Skip to content
Independent perspectives. Global stories.
BREAKING

ਸ਼ਿਲਾਂਗ ਦੇ ਸਿੱਖਾਂ ਨੂੰ ਉਜਾੜਨ ਦੀ ਸਾਜਿਸ਼

Share this story

ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ‘ਚ ਸਦੀਆਂ ਪਹਿਲਾਂ ਵਸੇ ਸਿੱਖਾਂ ਨੂੰ ਉਜਾੜਨ ਦੀ ਸਾਜਿਸ਼ ਰਚੀ ਗਈ ਹੈ। ਸਿੱਖ ਭਾਈਚਾਰਾ ਸ਼ਿਲਾਂਗ ਦੇ ਪੰਜਾਬੀ ਲੇਨ ਇਲਾਕੇ ਵਿੱਚ ਰਹਿੰਦਾ ਹੈ। ਪਿਛੇ ਜਿਹੇ ਇਸ ਖੇਤਰ ਵਿੱਚ ਸਥਾਨਕ ਲੋਕਾਂ ਵੱਲੋਂ ਸਿੱਖਾਂ ਨਾਲ ਝਗੜਾ ਕੀਤਾ ਗਿਆ। ਸਿੱਖ ਗੁਰਦੁਆਰਾ ਸਾਹਿਬ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਕਈ ਦਿਨ ਚਲੇ ਇਸ ਵਿਵਾਦ ਤੋਂ ਬਾਅਦ ਮਸਲਾ ਠੰਡਾ ਹੋ ਗਿਆ। ਹੁਣ ਫਿਰ ਸਰਕਾਰ ਨੇ ਸ਼ਿਲਾਂਗ ਦੇ ਪੰਜਾਬੀ ਲੇਨ ਇਲਾਕੇ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਉਜਾੜਨ ਦੇ ਮਕਸਦ ਨਾਲ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਨੋਟਿਸਾਂ ਵਿੱਚ ਅਧਿਕਾਰੀਆਂ ਨੇ ਸਿੱਖਾਂ ਤੋਂ ਰਿਹਾਇਸ਼ ਸਬੰਧੀ ਦਸਤਾਵੇਜ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਪ੍ਰਸ਼ਾਸਨ ਨੇ ਸਿੱਖ ਭਾਈਚਾਰੇ ਸਿਰ ਹੀ ਇਹ ਜ਼ਿੰਮੇਵਾਰੀ ਪਾ ਦਿੱਤੀ ਹੈ ਕਿ ਉਹ ਦਸਤਾਵੇਜਾਂ ਨਾਲ ਇਹ ਸਿੱਧ ਕਰਨ ਕਿ ਸਿੱਖ ਪੰਜਾਬੀ ਲੇਨ ਇਲਾਕੇ ਵਿੱਚ ਕਾਨੂੰਨੀ ਤਰੀਕੇ ਨਾਲ ਵਸੇ ਸਨ। ਪੰਜਾਬੀ ਲੇਨ ਇਲਾਕੇ ਵਿੱਚ ਸਿੱਖਾਂ ਤੋਂ ਇਲਾਵਾ ਕੁਝ ਹੋਰ ਧਰਮ ਨਾਲ ਸਬੰਧਤ ਪੰਜਾਬੀ ਵੀ ਵਸੇ ਹੋਏ ਹਨ। ਲਗਭਗ 200 ਸਾਲ ਪਹਿਲਾਂ ਪੰਜਾਬ ਦੇ ਇਨ੍ਹਾਂ ਪੰਜਾਬੀਆਂ ਨੂੰ ਅੰਗਰੇਜ਼ਾਂ ਦੁਆਰਾ ਇਥੇ ਵਸਾਇਆ ਗਿਆ ਸੀ। ਇਹ ਹੈਰਾਨੀ ਦੀ ਗੱਲ ਹੈ ਕਿ 200 ਸਾਲਾਂ ਬਾਅਦ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਦਸਤਾਵੇਜ ਮੰਗੇ ਜਾ ਰਹੇ ਹਨ। ਪਹਿਲਾਂ ਨੇ ਵੀ ਸਰਕਾਰ ਵੱਲੋਂ ਇਹ ਦਬਾਅ ਬਣਾਇਆ ਜਾ ਰਿਹਾ ਸੀ ਕਿ ਸਿੱਖ ਅਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਪਰਿਵਾਰ ਪੰਜਾਬੀ ਲੇਨ ਇਲਾਕੇ ਨੂੰ ਖਾਲੀ ਕਰ ਲੈਣ ਸਿੱਖ ਜਥੇਬੰਦੀਆਂ ਵੱਲੋਂ ਦਬਾਅ ਪੈਣ ਤੋਂ ਬਾਅਦ ਇਹ ਮਸਲਾ ਇਕ ਵਾਰ ਠੰਡਾ ਹੋ ਗਿਆ ਸੀ। ਹੁਣ ਨਵੇਂ ਨੋਟਿਸਾਂ ਨਾਲ ਇਕ ਵਾਰ ਫਿਰ ਤਣਾਅ ਪੈਦਾ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਿਹੇ ਨੋਟਿਸਾਂ ਦਾ ਵਿਰੋਧ ਕੀਤਾ ਹੈ। ਸਥਾਨਕ ਸਿੱਖ ਭਾਈਚਾਰੇ ਵਿੱਚ ਵੀ ਨੋਟਿਸਾਂ ਨੂੰ ਲੈ ਕੇ ਭਾਰੀ ਗੁੱਸਾ ਹੈ। ਅਜਿਹੇ ਨੋਟਿਸ ਪੂਰੀ ਤਰ੍ਹਾਂ ਗੈਰ ਕਾਨੂੰਨੀ ਹਨ। ਕਿਸੇ ਵੀ ਸਰਕਾਰ ਨੂੰ ਸਦੀਆਂ ਤੋਂ ਵਸੇ ਲੋਕਾਂ ਨੂੰ ਉਜਾੜਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ। ਸਿੱਖ ਲਾਵਾਰਿਸ ਨਹੀਂ ਹਨ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਉਜਾੜਿਆ ਜਾਵੇ। ਦੁਨੀਆ ਭਰ ਦੇ ਸਿੱਖ ਇਸ ਉਜਾੜੇ ਦਾ ਡਟ ਕੇ ਵਿਰੋਧ ਕਰਨਗੇ। ਮੇਘਾਲਿਆ ਦੀ ਸਰਕਾਰ ਅਤੇ ਪ੍ਰਸ਼ਾਸਨ ਇਸ ਮਸਲੇ ਨੂੰ ਫਿਰਕੂ ਨਜ਼ਰੀਏ ਨਾਲ ਦੇਖ ਰਿਹਾ ਹੈ। ਉਨ੍ਹਾਂ ਦਾ ਮਕਸਦ ਖੇਤਰ ਵਿੱਚ ਤਣਾਅ ਅਤੇ ਟਕਰਾਅ ਪੈਦਾ ਕਰਨਾ ਹੈ। ਸਿੱਖ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਇਸ ਸਾਜਿਸ਼ ਦਾ ਠਰੰਮੇ ਨਾਲ ਅਨੁਸਾਸ਼ਨ ਵਿੱਚ ਰਹਿ ਕੇ ਵਿਰੋਧ ਕਰਨ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਹੋਣੀ ਚਾਹੀਦੀ। ਚੰਗਾ ਹੋਵੇਗਾ ਇਹ ਲੜਾਈ ਅਦਾਲਤ ਵਿੱਚ ਵੀ ਬਰਾਬਰ ਲੜੀ ਜਾਵੇ। ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਹੋਰ ਵਧੇਰੇ ਸਰਗਰਮ ਹੋਣਾ ਚਾਹੀਦਾ ਹੈ, ਤਾਂ ਜੋ ਪੀੜਤ ਪਰਿਵਾਰਾਂ ਨੂੰ ਰਾਹਤ ਦਿੱਤੀ ਜਾ ਸਕੇ।
– ਬਲਜੀਤ ਸਿੰਘ ਬਰਾੜ

WRITTEN BY