ਇਸ ਵਕਤ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਬੇਹੱਦ ਬੁਰੇ ਦੌਰ ਵਿਚੋਂ ਗੁਜ਼ਰ ਰਿਹਾ ਹੈ,ਕੁਦਰਤ ਦੀ ਕਰੋਪੀ ਨੇ ਹੜ੍ਹਾਂ ਰਾਂਹੀ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਤਬਾਹੀ ਮਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ !ਸਤਲੁਜ ਦਰਿਆ ਨਾਲ ਲਗਦੇ ਸੈਂਕੜੇ ਪਿੰਡ ਅਜੇ ਵੀ ਪਾਣੀ ਵਿੱਚ ਡੁੱਬੇ ਹੋਏ ਹਨ ਜਦੋਕਿ ਇੱਕ ਸਰਕਾਰੀ ਅਨੁਮਾਨ ਅਨੁਸਾਰ ਪੰਜਾਬ ਦੀ ਕਰੀਬ 10000/ਏਕੜ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਤੇ ਹੋਰ ਘਰਾਂ ਦੇ ਸਮਾਨ ਤੇ ਪਸ਼ੂ ਧੰਨ ਦੇ ਨੁਕਸਾਨ ਦਾ ਕੋਈ ਅੰਦਾਜ਼ਾ ਨਹੀਂ,ਹਮੇਸ਼ਾ ਸਰਕਾਰੀ ਤੇ ਕੁਦਰਤੀ ਆਫਤਾਂ ਨੂੰ ਝੇਲਣ ਦਾ ਆਦੀ ਅੱਜ ਪੰਜਾਬ ਸੱਚਮੁੱਚ ਕੁਰਲਾ ਰਿਹਾ ਕਿਉਂਕਿ ਏਹਦੀ ਬਾਂਹ ਫੜਨ ਲਈ ਅਧਿਕਾਰਤ ਦਿੱਲੀ ਦੇ ਤਖਤ ਤੇ ਬੈਠੇ ਦੇਸ਼ ਦੇਸ਼ ਦੇ ਹਾਕਮਾਂ ਨੇ ਅਜੇ ਤੱਕ ਡੁਬਦੇ ਪੰਜਾਬ ਦੀ ਸਾਰ ਨਹੀਂ ਲਈ,ਜੇ ਕੋਈ ਅੱਜ ਪੰਜਾਬ ਲਈ ਦੁੱਖਾਂ ਵਿਚ ਬਹੁੜਿਆ ਉਹ ਪੰਜਾਬ ਦੇ ਪੰਜਾਬੀ ਈ ਹਨ ਜਾਂ ਫਿਰ ਸਰਕਾਰ ਨੂੰ ਹਮੇਸ਼ਾਂ ਅੱਤਵਾਦੀ ਲੱਗਦੇ ਦੇਸ਼ ਵਿਦੇਸ਼ ਦੇ ਵਸਦੇ, ਉਹ ਸਿੱਖ ਕੌਮ ਦੇ ਯੋਧੇ “ਖਾਲਸਾ ਏਡ “ਵਾਲੇ ਜਿਨ੍ਹਾਂ ਦੇ ਮੁਖੀ ਸਰਦਾਰ ਰਵੀ ਸਿੰਘ ਨੇ ਜਿੱਥੇ ਆਪਣੇ ਸਾਰੇ ਵਲੰਟੀਅਰਾਂ ਨੂੰ ਪੰਜਾਬ ਦੇ ਹੜ ਪੀੜਤਾਂ ਲਈ ਤੁਰੰਤ ਹਾਜਰ ਹੋਣ ਦੀ ਹਦਾਇਤ ਕੀਤੀ ਉੱਥੇ ਤੁਰੰਤ 150000/ਪੌਂਡ (ਡੇਢ ਕਰੋੜ ਰੁਪਏ) ਪੰਜਾਬ ਲਈ ਜਾਰੀ ਕਰ ਦਿੱਤੇ,ਬੇਸ਼ੱਕ ਏਹ ਰਾਸ਼ੀ ਪੀੜਤਾਂ ਲਈ ਨਾਕਾਫੀ ਏ ਪਰ ਸਮੇਂ ਦੀਆਂ ਸਰਕਾਰਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਜਿਹਨਾਂ ਲਈ ਪੰਜਾਬ ਕਮਾਊ ਪੁੱਤ ਤਾਂ ਹੈ ਪਰ ਜਦੋਂ ਪੰਜਾਬ ਖੁਦ ਮੁਸੀਬਤ ਵਿਚ ਹੁੰਦਾ ਤਾਂ ਸਭ ਪਾਸਾ ਵੱਟ ਜਾਂਦੇ ਹਨ ਜਿਵੇਂ ਹੁਣ ਹੋਇਆ!ਕਿੰਨੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੀ ਹੋਈ ਬਰਬਾਦੀ ਦੁਨੀਆਂ ਸਾਹਮਣੇ ਹੈ ਪਰ ਕੇਂਦਰ ਦੀ ਸਰਕਾਰ ਨੇ ਹੁਣ ਤੱਕ ਬਾਤ ਨਹੀਂ ਪੁੱਛੀ! ਕੀ ਪੰਜਾਬ ਭਾਰਤ ਦਾ ਹਿੱਸਾ ਨਹੀਂ,ਕੀ ਇੱਥੇ ਦੇ ਵਸਨੀਕ ਦੇਸ਼ ਦੇ ਦੁਸ਼ਮਣ ਹਨ ਜਾਂ ਫਿਰ ਦਿੱਲੀ ਪੰਜਾਬ ਨੂੰ ਖੁਸ਼ਹਾਲ ਦੇਖ ਕੇ ਖੁਸ਼ ਨਹੀਂ!ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਉਹ ਕੋਈ ਵੀ ਹੋਵੇ ਨੇ ਪੰਜਾਬ ਦੇ ਪੀੜਤਾਂ ਲਈ ਦਿਨ ਰਾਤ ਇੱਕ ਕਰਤਾ ਉਹਨਾਂ ਲਈ ਖੁਦ ਹੀ ਤਰੱਦਦ ਕਰਕੇ ਰਾਸ਼ਨ ਪਾਣੀ,ਤਰਪਾਲਾਂ,ਪਸ਼ੂਆਂ ਲਈ ਚਾਰਾ ਤੇ ਕੱਪੜੇ ਲਿਤੇ ਦਾ ਪ੍ਰਬੰਧ ਕਰਕੇ ਪੀੜਤਾਂ ਦੀ ਦਿਲ ਖੋਲ ਕੇ ਮੱਦਦ ਕੀਤੀ ਏ ਉਹ ਸੱਚਮੁੱਚ ਹਸਦੇ ਵੱਸਦੇ ਖੁਸ਼ਹਾਲ ਪੰਜਾਬ ਦੀ ਨਿਸ਼ਾਨੀ ਹੈ ਤੇ ਪੰਜਾਬ ਦੇ ਲੋਕਾਂ ਨੇ ਦਿੱਲੀ ਦੇ ਤਖਤ ਤੇ ਬੈਠੇ ਹਾਕਮਾਂ ਨੂੰ ਇੱਕ ਸੁਨੇਹਾ ਵੀ ਦਿੱਤਾ ਕਿ ਜੇ ਪੰਜਾਬੀ ਖਾਸ ਕਰ ਸਿੱਖ ਕੌਮ ਪੂਰੀ ਦੁਨੀਆਂ ਦੇ ਲੋੜਵੰਦ ਲੋਕਾਂ ਲਈ ਹਮੇਸ਼ਾ ਤਿਆਰ ਹੈ ਉੱਥੇ ਆਪਣੇ ਜਿਗਰ ਦੇ ਟੁਕੜੇ ਪੰਜਾਬ ਦੇ ਵਸਨੀਕਾਂ ਲਈ ਚੌਵੀ ਘੰਟੇ ਸਹਿਯੋਗ ਲਈ ਤਿਆਰ ਹੈ ਬਿਨਾਂ ਕਿਸੇ ਜਾਤ ਪਾਤ ਜਾਂ ਧਰਮ ਦੇ ! ਪੰਜਾਬ ਦੇੰ ਬਹੁਤੇ ਨੌਜਵਾਨ ਪੰਜਾਬ ਦੇ ਹੜ ਪੀੜਤਾਂ ਦੀ ਮੱਦਦ ਲਈ ਖੁਦ ਛੋਟੇ ਛੋਟੇ ਕਲੱਬ ਬਣਾ ਕੇ ਆਪਣੇ ਸੀਮਤ ਸਾਧਨਾਂ ਰਾਹੀਂ ਜੁਟੇ ਹੋਏ ਹਨ ਉਹਨਾਂ ਨੂੰ ਸਲਾਮ ਉਹਨਾਂ ਦੀ ਸੋਚ ਨੂੰ ਸਲਾਮ ਜਿਹੜੀ ਉਹਨਾਂ ਨੂੰ ਦਸਾਂ ਗੁਰੂਆਂ ਵੱਲੋਂ ਗੁੜਤੀ ਵਿੱਚ ਮਿਲੀ ਏ ਕਿ ਸਿੱਖ ਕੌਮ ਬਣੀ ਈ ਦੂਜਿਆਂ ਦੀ ਮੱਦਦ ਲਈ ਹੈ !ਸ਼ਾਇਦ ਦਿੱਲੀ ਦੇ ਤਖਤ ਤੇ ਬੈਠੇ ਹਾਕਮਾਂ ਉਹਨਾਂ ਦੇ ਗੱਦਾਰ ਏਲਚੀਆਂ ਵੱਲੋਂ ਇਹ ਸੁਨੇਹਾ ਮਿਲ ਗਿਆ ਹੋਣਾ ਕਿ ਪੰਜਾਬ ਤੇ ਆਈ ਹਰ ਮੁਸੀਬਤ ਦੇ ਹੱਲ ਲਈ ਪੰਜਾਬ ਦੇ ਸਮੂਹ ਪੰਜਾਬੀ ਤੇ ਪੂਰੀ ਸਿੱਖ ਕੌਮ ਆਪ ਹੀ ਕਾਫੀ ਹੈ ,ਨਿਕੰਮੀਆਂ ਸਰਕਾਰਾਂ ਤੇ ਟੇਕ ਰੱਖਣੀ ਉਹਨਾਂ ਦੀ ਫਿਤਰਤ ਨਹੀਂ !ਦਿੱਲੀ ਸਰਕਾਰ ਤਾਂ ਭਾਵੇਂ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਪਰ ਪੰਜਾਬ ਸਰਕਾਰ ਤੇ ਏਹਦੀ ਅਫਸਰਸ਼ਾਹੀ ਵੀ ਪੰਜਾਬ ਦੇ ਹੜ ਪੀੜਤਾਂ ਦੀ ਮੱਦਦ ਲਈ ਉੰਨੀ ਕਾਰਗਰ ਸਾਬਤ ਨਹੀਂ ਹੋ ਸਕੀ ਜਿੰਨੀ ਸਮੇਂ ਦੀ ਮੰਗ ਏ !ਪੰਜਾਬ ਸਰਕਾਰ ਦੇ ਬਹੁਤੇ ਐਲਾਨ ਅਖਬਾਰੀ ਬਿਆਨਬਾਜ਼ੀ ਤੱਕ ਈ ਸੀਮਤ ਹਨ। ਅਸੀਂ ਸਲਾਮ ਕਰਦੇ ਹਾਂ ਉਹਨਾਂ ਸਾਰੀਆਂ ਸ਼ਖਸ਼ੀਅਤਾਂ ਨੂੰ ਜਿਨ੍ਹਾਂ ਨੇ ਭਾਂਵੇ ਇੱਕ ਧੇਲਾ ਈ ਦਿੱਤਾ ਆਪਣੀ ਜੇਬ ਵਿਚੋਂ ਇਮਾਨਦਾਰੀ ਦਾ ਜਾਂ ਫਿਰ ਫਿਜੀਕਲ ਤੌਰ ਤੇ ਸਹਿਯੋਗ ਕੀਤਾ ਉਹ ਭਾਂਵੇ ਖਾਲਸਾ ਏਡ ਦੇ ਨੌਜਵਾਨ ਹੋਣ ,ਪਿੰਡਾਂ ਦੇ ਅਲੂਂਏ ਗੱਭਰੂ ਹੋਣ,ਲੰਗਰ ਲਾਉਣ ਵਾਲੇ ਮੁਸਲਮਾਨ ਵੀਰ ਹੋਣ,ਸਮਾਜ ਸੇਵੀ ਸੰਸਥਾਵਾਂ ਹੋਣ ਜਾਂ ਫਿਰ ਪੰਜਾਬ ਪੁਲਿਸ ਦੇ ਖੇਡ ਕੋਟੇ ਦੇ ਗੋਤਾਖੋਰ ਨੌਜਵਾਨ ਹੋਣ ਜਾਂ ਹੋਰ ਕੋਈ ਵੀ ਸ਼ਖਸ਼ੀਅਤ ਜਿਸਨੇ ਹੜ ਪੀੜਤਾਂ ਦੀ ਮੱਦਦ ਲਈ ਕੋਈ ਵੀ ਉਪਰਾਲਾ ਕੀਤਾ ਹੋਵੇ । ਸੱਚਮੁੱਚ ਪੰਜਾਬੀਆਂ ਦੀ ਜਮੀਰ ਅਜੇ ਜਾਗਦੀ ਏ ,ਇਹਨਾਂ ਹੜ੍ਹਾਂ ਨੇ ਇਹ ਗੱਲ ਜਰੂਰ ਸਾਬਤ ਕਰ ਦਿੱਤੀ ।ਸਭਨਾਂ ਨੂੰ ਦਿਲੋਂ ਸਲੂਟ ।ਸੱਚਮੁੱਚ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਹੈ ।