Skip to content
Independent perspectives. Global stories.
BREAKING

ਅਕਾਲੀ-ਭਾਜਪਾ ਗਠਜੋੜ ਕਾਇਮ ਰਹੇਗਾ

Share this story

ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਚੋਣ ਗਠਜੋੜ ਨਾ ਹੋਣ ਕਾਰਨ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਲਗਾਤਾਰ ਇਹ ਕਿਆਸ-ਅਰਾਈਆਂ ਹੋ ਰਹੀਆਂ ਹਨ ਕਿ ਦੋਵੇਂ ਪਾਰਟੀਆਂ ਦਾ ਸਿਆਸੀ ਗਠਜੋੜ ਕਿਸੇ ਵੀ ਸਮੇਂ ਟੁੱਟ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਵਿੱਚ ਕੁਝ ਹਲਕਿਆਂ ਤੋਂ ਭਾਜਪਾ ਦੇ ਵਿਰੋਧ ਵਿੱਚ ਉਮੀਦਵਾਰ ਵੀ ਖੜ੍ਹੇ ਕੀਤੇ ਗਏ ਹਨ। ਇਸ ਦੇ ਬਾਵਜੂਦ ਦੋਵੇਂ ਧਿਰਾਂ ਪੰਜਾਬ ਵਿੱਚ ਚਾਰ ਹਲਕਿਆਂ ਦੀਆਂ ਜਿਮਨੀ ਚੋਣਾਂ ਰਲ-ਮਿਲ ਕੇ ਲੜ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਬੇਸ਼ਕ ਕੁਝ ਮੌਕਿਆਂ ‘ਤੇ ਹਰਿਆਣਾ ਵਿੱਚ ਭਾਜਪਾ ਦੀ ਆਲੋਚਨਾ ਕੀਤੀ ਗਈ ਹੈ। ਭਾਜਪਾ ਦੇ ਕੁਝ ਨੇਤਾਵਾਂ ਖਾਸ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਵੀ ਸ਼੍ਰੋਮਣੀ ਅਕਾਲੀ ਦਲ ਖਿਲਾਫ ਕੌੜੀਆਂ ਟਿੱਪਣੀਆਂ ਕਰ ਚੁੱਕੇ ਹਨ। ਇਨ੍ਹਾਂ ਸਭ ਹਾਲਾਤਾਂ ਦੇ ਬਾਵਜੂਦ ਅਕਾਲੀ-ਭਾਜਪਾ ਗਠਜੋੜ ਟੁੱਟਣ ਦੇ ਹਾਲੇ ਤੱਕ ਕੋਈ ਆਸਾਰ ਨਹੀਂ ਹੈ। ਸ. ਸੁਖਬੀਰ ਸਿੰਘ ਬਾਦਲ ਵੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਜਾਰੀ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣਾ ਦਾ ਮਾਮਲਾ ਹਰਿਆਣੇ ਨਾਲ ਹੈ ਅਤੇ ਪੰਜਾਬ ਦਾ ਪੰਜਾਬ ਨਾਲ। ਅਸਲ ਵਿੱਚ ਦੋਵਾਂ ਪਾਰਟੀਆਂ ਦਾ ਗਠਜੋੜ ਇਕ ਸਿਆਸੀ ਲੋੜ ਹੈ। ਸਾਰੀਆਂ ਆਲੋਚਨਾਵਾਂ ਅਤੇ ਕੁੜਤਣਾਂ ਦੇ ਬਾਵਜੂਦ ਦੋਵੇਂ ਪਾਰਟੀਆਂ ਦੇ ਹਿੱਤ ਇਕ ਦੂਜੇ ਨਾਲ ਮਿਲ ਕੇ ਚੱਲਣ ਵਿੱਚ ਹੀ ਹੈ। ਜੇਕਰ ਭਾਜਪਾ ਪੰਜਾਬ ਵਿੱਚ ਅਕਾਲੀ ਦਲ ਨਾਲੋਂ ਗਠਜੋੜ ਤੋੜਦੀ ਹੈ ਤਾਂ ਉਸ ਨੂੰ ਸੂਬੇ ਵਿੱਚ ਕੋਈ ਵੱਡਾ ਲਾਭ ਮਿਲਣ ਦੀ ਸੰਭਾਵਨਾ ਨਹੀਂ ਹੈ। ਭਾਜਪਾ ਦਾ ਸਿਆਸੀ ਆਧਾਰ ਢਾਂਚਾ ਪੰਜਾਬ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ ਨਹੀਂ ਹੈ। ਅਕਾਲੀ ਦਲ ਦੇ ਸਹਿਯੋਗ ਤੋਂ ਬਿਨਾਂ ਭਾਜਪਾ ਨੂੰ ਸਿੱਖ ਭਾਈਚਾਰੇ ਦੀ ਵੋਟ ਮਿਲਣੀ ਸੰਭਵ ਨਹੀਂ ਹੈ। ਇਸੇ ਤਰ੍ਹਾਂ ਹਿੰਦੂ ਭਾਈਚਾਰੇ ਦੀ ਵੋਟ ਭਾਜਪਾ ਨਾਲ ਗਠਜੋੜ ਕਾਰਨ ਹੀ ਅਕਾਲੀ ਦਲ ਨੂੰ ਮਿਲਦੀ ਰਹੀ ਹੈ। ਦੋਵੇਂ ਪਾਰਟੀਆਂ ਦੇ ਸਿਆਸੀ ਸਬੰਧ ਬਹੁਤ ਪੁਰਾਣੇ ਅਤੇ ਡੂੰਘੇ ਹਨ। ਮੌਜੂਦਾ ਹਾਲਾਤਾਂ ਵਿੱਚ ਇਹ ਸਬੰਧ ਸਿਰਫ ਇਕ ਹਾਲਤ ਵਿੱਚ ਹੀ ਟੁੱਟ ਸਕਦੇ ਹਨ ਜੇਕਰ ਅਕਾਲੀ ਦਲ ਕਿਸੇ ਵੱਡੀ ਫੁੱਟ ਦਾ ਸ਼ਿਕਾਰ ਹੋ ਜਾਂਦਾ ਹੈ। ਨਵੀਆਂ ਸਿਆਸੀ ਹਾਲਾਤਾਂ ਵਿੱਚ ਵੀ ਅਕਾਲੀ ਦਲ ਅਤੇ ਭਾਜਪਾ ਦਾ ਸਿਆਸੀ ਸਹਿਯੋਗ ਜਾਰੀ ਰਹਿਣ ਦੀ ਸੰਭਾਵਨਾ ਹੈ। ਦੋਵੇਂ ਪਾਰਟੀਆਂ ਮਿਲ ਕੇ ਹੀ ਪੰਜਾਬ ਵਿੱਚ ਕਾਂਗਰਸ ਦਾ ਮੁਕਾਬਲਾ ਕਰ ਸਕਦੀਆਂ ਹਨ। ਭਾਜਪਾ ਨੂੰ ਪੰਜਾਬ ਵਿੱਚ ਇਕੱਲੇ ਤੌਰ ‘ਤੇ ਸਰਕਾਰ ਬਣਾਉਣ ਦਾ ਖਿਆਲ ਨਹੀਂ ਪਾਲਣਾ ਚਾਹੀਦਾ। ਪੰਜਾਬ ਵਿੱਚ ਭਾਜਪਾ ਨੂੰ ਆਪਣਾ ਆਧਾਰ ਹੋਰ ਵਿਸ਼ਾਲ ਕਰਨ ਲਈ ਕਾਫੀ ਸਮੇਂ ਅਤੇ ਵੱਡੇ ਕਦਮ ਚੁੱਕਣ ਦੀ ਜ਼ਰੂਰਤ ਹੈ। ਇਹ ਕ੍ਰਿਸ਼ਮਾ ਰਾਤੋ-ਰਾਤ ਸੰਭਵ ਨਹੀਂ ਹੈ, ਇਸ ਲਈ ਲੰਬਾ ਸਮਾਂ ਕੰਮ ਕਰਨਾ ਹੋਵੇਗਾ।
– ਬਲਜੀਤ ਸਿੰਘ ਬਰਾੜ

WRITTEN BY