April 28, 2026 9:38 am

ਗਾਇਕੀ ਦਾ ਗੜ੍ਹ ਬਠਿੰਡਾ ਰਾਸ ਨਹੀਂ ਆਇਆ ਮਾਝੇ ਦੇ ਗਾਇਕ ਜਸਵੀਰ ਮਾਨ ਨੂੰ-ਬਿਮਾਰੀਆਂ ਦਾ ਘੇਰਿਆ

ਦੋ ਡੰਗ ਦੀ ਰੋਟੀ ਤੋਂ ਵੀ ਹੋਇਆ ਮੁਥਾਜ- ਮੱਦਦ ਲਈ ਜਨਤਕ ਥਾਵਾਂ ‘ਤੇ ਲਾ ਚੁੱਕਿਆ ਹੈ ਪਰਚੇ

ਬਠਿੰਡਾ- ਪੰਜਾਬੀ ਗਾਇਕੀ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਵਿਖੇ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਆ ਕੇ ਕਾਫੀ ਗਾਇਕਾਂ ਨੇ ਆਪਣਾ ਗਾਇਕੀ ਸਫਰ ਸ਼ੁਰੂ ਕੀਤਾ, ਜਿਨ੍ਹਾਂ ਵਿੱਚੋਂ ਕੁਝ ਬਹੁਤ ਜ਼ਿਆਦਾ ਸਫਲ ਹੋ ਗਏ ਅਤੇ ਕੁਝ ਬਿਲਕੁਲ ਅਸਫਲ ਰਹੇ। ਇਨ੍ਹਾਂ ਅਸਫਲ ਰਹਿਣ ਵਾਲਿਆਂ ਵਿੱਚੋਂ ਇੱਕ ਹੈ ਗਾਇਕ ਜਸਵੀਰ ਮਾਨ।
ਗਾਇਕ ਜਸਵੀਰ ਮਾਨ ਉਂਝ ਤਾਂ ਸ਼ੁਰੂ ਤੋਂ ਹੀ ਸਧਾਰਨ ਜਿਹੇ ਪਰਿਵਾਰ ਚੋਂ ਹੈ,ਪਰ ਆਪਣੀ ਗਾਇਕੀ ਦੇ ਵਧੀਆ ਭਵਿੱਖ ਦੀ ਉਮੀਦ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਤੋਂ ਡੇਢ ਦਹਾਕਾ ਪਹਿਲਾਂ, ਸਾਲ 2003 ਵਿੱਚ ਬਠਿੰਡੇ ਆ ਗਿਆ ਸੀ।ਕਾਫੀ ਸਾਲ ਪਹਿਲਾਂ ਇਸ ਦੇ ਮਾਂ ਬਾਪ ਗੁਜ਼ਰ ਗਏ ਸਨ। ਹੁਣ ਬਿਲਕੁਲ ਬੇਸਹਾਰਾ ਹੈ,ਕਾਲਾ ਪੀਲੀਆ, ਸ਼ੂਗਰ,ਲੀਵਰ ਡੈਮੇਜ, ਸਮੇਤ ਕਈ ਬਿਮਾਰੀਆਂ ਦਾ ਸ਼ਿਕਾਰ ਹੈ।ਆਪਣੇ ਸਮੇਂ ਦਾ ਵਧੀਆ ਗਵੱਈਆ ਰਿਹਾ ਜਸਵੀਰ ਮਾਨ ਦੀ ਪਹਿਲੀ ਕੈਸਿਟ “ਗੈਰਾਂ ਦੇ ਇਸ਼ਾਰੇ“ ਉੱਘੇ ਸੰਗੀਤਕਾਰ ਸੁਰਿੰਦਰ ਬੱਚਨ ਦੇ ਸੰਗੀਤ ਵਿੱਚ ਕੇ.ਐਮ.ਸੀ ਕੰਪਨੀ ਨੇ ਕੀਤੀ, ਫਿਰ ਤੇਜਵੰਤ ਕਿੱਟੂ ਦੇ ਸੰਗੀਤ ਵਿੱਚ ਭੇਟਾਂ ਦੀ ਕੈਸਿਟ ਸਮੇਤ ਕਈ ਕੈਸਿਟਾਂ ਕੀਤੀਆਂ।