ ਉਨ੍ਹਾਂ ਨੇ ਬੀਤੇ ਸਮੇਂ ਵਿੱਚ ਸਿੱਖ ਪੰਥ ਨਾਲ ਕੁਝ ਵਾਇਦੇ ਕੀਤੇ ਸਨ ਅਤੇ ਉਸਨੂੰ ਭਰੋਸੇ ਵੀ ਦਿੱਤੇ ਸਨ।
ਲਾਪ੍ਰਵਾਹੀ ਦਾ ਹੀ ਨਤੀਜਾ ਹੈ : ਸ਼ਾਇਦ ਆਪਣੀ ਜ਼ਿਮੇਂਦਾਰੀ ਨਿਭਾਉਣ ਵਲੋਂ ਅਣਗਹਿਲੀ ਜਾਂ ਲਾਪ੍ਰਵਾਹੀ ਕੀਤੇ ਜਾਂਦਿਆਂ ਰਹਿਣ ਦਾ ਹੀ ਨਤੀਜਾ ਹੈ ਕਿ ਆਹਿਸਤਾ-ਆਹਿਸਤਾ ਸਿੱਖ-ਪਨੀਰੀ ਆਪਣੇ ਬਹੁਮੁਲੇ ਵਿਰਸੇ ਤੋਂ ਅਨਜਾਣ ਰਹਿੰਦੀ ਚਲੀ ਜਾ ਰਹੀ ਹੈ ਅਤੇ ਜਦੋਂ ਇਹ ਪਨੀਰੀ ਜਵਾਨੀ ਵਿੱਚ ਪੈਰ ਰਖਦੀ ਹੈ ਤਾਂ ਉਸਦੇ ਲਈ ਸਿੱਖੀ-ਸਰੂਪ ਜੀਵਨ ਦਾ ਇੱਕ ਜ਼ਰੂਰੀ ਅੰਗ ਨਾ ਰਹਿ ਕੇ, ਇੱਕ ਰਸਮੀ ਹਿੱਸਾ ਬਣ ਕੇ ਰਹਿ ਜਾਂਦਾ ਹੈ। ਇਸੇ ਕਾਰਣ ਸਿੱਖੀ-ਸਰੂਪ ਨੂੰ ਬਣਾਈ ਰਖਣਾ ਜਾਂ ਨਾ ਰਖਣਾ, ਉਸ ਲਈ ਮਹਤੱਤਾਪੂਰਣ ਨਹੀਂ ਰਹਿ ਜਾਂਦਾ। ਇਸ ਸੰਬੰਧ ਵਿੱਚ ਫੈਸਲਾ ਉਹ ਆਪਣੀ ਨਿਜੀ ਸੋਚ ਦੇ ਅਧਾਰ ਪੁਰ ਕਰਨ ਲਗਦੀ ਹੈ।
ਇਸਦੇ ਨਾਲ ਹੀ, ਜਿਸ ਰਾਜਸੀ ਸੁਆਰਥ ਲਈ ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀਆਂ ਨੇ ਧਾਰਮਕ ਜ਼ਿਮੇਂਦਾਰੀ ਨੂੰ ਨਿਭਾਣ ਵਲੋਂ ਲਾਪ੍ਰਵਾਹੀ ਵਰਤੀ ਜਾਂ ਉਸਨੂੰ ਅਣਗੋਲਿਆਂ ਕੀਤਾ, ਉਥੇ ਵੀ ਉਹ ਸਿੱਖਾਂ ਦੀ ਸੁਤੰਤਰ ਰਾਜਸੀ ਹੋਂਦ ਕਾਇਮ ਰਖ ਨਹੀਂ ਸਕੇ। ਇਸੇ ਸਥਿਤੀ ਦੇ ਚਲਦਿਆਂ ਅੱਜ ਹਾਲਾਤ ਅਜਿਹੇ ਬਣ ਗੇ ਹਨ ਕਿ ਉਹ ਨਾ ਤਾਂ ਆਪਣੇ ਧਰਮ (ਸਿੱਖੀ) ਦੀ ਰਖਿਆ ਕਰਨ ਅਤੇ ਉਸਦੇ ਆਦਰਸ਼ਾਂ ਦਾ ਪਾਲਣ ਕਰਨ ਪ੍ਰਤੀ ਈਮਾਨਦਾਰ ਰਹਿ ਸਕੇ ਹਨ ਅਤੇ ਨਾ ਹੀ ਰਾਜਸੀ ਖੇਤ੍ਰ ਵਿੱਚ ਹੀ ਆਪਣੀ ਅਤੇ ਸਿੱਖਾਂ ਦੀ ਸੁਤੰਤਰ ਹੋਂਦ ਕਾਇਮ ਰਖ ਪਾਣ ਵਿੱਚ ਹੀ ਸਫਲ ਹੋ ਸਕੇ ਹਨ।
