April 24, 2026 12:04 pm

ਪੰਜਾਬੀ ਸੰਗੀਤ ਅਰਸ਼ ਤੋਂ ਫਰਸ਼ ਵੱਲ

ਪੰਜਾਬੀ ਸੰਗੀਤ ਪੰਜਾਬੀ ਸਭਿਆਚਾਰ ਦੀ ਜਿੰਦ – ਜਾਨ ਹੈ । ਪੰਜਾਬੀ ਸੰਗੀਤ ਉਹ ਹੈ ਜੋ ਮੁਰਦੇ ਵਿੱਚ ਵੀ ਰੂਹ ਫੂਕਣ ਦੀ ਹਿੰਮਤ ਰੱਖਦਾ ਹੈ । ਇਸ ਪੰਜਾਬੀ ਸੰਗੀਤ ਨੇ ਪੂਰੀ ਦੁਨੀਆਂ ਨੂੰ ਝੂੰਮਣ ਲਾ ਦਿੱਤਾ । ਅੰਤਾਂ ਦੀ ਰਵਾਨਗੀ ਹੈ ਇਸ ਸੰਗੀਤ ਵਿੱਚ । ਪੰਜਾਬੀ ਸੰਗੀਤ ਵਿੱਚ ਹਰ ਰਿਸ਼ਤੇ ਦੀ ਗੱਲ ਹੁੰਦੀ ਹੈ । ਚਾਹੇ ਉਹ ਮਾਂ-ਧੀ , ਭੈਣ-ਭਰਾ , ਪਤੀ-ਪਤਨੀ , ਨਣਦ-ਭਰਜਾਈ ਜਾਂ ਫਿਰ ਦਿਉਰ-ਭਰਜਾਈ ਦਾ ਹੋਵੇ ਭਾਵ ਹਰ ਰਿਸ਼ਤੇ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ ਪੰਜਾਬੀ ਸੰਗੀਤ । ਪੰਜਾਬੀ ਸੰਗੀਤ ਦਾ ਅਸਲੀ ਆਧਾਰ ਸਾਡੇ ਲੋਕ ਗੀਤ ਹਨ । ਪੰਜਾਬ ਦੀ ਕੋਇਲ ਸੁਰਿੰਦਰ ਕੌਰ , ਯਮਲਾ ਜੱਟ , ਗੁਰਮੀਤ ਬਾਵਾ , ਆਸਾ ਸਿੰਘ ਮਸਤਾਨਾ , ਗੁਰਦਾਸ ਮਾਨ , ਨਰਿੰਦਰ ਬੀਬਾ , ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ , ਡੋਲੀ ਗੁਲੇਰੀਆ ਆਦਿ ਲੋਕ ਗਾਇਕਾਂ ਨੇ ਪੰਜਾਬੀ ਸੰਗੀਤ ਨੂੰ ਆਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ ਹੈ ।
ਜਦੋਂ ਸੁਰਿੰਦਰ ਕੌਰ ਜੀ ਨੇ ਗਾਇਆ –
‘ਮਧਾਣੀਆਂ ਹਾਏ ਉਏ ਮੇਰੇ ਡਾਢਿਆ ਰੱਬਾ
ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ’
ਤਾਂ ਉਹ ਗੀਤ ਅਮਰ ਬਣ ਗਿਆ । ਇਸ ਲੋਕ ਗੀਤ ਨੇ ਹਰ ਮਨੁੱਖੀ ਹਿਰਦੇ ਨੂੰੰ ਟੁੰਬਿਆ । ਹਰ ਧੀ ਦੀ ਵਿਦਾਈ ਸਮੇ ਇਹ ਲੋਕ ਗੀਤ ਆਮ ਹੀ ਸੁਨਣ ਨੂੰ ਮਿਲਦਾ ਹੈ । ਇਸ ਵਿੱਚ ਧੀ ਦੇ ਦਰਦ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ ।
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਨੇ ਜਦੋਂ ਗਾਇਆ –
‘ਮਾਂ ਹੁੰਦੀ ਹੈ ਮਾਂ ਉਏ ਦੁਨੀਆਂ ਵਾਲਿਓ
ਮਾਂ ਤਾਂ ਠੰਢੜੀ ਛਾਂ ਉਏ ਦੁਨੀਆਂ ਵਾਲਿਓ
ਮਾਂ ਦੀ ਪੂਜਾ ਰੱਬ ਦੀ ਪੂਜਾ
ਮਾਂ ਤਾਂ ਰੱਬ ਦਾ ਨਾਮ ਹੈ ਦੂਜਾ’
ਤਾਂ ਇਸ ਗੀਤ ਨੇ ਉਨ੍ਹਾਂ ਨੂੰ ਸੰਗੀਤ ਦੀ ਦੁਨੀਆਂ ਦਾ ਬਾਦਸ਼ਾਹ ਬਣਾ ਦਿੱਤਾ । ਇਸ ਗੀਤ ਰਾਹੀਂ ਉਨ੍ਹਾਂ ਮਾਂ ਦੇ ਪਵਿੱਤਰ ਰਿਸ਼ਤੇ ਨੂੰ ਬਿਆਨ ਕੀਤਾ ਹੈ ਤੇ ਮਾਂ ਨੂੰ ਰੱਬ ਦੇ ਬਰਾਬਰ ਦਾ ਦਰਜਾ ਦਿੱਤਾ ਹੈ । ਅਸਲ ਵਿੱਚ ਇਹ ਸੱਚ ਵੀ ਹੈ ਕਿਉਂਕਿ ਮਾਂ ਆਪਣੀ ਔਲਾਦ ਲਈ ਸਦਾ ਠੰਢੜੀ ਛਾਂ ਹੀ ਹੁੰਦੀ ਹੈ ।
ਇਸੇ ਤਰਾਂ੍ਹ ਲੰਮੀ ਹੇਕ ਦੀ ਮਲਿਕਾ ਗੁਰਮੀਤ ਬਾਵਾ ਜਦੋਂ ਹੱਥ ਉਤਾਹ ਉਲਾਰ ਕੇ ਅਤੇ ਲੰਮੀ ਹੇਕ ਲਾ ਕੇ ਕਹਿੰਦੀ ਹੈ –
‘ਮੇਰੀ ਜੁਗਨੀ ਦੇ ਧਾਗੇ ਬੱਗੇ
ਜੀਹਨੂੰ ਸੱਟ ਇਸ਼ਕ ਦੀ ਲੱਗੇ’
ਤਾਂ ਦਰਸ਼ਕ ਸਾਹ ਰੋਕ ਲੈਂਦੇ ਹਨ । ਇਸੇ ਤਰ੍ਹਾਂ ਪੰਜਾਬੀਆਂ ਦੇ ਮਾਣ ਗੁਰਦਾਸ ਮਾਨ ਨੇ ਛੱਲੇ ਨੂੰ ਅਮਰ ਬਣਾ ਦਿੱਤਾ । ਪੂਰੀ ਦੁਨੀਆਂ ਵਿੱਚ ਛੱਲਾ ਦੋ ਗਾਇਕਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਇਕ ਸਰਹੱਦੋਂ ਪਾਰ ਦੇ ਅਮਾਨਤ ਅਲੀ ਦੇ ਨਾਮ ਨਾਲ ਅਤੇ ਦੂਸਰਾ ਪੰਜਾਬੀਆਂ ਦੇ ਮਾਣ ਗੁਰਦਾਸ ਮਾਨ ਦੇ ਨਾਮ ਨਾਲ ।