ਦੋ ਪਹੀਆ ਵਾਹਨ ਹੋ ਰਹੇ ਨੇ ਹਾਦਸਿਆਂ ਦਾ ਸ਼ਿਕਾਰ- ਪਿੰਡ ਹੇੜੀਕੇ ਦੀ ਪੰਚਾਇਤ ਸੜਕਾਂ ਕਿਨਾਰੇ ਮਿੱਟੀ ਲਗਾਉਣ ਲਈ ਲਿਖ ਚੁੱਕੀ ਐ ਪੱਤਰ
ਸ਼ੇਰਪੁਰ – ਕਸਬਾ ਸ਼ੇਰਪੁਰ ਨਾਲ ਲੱਗਦੇ ਪਿੰਡਾਂ ਵਿੱਚ ਨਵੀਆਂ ਬਣ ਰਹੀਆਂ ਸੜਕਾਂ ਅਤੇ ਪੁਰਾਣੀਆਂ ਲਿੰਕ ਤੇ ਡਬਲ ਸੜਕਾਂ ਦੇ ਕਿਨਾਰਿਆਂ ਤੇ ਮਿੱਟੀ ਨਾ ਲਗਾਉਣ ਕਰਕੇ ਕਰੋੜਾਂ ਦੀ ਕੀਮਤ ਵਾਲੀਆਂ ਇਹ ਸੜਕਾਂ ਕੁਝ ਸਮੇਂ ਅੰਦਰ ਹੀ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ। ਇਸ ਸਬੰਧੀ ਪਿੰਡ ਹੇੜੀਕੇ ਦੀ ਪੰਚਾਇਤ ਸਰਪੰਚ ਬੀਬੀ ਪਾਲਵਿੰਦਰ ਕੌਰ, ਰਮਨਦੀਪ ਸਿੰਘ, ਗਗਨਦੀਪ ਸਿੰਘ, ਪ੍ਰੇਮਜੀਤ ਸਿੰਘ, ਗੁਰਜੰਟ ਸਿੰਘ, ਜਰਨੈਲ ਸਿੰਘ (ਸਾਰੇ ਪੰਚ) ਅਤੇ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਅਵਤਾਰ ਸਿੰਘ ਨੇ ਇੱਕ ਪੱਤਰ ਸਕੱਤਰ ਮਾਰਕਿਟ ਕਮੇਟੀ ਸ਼ੇਰਪੁਰ ਨੂੰ ਮਿਤੀ 18-07-2019 ਰਾਹੀ ਲਿਖਤੀ ਤੌਰ ‘ਤੇ ਦਿੱਤਾ ਸੀ ਕਿ ਸ਼ੇਰਪੁਰ ਤੋਂ ਈਨਾ ਬਾਜਵਾ ਰੋਡ ਤੇ ਪੈਂਦੀ ਗਊਸ਼ਾਲਾ ਤੋਂ ਵਾਇਆ ਹੇੜੀਕੇ ਹੋਕੇ ਅਲਾਲ ਤੱਕ ਜਾਂਦੀ ਸੜਕ ਦੇ ਕਿਨਾਰੀਆਂ ਤੇ ਕੋਈ ਮਿੱਟੀ ਲਗਾਉਣ ਦਾ ਪ੍ਰਬੰਧ ਨਹੀਂ ਕੀਤਾ ਗਿਆ , ਜਿਸ ਕਰਕੇ ਲੱਖਾਂ ਦੀ ਕੀਮਤ ਨਾਲ ਤਿਆਰ ਹੋਈ ਤੇ ਰਿਪੇਅਰ ਹੋਈ ਸੜਕ ਕੁਝ ਸਮੇਂ ਵਿੱਚ ਹੀ ਕਿਨਾਰੀਆਂ ਤੋਂ ਟੁੱਟਣੀ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਆਗੂਆਂ ਨੇ ਵੱਖਰੇ ਤੌਰ ‘ਤੇ ਦੱਸਿਆਂ ਕਿ ਦੋ ਪਹੀਆਂ ਵਹੀਕਲਾਂ ਨੂੰ ਸੜਕ ਤੋਂ ਉੱਤਰਾਨਾਂ ਤੇ ਚੜਾਉਣਾ ਉਸ ਸਮੇਂ ਮੁਸ਼ਕਲ ਹੋ ਜਾਂਦੀ ਹੈ ਜਦੋਂ ਕਿਨਾਰੀਆਂ ਤੇ ਮਿੱਟੀ ਨਾਂ ਲੱਗੀ ਹੋਵੇ, ਕਈ ਵਾਰ ਤਾਂ ਸਕੂਟਰ, ਸਕੂਟਰੀ, ਮੋਟਰਸਾਈਕਲ ਆਦਿ ਹਾਦਸੇ ਦਾ ਸ਼ਿਕਾਰ ਵੀ ਜਾਂਦੇ ਹਨ। ਉਕਤ ਸੜਕ ਸਬੰਧੀ ਪਿੰਡ ਹੇੜੀਕੇ ਦੀ ਪੰਚਾਇਤ ਵੱਲੋਂ ਲਿਖੇ ਪੱਤਰ ਦਾ ਮਾਮਲਾ ਜਦੋਂ ਐਸ.ਡੀ.ਐਮ ਧੂਰੀ ਸਤਵੰਤ ਸਿੰਘ ਦੇ ਧਿਆਨ ਵਿੱਚ ਲਿਆਦਾ ਗਿਆ ਤਾਂ ਉਹਨਾਂ ਤਰੁੰਤ ਸੈਕਟਰੀ ਮਾਰਕਿਟ ਕਮੇਟੀ ਸ਼ੇਰਪੁਰ ਨੂੰ ਇਸ ਤੇ ਕਾਰਵਾਈ ਕਰਨ ਲਈ ਆਦੇਸ਼ ਜਾਰੀ ਕੀਤੇ। ਇਸ ਸੜਕ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੀ ਨਿਗਰਾਨੀ ਹੇਠ ਤਕਰੀਬਨ ਹਫ਼ਤਾ ਕੁ ਪਹਿਲਾਂ ਬਣਨੀ ਸ਼ੁਰੂ ਹੋਈ ਘਨੌਰੀ ਕਲਾਂ-ਕਾਲਾਬੂਲਾ ਸੜਕ ਦੀਆਂ ਬਰਮਾਂ ਤੋਂ ਮਿੱਟੀ ਖੁਰਨ ਨਾਲ ਕਿਨਾਰੀਆਂ ਤੋਂ ਸੜਕ ਦੇ ਟੁੱਟਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਘਨੌਰੀ ਕਲਾਂ ਤੋਂ ਕਾਲਾਬੂਲਾ ਤੱਕ ਹਫ਼ਤਾ ਕੁ ਪਹਿਲਾਂ ਬਣਨੀ ਸ਼ੁਰੂ ਹੋਈ ਸੜਕ ਦਾ ਕੰਮ ਭਾਵੇਂ ਹਾਲੇ ਅਧੂਰਾ ਹੀ ਹੈ ਪਰ ਬਣ ਚੁੱਕੀ ਸੜਕ ਦੇ ਬਰਮਾਂ ‘ਤੇ ਮਿੱਟੀ ਦੀ ਘਾਟ ਕਾਰਨ ਮੀਂਹ ਦੇ ਪਾਣੀ ਨੇ ਤਕਰੀਬਨ ਦਰਜਨ ਤੋਂ ਵੱਧ ਥਾਵਾਂ ਤੋਂ ਕਿਨਾਰੀਆਂ ਦਿਖਣ ਲਾ ਦਿੱਤੀਆਂ ਹਨ, ਜਿਸ ਨਾਲ ਇਸ ਸੜਕ ਸਬੰਧੀ ਅਣਗਹਿਲੀ ਵਰਤੇ ਜਾਣ ‘ਤੇ ਇਸ ਦਾ ਟੁੱਟਣਾ ਯਕੀਨੀ ਜਾਪ ਰਿਹਾ ਹੈ। ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਕਿਹਾ ਕਿ ਵਿਭਾਗ ਆਪਣੀ ਨਿਗਰਾਨੀ ਹੇਠ ਬਰਮਾ ‘ਤੇ ਮਿੱਟੀ ਪਵਾਕੇ ਇਸ ਸੜਕ ਟੁੱਟਣ ਤੋਂ ਬਚਾਉਣ ਲਈ ਉਪਰਾਲੇ ਕਰੇ ਅਤੇ ਇਹ ਵੀ ਜਾਂਚ ਕੀਤੀ ਜਾਵੇ ਕਿ ਸੜਕ ਬਣਾਏ ਜਾਣ ਮਗਰੋਂ ਇਥੇ ਮਿੱਟੀ ਪਾਈ ਗਈ ਸੀ ਜਾਂ ਨਹੀਂ। ਇਸੇ ਤਰ੍ਹਾਂ ਸ਼ੇਰਪੁਰ-ਦੀਦਾਰਗੜ੍ਹ ਸੜਕ ਤੋਂ ਈਨਾਬਾਜਵਾ ਜਾਂਦੀ ਸੜਕ ‘ਤੇ ਵੀ ਕੁੱਝ ਜਗ੍ਹਾ ਤੋਂ ਮਿੱਟੀ ਖੁਰ ਰਹੀ ਹੈ ਜਿਸ ਵੱਲ ਧਿਆਨ ਦੀ ਲੋੜ ਹੈ।
– ਹਰਜੀਤ ਕਾਤਿਲ
ਪੱਤਰਕਾਰ ‘ਪੰਜਾਬ ਟਾਇਮਜ਼’