ਰਾਜਨੀਤੀਕ ਤੇ ਧਾਰਮਿਕ ਖੇਮੇ ਅੰਦਰ ਅਕਸਰ ਅਣਹੋਣੀਆਂ ਘਟਨਾਵਾਂ ਘਟਦੀਆ ਰਹਿੰਦੀਆਂ ਹਨ ਪ੍ਰੰਤੂ ਕਈ ਅਣਹੋਣੀਆਂ ਮਨੁੱਖੀ ਤਨ ਮਨ ਨੂੰ ਡੂੰਘੇ ਜ਼ਖਮ ਦੇ ਜਾਂਦੀਆਂ ਹਨ । ਰੂਹਾਂ ਵਿਲਕ ਉੱਠਦੀਆਂ ਹਨ ਅਤੇ ਸੁੱਤੀਆਂ ਬੇਜਾਨ ਹੋ ਚੁੱਕੀਆਂ ਜ਼ਮੀਰਾਂ ਵੀ ਚੋਟ ਖਾ ਕੇ ਬਲਵਾਨ ਹੋ ਉੱਠਦੀਆਂ ਹਨ । ਆਪਣੀ ਹਸਤੀ ਤੇ ਹਸਤਾਖਰ, ਆਪਣੀ ਹੋਂਦ ਤੇ ਹਵਾਲਗੀ ਦਾ ਅਣਗੌਲਿਆਂ ਪੱਖ ਉਮੜ ਪੈਂਦਾ ਹੈ।
ਜੂਨ 1984 ਦਾ ਘੱਲੂਘਾਰਾ ਸਿੱਖ ਜਗਤ ਦੇ ਮਨਾਂ ਤੋਂ ਕਦੇ ਵੀ ਨਾ ਉਤਰਨ ਵਾਲਾ ਅਤੇ ਨਾ ਹੀ ਭੁੱਲਣ ਵਾਲਾ ਕਾਂਡ ਰਹੇਗਾ ।ਬਿਪਰ ਵਾਦੀ ਸੋਚ ਦੇ ਅਧੀਨ ਚੱਲ ਰਹੀਆਂ ਸਰਕਾਰਾਂ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਸੋਚ ਨੂੰ ਕੁਚਲਣ ਦਾ ਛੜਯੰਤਰ ਹਮੇਸ਼ਾ ਜਾਰੀ ਰੱਖਿਆ ਹੈ ।ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਰਤੀ ਫੌਜਾਂ ਤੋਂ ਕਰਵਾਇਆ ਹਮਲਾ ਇੱਕ ਸੋਚੀ ਸਮਝੀ ਕੁਤਾਹੀ ਦਾ ਕੋਝਾ ਕੁਕਰਮ ਹੈ। ਇਸ ਹਮਲੇ ਦੀ ਅਗਵਾਈ ਕਰ ਰਹੇ ਜਰਨਲ ਕੁਲਦੀਪ ਸਿੰਘ ਬਰਾੜ ਦੇ ਵੱਲੋ ਲਿਖੀ ਕਿਤਾਬ “ਸਾਕਾ ਨੀਲਾ ਤਾਰਾ” ਵਿੱਚ ਉਸ ਨੇ ਬਿਪਰਾਂ ਦੀ ਘਿਨੋਣੀ ਸੋਚ ਦੀ ਪੁਸ਼ਟੀ ਕੀਤੀ ਹੈ। ਉਹ ਲਿਖਦਾ ਹੈ ਕਿ ਹਮਲਾ ਕਰਨ ਤੋ ਪਹਿਲਾਂ ਫੌਜਾਂ ਨੂੰ ਹਿਮਾਚਲ ਦੀਆਂ ਪਹਾੜੀਆਂ ਵਿੱਚ ਹਮਲਾ ਕਰਨ ਦੀ ਟਰੇਨਿੰਗ ਦਿੱਤੀ ਗਈ ਸੀ। ਸਿੱਖਾਂ ਨੂੰ ਕੁਚਲਣ ਦੀ ਅਤੇ ਵੱਡੇ ਗੁਰੂ ਅਸਥਾਨਾਂ ਨੂੰ ਢਹਿ ਢੇਰੀ ਕਰਨ ਦੀ ਪੂਰੀ ਵਿਊਤਬੰਦੀ ਕੀਤੀ ਗਈ ਸੀ
ਸਾਕਾ ਨੀਲਾ ਤਾਰਾ ਕਾਂਡ ਨੂੰ ਅੱਜ 35 ਸਾਲ ਬੀਤ ਗਏ ਹਨ ਜੋ ਕਿ ਸਿੱਖ ਮਾਨਸਿਕਤਾ ਅਤੇ ਚੇਤਨਾ ਵਿੱਚੋਂ ਦੀ 35 ਯੁੱਗਾਂ ਵਾਂਗ ਗੁਜਰੇ ਹਨ। ਅੱਜ ਤੱਕ ਅਸੀ ਇਹ ਪ੍ਰਭਾਸਿਤ ਕਰਨ ਵਿੱਚ ਕਾਮਯਾਬ ਵੀ ਨਹੀ ਹੋ ਸਕੇ ਕਿ ਇਹ ਦੁਖਾਂਤ ਇੱਕ ਸਾਕਾ ਹੈ ਜਾਂ ਉਪਰੇਸ਼ਨ ਹੈ ਜਾਂ ਘੱਲੂਘਾਰਾ ਹੈ । ਇਸ ਨੂੰ ਕਈ ਸ਼ਬਦਾਂ ਨਾਲ ਬਿਆਨ ਕੀਤਾ ਜਾਂਦਾ ਹੈ ਸਾਕਾ ਸ਼ਬਦ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰਤਿਆ ਗਿਆ ਹੈ, ਤਿਲਕ ਜੰਝੂ ਰਾਖਾ ਪ੍ਰਭ ਤਾਕਾ ।। ਕੀਨੋ ਬਡੋ ਕਲੂ ਮਹਿ ਸਾਕਾ ।। ਪਿਤਾ ਗੁਰੂ ਤੇਗ ਬਹਾਦਰ ਜੀ ਵੱਲੋ ਹਿੰਦੂਆਂ ਦੀ ਰਾਖੀ ਹਿੱਤ ਦਿੱਲੀ ਚਾਂਦਨੀ ਚੌਂਕ ਵਿਖੇ ਦਿੱਤੀ ਕੁਰਬਾਨੀ ਨੂੰ ਉਹਨਾਂ ਨੇ ਸਾਕਾ ਕਿਹਾ ਹੈ । ਇਸ ਲਈ ਜਦੋ ਕਿਧਰੇ ਜਾਲਮ ਦੀ ਤਲਵਾਰ ਦੇ ਵਾਰ ਦਾ ਜਵਾਬ ਸ਼ਾਂਤੀ ਦੇ ਹਥਿਆਰ ਨਾਲ ਦਿੱਤਾ ਜਾਂਦਾ ਹੈ ਤੇ ਸੁੱਤੀ ਪਈ ਖਲਕਤ ਨੂੰ ਜਗਾਇਆ ਜਾਂਦਾ ਹੈ ਤਾਂ ਕਿਸੇ ਮਹਾਨ ਪੁਰਸ਼ ਵੱਲੋਂ ਦਿੱਤੀ ਜਿਸਮ ਦੀ ਅਹੂਤੀ ਜੁਲਮਾਂ ਦੇ ਭਾਂਬੜਾ ਨੂੰ ਠਾਰ ਦਿੰਦੀ ਹੈ ਤਾਂ ਸਾਕਾ ਕਹਿਲਾਉਦਾਂ ਹੈ।
ਇਸ ਲਈ ਜੂਨ 1984 ਦਾ ਦੁਖਾਂਤ ਤੇ ਬਰਤਾਂਤ ਜਿੱਥੇ ਦਰਦਨਾਕ ਘੱਲੂਘਾਰਾ ਤਾਂ ਕਿਹਾ ਹੀ ਜਾ ਸਕਦਾ ਹੈ ਉੱਥੇ ਬਿਪਰਵਾਦੀ ਸੋਚ ਦੀ ਹੱਥ ਠੋਕੀ ਸਰਕਾਰ ਦੇ ਮਾੜੇ ਮਨਸੂਬਿਆਂ ਨੂੰ ਵੀ ਜਾਹਰ ਕਰਕੇ ਗੁਨਾਹਗਾਰਾਂ ਦੇ ਕਟਹਿਰੇ ਵਿੱਚ ਖੜਾ ਕਰਦਾ ਹੈ ਜਦੋ ਕਿਧਰੇ ਜ਼ਾਬਰਾਂ ਵੱਲੋਂ ਨਿਹੱਥੇ ਬੇਕਸੂਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ “ ਕਤਲੇਆਮ” ਕਿਹਾ ਜਾਂਦਾ ਹੈ ਪ੍ਰੰਤੂ ਇੱਥੇ ਸਰਕਾਰਾਂ ਵੱਲੋਂ ਓਪਰੇਸ਼ਨ ਸਬਦ ਵਰਤਿਆ ਗਿਆ ਹੈ “ਓਪਰੇਸਨ ਬਲਿਊ ਸਟਾਰ”। ਡਾਕਟਰੀ ਨਜ਼ਰੀਏ ਤੋਂ ਓਪਰੇਸਨ ਦਾ ਮਤਲਬ ਹੁੰਦਾ ਹੈ ਕਿ ਸਰੀਰ ਦਾ ਉਹ ਭਾਗ ਜੋ ਖਰਾਬ ਹੋ ਗਿਆ ਹੈ,ਗਲ ਸੜ ਗਿਆ ਹੈ ਉਸ ਨੂੰ ਚੀੜ ਫਾੜ ਕਰ ਕੇ ਬਾਹਰ ਕੱਢ ਦੇਣਾ ਪਰ ਇਹ ਸ਼ਬਦ ਨੂੰ ਇੱਥੇ ਵਰਤਿਆ ਜਾਣਾ ਇੱਕ ਗੰਦੀ ਸੋਚ ਵਿੱਚੋਂ ਉਪਜੀ ਕਮੀਨਗੀ ਦਰਿੰਦਗੀ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਬਿਪਰਵਾਦੀ ਸੋਚ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਹਮਾਮ ਵਿੱਚ ਬੈਠੇ ਸਿੰਘ ਜੋ ਮਜ਼ਲੂਮਾਂ ਦੀ ਰਾਖੀ ਕਰਦੇ ਸਨ, ਨਿਤਾਣਿਆਂ ਦੇ ਤਾਣ ਬਣਦੇ ਸਨ, ਜੋ ਬਾਣੀ ਅਤੇ ਬਾਣੇ ਦੇ ਦ੍ਰਿੜ ਸੰਕਲਪ ਦੇ ਧਾਰਨੀ ਸਨ, ਜੋ ਹਿੰਦੂ ਅਤੇ ਮੁਸਲਮਾਨਾਂ ਦੇ ਧਾਰਮਿਕ ਪੱਖ ਨੂੰ ਪਰਪੱਕ ਵੇਖਣਾ ਲੋਚਦੇ ਸਨ, ਜੋ ਨਿਰਭਉ ਅਤੇ ਨਿਰਵੈਰ, ਦੇ ਮੁੱਦਈ ਸਨ ਜੋ ਜੀਓ ਅਤੇ ਜੀਣ ਦਿਓ ਦਾ ਹੋਕਾ ਦਿੰਦੇ ਸਨ ਜੋ ਖਾਲਸਾਈ ਪੈੜਾਂ ਦੇ ਰਾਖੇ ਸਨ ਉਥੇ ਬਿਪਰਵਾਦੀ ਸੋਚ ਨੂੰ ਉਹ ਫੋੜੇ ਫਿੰਨਸ਼ੀਆਂ ਵਾਂਗ ਚੁੱਭਣ ਲੱਗੇ ਸਨ। ਇਸੇ ਲਈ ਇਸ ਕਾਰਵਾਈ ਦਾ ਨਾਮ ਓਪਰੇਸਨ ਬਲਿਊ ਸਟਾਰ ਰੱਖਿਆ ਗਿਆ। ਸੋ ਇਹ ਨਾ ਸਾਕਾ ਸੀ ਨਾ ਕਤਲੇਆਮ ਇਹ ਤਾ ਇੱਕ ਘੱਲੂਘਾਰਾ ਸੀ ਜੋ ਸਦੀਆਂ ਤੱਕ ਸਿੱਖ ਮਾਨਸਿਕਤਾ ਅੰਦਰ ਧੂਖਦਾ ਰਹੇਗਾ, ਜਖਮ ਰਿਸਦਾ ਰਹੇਗਾ, ਨਾ ਪੂਰਿਆ ਜਾਣ ਵਾਲਾ ਫੱਟ ਪੀੜਾ ਦਿੰਦਾ ਰਹੇਗਾ। ਇਸ ਪੀੜਾ ਨੇ ਸੁੱਤੀ ਕੌਮ ਨੂੰ ਜਗਾਇਆ ਵੀ ਹੈ ਅਤੇ ਅਹਿਸਾਸ ਵੀ ਕਰਵਾਇਆ ਹੈ ਕਿ ਅਸੀ ਕੋਣ ਹਾਂ ਅਸੀ ਕਿੱਥੇ ਰਹਿ ਰਹੇ ਹਾਂ। ਸਿੱਖ ਮਾਨਸਿਕਤਾ ਨੂੰ ਸੋਚਣ ਵੀ ਲਾ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀ ਆਪਣੇ ਹੀ ਦੇਸ ਅੰਦਰ ਗੁਲਾਮੀ ਤੋ ਅਜਾਦੀ ਦਾ ਪੈਂਡਾ ਤਹਿ ਕਰਨਾ ਹੋਵੇਗਾ। ਕੀ ਅਸੀ ਜਿੱਤਾਗਾਂ ਜਾਂ ਹਾਰਾਂਗੇ ਜਾਂ ਫਿਰ ਘੱਲੂਘਾਰਾ ਸਿੱਖ ਕੌਮ ਦੇ ਹਿਰਦਿਆ ਵਿੱਚੋਂ ਇੱਕ ਭੁੱਲਿਆ ਵਿਸਰਿਆ ਕਾਂਡ ਬਣ ਕੇ ਰਹਿ ਜਾਵੇਗਾ।
ਇਤਿਹਾਸ ਦੇ ਪੱਤਰੇ ਫਰੋਲਦਿਆਂ ਪਤਾ ਚੱਲਦਾ ਹੈ ਕਿ ਅੱਜ ਤੋਂ ਤਕਰੀਬਨ 2000 ਸਾਲ ਪਹਿਲਾਂ ਇੱਕ ਮਹਾਨ ਆਲਮ ਸ਼ੁਕਰਾਤ ਆਪਣੇ ਰਸਤੇ ਤੇ ਤੁਰਦਿਆਂ ਤੁਰਦਿਆਂ ਲਵੀ ਉਮਰ ਦੇ ਗੱਭਰੂਆ ਨੂੰ ਉਨਾਂ ਦਾ ਰਾਹ ਰੋਕ ਕੇ ਪੁੱਛ ਲੈਂਦਾ ਸੀ “ਕਿ ਕਾਨੂੰਨ ਕੀ ਹੈ? ਸਰਕਾਰਾਂ ਕਿਵੇ ਦੀਆਂ ਹੋਣੀਆਂ ਚਾਹੀਦੀਆਂ ਹਨ? ਆਜਾਦੀ ਅਤੇ ਗੁਲਾਮੀ ਦਾ ਸਹਿਜ-ਸੁੱਖ ਅਤੇ ਮੁਸ਼ਕਿਲ ਪੀੜਾ ਕੀ ਹੁੰਦੀ ਹੈ? ਅਸਲ ਵਿੱਚ ਤੁਸੀ ਕੌਣ ਹੋ? ਕੀ ਕਰਨ ਆਏ ਹੋ?”