Skip to content
Independent perspectives. Global stories.
BREAKING

ਚੁਗਾਈ ਲਈ ਮਜ਼ਦੂਰਾਂ ਦੀ ਥੁੜ ਕਾਰਨ ਨਰਮਾ ਪੱਟੀ ਦੇ ਕਿਸਾਨ ਚਿੰਤਾ ‘ਚ ਡੁੱਬੇ

Share this story

ਮਲੋਟ- ਕਿਸਾਨ ਨੂੰ ਸਾਡੇ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ। ਕਈ ਵਾਰ ਇੱਥੋਂ ਤੱਕ ਕਹਿ ਦਿੱਤਾ ਜਾਂਦਾ ਹੈ ਕਿ ਸਾਡੇ ਦੇਸ਼ ਦੀ ਅੱਧ ਤੋਂ ਜਿਆਦਾ ਅਬਾਦੀ ਖੇਤੀਬਾੜੀ ‘ਤੇ ਨਿਰਭਰ ਹੈ। ਇਸ ਅਬਾਦੀ ਦਾ ਮੁੱਖ ਧੰਦਾ ਖੇਤੀਬਾੜੀ ਹੀ ਹੈ। ਕੋਈ ਸਮਾਂ ਸੀ ਜਦੋਂ ਫ਼ਸਲ ਪੱਕਣ ਦਾ ਸਮਾਂ ਆਉਂਦਾ ਸੀ ਤਾਂ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਆ ਜਾਂਦੀ ਸੀ, ਉਨ ਹਾਂ ਦੀ ਪਾਲੀ ਹੋਈ ਫ਼ਸਲ ਦਾ ਮੁੱਲ ਮਿਲੇਗਾ। ਪਰ ਜਦੋਂ ਹੁਣ ਫ਼ਸਲ ਪੱਕਣ ਦਾ ਸਮਾਂ ਆਉਂਦਾ ਹੈ ਤਾਂ ਕਿਸਾਨ ਦੇ ਚਿਹਰੇ ‘ਤੇ ਚਿੰਤਾ ਦੀਆਂ ਰੇਖਾਵਾਂ ਉਭਰ ਆਉਂਦੀਆਂ ਹਨ ਤੇ ਉਸ ਨੂੰ ਆਪਣੀ ਫ਼ਸਲ ਨੂੰ ਸੁਰੱਖਿਅਤ ਇਕੱਠੀ ਕਰਨ ਦਾ ਡਰ ਸਤਾਉਣ ਲੱਗਦਾ ਹੈ। ਜਿਸ ਤਰ੍ਹਾਂ ਹੁਣ ਮਾਲਵਾ ਏਰੀਏ ਵਿੱਚ ਨਰਮੇ ਦੀ ਚੁਗਾਈ ਦਾ ਕੰਮ ਸ਼ੁਰੂ ਹੋ ਗਿਆ ਹੈ, ਪਰ ਮਾਲਵੇ ਦੀ ਨਰਮਾ ਪੱਟੀ ਦੇ ਕਿਸਾਨਾਂ ਨੂੰ ਨਰਮੇ ਦੀ ਚੁਗਾਈ ਵਾਸਤੇ ਲੇਬਰ ਨਾ ਮਿਲਣ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਰਮੇ ਦੀ ਚੁਗਾਈ ਵਾਸਤੇ ਲੇਬਰ ਪੱਕੀ ਕਰਨ ਲਈ ਕਿਸਾਨਾਂ ਦੀ ਆਪਸੀ ਖਿੱਚੋਤਾਣ ਸ਼ੁਰੂ ਹੋ ਗਈ ਹੈ। ਲੇਬਰ ਦੀ ਘਾਟ ਕਾਰਨ ਕਿਸਾਨਾਂ ਨੂੰ ਨਰਮੇ ਦੀ ਪਹਿਲੀ ਚੁਗਾਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ ਕਿਉਂਕਿ ਬਾਹਰੋਂ ਆਈ ਲੇਬਰ ਨਰਮੇ ਦੀ ਚੁਗਾਈ ਲਈ ਪੰਜ ਸੌ ਤੋਂ 6 ਸੌਂ ਰੁਪਏ ਪ੍ਰਤੀ ਕੁਵਿੰਟਲ ਅਤੇ ਟੀਂਡੇ ਤੁੜਵਾਈ 200ਤੋਂ ਲੈ ਕੇ 250-300 ਰੁਪਏ ਮੰਗ ਰਹੀ ਹੈ। ਇਸ ਸਬੰਧੀ ਸਾਡੇ ਅਖ਼ਬਾਰ ਦੇ ਪ੍ਰਤੀਨਿਧੀ ਨਾਲ ਗੱਲ ਕਰਦਿਆਂ ਇਲਾਕੇ ਦੇ ਕੁੱਝ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਭਾਰੀ ਮੀਂਹ ਕਾਰਨ ਨਰਮੇਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਸੀ, ਪਰ ਇਸ ਵਾਰ ਨਰਮੇਂ ਦੀ ਫ਼ਸਲ ਬਹੁਤ ਚੰਗੀ ਹੋਣ ਕਾਰਨ ਇਸ ਦਾ ਝਾੜ ਕਾਫ਼ੀ ਹੋਣ ਦੀ ਉਮੀਦ ਹੈ। ਜਿਕਰ ਯੋਗ ਹੈ ਕਿ ਇਸ ਵਾਰ ਵੀ ਕਈ ਜਗਾ ਤੇ ਭਾਰੀ ਬਾਰਿਸ਼ ਕਾਰਨ ਨਰਮੇ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ ਪਰ ਨਰਮਾ ਪੱਟੀ ਦੇ ਏਰੀਏ ਵਿੱਚ ਜਿੰਨੀ ਵੀ ਨਰਮੇ ਦੀ ਫਸਲ ਬਚੀ ਹੈ ਓਹ ਬਹੁਤ ਹੀ ਵਧੀਆ ਤੇ ਉਸਤੋਂ ਕਿਸਾਨ ਚੰਗੇ ਝਾੜ ਦੀ ਉਮੀਦ ਕਰ ਰਹੇ ਹਨ ਇਸ ਵਾਰ ਅਗੇਤੇ ਲੱਗੇ ਟੀਂਡੇ ਜੋ ਕਿ ਖਿੜ ਕੇ ਗਿਟਕਾਂ ਬਣ ਗਏ ਹਨ, ਉਹਨਾਂ ਨੂੰ ਹੀ ਤੋੜਨ ਜਾਂ ਚੁਗਣ ਲਈ ਲੇਬਰ ਨਹੀਂ ਮਿਲ ਰਹੀ। ਜਿਸ ਕਾਰਨ ਉਹਨਾਂ ਟੀਂਡਿਆਂ ਵਿਚਲਾ ਨਰਮਾ ਕਾਲਾ ਹੋ ਗਿਆ ਹੈ। ਜਿਸ ਨੂੰ ਕਿ ਸਰਕਾਰੀ ਜਾਂ ਗ਼ੈਰ ਸਰਕਾਰੀ ਅਦਾਰੇ ਪੂਰੇ ਮੁੱਲ ‘ਤੇ ਨਹੀਂ ਖਰੀਦ ਰਹੇ। ਉਨ੍ਹਾਂ ਕਿਹਾ ਕਿ ਜਿੱਥੇ ਨਰਮੇਂ ਦੀ ਚੁਗਾਈ ਸਮੇਂ ਸਿਰ ਨਾ ਹੋਣ ਕਾਰਨ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ, ਉਥੇ ਚੁਗੇ ਹੋਏ ਨਰਮੇ ਦਾ ਪੂਰਾ ਮੁੱਲ ਨਾ ਮਿਲਣ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ ਤੇ ਉਹ ਸਰਕਾਰ ਦੀ ਬੇ-ਰੁਖੀ ਦਾ ਸ਼ਿਕਾਰ ਹੋ ਰਹੇ ਹਨ। ਇੱਥੇਂ ਨੇੜਲੇ ਪਿੰਡ ਦੇ ਕਿਸਾਨ ਜਗਮੀਤ ਸਿੰਘ ਗੁਗਨਾ, ਹਰਮੀਤ ਸਿੰਘ ਮੀਤਾ, ਲਖਵਿੰਦਰ ਸਿੰਘ ਲੱਖਾ ਅਤੇ ਰਾਜੂ ਨੇ ਸਾਡੇ ਅਖ਼ਬਾਰ ਦੇ ਪ੍ਰਤੀਨਿਧੀ ਨਾਲ ਗੱਲਬਾਤ ਰਾਹੀਂ ਦੱਸਿਆ ਕਿ ਜਿੱਥੇ ਪਹਿਲਾਂ ਨਰਮੇ ਦੀ ਚੁਗਾਈ ਲਈ ਲੇਬਰ ਮਿਲਣ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ ਸੀ, ਉੱਥੇ ਹੁਣ ਨਰਮੇ ਦੀ ਚੁਗਾਈ ਲਈ ਲੇਬਰ ਪੱਕੀ ਕਰਨਾ ਵੀ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ, ਕਿਉਂਕਿ ਇੱਕ ਤਾਂ ਉਹ ਚੁਗਾਈ ਦਾ ਰੇਟ ਜ਼ਿਆਦਾ ਮੰਗ ਰਹੀ ਹੈ ਅਤੇ ਦੂਸਰਾ ਜੇਕਰ ਲੇਬਰ ਪੱਕੀ ਕਰਨੀ ਹੈ ਤਾਂ ਉਹ ਐਡਵਾਂਸ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਪੈਸੇ ਮੰਗਦੇ ਹਨ। ਉਹਨਾਂ ਦੱਸਿਆ ਕਿ ਨਰਮਾਂ ਚੁਗਣ ਵਾਲੀ ਲੇਬਰ ਪਹਿਲੀ ਚੁਗਾਈ 600 ਰੁਪਏ ਪ੍ਰਤੀ ਕੁਵਿੰਟਲ ਅਤੇ ਦੂਸਰੀ ਚੁਗਾਈ 500 ਰੁਪਏ ਤੋਂ ਘੱਟ ਨਹੀਂ ਮੰਨ ਰਹੀ। ਲੇਬਰ ਵੱਲੋਂ ਮੰਗੇ ਜਾ ਰਹੇ ਚੁਗਾਈ ਦੇ ਰੇਟਾਂ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਡੋਬ ਦਿੱਤਾ ਹੈ, ਕਿਉਂਕਿ ਪਿਛਲੇ ਸਾਲਾਂ ਦੌਰਾਨ ਲੇਬਰ ਮਿਲਣ ਵਿੱਚ ਵੀ ਕੋਈ ਸਮੱਸਿਆ ਨਹੀਂ ਸੀ, ਨਰਮੇ ਦੀ ਚੁਗਾਈ ਦਾ ਰੋਟ ਘੱਟ ਸੀ ਅਤੇ ਸਰਕਾਰ ਵੱਲੋਂ ਵੀ ਨਰਮੇ ਦਾ ਰੇਟ 4 ਹਜ਼ਾਰ ਤੋਂ 5 ਹਜ਼ਾਰ ਰੁਪਏ ਪ੍ਰਤੀ ਕੁਵਿੰਟਲ ਵਿਚਕਾਰ ਸੀ। ਪਰ ਇਸ ਵਾਰ ਨਰਮੇ ਦੀ ਚੁਗਾਈ ਦਾ ਰੇਟ ਵੀ ਜ਼ਿਆਦਾ ਹੈ ਤੇ ਕੁੱਝ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਵੀ ਸਰਕਾਰ ਵਲੋਂ ਨਰਮੇ ਦੀ ਫਸਲ ਦਾ ਕੋਈ ਪੱਕਾ ਰੇਟ ਤੈਅ ਨਹੀਂ ਕੀਤਾ ਗਿਆ ਅਤੇ ਜੋ ਨਰਮਾ ਇਸ ਸਮੇ ਮੰਡੀਆਂ ਵਿੱਚ ਆ ਰਿਹਾ ਹੈ ਉਸਨੂੰ ਸਾਰਾ ਦਿਨ ਧੁੱਪ ਵਿੱਚ ਸੁਕਾ ਕੇ ਉਸਦੀ ਤੁਲਾਈ ਕੀਤੀ ਜਾਂਦੀ ਹੈ ਜਿਸਦਾ ਆਰਥਿਕ ਤੌਰ ਤੇ ਸਿਧਾ ਨੁਕਸਾਨ ਕਿਸਾਨਾਂ ਨੂੰ ਹੋ ਰਿਹਾ ਹੈ । ਜਿਸਦਾ ਨਰਮੇ ਦੀ ਚੁਗਾਈ ਦਾ ਰੇਟ ਜ਼ਿਆਦਾ ਹੋਣ ਕਾਰਨ ਅਤੇ ਖਰੀਦ ਮੁੱਲ ਘਟਣ ਕਾਰਨ ਮਾਲਵੇ ਦੀ ਨਰਮਾ ਪੱਟੀ ਦੇ ਕਿਸਾਨਾਂ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਚਿੰਤਾ ਵਿੱਚ ਡੁੱਬੇ ਹੋਏ ਹਨ। ਦੂਜੇ ਪਾਸੇ ਦੂਰ ਦੁਰਾਡੇ ਇਲਾਕਿਆਂ ਤੋਂ ਨਰਮਾ ਚੁਗਾਈ ਵਾਸਤੇ ਆਉਣ ਵਾਲੀ ਲੇਬਰ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾ ਨੇ ਕਿਹਾ ਕਿ ਉਹ ਆਪਣੇ ਘਰ ਬਾਰ ਛੱਡ ਕੇ ਏਨੀ ਦੂਰ ਮਿਹਨਤ ਨਾਲ ਆਪਣੀ ਰੋਜ਼ੀ ਰੋਟੀ ਕਮਾਉਣ ਆਏ ਹਨ ਪਰ ਕਿਸਾਨ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਦੇ ਰਹੇ ਜਿਸ ਕਾਰਨ ਉਹਨਾਂ ਵਿੱਚ ਉਦਾਸੀ ਦਾ ਆਲਮ ਛਾਇਆ ਹੈ। ਸੋ ਕਹਿਣਾ ਬਣਦਾ ਹੈ ਕਿ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਨਰਮੇ ਦੀ ਚੁਗਾਈ ਵਾਸਤੇ ਲੇਬਰ ਨਾ ਮਿਲਣ ਕਾਰਨ,ਦੂਸਰਾ ਨਰਮੇ ਦਾ ਪੂਰਾ ਮੁੱਲ ਨਾ ਮਿਲਣ ਕਾਰਨ, ਤੀਸਰਾ ਲੇਬਰ ਵੱਲੋਂ ਚੁਗਾਈ ਦਾ ਮੂੰਹੋਂ ਮੰਗੇ ਰੇਟ ‘ਤੇ ਅੜੇ ਰਹਿਣ ਕਾਰਨ ਪ੍ਰੇਸ਼ਾਨ ਹੈ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜ਼ਿਆਦਾ ਜ਼ਮੀਨ ਵਾਲੇ ਅਸਰ ਰਸੂਖ ਰੱਖਣ ਵਾਲੇ ਕਿਸਾਨਾਂ ਨੂੰ ਨਰਮੇ ਦੀ ਚੁਗਾਈ ਦੀ ਲੇਬਰ ਲਈ ਕੋਈ ਜ਼ਿਆਦਾ ਦਿੱਕਤ ਨਹੀਂ ਆ ਰਹੀ। ਪਰ ਥੋੜ੍ਹੀ ਜ਼ਮੀਨ ਵਾਲੇ ਕਿਸਾਨਾਂ ਨੂੰ ਦੋਹਰੀ ਤੀਹਰੀ ਮਾਰ ਪੈ ਰਹੀ ਹੈ।
– ਕੁਲਦੀਪ ਸਿੰਘ ਢਿੱਲੋਂ

WRITTEN BY