ਇਕ ਸਿੱਖ ਬੱਚੇ , ਬੱਚੀ ਦੀ ਧਰਮ ਨਾਲ ਪਹਿਲੀ ਪਛਾਣ ਗੁਰੂ ਨਾਨਕ ਸਾਹਿਬ ਦੇ ਜਰੀਏ ਹੁੰਦੀ ਹੈ। ਸਾਖੀਆਂ ਰਾਹੀਂ ਇੱਕ ਅਜਿਹੇ ਪਰਮਾਤਮਾ ਤੁਲ ਪਰਮ ਪੁਰਖ ਦਾ ਅਕਸ ਬੱਚੇ ਦੀ ਚੇਤਨਾ ਅੰਦਰ ਉਲੀਕਿਆ ਜਾਂਦਾ ਹੈ ਜੋ ਦਿਆਲੂ ਹੈ , ਦਾਤਾ ਹੈ , ਬਖਸ਼ਣਹਾਰ ਹੈ ਤੇ ਸਰਬ ਸਮਰਥ ਹੈ। ਆਮ ਤੌਰ ਤੇ ਬੱਚਿਆਂ ਨੂੰ ਸੱਚਾ ਸੌਦਾ, ਮੋਦੀਖਾਨੇ ਵਿੱਚ ਤੇਰਾ ਤੇਰਾ , ਮਸਜਿਦ ਵਿੱਚ ਨਮਾਜ , ਹਰਿਦੁਆਰ ਵਿੱਚ ਜਲ ਅਰਪਨ , ਭਾਈ ਲਾਲੋ – ਮਲਿਕ ਭਾਗੋ , ਦੁਨੀਚੰਦ , ਸੱਜਣ ਠੱਗ , ਵਲੀ ਕੰਧਾਰੀ ਆਦਿਕ ਸਾਖੀਆਂ ਸੁਣਾਈਆਂ ਜਾਂਦੀਆਂ ਹਨ। ਬੱਚੇ ਸਾਖੀਆਂ ਵਿੱਚ ਸੁਭਾਵਕ ਦਿਲਚਸਪੀ ਲੈਂਦੇ ਹਨ। ਉਨ੍ਹਾਂ ਦਾ ਕੋਮਲ ਮਨ ਗੁਰੂ ਨਾਨਕ ਸਾਹਿਬ ਦੀ ਮਹਿਮਾ ਨਾਲ ਸਹਿਜ ਹੀ ਜੁੜ ਜਾਂਦਾ ਹੈ। ਬੱਚਿਆਂ ਨੂੰ ਇਹ ਸਾਖੀਆਂ ਕਈ ਪੀੜ੍ਹੀਆਂ ਤੋਂ ਸੁਨਾਈਆਂ ਜਾ ਰਹੀਆਂ ਹਨ . ਅੱਜ ਵੀ ਦਾਦੀਆਂ – ਨਾਨੀਆਂ , ਮਾਤਾਵਾਂ ਨੇ ਇਹ ਪਰੰਪਰਾ ਜਾਰੀ ਰੱਖੀ ਹੋਈ ਹੈ। ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਨਵੀਂ ਪੀੜ੍ਹੀ ਨਾਲ ਸਾਂਝੀਆਂ ਕਰਣਾ ਸ੍ਰੇਸ਼ਟ ਸੰਸਕਾਰ ਬੀਜਣਾ ਹੈ। ਪਰ ਸਮਾਜਕ ਸਭਿਆਚਾਰ ਵਿੱਚ ਆਏ ਬਦਲਾਵ ਨੂੰ ਵੀ ਧਿਆਨ ਵਿੱਚ ਰੱਖਨ ਦੀ ਲੋੜ ਹੈ। ਅੱਜ ਦਾ ਬੱਚਾ ਪਹਿਲਾਂ ਨਾਲੋਂ ਕਿਤੇ ਜਿਆਦਾ ਚੇਤੰਨ ਤੇ ਆਲੇ ਦੁਆਲੇ ਦੀਆਂ ਸਥਿਤੀਆਂ ਨੂੰ ਜਿਆਦਾ ਛੇੱਤੀ ਨਾਲ ਧਾਰਣ ਕਰਨ ਵਾਲਾ ਹੈ। ਜਨਮ ਲੈਂਦੀਆਂ ਹੀ ਉਹ ਪਰਿਵਾਰ ਦੇ ਲੋਗਾਂ ਦੇ ਹੱਥਾਂ ਵਿੱਚ ਮੋਬਾਈਲ ਵੇਖਣ ਦਾ ਆਦੀ ਹੋ ਜਾਂਦਾ ਹੈ। ਸਾਲ ਭਰ ਦੇ ਅੰਦਰ ਹੀ ਉਹ ਮੋਬਾਈਲ ਦੀ ਸਕਰੀਨ ਤੇ ਉਂਗਲਿਆਂ ਫੇਰਨਾ ਆਰੰਭ ਕਰ ਦਿੰਦਾ ਹੈ। ਮਾਤਾ – ਪਿਤਾ ਇਹ ਵੇਖ ਕੇ ਪ੍ਰਸੰਨ ਹੁੰਦੇ ਹਨ ਤੇ ਬੱਚਿਆਂ ਲਈ ਖਾਸ ਬਣੇ ਨਰਸਰੀ ਰਾਈਮਜ ਦੇ ਵੀਡਿਉ ਵਿਖਾਉਣਾ ਸ਼ੁਰੂ ਕਰ ਦਿੰਦੇ ਹਨ। ਵੱਡਾ ਹੁੰਦਾ ਬੱਚਾ ਮੋਬਾਈਲ ਵਿੱਚ ਵੀਡਿਉ ਵੇਖੇ ਬਿਨਾ ਖਾਨਾ ਨਹੀਂ ਖਾਂਦਾ। ਉਹ ਆਪ ਮੋਬਾਈਲ ਚਲਾਉਣ ਲੱਗ ਪੈਂਦਾ ਹੈ। ਨਵਾਂ ਸਮਾਚਾਰ ਆਇਆ ਹੈ ਹੈ ਕਿ ਬੱਚਿਆਂ ਲਈ ਵੱਖ ਮੋਬਾਈਲ ਵੀ ਬਣ ਗਿਆ ਹੈ। ਸਵਾਲ ਹੈ ਕਿ ਕੀ ਅੱਜ ਦੇ ਇਨ੍ਹਾਂ ਹਾਲਾਤ ਵਿੱਚ ਵੀ ਬੱਚੇ ਦਾ ਮਨ ਗੁਰੂ ਨਾਨਕ ਸਾਹਿਬ ਨਾਲ ਸਾਖੀਆਂ ਰਾਹੀਂ ਜੋੜਿਆ ਜਾ ਸੱਕਦਾ ਹੈ। ਬੱਚਿਆਂ ਨੂੰ ਸਾਖੀਆਂ ਸੁਣਾਈਆਂ ਜਾ ਰਹੀਆਂ ਹਨ ਪਰ ਉਨ੍ਹਾ ਦੇ ਨਾਇਕ ਨੋਡੀ , ਸ਼ਿੰਗ ਚੇਨ , ਪੇਪਾ ਪਿੱਗ , ਮੋਟੂ – ਪਤਲੂ ਜਿਹੇ ਕੈਰੇਕਟਰ ਹੀ ਬਣ ਰਹੇ ਹਨ।
ਬੱਚੇ ਦਰਅਸਲ ਉਹੀ ਵੇਖਦੇ ਤੇ ਕਰਦੇ ਹਨ ਜੋ ਅਸੀਂ ਉਨ੍ਹਾਂ ਨੂੰ ਵਿਖਾਉਣਾ ਤੇ ਉਨ੍ਹਾਂ ਤੋਂ ਕਰਾਉਣਾ ਚਾਹੁੰਦੇ ਹਾਂ। ਪਿਛਲੇ ਸਾਲ ਭਰ ਤੋਂ ਗੁਰੂ ਨਾਨਕ ਸਾਹਿਬ ਬਾਰੇ ਕਾਫੀ ਕੁਝ ਲਿਖਿਆ ਜਾ ਰਿਹਾ ਹੈ। ਕਈ ਕਿਤਾਬਾਂ ਵੱਖ – ਵੱਖ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਹੋਈਆਂ ਹਨ ਤੇ ਹੋਣ ਜਾ ਰਹੀਆਂ ਹਨ। ਪਰ ਇੱਸ ਸਾਰੇ ਪਰਿਦ੍ਰਿਸ਼ ਵਿੱਚ ਬੱਚਿਆਂ ਨੂੰ ਪੂਰੀ ਤਰਹ ਨਜਰੰਦਾਜ ਕਰ ਦਿੱਤਾ ਗਿਆ ਹੈ। ਕੀ ਅਸੀਂ 12 ਨਵੰਬਰ ਦੀ ਉਡੀਕ ਕਰ ਰਹੇ ਹਾਂ ਜਦੋਂ ਉਨ੍ਹਾਂ ਨੂੰ ਦੱਸਣਗੇ ਕਿ ਅੱਜ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਹੈ . ਦਿੱਲੀ ਅੰਦਰ ਇਕ ਸਮਾਗਮ ਹੋਇਆ ਜਿਸ ਵਿੱਚ ਬੱਚਿਆਂ ਨੇ ਗੁਰਬਾਣੀ ਗਾਇਣ ਕੀਤਾ। ਪਰ ਇਸ ਸਮਾਗਮ ਵਿੱਚ ਬੱਚਿਆਂ ਦੀ ਦਰਸ਼ਕ ਵੱਜੋਂ ਕਿੰਨੀ ਸ਼ਮੂਲੀਅਤ ਸੀ। ਕੀ 12 ਨਵੰਬਰ ਹੋਰ ਇੱਕ ਅਜਿਹਾ ਦਿਨ ਬਣ ਕੇ ਗੁਜਰ ਜਾਵੇਗਾ ਜਦੋਂ ਬੱਚੇ ਤਿਆਰ ਹੋ , ਪਰਿਵਾਰ ਨਾਲ ਗੁਰਦੁਆਰੇ ਜਾਉਣਗੇ ਤੇ ਜੋ ਚੱਲ ਰਿਹਾ ਹੋਵੇਗਾ , ਜਿੰਨਾ ਕੁ ਵੇਖ ਸਕਣਗੇ , ਵੇਖ ਕੇ ਪਰਤ ਆਉਣਗੇ। ਕਿਉਂਕਿ ਬੱਚਿਆਂ ਲਈ ਸੁਣਨ ਤੇ ਸਮਝਣ ਦਾ ਕੋਈ ਅਉਸਰ ਹੀ ਨਹੀਂ ਹੋਵੇਗਾ। ਕੀ ਇਹ ਉਸ ਪੀੜ੍ਹੀ ਨਾਲ ਪੂਰੀ ਜਿਆਦਤੀ ਨਹੀਂ ਹੋਵੇਗੀ ਜਿਸ ਤੇ ਅਸੀਂ ਸਿੱਖ ਪੰਥ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਵੇਖ ਰਹੇ ਹਾਂ। ਉਸ ਪੀੜ੍ਹੀ ਨੂੰ ਕਿਸ ਤਰਹ ਤਿਆਰ ਕੀਤਾ ਜਾ ਰਿਹਾ ਹੈ। ਕੱਲ ਬੱਚਾ ਜਦੋਂ ਬਾਲਿਗ ਹੋ ਜਾਵੇਗਾ ਤਾਂ ਅਕਸਮਾਤ ਉਸ ਨੂੰ ਕਿਹਾ ਜਾਏਗਾ ਕਿ ਅੰਮ੍ਰਿਤ ਛੱਕ ਲੈ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਬੱਚਿਆਂ ਨੂੰ ਮਨ ਦੇ ਤਲ ਤੇ ਨਾ ਜੋੜਨਾ ਉਨ੍ਹਾਂ ਨਾਲ ਵੱਡਾ ਤੇ ਨਾ ਬਖਸ਼ਣ ਜੋਗ ਅਨਿਆ ਹੈ। ਆਪਨੇ ਪਿਤਾ ਨਾਲ ਮਨ ਦਾ ਸਬੰਧ ਨਾ ਹੋਣਾ ਕਿਹੇ ਜਿਹੇ ਸੰਸਕਾਰ ਬੀਜਣ ਜਾ ਰਿਹਾ ਹੈ। ਗੁਰੂ ਨਾਲ ਜੁੜਨ ਵਿੱਚ ਉਮਰ ਕਦੇ ਵੀ ਵਿਘਨ ਨਹੀਂ ਰਹੀ ਹੈ। ਬਾਬਾ ਬੁੱਢਾ ਜੀ ਬਾਰਹ ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੂੰ ਸਮਰਪਤ ਹੋਏ ਤੇ ਬ੍ਰਹਮ ਗਿਆਨੀ ਬਣ ਗਏ। ਗੁਰੂ ਹਰਿਗੋਬਿੰਦ ਜੀ , ਗੁਰੂ ਹਰਿਕ੍ਰਿਸ਼ਨ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਿੱਕੀਆਂ ਉਮਰਾਂ ਵਿੱਚ ਹੀ ਪੂਰੇ ਪੰਥ ਨੂੰ ਸਾਂਭਿਆ ਤੇ ਅੱਗੇ ਵਧਾਇਆ। ਗੁਰੂ ਸਾਹਿਬਾਨ ਅੰਦਰ ਪਰਮਾਤਮਾ ਦੀ ਜੋਤ ਵਰਤ ਰਹੀ ਸੀ ਪਰ ਇਹ ਪ੍ਰੇਰਨਾ ਤਾ ਲਈ ਜਾ ਸੱਕਦੀ ਹੈ ਕਿ ਆਤਮਕ ਚੇਤਨਾ ਦਾ ਸ਼ਰੀਰਕ ਆਯੁ ਨਾਲ ਕੋਈ ਸਬੰਧ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਪਰਮਾਤਮਾ ਨਾਲ ਨਾ ਜੁੜਿਆ ਮਨੁੱਖ ਪੂਰੀ ਉਮਰ ਭੋਗ ਕੇ ਵੀ ਜੀਵਨ ਮਨੋਰਥ ਹਾਸਲ ਨਹੀ ਕਰ ਪਾਉਂਦਾ ਤੇ ਸੰਸਾਰ ਛੱਡ ਜਾਂਦਾ ਹੈ “ ਨਾਵੈ ਧਉਲੇ ਉਭੇ ਸਾਹ , ਦਸਵੈ ਦਧਾ ਹੋਆ ਸੁਆਹ “। ਆਪ ਨੇ ਵਚਨ ਕੀਤੇ ਕਿ ਬੱਚਾ ਹੋਵੇ , ਜਵਾਨ ਜਾਂ ਬਿਰਧ , ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਵੱਸਿਆ ਉਹ ਮਿਰਤਕ ਸਮਾਨ ਹੈ। ਮਨ ਅੰਦਰ ਸਿਮਰਨ ਜੀਵਨ ਦਾ ਚਿਨ੍ਹ ਹੈ “ ਸੋ ਜੀਵਿਆ ਜਿਸੁ ਮਨਿ ਵਸਿਆ ਸੋਇ “। ਜੇ ਅਸੀਂ ਆਪਨੇ ਬੱਚੇ ਦੇ ਅੰਦਰ ਜੀਵਨ ਵੇਖਣਾ ਚਾਹੁੰਦੇ ਹਾਂ ਤਾਂ ਉਸ ਦੇ ਮਨ ਨੂੰ ਪਰਮਾਤਮਾ ਨਾਲ ਜੋੜਨਾ ਪਵੇਗਾ , ਨਰਸਰੀ ਰਾਇਮਜ ਨਾਲ ਨਹੀਂ।
ਅੱਜ ਇੰਟਰਨੇਟ ਤੇ ਅਜਿਹੀ ਸਮਗ੍ਰੀ ਦੀ ਬੇਹਦ ਘਾਟ ਹੈ ਜੋ ਬੱਚਿਆਂ ਨੂੰ ਗੁਰੂ ਸਾਹਿਬਾਨ ਤੇ ਗੁਰਬਾਣੀ ਨਾਲ ਪਛਾਣ ਕਰਾ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਈ ਟੀ ਸੇਲ ਕਾਇਮ ਕੀਤਾ ਹੈ। ਇਸ ਸੇਲ ਨੂੰ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਜਾਨਕਾਰਿਆਂ ਖਾਸ ਤੌਰ ਤੇ ਬੱਚਿਆਂ ਲਈ ਤਿਆਰ ਕਰ ਕੇ ਇੰਟਰਨੇਟ ਤੇ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ . ਸਾਖੀਆਂ ਰਾਹੀਂ ਗੁਰੂ ਸਾਹਿਬਾਨ ਨਾਲ ਜੋੜਨ ਦੀ ਥਾਂ ਇਤਿਹਾਸਕ ਤੱਥ ਜੋ ਪ੍ਰਮਾਣਕ ਹੋਣ ਰੋਚਕ ਢੰਗ ਨਾਲ ਤਿਆਰ ਕਰ ਅੱਗੇ ਕੀਤੇ ਜਾਨੇ ਚਾਹੀਦੇ ਹਨ। ਇਤਿਹਾਸ ਜੇ ਈਮਾਨਦਾਰੀ ਤੇ ਭਾਵਨਾ ਦੇ ਸੁਮੇਲ ਨਾਲ ਲਿਖਿਆ ਜਾਵੇ ਤਾਂ ਕਦੇ ਵੀ ਨੀਰਸ ਨਹੀਂ ਹੁੰਦਾ। ਪਿਛਲੇ ਸਾਲਾਂ ਵਿੱਚ ਕੁਝ ਫਿਲਮਾਂ ਆਈਆਂ ਜੋ ਬੱਚਿਆਂ ਨੇ ਵੀ ਵੇਖੀਆਂ। ਪਰ ਪੈਸਾ ਕਮਾਉਣ ਲਈ ਭਾਵਨਾਵਾਂ ਦਾ ਪਲੜਾ ਉਤਾਂਹ ਚੁੱਕ ਦਿੱਤਾ ਗਿਆ ਜਿਸ ਕਾਰਨ ਮਨ ਥਿਰ ਹੋਣ ਦੀ ਥਾਂ ਵਿਆਕੁਲ ਹੋ ਗਏ। ਇਹ ਪੂਰਨ ਤੌਰ ਤੇ ਗੁਰਮਤਿ ਵਿਰੁੱਧ ਸੀ। ਗੁਰਬਾਣੀ ਦੀ ਦਿਸ਼ਾ ਸਦਾ ਹੀ ਸਹਿਜ ਦੀ ਹੈ। ਗੁਰੂ ਸਾਹਿਬਾਨ ਦੇ ਕਾਲ ਵਿੱਚ ਧਰਮ ਪ੍ਰਚਾਰ ਹੋਇਆ ਤੇ ਧਰਮ ਪ੍ਰਚਾਰ ਲਈ ਸ਼ਹੀਦੀਆਂ ਵੀ ਹੋਈਆਂ। ਇਹ ਸ਼ਹੀਦੀਆਂ ਮਨੁੱਖੀ ਦੇਹ ਦਾ ਸਹਿਜ ਤਿਆਗ ਸੀ। ਗੁਰੂ ਨਾਨਕ ਨੇ ਵਚਨ ਕੀਤੇ “ ਅਉਧੂ ਸਹਜੇ ਤਤੁ ਬੀਚਾਰਿ , ਜਾ ਤੇ ਫਿਰਿ ਨ ਆਵਹੁ ਸੈਸਾਰਿ “ . ਜੀਵਨ ਤੱਤ ਸਹਿਜ ਅਵਸਥਾ ਵਿੱਚ ਹੀ ਪ੍ਰਾਪਤ ਹੁੰਦਾ ਹੈ। ਜੇ ਸਹਿਜ ਵਿਚਾਰਿਆ ਜਾਵੇ ਤਾਂ ਗੁਰੂ ਨਾਨਕ ਸਾਹਿਬ ਤੋਂ ਸਿਖਣ ਲਈ ਬਹੁਤ ਕੁਝ ਹੈ ਜੋ ਬਾਲ ਅਵਸਥਾ ਨੂੰ ਜੀਵਨ ਦੀ ਉੱਤਮ ਤਿਆਰੀ ‘ਚ ਬਦਲ ਸਕਦਾ ਹੈ। ਗੁਰੂ ਨਾਨਕ ਸਾਹਿਬ ਦਾ ਮਾਤਾ ਪਿਤਾ ਦਾ ਆਗਿਆਕਾਰੀ ਹੋਣਾ , ਨਾਲ ਦੇ ਬੱਚਿਆਂ ਨਾਲ ਸੁਖਾਵੇਂ ਵਿਉਹਾਰ , ਲੋੜਵੰਦ ਦੀ ਮਦਦ , ਪਰਮਾਤਮਾ ਭਗਤੀ , ਸਚ ਲਈ ਦ੍ਰਿੜ੍ਹਤਾ , ਮਿੱਠੇ ਵਚਨ , ਧੀਰਜ – ਸੰਜਮ ਤੇ ਸੰਤੋਖ ਆਦਿਕ ਬਹੁਤ ਕੁਝ। ਗੁਰੂ ਨਾਨਕ ਸਾਹਿਬ ਦਾ ਗੁਣ ਜੋਨ ਪੂਰੀ ਦੁਨਿਆ ਅੰਦਰ ਬੇਮਿਸਾਲ ਹੈ ਉਹ ਹੈ ਸਮ ਦ੍ਰਿਸ਼ਟੀ। ਗੁਰੂ ਨਾਨਕ ਸਾਹਿਬ ਦੇ ਜੀਵਨ ਅੰਦਰ ਜੋ ਵੀ ਆਇਆ, ਗਰੀਬ ਜਾਂ ਅਮੀਰ , ਰਾਜਾ ਜਾਂ ਪਰਜਾ , ਬਲਵਾਨ ਜਾਂ ਨਿਰਬਲ, ਗਿਆਨੀ ਜਾਂ ਅਗਿਆਨੀ , ਸੱਜਣ ਜਾਂ ਠੱਗ , ਹਰ ਇੱਕ ਨਾਲ ਆਪ ਨੇ ਸਹਿਜ ਭਾਵ ਵਿਉਹਾਰ ਕੀਤਾ , ਮਿੱਠੇ ਵਚਨ ਬੋਲੇ ਤੇ ਉੱਸ ਨੂੰ ਸੇਧ ਦੇਣ ਦਾ ਜਤਨ ਕੀਤਾ। ਅੱਜ ਦੇ ਪਬਲਿਕ ਸਕੂਲਾਂ ‘ਚ ਪੜ੍ਹ ਰਹੇ ਬੱਚਿਆਂ ਨੂੰ ਤਾਂ ਖਾਸ ਤੌਰ ਤੇ ਇਸ ਪ੍ਰੇਰਨਾ ਦੀ ਸਖਤ ਲੋੜ ਹੈ ਜੋ ਕਿਸੇ ਨਾਲ ਵੀ ਬਦਸਲੂਕੀ ਤੇ ਉਤਰ ਆਉਂਦੇ ਹਨ ਤੇ ਕਿਸੇ ਨੂੰ ਵੀ ਅਰਲ ਬਰਲ ਬੋਲ ਜਾਂਦੇ ਹਨ। ਗੁਰੂ ਨਾਨਕ ਸਾਹਿਬ ਦਾ ਜੀਵਨ ਆਤਮ ਨਿਰਭਰਤਾ ਦਾ ਸਭ ਤੋਂ ਵੱਡਾ ਉਦਾਹਰਨ ਹੈ। ਆਪ ਬਿਰਧ ਅਵਸਥਾ ਵਿੱਚ ਵੀ ਆਪਨੇ ਖੇਤਾਂ ਦੀ ਨਿਗਰਾਨੀ ਆਪ ਕਰਦੇ ਸਨ ਤੇ ਹੱਲ ਵੀ ਵਾਹੁੰਦੇ ਸਨ। ਗੁਰੂ ਸਾਹਿਬ ਨੇ ਜੀਵਨ ਦੇ ਦੋ ਦਹਾਕਿਆਂ ਤੋਂ ਜਿਆਦਾ ਦਾ ਸਮਾਂ ਧਰਮ ਯਾਤਰਾਵਾਂ ‘ਚ ਬਤੀਤ ਕੀਤਾ। ਭੁੱਖੇ – ਪਿਆਸੇ ਰਹੇ ਪਰ ਕਿਸੇ ਅੱਗੇ ਭੋਜਨ ਲਈ ਜਾਚਨਾ ਨਹੀਂ ਕੀਤੀ। ਆਪ ਪਰਮਾਤਮਾ ਦੇ ਕਾਰਜ ਲਈ ਨਿਕਲੇ ਸਨ , ਪਰਮਾਤਮਾ ਹੀ ਆਪ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਗਿਆ। ਬੱਚੇ ਹੀ ਨਹੀਂ ਵੱਡੇ – ਬੁਜਰਗ ਵੀ ਅਗਲੇ ਭੋਜਨ ਦੀ ਚਿੰਤਾ ਵੀ ਪੈ ਜਾਂਦੇ ਹਨ। ਗੁਰੂ ਨਾਨਕ ਸਾਹਿਬ ਨੇ ਅਚਿੰਤ ਰਹਿਣਾ ਸਿਖਾਇਆ ਹੀ ਨਹੀਂ ਅਚਿੰਤ ਹੋ ਕੇ ਵਿਖਾਇਆ ਵੀ। ਪਰਮਾਤਮਾ ਤੇ ਭਰੋਸੇ ਦੀ ਸ਼ਕਤੀ ਹੀ ਮਨੁੱਖ ਦੀ ਸੱਚੀ ਸ਼ਕਤੀ ਹੈ ਜੋ ਸਦਾ ਸਹਾਈ ਹੁੰਦੀ ਹੈ . ਗੁਰੂ ਨਾਨਕ ਸਾਹਿਬ ਯਾਤਰਾਵਾਂ ਦੇ ਮਾਰਗ ਤੇ ਵੱਧਦੇ ਗਏ , ਯਾਤਰਾਵਾਂ ਸਫਲ ਹੁੰਦੀਆਂ ਗਈਆਂ। ਬੱਚੇ ਗੁਰੂ ਨਾਨਕ ਸਾਹਿਬ ਤੋਂ ਪ੍ਰੇਰਨਾ ਲੈ ਕੇ ਜੇ ਪਰਮਾਤਮਾ ਤੇ ਭਰੋਸਾ ਕਰਣਾ ਸਿਖ ਜਾਣ ਤੇ ਅਚਿੰਤ ਹੋ ਜਾਣ ਤਾਂ ਉਨ੍ਹਾਂ ਦੇ ਵਿਦਿਅਕ ਤਨਾਵ ਆਪ ਹੀ ਦੂਰ ਹੋ ਜਾਣਗੇ। ਗੁਰੂ ਨਾਨਕ ਸਾਹਿਬ ਨੇ ਜੋ ਸੰਕਲਪ ਧਾਰਿਆ ਉਸ ਤੇ ਕਦੇ ਰੁਕੇ ਨਹੀਂ। ਬੱਚੇ ਵੀ ਜੇ ਵਿਦਿਅਕ ਸਫਲਤਾਵਾਂ ਪ੍ਰਾਪਤ ਕਰਣਾ ਚਾਹੁੰਦੇ ਹਨ ਤਾਂ ਗੁਰੂ ਸਾਹਿਬ ਵਾਂਗੂੰ ਸੰਕਲਪ ਬੱਧ ਹੋਣਾ ਪਵੇਗਾ। ਇਸ ਵਿੱਚ ਪਰਮਾਤਮਾ ਤੇ ਭਰੋਸਾ ਤੇ ਸਹਿਜ ਹੀ ਸਹਾਈ ਹੋ ਸਕਦੇ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਵਰੂਪ ਇੰਨਾ ਮਨੋਹਰ ਤੇ ਵਿਆਪਕ ਹੈ ਕਿ ਉਸ ਵਿੱਚ ਜੋ ਕੁਝ ਵੀ ਵੇਖਣਾ ਚਾਹੋ , ਦਰਸ਼ਨ ਹੋ ਜਾਣਗੇ। ਜੋ ਵੀ ਦਾਤ ਮੰਗਨੀ ਚਾਹੋ ਮਿਲ ਜਾਏਗੀ। ਬੱਚਿਆਂ ਲਈ ਉਹ ਇੱਕ ਪਿਆਰੇ ਪਿਤਾ , ਸੁਜਾਨ ਗੁਰੂ , ਦਿਆਲੂ ਦਾਤਾ , ਅਹਿਨਿਸ ਰੱਖਿਅਕ , ਸਦਾ ਸਹਾਈ ਬਲ , ਬੁੱਧਿ ਤੇ ਇੱਛਾ ਪੂਰਕ ਹਨ। ਬੱਚਿਆਂ ਨੇ ਕਦੇ ਸੁਪਨੇ ਵਿੱਚ ਵੀ ਅਜਿਹਾ ਨਾਇਕ ਨਹੀਂ ਵੇਖਿਆ ਹੋਵੇਗਾ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਤਾਂ ਕਰਾਉ ਉਨ੍ਹਾਂ ਨੂੰ। ਬੱਚੇ ਵਿਸਮਾਦ ਨਾਲ ਭਰ ਜਾਣਗੇ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਇੱਕ ਸਮਾਗਮ ਸਿਰਫ ਬੱਚਿਆਂ ਲਈ ਕੀਤਾ ਜਾਣਾ ਚਾਹੀਦੇ।