ਬਿਲਕੁੱਲ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭਾਰਤੀ ਹੁੱਲੜਬਾਜ਼ ਸਰਕਾਰ ਵੱਲੋਂ ਕੀਤੀ ਫੌਜੀ ਕਾਰਵਾਈ ਨੇ ਸਿੱਖ ਮਾਨਸਿਕਤਾ ਦੀ ਵੇਦਨਾ ਨੂੰ ਵੀ ਉਕਤ ਸਾਰੇ ਸਵਾਲਾਂ ਦੇ ਸਾਹਮਣੇ ਖੜਾ ਕਰ ਦਿੱਤਾ ਹੈ।
ਚਿੰਤਨ ਕਰਨ ਵਾਲੇ ਸਿੱਖਾਂ ਨੇ ਇੰਨਾਂ ਸਵਾਲਾਂ ਦੇ ਜੁਆਬ ਲੱਭਣ ਦਾ ਦੌਰ ਆਰੰਭਿਆ ਪ੍ਰੰਤੂ ਖੁਦ ਪ੍ਰਭੁਸਤਾ ਵਿਹੁਣੀ ਸਿੱਖ ਕੌਮ ਨੂੰ ਅਸਫਲਤਾ ਦਾ ਹੀ ਮੂੰਹ ਵੇਖਣਾ ਪਿਆ ਹੈ। ਕਿਸੇ ਚੇਤਨਾ ਨੇ ਕਿਹਾ ਕਿ ਤੁਹਾਡੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਕੀਤੇ ਹਮਲੇ ਨੇ ਇਲਾਹੀ ਸਾਦਗੀ ਵਿੱਚ ਵਿਚਰ ਰਹੀ ਕੌਮ ਦੇ ਚਿਹਰੇ ਦੀਆਂ ਰੌਣਕਾਂ ਲੁੱਟਣ ਦਾ ਕੋਝਾ ਯਤਨ ਕੀਤਾ ਹੈ। ਇੱਕ ਵਾਰੀ ਤਾ ਸਾਨੂੰ ਇੰਝ ਪ੍ਰਤੀਤ ਹੋਇਆ ਜਿਵੇ ਸਿੱਖ ਜਗਤ ਘੋਰ ਉਦਾਸੀਆਂ ਨੇ ਡਬੋਅ ਲਿਆ ਹੋਵੇ। ਪਰ ਅਸੀ ਖ਼ਾਲਸਾਈ ਪ੍ਰਚੱਲਤ ਕਦਮਾਂ ਨੂੰ ਉਠਾਅ ਕੇ ਤੁਹਾਨੂੰ ਅਹਿਸਾਸ ਕਰਵਾਇਆ ਹੈ ਕਿ ਸਾਡੇ ਸੁੱਖਾ ਸਿੰਘ, ਮਹਿਤਾਬ ਸਿੰਘ, ਊਧਮ ਸਿੰਘ ਤੇ ਭਗਤ ਸਿੰਘ ਤੁਹਾਡੇ ਮੀਰ ਮੰਨੂਆ, ਵਜ਼ੀਦਿਆਂ, ਰਿਬੈਰੋ ਤੇ ਡਾਇਰਾਂ ਦੇ ਕਿਤੇ ਨੇੜੇ ਤੇੜੇ ਖੌਫਨਾਕ ਪਰਛਾਵਿਆਂ ਵਾਂਗ ਤੁਰ ਫਿਰ ਰਹੇ ਹਨ। ਖਾਲਸਾਈ ਦ੍ਰਿਸਟੀ ਅਤੇ ਦਿਸ਼ਾ ਦੇ ਫਰਜਾਂ ਨੂੰ ਪੂਰਾ ਕਰਕੇ ਅਸਾਂ ਜੋ ਕੁੱਝ ਵੀ ਕੀਤਾ ਹੈ ਅਸੀ ਸੰਤੁਸ਼ਟੀ ਦਾ ਕਦਮ ਪੁੱਟਿਆ ਹੈ। ਜਿਸ ਦੇ ਇਵਜ ਵਜੋਂ ਅਗੰਮੀ ਬਖਸ਼ਿਸ ਤੋਂ ਛੇਕੀ ਹੋਈ ਅਤੇ ਬਿਪਰ ਸੰਸਕਾਰ ਦੀ ਮਾਰ ਹੇਠਾਂ ਆਈ ਹੋਈ ਭਾਰਤੀ ਅਦਾਲਤ ਵੱਲੋਂ ਸਾਨੂੰ ਦਿੱਤਾ ਗਿਆ ਫਾਂਸੀ ਦਾ ਹੁਕਮ ਖਿੜੇ ਮੱਥੇ ਪ੍ਰਵਾਨ ਹੈ। ਮੌਤ ਦੀ ਤਿੱਖੀ ਧਾਰ ਨੂੰ ਛੂਹ ਕੇ ਸਿੱਖੀ ਸੰਪੂਰਨ ਹੁੰਦੀ ਆਈ ਹੈ ਕਿਉਂਕਿ ਸਹਾਦਤ ਤੋਂ ਬਿਨਾਂ ਇੱਕ ਸ਼ਹੀਦ ਦੀ ਜ਼ਿੰਦਗੀ ਦਾ ਸੁਹਾਵਣਾ ਮੇਲ, ਸੁਮੇਲ ਨਹੀ ਬਣ ਸਕਦਾ।
ਮਾਨਵਤਾ ਦੇ ਸਨਮੁੱਖ ਹੋ ਕੇ ਬੋਲੇ ਹੋਏ ਬੋਲ ਕਿ, ਜਦੋਂ ਜ਼ਖਮੀ ਕੌਮਾਂ ਕਰਵਟ ਲੈਂਦੀਆਂ ਹਨ ਤਾਂ ਇਤਿਹਾਸ ਦਾ ਸੂਰਜ ਵੀ ਥਰਥਰਾਉਣ ਲੱਗ ਪੈਂਦਾ ਹੈ। ਇਸੇ ਥਰਥਰਾਹਟ ਵਿੱਚੋਂ ਕੋਈ ਵੈਰਾਗੀ ਆਤਮਾ ਆਪਣੇ ਸਾਂਤੀ ਮੱਠ ਨੂੰ ਅਲਵਿਦਾ ਆਖ ਕੇ ਸਿਤਮਾਂ ਦੀ ਨਗਰੀ ਸਰਹਿੰਦ ਵਿਖੇ ਇੱਟ ਨਾਲ ਇੱਟ ਖੜਕਾਉਂਦਾ ਹੋਇਆ ਉਹ ਬੰਦੇ ਤੋਂ ਬਹਾਦਰੀ ਦਾ ਪੈਂਡਾ ਤਹਿ ਕਰਦਾ ਹੈ। ਕੋਈ ਨੈਨਸਲ ਮੰਡੇਲਾ ਨਸ਼ਲਵਾਦੀ ਦੁਸ਼ਮਣ ਦੀ ਈਨ ਕਬੂਲਣ ਤੋਂ ਆਕੀ ਹੋ ਕੇ ਆਪਣੀ ਸਮੁੱਚੀ ਜਿੰਦਗੀ ਕਾਲ ਕੋਠੜੀ ਦੇ ਸੁਪਰਦ ਕਰ ਦਿੰਦਾ ਹੈ। ਜਦੋਂ ਮਰਦ ਅਗੰਮੜੇ ਦੇ ਵਰੋਸਾਏ ਬਾਣੀ ਅਤੇ ਬਾਣੇ ਦੇ ਸੁਨੱਖੇ ਦੀਦਾਰ ਵਿੱਚੋਂ ਉਮੜੇ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਅਗੰਮੀ ਛੂਹ ਪ੍ਰਾਪਤ ਦਾ ਸਬੱਬ ਹਾਸਿਲ ਹੋਇਆ ਹੋਵੇ ਤਾਂ ਓਦੋ ਜ਼ੁਲਮਾਂ ਦੇ ਭਾਂਬੜਾਂ ਨੂੰ ਠੰਡਾ ਕਰਨ ਲਈ ਜਿਸਮਾਂ ਦੀ ਅਹੂਤੀ ਦੇ ਕੇ ਅਸੀਂ ਮਾਣ ਮਹਿਸੂਸ ਕੀਤਾ ਹੈ। ਅਸੀ ਮਾਨਵਵਾਦੀ ਕਲਾਵਿਆਂ ਵਿਚੋਂ ਵਿਸ਼ਾਲ ਸਮੁੱਚੀ ਧੜਕਦੀ ਜ਼ਿੰਦਗੀ ਤਲਾਸਦੇ ਹਾਂ। ਸਾਡਾ ਖਾਲਸਾਈ ਜੋਸ਼ ਸਾਡੇ ਰੂਹਾਨੀ ਤਜ਼ਰਬੇ ਦਾ ਇੱਕ ਅੰਗ ਹੈ। ਅਸੀ ਇੱਕ ਪੈਗਾਮ ਵੀ ਦੇਣਾ ਚਾਹੁੰਦੇ ਹਾਂ ਕਿ ਸਾਡਾ ਹਿੰਦੋਸਤਾਨ ਦੇ ਮਹਾਨ ਲੋਕਾਂ ਅਤੇ ਇਸ ਦੀ ਧਰਤੀ ਨਾਲ ਕੋਈ ਵੈਰ ਜਾਂ ਦੁਸਮਣੀ ਨਹੀ ਹੈ ਨਫਰਤ ਦੀ ਭਾਵਨਾ ਦੇ ਅਸੀ ਨੇੜੇ ਤੇੜੇ ਵੀ ਨਹੀ ਹਾਂ ਅਸੀ ਤਾਂ ਇਸ ਧਰਤੀ ਤੇ ਅਸਮਾਨ ਨੂੰ ਗਲਵੱਕੜੀ ਵਿੱਚ ਲੈਣ ਲਈ ਬਹਿਬਲ ਹਾਂ ਅਤੇ ਵਸਦੀ ਰਸਦੀ ਜ਼ਿੰਦਗੀ ਦੀ ਆਰਤੀ ਉਤਾਰਦੇ ਹਾਂ। ਆਪਣੇ ਪੁਰਖਿਆਂ ਵੱਲੋਂ ਕੁਰਬਾਨੀਆਂ ਦਾ ਨਿੱਘ ਮਾਨਣਾ ਚਾਹੁੰਦੇ ਹਾ।
ਪਰਸ਼ੀਆ ਦਾ ਬਾਦਸ਼ਾਹ ਫਰੈਡਰਕ (1740-86) ਕਿਹਾ ਕਰਦਾ ਸੀ ਕਿ “ਕਿਸੇ ਤੋਂ ਧੋਖਾ ਨਾ ਖਾਓ, ਸਗੋ ਧੋਖਾ ਦਿਓ” ਜ਼ਮੀਰ ਤੋਂ ਗਿਰ ਚੁੱਕੀ ਹਿੰਦੋਸਤਾਨ ਸਰਕਾਰ ਦੀ ਸਿੱਖਾਂ ਪ੍ਰਤੀ ਇਹ ਕੂਟਨੀਤੀ ਉਕਤ ਕਥਨ ਨਾਲ ਪੂਰੀ-ਪੂਰੀ ਮੇਲ ਖਾਂਦੀ ਹੈ। ਕਹਿੰਦੇ ਹਨ 15 ਅਗਸਤ 1947 ਤੋਂ ਬਾਅਦ 56 ਵੇਂ ਦਿਨ ਤਤਕਾਲੀ ਪ੍ਰਧਾਨ ਮੰਤਰੀ ਨਹਿਰੂ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਲਿਖਿਆ ਸੀ “ਸਿੱਖ ਇੱਕ ਜ਼ਰਾਇਮ ਪੇਸ਼ਾ ਕੌਮ ਹੈ ਇਨਾਂ ਹਰਾਮਜ਼ਾਦਿਆਂ ਨੂੰ ਦਿੱਲੀ ਤੋਂ 200 ਕਿਲੋਮੀਟਰ ਦੂਰ ਰੱਖਿਆ ਜਾਵੇ” ਦੁਸਮਣ ਦਾ ਨਜ਼ਰੀਆ ਤਾ ਸਾਨੂੰ ਓਦੋਂ ਹੀ ਸੁਚੇਤ ਕਰ ਰਿਹਾ ਸੀ। ਘੋਰ ਉਦਾਸੀ ਵਿੱਚੋਂ ਉਬਲੇ ਖਿਆਲ ਕਹਿ ਰਹੇ ਸੀ ਅਸੀਂ ਕਿਓ ਲੜੇ ਕਿਓਂ ਮਰੇ? ਅਸੀ ਜਿੱਤ ਕੇ ਵੀ ਕਿਓਂ ਹਾਰ ਗਏ? ਜਿੱਤ ਸਾਡੇ ਕਦਮਾਂ ਵਿੱਚੋਂ ਖਿਸਕ ਕੇ ਸਾਡੇ ਪਾਲੇ ਵਿੱਚੋਂ ਕਿਓਂ ਨਿਕਲ ਜਾਂਦੀ ਹੈ? ਇਸ ਤਰਾਂ ਦੇ ਗੁੰਝਲਦਾਰ ਸਵਾਲਾਂ ਦੇ ਜੁਆਬ ਲੱਭਣ ਲਈ ਸਿੱਖ ਮਾਨਸਿਕਤਾ ਨੂੰ ਮਰ ਮਿਟਣ ਵਾਲੀ ਪਿਆਸ ਲੱਗਣੀ ਜਰੂਰੀ ਹੈ।ਸਾਨੂੰ ਵਿਵੇਕਮਈ ਗਿਆਨ ਦੇ ਪ੍ਰਕਾਸ਼ ਵਿੱਚ ਉਤਰਨਾ ਹੀ ਪਏਗਾ ਤਾਂਹੀ ਸਾਨੂੰ ਜਿਸਮਾਨੀ ਆਜਾਦੀ ਦੇ ਨਾਲ-ਨਾਲ ਰੂਹਾਨੀ ਅਜਾਦੀ ਦਾ ਸੁੱਖ ਮਿਲ ਸਕੇਗਾ ਅਸੀ ਜਿਸਮ ਨੂੰ ਅਜਾਦ ਅਤੇ ਰੂੰਹ ਨੂੰ ਗੁਲਾਮ ਬਣਾ ਕੇ ਲਈ ਫਿਰਦੇ ਹਾਂ।
ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪਰ ਬਦਕਿਸਮਤੀ ਨਾਲ ਸਿੱਖਾ ਵਿੱਚ ਦੂਰ ਅੰਦੇਸੀ ਵਾਲੀ ਲੀਡਰਸਿੱਪ ਦੀ ਘਾਟ ਹੋਣ ਕਰਕੇ ਸਾਡੇ ਵੱਲੋਂ ਦਿੱਤੀਆਂ ਜਿਸਮਾਂ ਦੀਆਂ ਆਹੂਤੀਆਂ, ਜੱਦੋ-ਜਹਿਦ ਸਿੱਖੀ ਦੇ ਹੱਕ ਵਿੱਚ ਨਹੀਂ ਜਾ ਸਕੀਆਂ। ਖਾਲਸਾਈ ਸੁਰਤ ਪ੍ਰਭੂ ਸੱਤਾ ਸਥਾਪਤੀ ਵੱਲ ਸਫਲ ਨਹੀ ਹੋ ਸਕੀ। ਘੱਲੂਘਾਰਾ 1984 ਨੇ ਸਿੱਖ ਮਾਨਸਿਕਤਾ ਵਿੱਚ ਦੁਸਮਣਾਂ ਅਤੇ ਮਿੱਤਰਾ ਦੀ ਇੱਕ ਵੱਡੀ ਨਿਸਾਨਦੇਹੀ ਕਰ ਦਿੱਤੀ ਸੀ ਪਰ ਸਾਡੀ ਮਾਨਸਿਕਤਾ ਓਵੇ ਦੀ ਓਵੇ ਹੀ ਹੈ। ਸਾਨੂੰ ਧਾਰਮਿਕ ਅਤੇ ