April 28, 2026 10:57 am

ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪਰਸਤੀ ਹੇਠ ਸਿੱਖ ਪਹਿਚਾਣ ਦੇ ਪ੍ਰਚਾਰ ਲਈ ਕੌਮਾਂਤਰੀ ਪੈਨਲ ਬਣੇ: ਬਾਬਾ ਬਲਬੀਰ ਸਿੰਘ 96ਵੇਂ ਕਰੋੜੀ

ਅੰਮ੍ਰਿਤਸਰ- ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕਿਹਾ ਕਿ ਦੇਸ਼-ਵਿਦੇਸ਼ਾਂ ਵਿੱਚ ਵਸਦੇਂ ਸਿੱਖਾਂ ਨੂੰ ਸਿਖ ਪਹਿਚਾਣ ਸਬੰਧੀ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨਾਲ ਸਾਰਾ ਹੀ ਸਿਖ ਜਗਤ ਚਿੰਤਾਜਨਕ ਹੈ। ਪਰ ਇਸ ਦੇ ਸਰਲੀਕਰਣ ਲਈ ਸਾਰੇ ਹੀ ਸਿੱਖਾਂ ਨੂੰ ਇੱਕ ਪਲੇਟਫਾਰਮ ਤੇ ਖੜ ਕੇ ਅਵਾਜ਼ ਬੁਲੰਦ ਕਰਨੀ ਪਵੇਗੀ। ਸਮੁੱਚੇ ਨਿਹੰਗ ਸਿੰਘ ਦਲ ਪਹਿਲੀ ਕਤਾਰ ‘ਚ ਖੜ੍ਹਕੇ ਸਹਿਯੋਗ ਕਰਨਗੇ। ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਹਵਾਈ ਅੱਡਿਆਂ, ਉਚ ਸਰਕਾਰੀ ਦਫਤਰਾਂ ਰੈਸਤੋਰਾਂ, ਜਨਤਕ ਥਾਵਾਂ , ਜਹਾਜ਼ਾਂ ਜਾਂ ਸਕੂਲਾਂ, ਕਾਲਜਾਂ, ਵਿੱਚ ਕਦੀ ਸਿੱਖ ਕਰਾਰਾਂ ਦੀ ਚੈਕਿੰਗ ਬਹਾਨੇ, ਕਦੇ ਦਸਤਾਰ ਬਹਾਨੇ , ਕਦੇ ਦਾਹੜੇ ਸਬੰਧੀ ਭੱਦੀਆਂ ਟਿੱਪਣੀਆਂ ਕਰਕੇ ਸਿੱਖਾਂ ਨੂੰ ਜਲੀਲ , ਪਰੇਸ਼ਾਨ ਤੇ ਵਿਤਕਰੇ ਵਾਲਾ ਭੈੜਾ ਸਲੂਕ ਕੀਤਾ ਜਾਂਦਾ ਹੈ।ਉਨ੍ਹਾਂ ਚਿੰਤਾ ਜ਼ਹਿਰ ਕਰਦਿਆਂ ਕਿਹਾ ਕਿ ਜਦੋਂ ਅਜਿਹੀ ਕੋਈ ਖਬਰ ਮੀਡੀਆਂ ਵਿੱਚ ਆਉਂਦੀ ਹੈ ਤਾਂ ਸੰਸਾਰ ਭਰ ‘ਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਾਰੀਆਂ ਹੀ ਧਿਰਾਂ ਇਕ ਪਲੇਟਫਾਰਮ ਤੇ ਸਿਰਜੋੜ ਕੇ ਬੈਠਣ ਅਤੇ ਅਜਿਹੇ ਸਿਖ ਵਿਰੋਧੀ ਪ੍ਰਚਾਰ ਨੂੰ ਠੱਲਣ ਲਈ ਨਵੇਂ ਸਾਧਨਾਂ ਰਾਹੀ ਸਿੱਖ ਪਹਿਚਾਣ ਸਬੰਧੀ ਪ੍ਰਚਾਰ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ ਅਤੇ ਨਿਰਛਲ ਭਾਵਨਾ ਨਾਲ ਸਾਰੇ ਰਲ ਮਿਲ ਕੇ ਥਾਂ-ਥਾਂ ਸਿੱਖ ਪਹਿਚਾਣ ਸਬੰਧੀ ਪ੍ਰਚਾਰ ਅਰੰਭਿਆ ਜਾਣਾ ਚਾਹੀਦਾ ਹੈ।