May 28, 2026 7:27 am

ਵਾੜ ਹੀ ਖੇਤ ਨੂੰ ਖਾ ਰਹੀ- ਵਣ ਵਿਭਾਗ , ਆਬਕਾਰੀ ਵਿਭਾਗ ਦੀ ਮਿਲੀਭੁਗਤ ਕਰਕੇ ਗਰੀਨ ਬੈਲਟ ‘ਚ ਚਲਾਏ ਜਾ ਰਹੇ ਸ਼ਰਾਬ ਠੇਕੇ

ਰੂਪਨਗਰ, (ਲਾਡੀ ਖਾਬੜਾ)- ਕਹਾਵਤ ਹੈ ਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਖੇਤ ਦਾ ਰੱਬ ਹੀ ਰਾਖਾ , ਇਸ ਕਹਾਵਤ ਨੂੰ ਸੱਚ ਕਰ ਰਹੇ ਹਨ ਜਿਲਾ ਰੂਪਨਗਰ ਦੇ ਕਈ ਸਰਕਾਰੀ ਵਿਭਾਗ ਜਿਨ੍ਹਾਂ ਦੀ ਸ਼ਰਾਬ ਮਾਫੀਆਂ ਨਾਲ ਮਿਲੀ ਭੁਗਤ ਕਰਕੇ ਜਿੱਥੇ ਸਰਕਾਰੀ ਖਜਾਨੇ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਉਥੇ ਹੀ ਨਿਯਮਾਂ ਨੂੰ ਛਿੱਕੇ ਟੰਗ ਵਾਤਾਵਰਣ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਮਾਮਲਾ ਰੂਪਨਗਰ ਦੋਰਾਹਾ ਮਾਰਗ ਤੇ ਸਰਹਿੰਦ ਨਹਿਰ ਕਿਨਾਰੇ ਨਹਿਰੀ ਵਿਭਾਗ ਦੀ ਪਈ ਸਰਕਾਰੀ ਜਮੀਨ ਤੇ ” ਫਾਰੈਸਟਰ ਕੰਜਰਵੇਸ਼ਨ ਐਂਕਟ 1980 ਅਤੇ ਭਾਰਤੀ ਵਣ ਐਕਟ 1927 ਲਾਗੂ ਹੈ ਤੇ ਜਿਸ ਨੂੰ ਗਰੀਨ ਬੈਲਟ ਐਲਾਨਿਆ ਹੋਣ ਕਰਕੇ ਹੁਣ ਇਹ ਵਣ ਵਿਭਾਗ ਦੀ ਦੇਖ ਰੇਖ ਵਿੱਚ ਹੈ ਤੇ ਚੱਲ ਰਹੇ ਦਰਜਨਾਂ ਸ਼ਰਾਬ ਠੇਕਿਆ ਦਾ ਹੈ ਜੋ ਆਬਕਾਰੀ ਵਿਭਾਗ ਦੀ ਮਿਲੀ ਭੁਗਤ ਹੋਣ ਕਰਕੇ ਨਜਾਇਜ ਕਬਜਾ ਕਰਕੇ ਚਲਾਏ ਜਾ ਰਹੇ ਹਨ। ਨਿਯਮਾਂ ਨੂੰ ਛਿੱਕੇ ਟੰਗ ਗਰੀਨ ਬੈਲਟ ਵਿੱਚ ਚਲਾਏ ਜਾ ਰਹੇ ਸ਼ਰਾਬ ਠੇਕਿਆ ਅਤੇ ਅਹਾਤਿਆਂ ਦੇ ਪ੍ਰਸਾਰ ਲਈ ਠੇਕੇਦਾਰਾਂ ਵੱਲੋਂ ਗਰੀਨ ਬੈਲਟ ਵਿੱਚ ਵਣ ਵਿਭਾਗ ਦੇ ਖੜੇ ਕਈ ਸਰਕਾਰੀ ਦਰਖਤਾਂ ਨੂੰ ਵੀ ਅਲੋਪ ਕਰ ਦਿੱਤਾ ਗਿਆ ਹੈ । ਪਰੰਤੂ ਹੈਰਾਨੀ ਗੱਲ ਤਾਂ ਇਹ ਹੈ ਕਿ ਵਣ ਵਿਭਾਗ ਪਹਿਲਾ ਖੁਦ ਹੀ ਹਰ ਸਾਲ 31 ਮਾਰਚ ਦੀ ਰਾਤ ਨੂੰ ਗਰੀਨ ਬੈਲਟ ਤੇ ਸ਼ਰਾਬ ਠੇਕੇਦਾਰ ਦੇ ਨਜਾਇਜ ਕਬਜੇ ਕਰਵਾਉਦਾ ਹੈ ਤੇ ਬਾਅਦ ਵਿੱਚ ਮੀਡੀਆ ਅਤੇ ਆਮ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਖੁਦ ਹੀ ਗਰੀਨ ਬੈਲਟ ਵਿੱਚ ਨਜਾਇਜ ਕਬਜਾ ਕਰਕੇ ਚਲਾਏ ਜਾ ਰਹੇ ਸ਼ਰਾਬ ਠੇਕਿਆਂ ਨੂੰ ਚੁਕਵਾਉਣ ਲਈ ਅਦਾਲਤ ਵਿੱਚ ਕੇਸਾਂ ਤੇ ਲੱਖਾਂ ਰੁਪਏ ਸਰਕਾਰੀ ਖਜਾਨੇ ਤੋਂ ਖਰਚ ਕਰਕੇ ਸਰਕਾਰੀ ਖਜਾਨੇ ਨੂੰ ਵੀ ਚੂਨਾ ਲਗਾਉਣ ਤੇ ਲੱਗਾ ਹੈ। ਇਥੇ ਹੀ ਬੱਸ ਨਹੀਂ ਠੇਕੇਦਾਰਾਂ ਵੱਲੋਂ ਨਜਾਇਜ ਕਬਜਾ ਕਰਕੇ ਇਨਾ ਚਲਾਏ ਜਾ ਰਹੇ ਸ਼ਰਾਬ ਠੇਕਿਆਂ ਅਤੇ ਅਹਾਤਿਆਂ ਦੀ ਪਾਣੀ ਦੀ ਪੂਰਤੀ ਲਈ ਗਰੀਨ ਬੈਲਟ ਦੀ ਜਮੀਨ ਤੇ ਨਜਾਇਜ ਬੋਰ ਕਰਵਾਕੇ ਸਮਰਸੀਬਲ ਪੰਪ ਵੀ ਲਗਵਾ ਰੱਖੇ ਹਨ। ਗਰੀਨ ਬੈਲਟ ਤੇ ਨਜਾਇਜ ਕਬਜਾ ਕਰਕੇ ਚਲਾਏ ਜਾ ਰਹੇ ਸ਼ਰਾਬ ਠੇਕਿਆਂ ਨੂੰ ਆਮ ਜਨਤਾ ਵੱਲੋਂ ਪ੍ਰਸਾਸ਼ਨ ਦੀ ਮਿਲੀ ਭੁਗਤ ਦੱਸਿਆ ਜਾ ਰਿਹਾ ਹੈ।ਜਨਤਾ ਦਾ ਕਹਿਣਾ ਹੈ ਕਿ ਜਿੱਥੇ ਉਕਤ ਸ਼ਰਾਬ ਠੇਕੇ ਨਜਾਇਜ ਕਬਜਾ ਕਰਕੇ ਚਲਾਏ ਜਾ ਰਹੇ ਹਨ ਉਥੇ ਹੀ ਸੜਕ ਕਿਨਾਰੇ ਚੱਲ ਰਹੇ ਸ਼ਰਾਬ ਠੇਕਿਆਂ ਤੋਂ ਸ਼ਰਾਬ ਖਰੀਦਣ ਲਈ ਰੁਕਦੇ ਵਾਹਨਾਂ ਕਰਕੇ ਨਿੱਤ ਹਾਦਸੇ ਵਾਪਰ ਰਹੇ ਹਨ।
ਗਰੀਨ ਬੈਲਟ ਤੇ ਹੋ ਰਹੇ ਨਾਜਾਇਜ਼ ਕਬਜੇ ਦੀ ਜਾਣਕਾਰੀ ਦੇਣ ਦੇ ਬਾਅਦ ਵੀ ਕਬਜਾ ਨਹੀਂ ਰੋਕਿਆ ਵਣ ਵਿਭਾਗ ਨੇ- ਵਣ ਵਿਭਾਗ ਦੀ ਸ਼ਰਾਬ ਠੇਕੇਦਾਰ ਨਾਲ ਮਿਲੀ ਭੁਗਤ ਇਸ ਤੋਂ ਸਾਫ ਹੋ ਜਾਂਦੀ ਹੈ ਕਿ ਸਾਡੀ ਟੀਮ ਵੱਲੋਂ ਜ਼ਿਲ੍ਹਾ ਵਣ ਅਫਸਰ ਮੋਹਿਤ ਕੁਮਾਰ ਨੂੰ 26 ਅਪ੍ਰੈਲ 2019 ਨੂੰ ਰੋਪੜ ਚਮਕੋਰ ਸਾਹਿਬ ਮਾਰਗ ਤੇ ਪਿੰਡ ਬੰਦੇ ਮਾਹਲਾ ਨਜਦੀਕ ਗਰੀਨ ਬੈਲਟ ਵਿੱਚ ਸ਼ਰਾਬ ਠੇਕੇਦਾਰ ਵੱਲੋਂ ਇੱਕ ਵੱਡਾ ਸ਼ੈਡਨੁਮਾ ਕਮਰਾ ਬਣਾਕੇ ਕੀਤੇ ਜਾ ਰਹੇ ਕਬਜ਼ੇ ਨੂੰ ਰੋਕਣ ਲਈ ਸੂਚਨਾ ਦਿੱਤੀ ਸੀ। ਉਸ ਸਮੇਂ ਜਿਲਾ ਵਣ ਅਫਸਰ ਨੇ ਵੀ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਟੀਮ ਹੁਣੇ ਪਹੁੰਚ ਰਹੀ ਹੈ ਤੇ ਸ਼ੈਡ ਦੇ ਸਾਰੇ ਸਮਾਨ ਨੂੰ ਕਬਜੇ ਵਿੱਚ ਲਿਆ ਜਾ ਰਿਹਾ ਹੈ। ਪਰੰਤੂ 2 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਜਿਲਾ ਵਣ ਅਫਸਰ ਵੱਲੋਂ ਆਪਣੀ ਕਾਰਵਾਈ ਪੂਰੀ ਨਹੀਂ ਕੀਤੀ , ਉਲਟਾ ਉਸ ਨਵਾ ਕਬਜਾ ਕਰਕੇ ਉਸਾਰੇ ਵੱਡੇ ਸ਼ੈਡ ਵਿੱਚ ਸ਼ਰਾਬ ਦਾ ਠੇਕਾ ਸ਼ੁਰੂ ਕਰਵਾ ਦਿੱਤਾ ਗਿਆ।
ਨਾਜਾਇਜ਼ ਕਬਜਿਆਂ ਨੂੰ ਜਾਇਜ ਕਰਨ ਵਿੱਚ ਬਿਜਲੀ ਬੋਰਡ ਦੀ ਵੱਡੀ ਮਿਲੀ ਭੁਗਤ- ਸ਼ਰਾਬ ਠੇਕਿਆ ਦੇ ਨਜਾਇਜ ਕਬਜਿਆਂ ਨੂੰ ਜਾਇਜ ਕਰਨ ਲਈ ਬਿਜਲੀ ਬੋਰਡ ਵੀ ਸ਼ਰਾਬ ਮਾਫੀਆਂ ਤੇ ਪੂਰਾ ਮੇਹਨਬਾਨ ਹੈ ਕਿਉ ਕਿ ਗਰੀਨ ਬੈਲਟ ਨੇ ਨਾਜਾਇਜ਼ ਕਬਜਾ ਕਰਕੇ ਚਲਾਏ ਜਾ ਰਹੇ ਸ਼ਰਾਬ ਠੇਕਿਆਂ ਨੂੰ ਬਿਜਲੀ ਬੋਰਡ ਵੱਲੋਂ ਬਿਜਲੀ ਦੇ ਮੀਟਰ ਤੱਕ ਲਗਾਕੇ ਦਿੱਤੇ ਹਨ।