ਪੰਜਾਬੀ ਗਾਇਕੀ ਦੇ ਖੇਤਰ ਵਿੱਚ ਉਸ ਦੀ ਪਹਿਚਾਣ ਤਾਂ ਬਹੁਤ ਬਣੀ ਪਰ ਆਰਥਿਕ ਪੱਖੋਂ ਕੋਈ ਫ਼ਾਇਦਾ ਨਹੀਂ ਹੋਇਆ। ਅੱਜ ਉਸਦੇ ਹਾਲਾਤ ਇਹ ਬਣ ਗਏ ਹਨ ਕਿ ਉਹ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੈ, ਉੱਤੋਂ ਬੀਮਾਰੀਆਂ ਨੇ ਘੇਰਾ ਪਾ ਰੱਖਿਆ ਹੈ। ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਦਿਹਾੜੀ ਵੀ ਕੀਤੀ,ਜੋ ਸਾਰੀ ਦਵਾਈਆਂ ਉੱਪਰ ਖ਼ਰਚ ਹੋ ਜਾਂਦੀ ਰਹੀ,ਪਰ ਹੁਣ ਉਹ ਬੀਮਾਰੀ ਕਾਰਨ ਦਿਹਾੜੀ ਕਰਨ ਦੇ ਯੋਗ ਵੀ ਨਹੀਂ ਹੈ।ਉਸ ਕੋਲ ਆਪਣਾ ਘਰ ਵੀ ਨਹੀਂ ਹੈ ਹੁਣ ਉਹ ਬਠਿੰਡਾ ਦੇ ਬੱਸ ਸਟੈਂਡ ਵਿੱਚ ਜਾਂ ਕਦੇ ਕਚਹਿਰੀਆਂ ਨੇੜੇ ਇੱਕ ਪਾਰਕ ਵਿੱਚ ਸੌਣ ਲਈ ਮਜਬੂਰ ਹੈ। ਬਠਿੰਡਾ ਵਿਖੇ ਇੱਕ ਮਿਲਣੀ ਦੌਰਾਨ ਜਸਵੀਰ ਮਾਨ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਗਾਇਕੀ ਦੇ ਖੇਤਰ ਨਾਲ ਜੁੜੇ ਕਈ ਵਿਅਕਤੀਆਂ ਕੋਲ ਜਾ ਕੇ ਹੱਥ ਵੀ ਫੈਲਾਏ ਅਤੇ ਸਹਾਰਾ ਮੰਗਿਆ, ਪਰ ਕਿਸੇ ਨੇ ਵੀ ਉਸ ਦੀ ਬਾਂਹ ਨਹੀਂ ਫੜੀ।ਉਸ ਨੇ ਦੱਸਿਆ ਕਿ ਉਸ ਨੇ ਮਦਦ ਲਈ ਅਪੀਲ ਪਰਚੇ ਵੀ ਬਠਿੰਡੇ ਦੀਆਂ ਜਨਤਕ ਥਾਵਾਂ ਤੇ ਲਗਾਏ ਪਰ ਕੋਈ ਮਦਦ ਲਈ ਨਹੀਂ ਬਹੁੜਿਆ। ਹੁਣ ਉਸ ਦੀ ਇੱਕੋ ਅਪੀਲ ਹੈ ਕਿ ਜੇਕਰ ਕੋਈ ਉਸ ਦਾ ਸਹੀ ਇਲਾਜ ਕਰਵਾ ਦੇਵੇ ਤਾਂ ਉਹ ਠੀਕ ਹੋ ਕੇ, ਕੋਈ ਕੰਮ-ਕਾਰ ਕਰਕੇ ਆਪਣੀ ਰੋਜ਼ੀ-ਰੋਟੀ ਚਲਾਉਣ ਜੋਗਾ ਹੋ ਜਾਵੇ।ਉਸ ਦੀ ਮਦਦ ਲਈ 08054757806 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
– ਹਰਮੀਤ ਸਿਵੀਆਂ
ਵਿਸ਼ੇਸ਼ ਪ੍ਰਤੀਨਿਧ ‘ਪੰਜਾਬ ਟਾਇਮਜ਼’

Send this to a friend