26 ਸਤੰਬਰ 2006 ਮਾਰਕ ਜ਼ੁਕਰਬਰਗ ਵੱਲੋ ਲੋਕਾਂ ਦੇ ਮਨੋਰੰਜਨ ਦੇ ਸਾਧਨ ਵਜੋਂ ਤਿਆਰ ਕੀਤੀ ਗਈ ਸੀ। ਫੇਸਬੁੱਕ ਸਿਰਫ ਆਪਣੀਆ ਫੋਟੋਆ ਪਾਉਣ, ਨਵੇਂ ਮਿੱਤਰ ਜੋੜਣ ਅਤੇ ਦੂਰ ਬੈਠੇ ਆਪਣਿਆਂ ਨਾਲ ਸਾਂਝ ਬਣਾਈ ਰੱਖਣ ਦਾ ਇੱਕ ਚੰਗਾ ਜ਼ਰੀਆ ਸੀ ਪਰ ਅੱਜ ਦਾ ਦੌਰ ਫੇਸਬੁੱਕ ਉੱਪਰ ਐਨਾ ਭਾਰੂ ਪੈ ਚੁੱਕਿਆ ਹੈ ਕਿ ਉਸਨੇ ਫੇਸਬੁੱਕ ਦੀ ਦਸ਼ਾ ਨੂੰ ਦੁਰਦਸ਼ਾ ਚ ਤਬਦੀਲ ਕਰਕੇ ਰੱਖ ਦਿੱਤਾ ਹੈ। ਫੇਸਬੁੱਕ ਮੌਜੂਦਾ ਸਮੇਂ ਵਿੱਚ ਮਨੋਰੰਜਨ ਛੱਡ ਰਾਜਨੈਤਿਕ ਭਾਵਨਾਤਮਕ, ਭੜਕਾਉ, ਜਾਤਪਾਤ ਨਾਲ ਸਬੰਧਤ ਆਦਿ ਸੰਦੇਸ਼ਾਂ ਲਈ ਉਸਾਰੂ ਹੋ ਚੁੱਕੀ ਹੈ। ਫੇਸਬੁੱਕ ਦੀ ਯੋਗ ਵਰਤੋਂ ਸਦਕਾ ਹੋਣ ਵਾਲੇ ਫਾਇਦਿਆਂ ਦੇ ਨਾਲ-ਨਾਲ ਇਸ ਦੇ ਨੁਕਸਾਨ ਵੀ ਹੋ ਰਹੇ ਹਨ। ਇਸਦੀ ਦੀ ਬੇਲੋੜੀ ਵਰਤੋਂ ਚਿੰਤਾ ਦਾ ਵਿਸ਼ਾ ਹੈ। ਮੋਬਾਈਲ ਦੀ ਵਰਤੋਂ ਵਧ ਗਈ ਹੈ। ਆਨਲਾਈਨ ਦੋਸਤੀ ਦਾ ਰੁਝਾਨ ਵੀ ਵਧ ਗਿਆ ਹੈ। ਕੰਮ-ਕਾਜ ਦੌਰਾਨ ਵੀ ਬਹੁਤੇ ਵਿਅਕਤੀ ਮੋਬਾਈਲ ਦਾ ਖਹਿੜਾ ਨਹੀਂ ਛੱਡਦੇ । ਛੋਟੇ-ਛੋਟੇ ਬੱਚੇ ਵੀ ਫੇਸਬੁੱਕ ਦੇ ਆਦੀ ਹੋ ਗਏ ਹਨ, ਜਦੋਂਕਿ ਫੇਸਬੁੱਕ ਦੀ ਵਰਤੋਂ ਲਈ 18 ਸਾਲ ਉਮਰ ਹੋਣਾ ਜਰੂਰੀ ਹੈ। ਪਰ ਰੀਸੋ-ਰੀਸ ਸੋਸ਼ਲ ਮੀਡੀਆ ਵਰਤਣ ਦੀ ਦੌੜ ਵਿੱਚ ਸ਼ਾਮਲ ਬੱਚੇ ਸਮਾਜਿਕ ਕਦਰਾਂ ਕੀਮਤਾਂ ਤੇ ਨੈਤਿਕ ਫ਼ਰਜ਼ਾਂ ਤੋਂ ਵਾਂਝੇ ਹੁੰਦੇ ਜਾ ਰਹੇ ਹਨ। ਵੇਖਿਆ ਜਾਵੇ ਤਾਂ ਮੌਜੂਦਾ ਦੌਰ ਵਿੱਚ ਫੇਸਬੁੱਕ ਤੇ ਉਹ ਲੋਕ ਜਿਆਦਾ ਕਿਰਿਆਸ਼ੀਲ ਦਿਖ ਰਹੇ ਹਨ ਜੋ ਕਿਸੇ ਧਰਮ ਨੂੰ ਵਧਾਵਾ ਦੇਣ ਵਿੱਚ ਜੁਟੇ ਹੋਣ ਜਾਂ ਰਾਜਨੇਤਾ ਜੋ ਆਪਣੀਆ ਸਿਰਫ ਉਪਲਬਧੀਆਂ ਲੋਕਾਂ ਨੂੰ ਦਿਖਾ ਵੋਟਾਂ ਹਾਸਿਲ ਕਰਨਾ ਚਾਹੁੰਦੇ ਹਨ। ਲੋਕ ਆਪਣੇ ਵੱਲੋ ਕੁੱਝ ਲਿਖਣਾ ਜਿਵੇਂ ਭੁੱਲ ਹੀ ਗਏ ਹਨ ਉਹ ਸਿਰਫ ਕਿਸੇ ਦੇ ਸ਼ਬਦਾਂ ਨੂੰ ਸ਼ੇਅਰ ਦੀ ਆਪਸ਼ਨ ਦੇ ਸਹਾਰੇ ਅਗਾਂਹ ਘੱਲ ਦਿੰਦੇ ਹਨ ਫਿਰ ਚਾਹੇ ਉਹ ਗਲਤ ਹੀ ਕਿਉਂ ਨਾ ਹੋਣ। ਫੇਸਬੁੱਕ ਉੱਪਰ ਕੁੱਝ ਸਾਂਝਾ ਕਰਨ ਲੱਗਿਆ ਇਹ ਵੀ ਖਿਆਲ ਨਹੀਂ ਕਰਦੇ ਕਿ ਉਸ ਵੱਲੋਂ ਪਾਈ ਪੋਸਟ ਦਾ ਪੜਨ ਜਾਂ ਵੇਖਣ ਵਾਲਿਆਂ ਉਪਰ ਕੀ ਅਸਰ ਪਵੇਗਾ ਉਦਾਹਰਣ ਵਜੋਂ ਫਤਿਹਵੀਰ ਬੋਰਵੈਲ ਮਾਮਲਾ ਚਾਹੇ ਦਿੱਲੀ ਵਿੱਚ ਆਟੋ ਚਾਲਕ ਨਾਲ ਪੁਲੀਸ ਵੱਲੋ ਕੀਤੀ ਕੁੱਟਮਾਰ, ਲੋਕਾਂ ਨੂੰ ਪੂਰੇ ਮਾਮਲੇ ਬਾਰੇ ਜਾਣਕਾਰੀ ਤਾਂ ਨਹੀਂ ਹੁੰਦੀ ਪਰ ਉਹ ਅਧੂਰੀ ਗੱਲ ਨੂੰ ਅੱਗੇ ਕਰਨ ਲੱਗਿਆ ਸੰਕੋਚ ਨਹੀਂ ਕਰਦੇ। ਸਟੈਟਿਸਟਾ ਰਿਸਰਚ ਅਤੇ ਅਨਾਲਸਿਸ ਦੀ ਰਿਸਰਚ ਰਿਪੋਰਟ ਮੁਤਾਬਿਕ ਸਭ ਤੋਂ ਵੱਧ ਫੇਸਬੁੱਕ ਦੀ ਵਰਤੋ ਕਰਨ ਵਾਲੇ ਲੱਗਭੱਗ 300 ਮੀਲੀਅਨ ਲੋਕ ਭਾਰਤ ਦੇਸ਼ ਦੇ ਹਨ। ਜੋ ਕਿ ਕੋਈ ਆਮ ਗੱਲ ਨਹੀ ਹੈ ਉਂਝ ਵੀ ਵੇਖਣ ਵਿੱਚ ਆਇਆ ਹੈ ਕਿ ਚੰਗੀ ਗੱਲ ਜਾਂ ਸੰਦੇਸ਼ ਨਾਲੋ ਸੋਸ਼ਲ ਮੀਡੀਆ ਉਪਰ ਗਲਤ, ਭੜਕਾਉ, ਲੜਾਈ ਨਾਲ ਸਬੰਧਤ, ਧਾਰਮਿਕ ਭਾਵਨਾਵਾਂ ਨਾਲ ਜੁੜੀਆਂ ਵੀਡੀਓ ਜਾਂ ਸਟੇਟਸ ਲੋਕਾਂ ਵੱਲੋ ਜਿਆਦਾ ਦੇਖੇ ਅਤੇ ਸ਼ੇਅਰ ਕੀਤੇ ਜਾਂਦੇ ਹਨ। ਅਜਿਹਾ ਮਟੀਰੀਅਲ ਮਨੋਵਿਗਆਨਕ ਤੌਰ ਤੇ ਲੋਕਾਂ ਨੂੰ ਜਿਆਦਾ ਪ੍ਰਭਾਵਿਤ ਕਰਦਾ ਹੈ ਇਹੀ ਕਾਰਨ ਹੈ ਕਿ ਲੋਕ ਅੱਗੇ ਸ਼ੇਅਰ ਕਰਨ ਲੱਗਿਆਂ ਜ਼ਿਆਦਾ ਸੋਚਦੇ ਨਹੀਂ। ਫੇਸਬੁੱਕ ਦੀ ਦੁਰਦਸ਼ਾ ਇਥੋ ਜਾਪਦੀ ਹੈ ਕਿ ਸ਼ੇਅਰ ਕੀਤੇ ਗਲਤ ਸਟੇਟਸ ਜਾਂ ਵੀਡੀਓ ਦੇ ਆਧਾਰ ਤੇ ਪੁਲੀਸ ਉਸ ਵਿਅਕਤੀ ਤੇ ਪਰਚਾ ਵੀ ਕਰਨ ਲੱਗੀ ਹੈ। ਆਪਸੀ ਮੇਲਜੋਲ ਵਧਾਉਣ ਲਈ ਤਿਆਰ ਕੀਤੀ ਐਪਲੀਕੇਸ਼ਨ ਅੱਜ ਪੁਲਿਸ ਕਾਰਵਾਈਆਂ ਦਾ ਕਾਰਨ ਬਣ ਰਹੀ ਹੈ। ਸੋਸ਼ਲ ਮੀਡੀਆ ਦੀ ਵਰਤੋਂ ਕਾਰਨ ਕਈ ਬਿਮਾਰੀਆਂ ਨੇ ਵੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਫੇਸਬੁੱਕ ‘ਤੇ ਲਾਈਕਸ, ਕੁਮੈਂਟਸ ਆਦਿ ਨਾ ਮਿਲਣ ਜਾਂ ਹੋਰ ਮਨਚਾਹੇ ਨਤੀਜੇ ਨਾ ਮਿਲਣ ‘ਤੇ ਕਈ ਤਰ੍ਹਾਂ ਮਾਨਸਿਕ ਵਿਗਾੜ ਵੀ ਪੈਦਾ ਹੋ ਰਹੇ ਹਨ। ਮੋਬਾਈਲ ਫੋਨ ਦੇ ਲਾਕ ਨੂੰ ਵਾਰ-ਵਾਰ ਖੋਲ੍ਹਣਾ, ਧਿਆਨ ਮੋਬਾਈਲ ਵਿੱਚ ਰੱਖਣਾ ਆਦਿ ਨਾਲ ਵੀ ਮਾਨਸਿਕ ਵਿਗਾੜ ਆਉਂਦੇ ਹਨ। ਫੇਸਬੁੱਕ ਦੀ ਜਿਆਦਾ ਵਰਤੋਂ ਨੂੰ ਫੇਸਬੁੱਕ ਵਾਈਰਲ ਦੇ ਨਾਂ ਨਾਲ ਵੀ ਜਾਣਿਆ ਜਾਨ ਲੱਗਾ ਹੈ। ਸੋਸ਼ਲ ਮੀਡੀਆ ਨਾਲ ਜੂੜੀ ਕਿਸੇ ਵੀ ਐਪਲੀਕੇਸ਼ਨ ਦੀ ਦਸ਼ਾ ਸਾਡੇ ਦਿਮਾਗ ਦੀ ਦਿਸ਼ਾ ਭੜਕਾਉਣ ਵਿੱਚ ਸੋ ਫੀਸਦ ਹਿੱਸੇਦਾਰ ਹੈ ਸੋ ਸਾਨੂੰ ਅੱਗੇ ਆ ਫੇਸਬੁੱਕ ਰਾਹੀਂ ਸਮਾਜ ਦੀ ਦਸ਼ਾ ਸੁਧਾਰਨ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਅਤੇ ਚੰਗੇ ਸਮਾਜ ਸੁਧਾਰਕ ਸੰਦੇਸ਼ ਸਾਝੇ ਕਰਨੇ ਚਾਹੀਦੇ ਹਨ।