Skip to content
Independent perspectives. Global stories.
BREAKING

ਲੋਕਾਂ ਦੇ ਦਿਲਾਂ ‘ਚ ਵੱਸ ਗਿਐ ਸ. ਨਵਜੋਤ ਸਿੰਘ ਸਿੱਧੂ

Share this story

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬਾਦਲਾਂ ਦੇ ਮੁੱਦੇ ‘ਤੇ ਮਤਭੇਦ ਹੋ ਜਾਣ ਕਰਕੇ ਭਲੇ ਹੀ ਨਵਜੋਤ ਸਿੰਘ ਸਿੱਧੂ ਵਜ਼ਾਰਤ ‘ਚੋਂ ਬਾਹਰ ਆ ਕੇ ਗੁੰਮਨਾਮੀ ਦਾ ਜੀਵਨ ਬਿਤਾ ਰਿਹਾ ਹੈ ਜਾਂ ਹੁਣ ਜਦੋਂ ਵਿਸ਼ਵ ਭਰ ਵਿਚ ਜਗਤ ਗੁਰੂ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਅਤੇ ਅਗਲੇ ਮਹੀਨੇ ਦੋਹਾਂ ਪਾਸਿਆਂ ਤੋਂ ਕਰਤਾਰਪੁਰ ਲਾਂਘਾ ਖੋਹਲਿਆ ਜਾ ਰਿਹਾ ਹੈ ਤਾਂ ਇਸ ਸੰਦਰਭ ਵਿਚ ਨਵਜੋਤ ਸਿੱਧੂ ਪੂਰੀ ਤਰ੍ਹਾਂ ਗਾਇਬ ਹੈ। ਇਸ ਦੇ ਬਾਵਜੂਦ ਸਹੀ ਅਰਥਾਂ ਵਿਚ ਉਹ ਲੋਕਾਂ ਦੇ ਦਿਲਾਂ ਵਿਚ ਪੂਰੀ ਤਰ੍ਹਾਂ ਵੱਸ ਗਿਆ ਹੈ। ਲੋਕ ਉਸ ਤੋਂ ਅੱਜ ਵੀ ਬਹੁਤ ਆਸਾਂ ਉਮੀਦਾਂ ਲਾਈ ਬੈਠੇ ਹਨ। ਪਿਛਲੇ ਦੋ ਢਾਈ ਸਾਲਾਂ ਵਿਚ ਉਹ ਕੈਪਟਨ ਸਰਕਾਰ ਵਿਚ ਇਕੱਲਾ ਹੀ ਐਸਾ ਮਾਈ ਦਾ ਲਾਲ ਬਣ ਕੇ ਉਭਰਿਆ ਜਿਸ ਨੇ ਇਕ ਪਾਸੇ ਤਾਂ ਇਮਾਨਦਾਰੀ ਦਾ ਪੱਲਾ ਨਹੀਂ ਛਡਿਆ ਅਤੇ ਦੂਜੇ ਪਾਸੇ ਲੋਕ ਹਿੱਤਾਂ ਦਾ ਲੜ ਘੁੱਟ ਕੇ ਫੜੀ ਰੱਖਿਆ ਹੈ। ਅੱਜ ਜਿਸ ਕਰਤਾਰਪੁਰ ਲਾਂਘੇ ਦੀ ਚਰਚਾ ਹੈ ਇਸ ਦੀ ਸ਼ੁਰੂਆਤ ਨਵਜੋਤ ਸਿਧੂ ਤੋਂ ਹੀ ਹੋਈ। ਪਿਛਲੇ ਵਰ੍ਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਸਹੁ ਚੁੱਕ ਸਮਾਗਮ ਵਿਚ ਨਵਜੋਤ ਸਿੰਘ ਸਿੱਧੂ ਨੂੰ ਵੀ ਬੁਲਾਇਆ ਸੀ। ਅਸਲ ਵਿਚ ਇਹ ਉਹੀਓ ਸੁਲੱਖਣੀ ਘੜੀ ਸੀ ਜਦੋਂ ਪਾਕਿਸਤਾਨੀ ਫੌਜ ਦੇ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਸਿੱਧੂ ਨਾਲ ਬਗਲਗੀਰ ਹੁੰਦਿਆਂ ਉਹਦੇ ਕੰਨ ਵਿਚ ਛੇਤੀ ਹੀ ਕਰਤਾਰਪੁਰ ਲਾਂਘਾ ਖੋਲੇ ਜਾਣ ਦੀ ਖ਼ਬਰ ਪਾਈ ਸੀ। ਇਹ ਉਹੋ ਲਾਂਘਾ ਹੈ ਜਿਸ ਲਈ ਪਿਛਲੇ ਸੱਤਰਾਂ ਵਰਿਆਂ ਤੋਂ ਭਾਰਤ ਵਾਲੇ ਪਾਸਿਉਂ ਦੋਵੇਂ ਵੇਲੇ ਅਰਦਾਸ ਮੌਕੇ ਇਹ ਖੋਲੇ ਜਾਣ ਦੀ ਮੰਗ ਕੀਤੀ ਜਾਂਦੀ ਸੀ ਤਾਂ ਕਿ ਵਿਸ਼ਵ ਭਰ ਵਿਚ ਵਸਦੇ ਸਿੱਖਾਂ ਵਲੋਂ ਕਰਤਾਰਪੁਰ ਵਿਚ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਜਾ ਸਕਣ ਜਿਥੇ ਗੁਰੂ ਨਾਨਕ ਪਾਤਸ਼ਾਹ ਨੇ ਜੀਵਨ ਦੇ ਆਖਰੀ ਵਰ੍ਹੇ ਦਸਾਂ ਨਹੁੰਆਂ ਦੀ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜਪਣ ਦਾ ਸੰਦੇਸ਼ ਦਿਤਾ ਸੀ। ਅੱਜ ਮੌਕੇ ਦੇ ਸਿਆਸਤਦਾਨਾਂ ਅਤੇ ਹੁਕਮਰਾਨਾਂ ਨੇ ਇਸ ਦਾ ਸਿਹਰਾ ਲੈਣ ਦੀ ਦੌੜ ਵਿਚ ਗਲਤਾਨ ਹੋ ਕੇ ਨਵਜੋਤ ਸਿੱਧੂ ਨੂੰ ਭੁੱਲ ਭੁਲਾ ਹੀ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਉਦੋਂ ਕੈਪਟਨ ਵਜ਼ਾਰਤ ਵਿਚ ਲੋਕਲ ਬਾਡੀਜ਼ ਅਤੇ ਸਭਿਆਚਾਰਕ ਮਾਮਲੇ ਵਿਭਾਗ ਦਾ ਮੰਤਰੀ ਸੀ।
ਮੈਂ ਨਵਜੋਤ ਸਿੱਧੂ ਦਾ ਕੋਈ ਸਮਰਥਕ ਨਹੀਂ ਹਾਂ। ਫਿਰ ਵੀ ਜੋ ਕੁਝ ਉਸ ਨਾਲ ਹੋਇਆ ਵਾਪਰਿਆ ਹੈ ਉਸ ਦੀ ਰੋਸ਼ਨੀ ਵਿਚ ਜੇ ਬਹੁਤ ਲੰਬੇ ਚੌੜੇ ਇਤਿਹਾਸ ਦੀ ਗੱਲ ਨਾ ਕਰਦੇ ਹੋਏ ਸਿਰਫ਼ ਪਿਛਲੇ ਢਾਈ ਪੌਣੇ ਤਿੰਨ ਸਾਲਾਂ ਦੀ ਉਸ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰੀਏ ਤਾਂ ਅੱਜ ਸ਼ਾਇਦ ਪੰਜਾਬ ਦੇ ਬਹੁਤੇ ਲੋਕ ਉਸ ਦੇ ਹੱਕ ਵਿਚ ਖੜੇ ਹੋਣ। ਸ਼ੱਕ ਨਹੀਂ ਕਿ ਉਹ ਕਦੀ ਵੀ ਸਿਆਸਤਦਾਨ ਨਹੀਂ ਸੀ ਅਤੇ ਨਾ ਹੀ ਉਹਦੇ ਮਨ ਵਿਚ ਕਦੀ ਰਾਜਨੀਤੀ ਵਿਚ ਉਤਰਨ ਦਾ ਸੁਪਨਾ ਜਾਂ ਸ਼ੌਂਕ ਸੀ ਹਾਲਾਂਕਿ ਉਹਦੇ ਪਿਤਾ ਖੁਦ ਕਾਂਗਰਸ ਨਾਲ ਨੇੜਿਉਂ ਜੁੜੇ ਹੋਏ ਸਨ। ਉਹ ਤਾਂ ਸ਼ੁੱਧ ਰੂਪ ਵਿਚ ਕ੍ਰਿਕਟਰ ਸੀ ਅਤੇ ਕੌਮਾਂਤਰੀ ਪੱਧਰ ਦਾ ਕ੍ਰਿਕਟਰ ਸੀ। ਗਲੇ ਵਿਚ ਆਵਾਜ਼ ਦਾ ਜਾਦੂ ਅਤੇ ਸ਼ਬਦਾਂ ਦੀ ਕਮਾਂਡ ਹੋਣ ਕਰਕੇ ਉਹ ਕਮੈਂਟੇਟਰ ਵਜੋਂ ਵੀ ਉਨਾ ਹੀ ਪ੍ਰਸਿੱਧ ਸੀ। ਇਹ ਤਾਂ ਕਹਿ ਲਓ ਸਾਡੇ ਸਿਆਸਤਦਾਨ ਹਨ ਜਿਨ੍ਹਾਂ ਦੀ ਪਹਿਲਾਂ ਇਹੋ ਜਿਹੀ ਪ੍ਰਸਿੱਧੀ ਪ੍ਰਾਪਤ ਖਿਡਾਰੀਆਂ ‘ਤੇ ਅੱਖ ਟਿਕਦੀ ਹੈ ਅਤੇ ਫਿਰ ਟਿਸ਼ੂ ਪੇਪਰ ਵਾਂਗ ਉਨ੍ਹਾਂ ਨੂੰ ਉਦੋਂ ਵਰਤ ਕੇ ਸੁੱਟ ਦਿੰਦੇ ਹਨ ਜਦੋਂ ਉਹ ਉਨ੍ਹਾਂ ਦੇ ਇਸ਼ਾਰਿਆਂ ‘ਤੇ ਕਠਪੁੱਤਲੀ ਨਾਚ ਨਹੀਂ ਨਚਦਾ। ਸਿੱਧੂ ਨੂੰ ਕੌਮੀ ਸਿਆਸੀ ਮੰਚ ‘ਤੇ ਭਾਜਪਾ ਲੈ ਕੇ ਆਈ ਅਤੇ ਅੰਮ੍ਰਿਤਸਰੋਂ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ। ਹਾਂ, ਜਦੋਂ ਭਾਜਪਾ ਦੀ ਕੌਮੀ ਲੀਡਰਸ਼ਿਪ ਨੂੰ ਲੱਗਾ ਕਿ ਉਹ ਉਸਦੇ ਇਸ਼ਾਰਿਆਂ ‘ਤੇ ਨੱਚਣ ਵਾਲਾ ਨਹੀਂ ਤਾਂ ਉਸ ਨੂੰ 2014 ਵਿਚ ਮੱਖਣ ਵਿਚੋਂ ਵਾਲ ਕੱਢਣ ਵਾਂਗ ਬਾਹਰ ਕੱਢ ਦਿਤਾ ਅਤੇ ਅਰੁਣ ਜੇਤਲੀ ਨੂੰ ਉਹਦੀ ਥਾਂ ਚੋਣ ਲੜਾ ਦਿਤੀ ਹਾਲਾਂਕਿ ਉਹ ਜਿੱਤ ਨਹੀਂ ਸਕੇ। ਇਸ ਨੇ ਭਾਜਪਾ ਅਤੇ ਸਿੱਧੂ ਵਿਚ ਬਹੁਤ ਦੂਰੀਆਂ ਪਾ ਦਿੱਤੀਆਂ – ਏਨੀਆਂ ਕਿ ਉਹ ਆਮ ਆਦਮੀ ਪਾਰਟੀ ਵਿਚ ਜਾਂਦਾ ਜਾਂਦਾ ਕਾਂਗਰਸ ਵਿਚ ਚਲਾ ਗਿਆ। ਲੋਕ ਅੱਜ ਵੀ ਇਹ ਚੇਤੇ ਕਰਦੇ ਹਨ ਕਿ ਜੇ ਉਸ ਵੇਲੇ ਆਮ ਆਦਮੀ ਪਾਰਟੀ ਉਸ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਚੋਣ ਲੜਦੀ ਤਾਂ ਅੱਜ ਯਕੀਨਨ ਪੰਜਾਬ ਦਾ ਇਤਿਹਾਸ ਹੀ ਕੁਝ ਹੋਰ ਹੁੰਦਾ। ਨਾ ਆਮ ਆਦਮੀ ਪਾਰਟੀ ਵਿਚ ਸ਼ਾਇਦ ਏਨੀ ਫੁੱਟ ਪੈਂਦੀ ਅਤੇ ਨਾ ਹੀ ਕੈਪਟਨ ਨੂੰ ਖੁੱਲ ਖੇਡਣ ਦਾ ਮੌਕਾ ਮਿਲਦਾ। ਫਿਰ ਵੀ ਇਕ ਗੱਲ ਪੱਕੀ ਹੈ ਕਿ ਸਮਾਂ ਹਮੇਸ਼ਾਂ ਇਕੋ ਜਿਹਾ ਨਹੀਂ ਰਹਿੰਦਾ। ਕੱਲ੍ਹ ਤੱਕ ਜਿਹੜਾ ਸਿੱਧੂ ਹਰ ਰੋਜ਼ ਸੁਰਖੀਆਂ ਵਿਚ ਰਹਿੰਦਾ ਸੀ, ਅੱਜ ਉਹਦੇ ਵੱਲ ਭਾਵੇਂ ਕਾਂਗਰਸ ਹਾਈ ਕਮਾਂਡ ਅਤੇ ਹੋਰਨਾਂ ਨੇ ਵੀ ਮੂੰਹ ਮੋੜ ਲਿਆ ਹੈ ਪਰ ਇਹ ਪੰਜਾਬ ਦੇ ਬਹੁਤੇ ਲੋਕ ਹਨ ਜਿਨ੍ਹਾਂ ਨੂੰ ਉਸ ਦੀ ਇੰਤਜ਼ਾਰ ਹੈ ਕਿ ਉਹ ਪੰਜਾਬੀਆਂ ਦੇ ਹਿੱਤਾਂ ਦੀ ਰਖਵਾਲੀ ਕਰੇ।
ਅੱਜ ਪੰਜਾਬ ਵਿਚ ਜਿਸ ਤਰ੍ਹਾਂ ਦੀ ਲੁੱਟ ਖਸੁੱਟ ਦਾ ਦੌਰ ਦੌਰਾ ਹੈ ਅਤੇ ਆਪਾ ਧਾਪੀ ਫੈਲੀ ਹੋਈ ਹੈ ਉਸ ਵਿਚ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਗੋਡੇ ਗੋਡੇ ਦੁੱਖੀ ਹਨ। ਛੋਟੇ ਮੋਟੇ ਸਰਕਾਰੀ ਦਫ਼ਤਰਾਂ ਵਿਚ ਲੋਕਾਂ ਦੀ ਸਿਰੇ ਦੀ ਖੱਜਲ ਖੁਆਰੀ ਹੈ ਅਤੇ ਰਿਸ਼ਵਤ ਦਾ ਬਜ਼ਾਰ ਪੂਰੀ ਤਰ੍ਹਾਂ ਗਰਮ। ਲਗਦਾ ਨਹੀਂ ਕਿ ਪੰਜਾਬ ਵਿਚ ਕੋਈ ਸਰਕਾਰ ਹੈ। ਖਾਮੋਸ਼ ਸਰਵੇ ਕਰਵਾ ਕੇ ਦੇਖ ਲਓ ਤਸੱਵੀਰ ਸਪਸ਼ਟ ਹੋ ਜਾਵੇਗੀ। ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ, ਐਮ.ਪੀਆਂ, ਵਿਧਾਇਕਾਂ ਅਤੇ ਛੋਟੇ ਵੱਡੇ ਅਫ਼ਸਰਾਂ ਤੱਕ ਹਰ ਕੋਈ ਦਾਅਵਾ ਭਾਵੇਂ ਕਿੰਨਾ ਵੀ ਕਰੇ ਪਰ ਸਹੀ ਅਰਥਾਂ ਵਿਚ ਪੰਜਾਬ ਦਾ ਕੋਈ ਵਾਲੀ ਵਾਰਸ ਨਹੀਂ। ਪੰਜਾਬ ਵਜ਼ਾਰਤ ਵਿਚੋਂ ਇਹ ਇਕੱਲਾ ਨਵਜੋਤ ਸਿੱਧੂ ਹੀ ਸੀ ਜਿਸਨੇ ਪੈਸੇ ਕਮਾਏ ਨਹੀਂ ਸਗੋਂ ਜੇਬ ਵਿਚੋਂ ਪੈਸੇ ਖਰਚੇ ਹਨ। ਉਹ ਵਜ਼ੀਰੀ ਦੇ ਨਾਲ ਨਾਲ ਮੁੰਬਈ ਵਿਚ ਸ਼ੋਅ ਵੀ ਕਰਦਾ ਰਿਹਾ ਹੈ। ਜੋ ਵੀ ਉਸ ਨੇ ਕਮਾਇਆ ਉਸਦਾ ਬਹੁਤਾ ਹਿੱਸਾ ਲੋੜਵੰਦਾਂ ਅਤੇ ਦੀਨ ਦੁਖੀਆਂ ‘ਤੇ ਖਰਚ ਕੀਤਾ ਹੈ। ਇਹ ਸਿੱਧੂ ਹੀ ਹੈ ਜਿਸਨੇ ਔਖੇ ਵੇਲੇ ਲੇਖਕਾਂ, ਕਿਸਾਨਾਂ ਅਤੇ ਵਿਧਵਾ ਬਸਤੀ ਅੰਮ੍ਰਿਤਸਰ ‘ਚ ਰਹਿੰਦੀਆਂ ਦੁਖਿਆਰੀਆਂ ਮਾਵਾਂ ਦੀ ਬਾਂਹ ਫੜੀ ਹੈ। ਅਜੇਹੀ ਮਦਦ ਦੇ ਉਸ ਦੇ ਅਨੇਕਾਂ ਕਿੱਸੇ ਕਹਾਣੀਆਂ ਹਨ। ਸਿਰਫ਼ ਦੋ ਦਾ ਸੰਖੇਪ ਜ਼ਿਕਰ ਕਰਨਾ ਠੀਕ ਰਹੇਗਾ। ਡੇਢ ਦੋ ਸਾਲ ਪਹਿਲਾਂ ਦੀ ਗੱਲ ਹੈ ਪੰਜਾਬੀ ਦਾ ਪ੍ਰਸਿੱਧ ਨਾਟਕਕਾਰ ਅਜਮੇਰ ਔਲਖ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਸੀ। ਬ੍ਰਹਮ ਮੋਹਿੰਦਰਾ ਉਸ ਵੇਲੇ ਪੰਜਾਬ ਦੇ ਸਿਹਤ ਮੰਤਰੀ ਸਨ। ਉਨ੍ਹਾਂ ਨੇ ਬਿਆਨ ਦਾਗਿਆ ਕਿ ਸ੍ਰੀ ਔਲਖ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਕਰੇਗੀ। ਕੁਝ ਸਮੇਂ ਪਿਛੋਂ ਜਦੋਂ ਔਲਖ ਨੂੰ ਹਸਪਤਾਲੋਂ ਛੁੱਟੀ ਹੋਈ ਤਾਂ ਉਨ੍ਹਾਂ ਨੇ ਸਾਢੇ ਅੱਠ ਲੱਖ ਦਾ ਬਿੱਲ ਉਹਦੇ ਮੂਹਰੇ ਲਿਆ ਧਰਿਆ। ਸਰਕਾਰ ਨੇ ਇਧਰ ਕੰਨ ਹੀ ਨਹੀਂ ਧਰਿਆ। ਇਹੋ ਗੱਲ ਜਦੋਂ ਨਵਜੋਤ ਸਿੱਧੂ ਦੇ ਕੰਨੀ ਪਈ ਤਾਂ ਉਹ ਇਕ ਦੋ ਹੋਰ ਮੋਹਤਬਰ ਲੇਖਕਾਂ ਨਾਲ ਹਸਪਤਾਲ ਪੁੱਜਾ ਅਤੇ ਬਿਲ ਦੀ ਅਦਾਇਗੀ ਆਪਣੇ ਨਿੱਜੀ ਬੈਂਕ ਖਾਤੇ ਵਿਚੋਂ ਕੀਤੀ। ਸਰਕਾਰ ਨੇ ਚੁੱਪ ਹੀ ਵੱਟ ਲਈ। ਇਸ ਤਰ੍ਹਾਂ ਅੰਮ੍ਰਿਤਸਰ ਵਿਚ ਰਾਮਦਾਸ ਵਾਲੇ ਪਾਸੇ ਕੁਝ ਗਰੀਬ ਕਿਸਾਨਾਂ ਦੀ ਫਸਲ ਸੜ ਗਈ। ਜਦੋਂ ਉਹਨੂੰ ਪਤਾ ਲੱਗਾ ਤਾਂ ਉਹ ਉਥੇ ਗਿਆ ਅਤੇ ਉਨ੍ਹਾਂ ਕਿਸਾਨਾਂ ਨੂੰ ਪੱਲਿਉਂ ਬਣਦੀ ਸਰਦੀ ਮਦਦ ਕੀਤੀ। ਸਰੀਫਪੁਰ ਦੀ ਵਿਧਵਾ ਬਸਤੀ ਵਿਚ ਕਦੀ ਕਦੀ ਉਂਜ ਹੀ ਘੁੰਮ ਕੇ ਨਿਰਾਸ਼ਾ ਦੇ ਆਲਮ ਵਿਚ ਲੰਘ ਰਹੀਆਂ ਮਾਵਾਂ ਦੇ ਹੱਥ ‘ਤੇ ਕੁਝ ਕੁਝ ਪੈਸੇ ਰੱਖ ਆਉਂਦਾ। ਨਜ਼ਰ ਮਾਰੋ ਜਰਾ ਪੰਜਾਬ ਦਾ ਅਜੇਹਾ ਕੋਈ ਹੋਰ ਮੰਤਰੀ ਹੈ ਜਿਸਨੇ ਕਿਸੇ ਦੁਖਿਆਰੇ ਦੀ ਜੇਬ ਵਿਚ ਚਾਰ ਪੈਸੇ ਤਾਂ ਕੀ ਪਾਉਣੇ ਹੋਏ ਕਦੀ ਕਿਸੇ ਦੇ ਮੋਢੇ ‘ਤੇ ਹੱਥ ਵੀ ਰੱਖ ਕੇ ਦਿਲਾਸਾ ਵੀ ਦਿਤਾ ਹੋਵੇ। ਅੱਜ ਕਿਸੇ ਮੁਸੀਬਤ ਮਾਰੇ ਬੰਦੇ ਲਈ ਹਮਦਰਦੀ ਦੇ ਚਾਰ ਸ਼ਬਦ ਬੋਲ ਦੇਣੇ ਹੀ ਬੜੀ ਵੱਡੀ ਗੱਲ ਮੰਨੀ ਜਾ ਸਕਦੀ ਹੈ। ਲਗਦਾ ਨਹੀਂ ਅੱਜ ਦੇ ਯੁੱਗ ਵਿਚ ਸਾਡੇ ਹੁਕਮਰਾਨਾਂ ਵਿਚ ਕਿਤੇ ਸੰਵੇਦਨਸ਼ੀਲਤਾ ਦਾ ਪਸਾਰਾ ਹੈ ਵਰਤਾਰਾ ਹੈ। ਸਭ ਕੁਝ ਸਵੇਂ ਕੇਂਦਰਿਤ ਹੋ ਗਿਆ ਹੈ। ਇਸ ਦੌਰ ਵਿਚ ਕੋਈ ਨਵਜੋਤ ਸਿੱਧੂ ਵਰਗਾ ਹੀ ਕੋਈ ”ਹਰਿਆ ਬੂਟ ਰਹੀਓ ਰੀ” ਵਾਂਗ ਨਜ਼ਰ ਆਉਂਦਾ ਹੈ। ਉਂਜ ਵੀ ਸਮੇਂ ਦੇ ਗਰਭ ਵਿਚ ਕੀ ਲੁੱਕਿਆ ਹੈ ਕਿਸੇ ਨੂੰ ਪਤਾ ਨਹੀਂ?

WRITTEN BY