ਮੋਦੀ ਸਰਕਾਰ ਇੱਕ ਬਹੁਤ ਵੱਡਾ ਉਪਰਾਲਾ ਕਰਨ ਜਾ ਰਹੀ ਹੈ, ਜਿਸ ਨਾਲ ਵਾਤਾਵਰਣ ਬਚਾਉਣ ਦੀ ਗੱਲ ਕੀਤੀ ਗਈ ਹੈ। ਉਹ ਇਹ ਹੈ ਕਿ 2 ਅਕਤੂਬਰ ਨੂੰ ‘ ਸਿੰਗਲ ਯੂਜ਼’ ਲਿਫਾਫਿਆਂ ਤੇ ਰੋਕ ਲੱਗਣ ਜਾ ਰਹੀ ਹੈ।ਆਸਟਰੇਲੀਆਂ ਵਿੱਚ ਵੀ ਉੱਥੋਂ ਦੀ ਸਰਕਾਰ ਵੱਲੋਂ ਰੋਕ ਲਗਾਈ ਗਈ ਹੈ ਤੇ ਉੱਥੇ ਪਲਾਸਟਿਕ ਦੇ ਲਿਫਾਫਿਆਂ ਤੇ ਅੱਸੀਂ ਫੀਸਦੀ ਦੀ ਕਟੌਤੀ ਹੋਈ ਹੈ।ਉਸੇ ਤਰਜ਼ ਤੇ ਇਸ ਸਬੰਧ ਵਿੱਚ ਪਿਛਲੇਂ ਦਿਨੀਂ ਚੰਡੀਗੜ੍ਹ ਵਿੱਚ ਉੱਚ ਪੱਧਰ ਦੇ ਅਧਿਕਾਰੀਆਂ ਤੇ ਅਫਸਰ ਸਹਿਬਾਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਵਾਤਾਵਰਣ ਬਚਾਉਣ ਸਬੰਧੀ ਕਈ ਵਿਚਾਰ ਵਟਾਂਦਰੇ ਹੋਏ। ਸਾਰੀਆਂ ਪੰਚਾਇਤਾਂ ਤੇ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਪਲਾਸਟਿਕ ਦੇ ਲਿਫਾਫਿਆਂ ਸਬੰਧੀ ਰੋਕ ਲਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਸਬੰਧੀ ਉਲੰਘਣਾ ਕਰਨ ਵਾਲਿਆਂ ਖਿਲ਼ਾਫ 2 ਅਕਤੂਬਰ ਤੋਂ ਸਖਤੀ ਨਾਲ ਪੇਸ਼ ਆਉਣ ਲਈ ਕਿਹਾ ਗਿਆ।ਇੱਕ ਸਤੰਬਰ ਤੋਂ 2 ਅਕਤੂਬਰ ਤੱਕ ਸਾਰੇ ਸਵੱਛਤਾ ਅਭਿਆਨ ਚਲਾਇਆ ਜਾ ਰਿਹਾ ਹੈ। ਸਕੂਲਾਂ, ਕਾਲਜ਼ਾਂ ਵਿੱਚ ਸੈਮੀਨਾਰ ਤੇ ਲੈਕਚਰ ਦੇ ਕੇ ਇਸ ਸਬੰਧੀ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਹੋਰ ਵੀ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਕੰਮ ਲਈ ਖਾਸ ਤਵੱਜ਼ੋਂ ਦਿੱਤੀ ਜਾ ਰਹੀ ਹੈ। ਪਲਾਸਟਿਕ ਦੇ ਲਿਫਾਫਿਆਂ ਦੇ ਬਦਲ ਵਜ਼ੋਂ ਸੂਬੇ ਦੇ 170 ਸ਼ਹਿਰਾਂ ਵਿੱਚ ਬਰਤਨ ਭੰਡਾਰ ਤੇ ਝੋਲਾ ਭੰਡਾਰ ਖੋਲੇ ਜਾ ਰਹੇ ਹਨ। ਜਿਸ ਵਿੱਚ ਬੜੇ ਹੀ ਸਸਤੇ ਰੇਟਾਂ ਤੇ ਲੋਕਾਂ ਨੂੰ ਇਹ ਸਮਾਨ ਮੁਹੱਈਆਂ ਕਰਵਾਇਆ ਜਾ ਰਿਹਾ ਹੈ ਤਾਂ ਕਿ ਲੋਕ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਕਰਨਾ ਬੰਦ ਕਰ ਦੇਣ। ਇਹ ਗੱਲ ਠੀਕ ਹੈ ਕਿ ਪਲਾਸਟਿਕ ਦੇ ਲਿਫਾਫੇ ਬਹੁਤ ਵੱਡੀ ਮੁਸੀਬਤ ਹਨ। ਸ਼ਹਿਰਾਂ ਦੇ ਕੂੜੇ ਕਰਕਟ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਤਾਦਾਦ ਬਹੁਤ ਜ਼ਿਆਦਾ ਹੁੰਦੀ ਹੈ। ਲੋਕ ਘਰਾਂ ਦਾ ਸਾਰਾ ਕੂੜਾ ਕਰਕਟ ਇੰਨ੍ਹਾਂ ਲਿਫਾਫਿਆਂ ਵਿੱਚ ਪਾ ਕੇ ਘਰੋਂ ਬਾਹਰ ਸੁੱਟਦੇ ਹਨ ਜੋ ਕਿ ਉਹਨਾਂ ਨੂੰ ਇਸ ਸਭ ਨਹੀ ਕਰਨਾ ਚਾਹੀਦਾ। ਜਦੋਂ ਇਹ ਕੂੜੇ ਨਾਲ ਭਰੇ ਲਿਫਾਫੇ ਬਾਹਰ ਸੜ੍ਹਕਾਂ ਤੇ ਸੁੱਟੇ ਜ਼ਾਂਦੇ ਹਨ ਤੇ ਮੀਂਹ ਪੈਣ ਕਾਰਨ ਇਹ ਕੂੜੇ ਨਾਲ ਭਰੇ ਪਲਾਸਟਿਕ ਦੇ ਲਿਫਾਫੇ ਸੜ੍ਹਕਾਂ ਤੇ ਖਿੱਲਰ ਕੇ ਸੀਵਰਾਂ ਵਿੱਚ ਚਲੇ ਜ਼ਾਂਦੇ ਹਨ ਤੇ ਸੀਵਰ ਬੰਦ ਕਰ ਦਿੰਦੇ ਹਨ। ਜਿਸ ਨਾਲ ਮੀਂਹ ਦਾ ਸਾਰਾ ਪਾਣੀ ਸੜ੍ਹਕਾਂ ਤੇ ਖੜਾ ਰਹਿੰਦਾ ਹੈ, ਛੱਪੜ ਲੱਗ ਜ਼ਾਂਦੇ ਹਨ। ਇਸ ਪਾਣੀ ਵਿੱਚ ਜ਼ਹਿਰੀਲੇ ਕੀਟ ਪਤੰਗੇ ਤੇ ਮੱਛਰ ਪੈਦਾ ਹੋ ਜ਼ਾਂਦੇ ਹਨ ਜੋ ਲੋਕਾਂ ਲਈ ਮੌਤ ਦਾ ਕਾਰਨ ਵੀ ਬਣ ਜ਼ਾਂਦੇ ਹਨ। ਪਾਣੀ ਖੜਾ ਰਹਿਣ ਨਾਲ ਸੜ੍ਹਕਾਂ ਵੀ ਜਲਦੀ ਸਮੇਂ ਤੋਂ ਪਹਿਲਾਂ ਟੁੱਟ ਜ਼ਾਂਦੀਆਂ ਹਨ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜੋ ਦੁਕਾਨਦਾਰ ਇਹ ਲਿਫਾਫੇ ਵਰਤਦੇ ਹਨ, ਉਸ ਲਿਫਾਫਿਆਂ ਤੇ ਰੋਕ ਲਾਉਣ ਨਾਲ ਇਹ ਮਸਲਾ ਹੱਲ ਹੋ ਜਾਵੇਗਾ। ਪਲਾਸਟਿਕ ਦੇ ਲਿਫਾਫੇ ਤਾਂ ਹੋਰ ਵੀ ਕਈ ਰੂਪ ਵਿੱਚ ਦੁਕਾਨਾਂ ਤੋਂ ਗਾਹਕਾਂ ਤੱਕ ਪਹੁੰਚਦੇ ਹਨ। ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਲਿਫਾਫਿਆਂ ਦਾ ਬਦਲ ਤਾਂ ਸਰਕਾਰ ਦੇਣ ਦੀ ਗੱਲ ਕਰ ਰਹੀ ਹੈ ਕਿ ਇਸ ਦੇ ਬਦਲ ਵਜ਼ੋਂ ਬਰਤਨ ਭੰਡਾਰ ਤੇ ਝੋਲਾ ਭੰਡਾਰ ਸਸਤੇ ਰੇਟਾਂ ਤੇ ਹਰ ਸ਼ਹਿਰ ਵਿੱਚ ਉਪਲਬਧ ਕਰਵਾਏ ਜਾਣਗੇ, ਪਰ ਹੋਰ ਵੀ ਸਿੰਗਲ ਯੂਜ਼ ਪਲਾਸਟਿਕ ਹੈ, ਜਿਸਦਾ ਬਦਲ ਲੱੱਭਣ ਦੀ ਲੋੜ ਹੈ। ਜਿਵੇਂ ਕਿ ਸਭ ਤੋਂ ਵੱਡੀ ਸਿਰਦਰਦੀ ਬਾਇਉ ਮੈਡੀਕਲ ਵੇਸਟ ਵੀ ਹੈ ਜੋ ਵਾਤਾਵਰਣ ਲਈ ਬਹੁਤ ਵੱਡਾ ਖਤਰਾ ਬਣ ਗਿਆ ਹੈ। ਪਿੰਡਾਂ ਅਤੇ ਸ਼ਹਿਰਾਂ ਦੇ ਡਾਕਟਰਾਂ ਵੱਲੋਂ ਵਰਤਿਆ ਜਾਣ ਵਾਲਾ ਇਹ ਮਟੀਰੀਅਲ ਜਿੱਥੇ ਸੁੱਟਿਆ ਜ਼ਾਂਦਾ ਹੈ, ਉੱਥੇ ਇਸ ਵੇਸਟ ਦੇ ਢੇਰ ਲੱਗੇ ਹੋਏ ਹਨ। ਇਸ ਵਿੱਚ ਗੁਲੂਕੋਜ਼ ਦੀਆਂ ਪਲਾਸਟਿਕ ਦੀਆਂ ਬੋਤਲਾਂ, ਸਰਿੰਜ਼ਾਂ, ਸਰੀਰ ਦੇ ਟੈਸਟ ਕਰਨ ਦੌਰਾਨ ਵਰਤੋਂ ਵਿੱਚ ਆਉਣ ਵਾਲਾ ਪਲਾਸਟਿਕ ਦਾ ਸਮਾਨ ਤੇ ਹੋਰ ਵੀ ਕਈ ਨਿੱਕ-ਸੁੱਕ ਸ਼ਾਮਿਲ ਹੈ। ਇਸ ਨਾਲ ਵੀ ਵਾਤਾਵਰਣ ਵਿੱਚ ਜ਼ਹਿਰਾਂ ਘੁੱਲ ਰਹੀਆਂ ਹਨ ਤੇ ਜਾਨ ਲੇਵਾ ਬੀਮਾਰੀਆਂ ਪੈਦਾ ਹੋ ਰਹੀਆਂ ਹਨ।