‘ਤੇ ਭਟਕ ਗਿਆ ਅਕਾਲੀ ਦਲ: ਇਸਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਜੋ ਉਦੇਸ਼ ਅਤੇ ਸਿੱਖ ਪੰਥ ਦੇ ਲਈ ਪ੍ਰਾਪਤੀ ਦਾ ਨਿਸ਼ਾਨਾ ਮਿਥਿਆ ਗਿਆ ਸੀ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀਆਂ ਨੇ ਰਾਜਸੀ ਲਾਲਸਾ ਦਾ ਸ਼ਿਕਾਰ ਹੋ, ਸ਼੍ਰੋਮਣੀ ਅਕਾਲੀ ਦਲ ਨੂੰ ਭਟਕਾ ਕੇ ਕਿਧਰੇ ਬਹੁਤ ਹੀ ਦੂਰ ਲੈ ਗਏ ਹਨ, ਜਿਥੋਂ ਸ਼੍ਰੋਮਣੀ ਅਕਾਲ ਦਲ ਦੀ ਹੀ ਨਹੀਂ ਉਨ੍ਹਾਂ ਦੀ ਆਪਣੀ ਵਾਪਸੀ ਦੀ ਵੀ ਕੋਈ ਸੰਭਾਵਨਾ ਵਿਖਾਈ ਨਹੀਂ ਦੇ ਰਹੀ। ਇਕ ੱਪਾਸੇ ਤਾਂ ਉਹ ਸਿੱਖ ਧਰਮ ਦੀਆਂ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਵਿ ਸਫਲ ਨਹੀਂ ਹੋ ਸਕੇ ਅਤੇ ਦੂਜੇ ਪਾਸੇ ਉਨ੍ਹਾਂ ਨੇ ਆਪਣੀ ਰਾਜਸੀ ਲਾਲਸਾ ਨੂੰ ਪੂਰਿਆਂ ਕਰਨ ਦੇ ਲਈ ਆਪਣੇ ਅਤੇ ਸਿੱਖਾਂ ਦੀ ਸੁਤੰਤਰ ਹੋਂਦ ਨੂੰ ਵਿਰੋਧੀ ਸ਼ਕਤੀਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਪਾਸ ਗਿਰਵੀ ਰਖ ਦਿੱਤਾ।
ਅਤੇ ਅੰਤ ਵਿੱਚ : ਇਸ ਤਰ੍ਹਾਂ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਅਤੇ ਸਿੱਖ ਧਰਮ ਦੇ ਰਖਿਅਕ ਹੋਣ ਦੇ ਦਾਅਵੇਦਾਰ ਅਕਾਲੀ ਆਗੂਆਂ ਨੇ ਨਾ ਤਾਂ ਧਾਰਮਕ ਮਾਨਤਾਵਾਂ ਹੀ ਕਾਇਮ ਰਹਿਣ ਦਿੱਤੀਆਂ ਅਤੇ ਨਾ ਹੀ ਰਾਜਸੀ ਖੇਤ੍ਰ ਵਿੱਚ ਉਹ ਆਪਣੀ ਅਤੇ ਸਿੱਖਾਂ ਦੀ ਸੁਤੰਤਰ ਹੋਂਦ ਨੂੰ ਹੀ ਕਾਇਮ ਰਖਣ ਵਿੱਚ ਸਫਲ ਹੋ ਸਕੇ।