ਅਜਿਹੀਆਂ ਵਾਪਰਦੀਆਂ ਘਟਨਾਵਾਂ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਪੈਨਲ ਦਾ ਗਠਨ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੇ ਸਿੱਖ ਵਿਦਵਾਨਾਂ ਤੋਂ ਸਿੱਖ ਪਹਿਚਾਨ ਸੰਬੰਧੀ ਜੋ ਅੰਤਰਰਾਸ਼ਟਰੀ ਪੱਧਰ ਦਾ ਦਸਤਾਵੇਜ਼ ਤਿਆਰ ਕਰਵਾਇਆ ਸੀ, ਉਸ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣੇ ਹੀ ਆਸਟਰੇਲੀਆਂ ਦੇ ਵਿਆਨਾ ਸ਼ਹਿਰ ਵਿੱਚ ਖਾਲਸਾ ਏਡ ਦੇ ਸੰਸਥਾਪਕ ਸ੍ਰ. ਰਵੀ ਸਿੰਘ ਨਾਲ ਵਾਪਰੀ ਘਟਨਾ ਵੀ ਅਤਿ ਦੁਖਦਾਈ ਤੇ ਨਿੰਦਣਯੋਗ ਹੈ।ਉਨ੍ਹਾਂ ਕਿਹਾ ਕਿ ਸਿੱਖਾਂ ਨੇ ਸੰਸਾਰ ਭਰ ਵਿੱਚ ਲੋਕ ਭਲਾਈ, ਦੁਖੀਆਂ ਨੂੰ ਸਹਾਰਾ ਦੇਣਾ ਤੇ ਲੋੜਵੰਦਾਂ ਦੀ ਮਦਦ ਕਰਕੇ ਆਪਣੇ ਸਿੱਖ ਗੁਰੂ ਸਾਹਿਬਾਨ ਦੇ ਸਿਧਾਂਤ ਦਾ ਪ੍ਰਚਾਰ ਕੀਤਾ ਤੇ ਉਸ ਵਿੱਚ ਜੁਟੇ ਹੋਏ ਹਨ। ਅਜਿਹੀ ਸੰਸਥਾ ਦੇ ਵਿਅਕਤੀ ਨਾਲ ਏਅਰਪੋਰਟ ਦੀ ਮਹਿਲਾ ਵੱਲੋਂ ਅਜਿਹਾ ਵਿਵਹਾਰ ਅਤਿ ਨਿੰਦਨਯੋਗ ਹੈ।ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਹੀ ਦੇਸ਼ ਭਾਰਤ ਅੰਦਰ “ਨੀਟ” ਪ੍ਰੀਖਿਆ ਅਤੇ ਡੀ. ਐਸ. ਐਸ. ਐਸ. ਬੀ. ਸਮੇਂ ਸਿੱਖ ਪ੍ਰਿਖਿਆਰਥੀਆਂ ਨੂੰ ਕੜਾ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਹੈ, ਜੋ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹੈ।ਕੁਝ ਗੈਂਰ ਸਿਖ ਸੰਸਥਾਵਾਂ ਦੇ ਸਕੂਲਾਂ ਵਿੱਚ ਵੀ ਅਜਿਹਾ ਕੁਝ ਵਾਪਰ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਸੰਜੀਦਾ ਮਾਮਲੇ ਸਬੰਧੀ ਸਭ ਧਿਰਾਂ ਨੂੰ ਮਤਭੇਦ ਭੁਲਾ ਕੇ ਇੱਕਜੁੱਟਤਾ ਨਾਲ ਅਜਿਹੀ ਕੁਰੀਤੀ ਵਿਰੁੱਧ ਡੱਟਣ ਲਈ ਅੱਗੇ ਆਉਣਾ ਚਾਹੀਦਾ ਹੈ।ਨਿਹੰਗ ਸੰਪਰਦਾਵਾਂ ਮੂਹਰਲੀ ਕਤਾਰ ਵਿੱਚ ਆਪਣੀ ਭੂਮਿਕਾ ਨਿਭਾਉਣਗੀਆਂ।

Send this to a friend