ਜਿਸ ਤੇ ਠੇਕੇਦਾਰਾਂ ਵੱਲੋਂ ਗਰੀਨ ਬੈਲਟ ਵਿੱਚ ਨਜਾਇਜ ਕਬਜਾ ਕਰਨ ਦੇ ਨਾਲ ਨਾਲ ਬੋਰ ਕਰਕੇ ਪੱਕੇ ਤੋਰ ਤੇ ਸਮਰਸੀਬਲ ਪੰਪ ਲਗਾ ਰੱਖੇ ਹਨ ।
ਆਬਕਾਰੀ ਵਿਭਾਗ ਰੂਪਨਗਰ ਖੁਦ ਨਿਯਮਾਂ ਨੂੰ ਛਿੱਕੇ ਟੰਗ ਕਰ ਰਿਹਾ ਕਾਨੂੰਨ ਨਾਲ ਖਿਲਵਾੜ- ਅਗਰ ਆਬਕਾਰੀ ਨਿਤੀ ਦੇ ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਸ਼ਰਾਬ ਠੇਕਾ ਖੋਲਣ ਤੋਂ ਪਹਿਲਾ ਸ਼ਰਾਬ ਠੇਕੇਦਾਰ ਨੂੰ ਠੇਕਾ ਖੋਲਣ ਵਾਲੀ ਥਾਂ ਦਾ ਮਾਲਕੀ ਸਬੂਤ ਜਾ ਕਿਰਾਇਆ ਨਾਮਾ ਅਤੇ ਨਕਸ਼ਾ ਪੇਸ਼ ਕਰਨਾ ਕੀਤਾ ਜਾਂਦਾ ਹੈ ਜਿਸ ਤੇ ਆਬਕਾਰੀ ਵਿਭਾਗ ਵੱਲੋਂ ਸਾਰੇ ਦਸਤਾਵੇਜਾਂ ਦੀ ਚੈਕਿੰਗ ਕਰਨ ਅਤੇ ਮੋਕਾਂ ਦੇਖਣ ਮਗਰੋ ਨਿਯਮਾਂ ਅਨੁਸਾਰ ਸ਼ਰਾਬ ਠੇਕਾ ਚਲਾਉਣ ਲਈ ਮਨਜੂਰੀ ਦਿੱਤੀ ਜਾਂਦੀ ਹੈ। ਪਰੰਤੂ ਗਰੀਨ ਬੈਲਟ ਵਿੱਚ ਸਰਕਾਰੀ ਜਮੀਨ ਤੇ ਨਜਾਇਜ ਕਬਜਾ ਕਰਕੇ ਚਲਾਏ ਜਾ ਰਹੇ ਸ਼ਰਾਬ ਠੇਕਿਆਂ ਨੂੰ ਆਬਕਾਰੀ ਵਿਭਾਗ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਗੈਰਕਾਨੂੰਨੀ ਢੰਗ ਨਾਲ ਮਨਜੂਰੀ ਦੇਕੇ ਖੁਦ ਹੀ ਵਾਤਾਵਰਣ ਦਾ ਨੁਕਸਾਨ ਕਰਵਾਇਆ ਜਾ ਰਿਹਾ ਹੈ। ਅਗਰ ਦੇਖਿਆ ਜਾਵੇ ਤਾਂ ਨਾਜਾਇਜ਼ ਕਬਜਾ ਕਰਨ ਵਾਲੇ ਸ਼ਰਾਬ ਠੇਕੇਦਾਰਾਂ ਨਾਲੋ ਵੱਡੇ ਦੋਸ਼ੀ ਤਾਂ ਆਬਕਾਰੀ ਵਿਭਾਗ ਦੇ ਅਧਿਕਾਰੀ ਹਨ ਜਿਨਾ ਨੇ ਆਪਣੇ ਨਿੱਜੀ ਸੁਆਰਥ ਨੂੰ ਪੂਰਾ ਕਰਨ ਲਈ ਕਾਨੂੰਨ ਨੂੰ ਛਿੱਕੇ ਟੰਗ ਗਰੀਨ ਬੈਲਟ ਤੇ ਸ਼ਰਾਬ ਠੇਕੇ ਚਲਾਉਣ ਦੀ ਆਗਿਆ ਦਿੱਤੀ ਹੋਈ ਹੈ।
ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣ ਦੇ ਬਾਅਦ ਵੀ ਨਹੀਂ ਹੋਈ ਕੋਈ ਕਾਰਵਾਈ- ਵੈਸੇ ਤਾਂ ਹਰ ਵਿਭਾਗ ਦੇ ਕੰਮ ਕਾਜ ਲਈ ਵੱਖੋ ਵੱਖਰੇ ਅਧਿਕਾਰੀ ਤੈਨਾਤ ਕੀਤੇ ਗਏ ਹਨ ਪਰੰਤੂ ਜੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਆਪਣਾ ਡਿਊਟੀ ਸਹੀ ਨਾ ਕਰਨ ਤਾਂ ਡਿਪਟੀ ਕਮਿਸ਼ਨਰ ਦੀ ਜਿੰਮੇਵਾਰੀ ਬਣਦੀ ਹੈ ਕਿ ਕਾਨੂੰਨ ਦੀ ਹੋ ਰਹੀ ਉਲੰਘਣਾ ਨੂੰ ਰੋਕੇ , ਉਕਤ ਮਾਮਲੇ ਸਬੰਧੀ ਵੀ ਅਪ੍ਰੈਲ 2019 ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਜਾਣਕਾਰੀ ਦਿੱਤੀ ਗਈ ਸੀ ਅਤੇ ਉਨਾ ਨੇ ਉਸ ਸਮੇਂ ਭਰੋਸਾ ਦਿੱਤਾ ਸੀ ਕਿ ਅਬਕਾਰੀ ਵਿਭਾਗ ਨੂੰ ਉਨ੍ਹਾਂ ਨੇ ਕਾਰਵਾਈ ਲਈ ਕਹਿ ਦਿੱਤਾ ਹੈ। ਪਰੰਤੂ ਉਸ ਦੇ ਬਾਵਜੂਦ ਉਕਤ ਮਾਮਲੇ ਵਿੱਚ ਕਿਸੇ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕਰਦੇ ਹੋਏ ਗਰੀਨ ਬੈਲਟ ਵਿੱਚ ਨਜਾਇਜ ਕਬਜਾ ਕਰਵਾਕੇ ਜਾਇਜ ਸ਼ਰਾਬ ਦਾ ਠੇਕਾ ਚਲਵਾਇਆ ਜਾ ਰਿਹਾ ਹੈ। ਜਦੋਂ ਦੁਬਾਰਾ ਡਿਪਟੀ ਕਮਿਸ਼ਨਰ ਨਾਲ ਇਸ ਮਾਮਲੇ ਵਿੱਚ ਗੱਲ ਕਰਨ ਲਈ ਫੋਨ ਕੀਤਾ ਤਾਂ ਉਨਾ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਦੇ ਜਰੂਰੀ ਕੰਮ ਵਿੱਚ ਰੁੱਝੇ ਹਨ ਇਸ ਲਈ ਉਨਾ ਕੋਲ ਸਮਾਂ ਨਹੀਂ ਹੈ।

Send this to a friend