April 24, 2026 3:20 pm

ਕੈਪਟਨ ਵਿਧਾਇਕਾਂ ਦੀ ਸੁਣਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਸ਼ਕ ਕਾਂਗਰਸ ਦੇ ਸਾਰੇ ਨੇਤਾਵਾਂ ਅਤੇ ਵਿਧਾਇਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਪ੍ਰੰਤੂ ਇਸ ਦੇ ਬਾਵਜੂਦ ਪੰਜਾਬ ਦੇ ਕੁੱਝ ਵਿਧਾਇਕਾਂ ਵੱਲੋਂ ਉਨ੍ਹਾਂ ਖਿਲਾਫ ਜਨਤਕ ਤੌਰ ‘ਤੇ ਬੋਲਣਾ ਬਹੁਤ ਹੀ ਚਿੰਤਾਜਨਕ ਵਰਤਾਰਾ ਹੈ। ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਖਿਲਾਫ ਭੜਾਸ ਕੱਢਣ ਵਾਲੇ ਪ੍ਰਮੁੱਖ ਵਿਧਾਇਕ ਉਨ੍ਹਾਂ ਦੇ ਜ਼ਿਲ੍ਹੇ ਨਾਲ ਹੀ ਸਬੰਧਤ ਹਨ। ਕਾਂਗਰਸੀ ਵਿਧਾਇਕਾਂ ਦਾ ਮੁੱਖ ਮੰਤਰੀ ਅਤੇ ਸਰਕਾਰ ਖਿਲਾਫ ਬੋਲਣਾ ਸਿਆਸੀ ਤੌਰ ‘ਤੇ ਇਕ ਵੱਡਾ ਮਸਲਾ ਹੈ। ਬੇਸ਼ਕ ਵਿਧਾਇਕਾਂ ਦੀਆਂ ਸ਼ਿਕਾਇਤਾਂ ਵਿੱਚ ਕੋਈ ਸਚਾਈ ਨਾ ਹੋਵੇ ਪ੍ਰੰਤੂ ਉਨ੍ਹਾਂ ਦਾ ਜਨਤਕ ਤੌਰ ‘ਤੇ ਬੋਲਣਾ ਸਰਕਾਰ ਅਤੇ ਮੁੱਖ ਮੰਤਰੀ ਲਈ ਵੱਡਾ ਘਾਟਾ ਹੋ ਸਕਦਾ ਹੈ। ਇਸ ਨਾਲ ਖੁਦ ਮੁਖ ਮੰਤਰੀ ਅਤੇ ਸਰਕਾਰ ਦੇ ਅਕਸ ਉੱਪਰ ਮਾੜਾ ਅਸਰ ਪੈ ਰਿਹਾ ਹੈ। ਆਮ ਲੋਕਾਂ ਵਿੱਚ ਇਹ ਪ੍ਰਭਾਵ ਪੈਣਾ ਸੁਭਾਵਿਕ ਹੈ ਕਿ ਕਾਂਗਰਸ ਦੇ ਸਾਰੇ ਵਿਧਾਇਕ ਮੁੱਖ ਮੰਤਰੀ ਦੇ ਨਾਲ ਨਹੀਂ ਹਨ। ਇਸ ਦੇ ਨਾਲ ਹੀ ਇਹ ਸ਼ੰਕੇ ਵੀ ਖੜ੍ਹੇ ਹੋ ਰਹੇ ਹਨ ਕਿ ਪੰਜਾਬ ਵਿੱਚ ਅਫਸਰਸ਼ਾਹੀ ਭਾਰੂ ਹੈ ਅਤੇ ਉਹ ਹੀ ਸਰਕਾਰ ਚਲਾ ਰਹੀ ਹੈ। ਇਸ ਪ੍ਰਭਾਵ ਨੂੰ ਜਿਨਾ ਜਲਦੀ ਹੋ ਸਕੇ ਖਤਮ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਜੇਕਰ ਵਿਧਾਇਕਾਂ ਦੀ ਇਹ ਨਰਾਜ਼ਗੀ ਜਾਰੀ ਰਹਿੰਦੀ ਹੈ ਤਾਂ ਇਸ ਨਾਲ ਪੰਜਾਬ ਕਾਂਗਰਸ ਨੂੰ ਵੱਡੀਆਂ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਦੋ ਸਵਾ ਦੋ ਸਾਲ ਦਾ ਸਮਾਂ ਹੀ ਬਾਕੀ ਹੀ ਰਹਿ ਗਿਆ ਹੈ। ਇਸ ਲਈ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਨੂੰ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੈ। ਪਾਰਟੀ ਨੇਤਾਵਾਂ ਅਤੇ ਵਿਧਾਇਕਾਂ ਦੀਆਂ ਸਾਰੀਆਂ ਸ਼ਿਕਾਇਤਾਂ ਨੂੰ ਸੁਣਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਮੇਂ ਸਿਰ ਹੱਲ ਕੱਢਿਆ ਜਾਵੇ। ਸਰਕਾਰ ਦੀ ਕਾਰਗੁਜ਼ਾਰੀ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਵੀ ਹੁਣੇ ਤੋਂ ਯਤਨ ਹੋਣੇ ਚਾਹੀਦੇ ਹਨ। ਮੁੱਖ ਮੰਤਰੀ ਨੂੰ ਵਿਧਾਇਕਾਂ ਨਾਲ ਸਿੱਧੇ ਤੌਰ ‘ਤੇ ਆਪ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਪੂਰੀ ਤਸਵੀਰ ਸਾਹਮਣੇ ਆ ਸਕੇ। ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿਕਾਸ ਕਾਰਜਾਂ ਵੱਲ ਵੀ ਫੌਰੀ ਤੌਰ ‘ਤੇ ਧਿਆਨ ਦੇਣਾ ਚਾਹੀਦਾ ਹੈ। ਹਰ ਹਲਕੇ ਲਈ ਵਿਧਾਇਕਾਂ ਦੀਆਂ ਸਿਫਾਰਸ਼ਾਂ ਮੁਤਾਬਿਕ ਤੁਰੰਤ ਫੰਡ ਜਾਰੀ ਕੀਤੇ ਜਾਣ। ਜੇਕਰ ਕੋਈ ਅਫਸਰ ਵਿਧਾਇਕਾਂ ਜਾਂ ਹੋਰ ਨੇਤਾਵਾਂ ਦੀ ਗੱਲਬਾਤ ਨਹੀਂ ਸੁਣਦਾ ਤਾਂ ਤੁਰੰਤ ਉਸ ਖਿਲਾਫ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇ। ਸਰਕਾਰ ਅਤੇ ਮੁੱਖ ਮੰਤਰੀ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਜਨਤਕ ਤੌਰ ‘ਤੇ ਬੋਲਣ ਵਾਲੇ ਵਿਧਾਇਕਾਂ ਨੂੰ ਪਾਰਟੀ ਵਿਰੋਧੀ ਨਾ ਸਮਝਣ, ਨਾ ਹੀ ਉਨ੍ਹਾਂ ਨੂੰ ਬਾਗੀ ਵਜੋਂ ਤਸਲੀਮ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਵਿਧਾਇਕਾਂ ਨੂੰ ਸਗੋਂ ਹੋਰ ਵਧੇਰੇ ਸਤਿਕਾਰ ਮਿਲਣਾ ਚਾਹੀਦਾ ਹੈ ਜਿਨ੍ਹਾਂ ਨੇ ਸਮਾਂ ਰਹਿੰਦੇ ਸਰਕਾਰ ਅਤੇ ਮੁੱਖ ਮੰਤਰੀ ਨੂੰ ਸੁਚੇਤ ਕੀਤਾ ਹੈ। ਇਸ ਨਾਲ ਕੰਮਕਾਜੀ ਮੁਸ਼ਕਿਲਾਂ ਹੱਲ ਕਰਨ ਵਿੱਚ ਵੀ ਮੱਦਦ ਮਿਲੇਗੀ।
– ਬਲਜੀਤ ਸਿੰਘ ਬਰਾੜ

Send this to a friend