ਗੁਰਦਾਸ ਮਾਨ ਦੁਆਰਾ ਗਾਏ ਛੱਲੇ ਦੇ ਬੋਲ ਅੱਜ ਵੀ ਹਰ ਪੰੰਜਾਬੀ ਦੀ ਜੁਬਾਨ ‘ਤੇ ਹਨ –
‘ਜਾਵੋ ਨੀ ਕੋਈ ਮੋੜ ਲਿਆਵੋ
ਮੇਰੇ ਨਾਲ ਗਿਆ ਅੱਜ ਲੜ੍ਹ ਕੇ
ਅੱਲਾ ਕਰੇ ਜੇ ਆ ਜਾਵੇ ਸੋਹਣਾ
ਦੇਵਾਂ ਜਾਨ ਕਦਮਾਂ ਵਿੱਚ ਧਰ ਕੇ’
ਅੱਜ ਵੀ ਪੰਜਾਬੀਆਂ ਦੀ ਹਰ ਖੁਸ਼ੀ ਅਤੇ ਜਸ਼ਨ ਜੁਗਨੀ ਅਤੇ ਛੱਲੇ ਤੋਂ ਬਿਨ੍ਹਾਂ ਅਧੂਰੇ ਸਮਝੇ ਜਾਂਦੇ ਹਨ । ਅਸਲ ਵਿੱਚ ਇਹ Àਹ ਲੋਕ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਸੰਗੀਤ ਨੂੰ ਉਸਦੀ ਅਸਲੀ ਪਹਿਚਾਣ ਦਿਵਾਈ ਅਤੇ ਆਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚਾਇਆਂ।
ਪਰ ਜੇਕਰ ਹੁਣ ਅਸੀ ਅਜੋਕੇ ਯੁੱਗ ਦੀ ਗਾਇਕੀ ਦੀ ਗੱਲ ਕਰੀਏ ਤਾਂ ਇਹ ਪੂਰੀ ਤਰ੍ਹਾਂ ਨਿਘਾਰ ਵੱਲ ਜਾ ਰਹੀ ਹੈ । ਅੱਜ ਦੇ ਗਾਇਕ ਭਾਂਵੇ ਲੱਚਰ ਗੀਤ ਗਾ ਕੇ ਕਾਫੀ ਪੈਸਾ ਕਮਾ ਰਹੇ ਹੋਣ ਜਾਂ ਪਹਿਚਾਣ ਬਣਾ ਰਹੇ ਹੋਣ ਪਰ ਇਹ ਪੈਸਾ ਅਤੇ ਸ਼ੋਹਰਤ ਸਿਰਫ ਚਾਰ ਦਿਨ ਦੀ ਚਾਨਣੀ ਹੀ ਸਾਬਤ ਹੋਵੇਗੀ ।ਅੱਜ ਦੇ ਗਾਇਕਾਂ ਨੇ ਤਾਂ ਪੰਜਾਬੀ ਸੰਗੀਤ ਦੀ ਕਮਰ ਹੀ ਤੋੜ ਕੇ ਰੱਖ ਦਿੱਤੀ ਹੈ । ਮੰਨੋਰੰਜਨ ਦੇ ਨਾ ਉੱਤੇ ਜੋ ਕੁਝ ਦਰਸ਼ਕਾਂ ਅੱਗੇ ਪਰੋਸਿਆ ਜਾ ਰਿਹਾ ਹੈ ਉਹ ਬੇਹੱਦ ਸ਼ਰਮਨਾਕ ਹੈ । ਸੰਗੀਤ ਦੇ ਨਾਲ – ਨਾਲ ਰਹਿੰਦੀ ਕਸਰ ਵੀਡਿਓ ਬਣਾਉਣ ਵਾਲਿਆਂ ਨੇ ਪੂਰੀ ਕਰ ਦਿੱਤੀ ਹੈ । ਅੱਜ – ਕੱਲ੍ਹ ਦੇ ਗੀਤਾਂ ਵਿੱਚ ਗਾਇਕ ਗੱਲ ਸੱਗੀ ਫੁੱਲ , ਫੁੱਲਕਾਰੀ ਦੀ ਕਰ ਰਹੇ ਹੁੰਦੇ ਹਨ ਪਰ ਵੀਡਿਓ ਵਿੱਚ ਫੁੱਲਕਾਰੀ ਤਾਂ ਕੀ ਦਿੱਸਣੀ ਮਾਡਲ ਦੇ ਕਦੀ ਪੰਜਾਬੀ ਪਹਿਰਾਵਾ ਪਾਇਆ ਵੀ ਨਹੀ ਦਿੱਸਦਾ । ਪੰਜਾਬੀ ਸੰਗੀਤ ਉੱਤੇ ਪੱਛਮ ਦਾ ਪ੍ਰਭਾਵ ਇਸ ਕਦਰ ਪਿਆ ਹੈ ਕਿ ਪੰਜਾਬੀ ਸੰਗੀਤ ਵਿੱਚ ਹੁਣ ਸਿਰਫ ਨੰਗੇਜ ਹੀ ਬਾਕੀ ਰਹਿ ਗਿਆ ਹੈ ।
ਅੱਜ ਪੰਜਾਬੀ ਸੰਗੀਤ ਦੀ ਹਾਲਤ ਇੰਨੀ ਤਰਸਯੋਗ ਹੈ ਕਿ ਇਸਨੂੰ ਪਰਿਵਾਰ ਵਿੱਚ ਬੈਠ ਕੇ ਤਾਂ ਕੀ ਆਦਮੀ ਇਕੱਲਾ ਵੀ ਨਹੀ ਸੁਣ ਸਕਦਾ । ਕੁਝ ਸਮਾਂ ਪਹਿਲਾਂ ਇਕ ਗੀਤ ਆਇਆ –
‘ਚੱਕ ਲਓ ਰੱਬ ਦਾ ਨਾਂ ਲੈ ਕੇ ਰੰਨ ਬੋਤਲ ਵਰਗੀ’
ਜਦੋਂ ਅਸੀ ਆਪਣੀਆਂ ਧੀਆਂ – ਭੈਣਾਂ ਦੀ ਤੁਲਨਾ ਬੋਤਲ ਜਾਂ ਬੱਸਾਂ ਨਾਲ ਕਰਾਂਗੇ ਤਾਂ ਸਾਡੇ ਸਮਾਜ ਦਾ ਨਿਘਾਰ ਨਿਸ਼ਚਿਤ ਹੈ । ਕੀ ਔਰਤ ਜਾਤ ਦਾ ਆਪਣਾ ਕੋਈ ਵਜੂਦ ਨਹੀ ਹੈ ਜੋ ਉਸਦੀ ਤੁਲਨਾ ਬੋਤਲਾਂ , ਬੱਸਾ ਨਾਲ ਹੋ ਰਹੀ ਹੈ । ਅਜੋਕੇ ਗਾਇਕਾਂ , ਗੀਤਕਾਰਾਂ ਨੇ ਔਰਤ ਨੂੰ ਸਿਰਫ ਨੁਮਾਇਸ਼ ਦੀ ਵਸਤੂ ਬਣਾ ਕੇ ਰੱਖ ਦਿੱਤਾ ਹੈ ।
ਇਸੇ ਅਜੋਕੀ ਗਾਇਕੀ ਦਾ ਇਕ ਹੋਰ ਨਮੂਨਾ –
‘ਤੀਜਾ ਪੈੱਗ ਲਾ ਕੇ ਤੇਰੀ ਬਾਂਹ ਫੜ੍ਹਨੀ’