ਦੂਸਰੇ ਪਾਸੇ ਪੀਣ ਵਾਲੇ ਪਾਣੀ ਦੀਆਂ ਪਲਾਸਟਿਕ ਬੋਤਲਾਂ, ਤਰ੍ਹਾਂ-ਤਰ੍ਹਾਂ ਦੇ ਕੋਲਡ ਡਰਿੰਕ ਤੇ ਫਰੂਟੀ ਵਾਲੀਆਂ ਬੋਤਲਾਂ, ਜੂਸ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ, ਰੰਗ-ਰੋਗਨ ਦਾ ਮਟੀਰੀਅਲ ਪਾਉਣ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ, ਖੇਤਾਂ ਵਿੱਚ ਵਰਤੇ ਜਾਣ ਵਾਲੇ ਕੀਟ ਨਾਸ਼ਕ ਤੇ ਨਦੀਨ ਨਾਸ਼ਕ ਦਵਾਈਆਂ ਦੀਆਂ ਪਲਾਸਟਿਕ ਵਾਲੀਆਂ ਕੈਨੀਆਂ ਤੇ ਬੋਤਲਾਂ ਜੋ ਸਿਰਫ ਇੱਕ ਵਾਰੀ ਹੀ ਵਰਤੋਂ ਵਿੱਚ ਆਉਂਦੀਆਂ ਹਨ। ਇਹ ਵੇਸਟ ਕੈਨੀਆਂ ਤੇ ਬੋਤਲਾਂ ਵੀ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਵਾਤਾਵਰਣ ਲਈ ਇਹ ਬੜਾ ਵੱਡਾ ਖਤਰਾ ਹਨ। ਸਰਕਾਰ ਨੂੰ ਤੁਰੰਤ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ। ਸਰਕਾਰ ਨੂੰ ਇਹ ਨਹੀ ਵੇਖਣਾ ਚਾਹੀਦਾ ਕਿ ਇਹ ਇੰਟਰਨੈਸ਼ਨਲ ਕੰਪਨੀਆਂ ਹਨ। ਵਾਤਵਰਣ ਨੂੰ ਮੁੱਖ ਰੱਖ ਕੇ ਫੈਸਲੇ ਕਰਨੇ ਚਾਹੀਦੇ ਹਨ। ਇੱਥੇ ਇੱਕ ਗੱਲ ਕਹਿਣੀ ਚਾਹਾਗਾਂ ਕਿ ਪੂਰੇ ਇੰਡੀਆਂ ਵਿਚ ਪਲਾਸਟਿਕ ਦੇ ਲਿਫਾਫੇ ਜਾ ਹੋਰ ਪਲਾਸਟਿਕ ਦਾ ਸਮਾਨ ਬਨਾਉਣ ਵਾਲੀਆਂ ਕਿੰਨੀਆਂ ਕੁ ਫੈਕਟਰੀਆਂ ਹੋਣਗੀਆਂ? ਜਨਤਾ ਤੇ ਜਾਂ ਦੁਕਾਨਦਾਰਾਂ ਤੇ ਸ਼ਿਕੰਜ਼ਾ ਕੱਸਣ ਦੀ ਬਜਾੲ,ੇ ਭਾਵ ਕਿ ਇੰਨਾਂ ਖਰਚਾ ਕਰਨ ਦੀ ਬਜਾਏ ਜੇ ਸਿੱਧਾ ਪਲਾਸਟਿਕ ਦਾ ਸਮਾਨ ਬਨਾਉਣ ਵਾਲੀਆਂ ਫੈਕਟਰੀਆਂ ਤੇ ਸ਼ਿਕੰਜਾ ਕੱਸਿਆਂ ਜਾਵੇ ਤਾਂ ਇਹ ਮਸਲਾ ਜਲਦੀ ਤੇ ਘੱਟ ਖਰਚੇ ਤੇ ਹੱਲ ਹੋ ਜਾਵੇਗਾ, ਕਿਉਂਕਿ ਇਹਨਾਂ ਫੈਕਟਰੀਆਂ ਦਾ ਸਾਰਾ ਰਿਕਾਰਡ ਸਰਕਾਰ ਕੋਲ ਹੈ। ਚੋਰ ਨੂੰ ਮਾਰਨ ਦੀ ਬਜ਼ਾਏ ਚੋਰ ਦੀ ਮਾਂ ਨੂੰ ਮਾਰੋ। ਜੋ ਹੋਰ ਚੋਰ ਨਾ ਜੰਮੇ। ਪਿਛਲੇਂ ਸਮੇਂ ਦੌਰਾਨ ਮਾਣਯੋਗ ਹਾਈਕੋਰਟ ਤੇ ਸੁਪਰੀਮ ਕੋਰਟ ਵੱਲੋਂ ਕਈ ਚੀਜ਼ਾਂ ਬੈਨ ਕੀਤੀਆਂ ਹੋਈਆਂ ਹਨ, ਪਰ ਇਸ ਵੱਲ ਨਾ ਤਾਂ ਪ੍ਰਸ਼ਾਸ਼ਨ ਤੇ ਨਾ ਹੀ ਜਨਤਾ ਨੇ ਧਿਆਨ ਦਿੱਤਾ ਤੇ ਅੱਜ ਤੱਕ ਮਾਣਯੋਗ ਅਦਾਲਤਾਂ ਦੇ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ। ਇੱਥੇ ਇੱਕ ਗੱਲ ਯਾਦ ਆ ਰਹੀ ਹੈ ਕਿ ਪਿਛਲੇਂ ਦਿਨੀਂ ਮੈਂ ਦੁਕਾਨ ਤੋਂ ਕੱਪੜੇ ਖ੍ਰੀਦੇ ਤੇ ਉਸ ਦੁਕਾਨਦਾਰ ਵੱਲੋਂ ਮੈਨੂੰ ਇਹ ਕੱਪੜੇ ਇੱਕ ਪਲਾਸਟਿਕ ਦੇ ਲਿਫਾਫੇ ਵਿੱਚ ਪਾ ਕੇ ਦਿੱਤੇ ਗਏ। ਮੈਂ ਉਸਨੂੰ ਦੱਸਿਆ ਕਿ ਇਹ ਪਲਾਸਟਿਕ ਦੇ ਲਿਫਾਫੇ ਸਰਕਾਰ ਨੇ ਬੈਨ ਕੀਤੇ ਹੋਏ ਹਨ ਤਾਂ ਉਹ ਦੁਕਾਨਦਾਰ ਮੈਨੂੰ ਕਹਿਣ ਲੱਗਾ ਕਿ ਭਾਜ਼ੀ ਲੈ ਜਾਉ ਤੁਸੀ, ਇਹ ਇੰਡੀਆਂ’। ਇੱਥੇ ਕੋਈ ਰੋਕ-ਰੂਕ ਨਹੀ ਲੱਗਣੀ। ਸਭ ਕੁੱਝ ਇਸੇ ਤਰ੍ਹਾਂ ਚੱਲਦਾ ਰਹਿਣਾ’। ਮੈਂ ਉਸਦਾ ਜੁਆਬ ਸੁਣ ਕੇ ਇਸ ਸੋਚ ਵਿੱਚ ਹਾਂ ਕਿ, ਕੀ ਬਾਕੀ ਹੁਕਮਾਂ ਮੁਤਾਬਿਕ ਸਰਕਾਰ ਦੇ ਇਸ ਆਦੇਸ਼ਾ ਤੇ 2 ਅਕਤੂਬਰ ਗਾਂਧੀ ਜੈਯੰਤੀ ਤੇ ਇਹ ਪਲਾਸਟਿਕ ਦੇ ਲਿਫਾਫੇ ਬੰਦ ਹੋ ਜਾਣਗੇ ਕਿ ਨਹੀ।