ਆਖਿਰ ਇਹ ਕਿਹੋ ਜਿਹਾ ਸਭਿਆਚਾਰ ਅਸੀ ਪੇਸ਼ ਕਰ ਰਹੇ ਹਾਂ ।ਨਸ਼ਿਆਂ ਦੇ ਇਸ ਵਗ ਰਹੇ ਛੇਵੇਂ ਦਰਿਆ ਨੇ ਤਾਂ ਪਹਿਲਾਂ ਹੀ ਸਾਡੇ ਸਮਾਜ ਦਾ ਬੇੜਾ ਗਰਕ ਕੀਤਾ ਹੋਇਆ ਹੈ ਅਤੇ ਸਾਡੇ ਗਾਇਕ ਵੀਰ ਆਪਣੇ ਗੀਤਾਂ ਰਾਹੀਂ ਇਨ੍ਹਾਂ ਨਸ਼ਿਆਂ ਦੀ ਪ੍ਰਸਿੱਧੀ ਇਸ ਤਰ੍ਹਾਂ ਕਰ ਰਹੇ ਹਨ ਜਿਵੇਂ ਇਹ ਨਸ਼ੇ ਨਾ ਹੋ ਕੇ ਕੋਈ ਖੂਨ ਵਧਾਉਣ ਦੀ ਦਵਾਈ ਹੋਣ ।ਅੱਜ ਦੇ ਗਾਇਕ ਵੀਰ ਇਹ ਤਾਂ ਬਿਲਕੁਲ ਵੀ ਨਹੀ ਸੋਚਦੇ ਕਿ ਕਿਸੇ ਦੀ ਧੀ – ਭੈਣ ਦੀ ਬਾਂਹ ਫੜ੍ਹਨਾ ਕਿਨ੍ਹੀ ਸ਼ਰਮ ਦੀ ਗੱਲ ਹੈ ।ਅੱਜ ਦੇ ਸਾਡੇ ਗਾਇਕ ਵੀਰਾਂ ਨੇ ਔਰਤ ਜਾਤ ਨੂੰ ਇਕ ਨਵਾਂ ਨਾਮ ਦਿੱਤਾ ਹੈ ‘ਪੁਰਜਾ’ ਅਤੇ ‘ਯੈਂਕਣ’ । ਇਸੇ ਤਰ੍ਹਾਂ ਇਹਨਾਂ ਗਾਇਕਾਂ ਨੇ ਸਾਡੇ ਸਰਦਾਰੀ ਦੇ ਅਕਸ ਨੂੰ ਵੀ ਬਿਲਕੁਲ ਹੀ ਖਰਾਬ ਕਰ ਕੇ ਰੱਖ ਦਿੱਤਾ ਹੈ । ਇਸ ਸਰਦਾਰੀ ਲਈ ਸਾਡੇ ਵਡੇਰਿਆਂ ਨੇ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ , ਅਨੇਕਾਂ ਤਸੀਹੇ ਝੱਲੇ ਹਨ ਪਰ ਇਨ੍ਹਾਂ ਗਾਇਕਾਂ ਨੇ ਸਰਦਾਰਾਂ ਨੂੰ ਸਿਰਫ ਅਸਲਾ ਰੱਖਣ , ਗੇੜੀਆਂ ਮਾਰਨ ਅਤੇ ਸ਼ਰਾਬਾਂ ਪੀ ਕੇ ਨੱਚਣ ਤੱਕ ਸੀਮਤ ਕਰ ਦਿੱਤਾ ਹੈ ।
ਅੱਜ ਹਰ ਗਾਇਕ ਇਹੀ ਕਹਿ ਕੇ ਆਪਣਾ ਪੱਲਾ ਆਪਣੀ ਜਿੰਮੇਵਾਰੀ ਤੋਂ ਝਾੜ ਲੈਂਦਾ ਹੈ ਕਿ ਜੋ ਦਰਸ਼ਕ ਦੇਖਦੇ ਹਨ ਉਹੀ ਅਸੀ ਪੇਸ਼ ਕਰਦੇ ਹਾਂ ਪਰ ਉਹ ਇਹ ਕਿਓ ਨਹੀ ਸਮਝਦੇ ਕਿ ਜਦੋਂ ਤੁਸੀ ਦਰਸ਼ਕਾਂ ਨੂੰ ਕੁਝ ਸਾਫ ਸੁਥਰਾ ਦਿਖਾਉਗੇ ਹੀ ਨਹੀ ਤਾਂ ਉਹ ਦੇਖਣਗੇ ਕੀ । ਉਹਨਾਂ ਨੂੰ ਚੁਨਣ ਲਈ ਕੋਈ ਹੋਰ ਵਿਕਲਪ ਤਾਂ ਦਿੱਤਾ ਜਾਵੇ । ਉਹ ਉਹੀ ਦੇਖ ਰਹੇ ਹਨ ਜੋ ਤੁਸੀ ਦਿਖਾ ਰਹੇ ਹੋ । ਜੇਕਰ ਦਰਸ਼ਕ ਇੰਨਾ ਹੀ ਮਾੜਾ ਦੇਖਣਾ ਚਾਹੁੰਦੇ ਤਾਂ ਫਿਰ ਗੁਰਦਾਸ ਮਾਨ , ਸਤਿੰਦਰ ਸਰਤਾਜ ਜਿਹੇ ਗਾਇਕ ਪੰਜਾਬੀਆਂ ਦੀ ਜਾਨ ਨਾ ਹੁੰਦੇ । ਅੱਜ ਸਰੋਤਾ ਵਰਗ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਚੰਗਾ ਸੁਨਣ ਅਤੇ ਲੱਚਰ ਗੀਤਾਂ ਦਾ ਵਿਰੋਧ ਕਰਨ । ਇਹ ਗਾਇਕ ਆਪਣੇ ਗੀਤਾਂ ਰਾਹੀਂ ਸਾਡੀਆਂ ਧੀਆਂ – ਭੈਣਾਂ ਦੀ ਬੇਇੱਜਤੀ ਕਰੀ ਜਾ ਰਹੇ ਹਨ ਅਤੇ ਅਸੀ ਉਨ੍ਹਾਂ ਹੀ ਗੀਤਾਂ ਉਤੇ ਬੇਸ਼ਰਮਾਂ ਦੀ ਤਰ੍ਹਾਂ ਨੱਚੀ ਜਾ ਰਹੇ ਹਾਂ ।
ਅੱਜ ਲੋੜ ਹੈ ਹਰ ਗਾਇਕ ,ਗੀਤਕਾਰ , ਸੰਗੀਤਕਾਰ ਨੂੰ ਪੰਜਾਬੀ ਸਭਿਆਚਾਰ ਪ੍ਰਤੀ ਬਣਦੀ ਆਪਣੀ ਜਿੰਮੇਵਾਰੀ ਸਮਝਣ ਅਤੇ ਨਿਭਾਉਣ ਦੀ । ਪੰਜਾਬੀ ਸੰਗੀਤ ਜੋ ਅਰਸ਼ ਤੋਂ ਫਰਸ਼ ਵੱਲ ਜਾ ਰਿਹਾ ਹੈ ਉਸਨੂੰ ਮੁੜ ਅਰਸ਼ ਤੇ ਪਹੁੰਚਾਉਣ ਲਈ ਸਮੂਹ ਪੰਜਾਬੀਆਂ ਨੂੰ ਮਿਲ ਕੇ ਯਤਨ ਕਰਨੇ ਪੈਣਗੇ । ਪੰਜਾਬੀਆਂ ਨੂੰ ਪੰਜਾਬ ਦੀ ਪਵਿੱਤਰ ਫਿਜਾ ਵਿੱਚ ਅਸ਼ਲੀਲਤਾ ਦੀ ਘੁਲ ਰਹੀ ਇਸ ਜਹਿਰ ਨੂੰ ਰੋਕਣਾ ਪਵੇਗਾ । ਪੰਜਾਬੀ ਸਭਿਆਚਾਰ ਨੂੰ ਜਿਉਂਦਾ ਰੱਖਣ ਲਈ ਇਹ ਲੱਚਰਤਾ ਰੋਕਣੀ ਜਰੂਰੀ ਹੈ ਤਾਂ ਕਿ ਪੰਜਾਬੀ ਸੰਗੀਤ ਮੁੜ ਆਪਣੀਆਂ ਬੁਲੰਦੀਆਂ ਨੂੰ ਪ੍ਰਾਪਤ ਕਰ ਸਕੇ ।

Send this to a friend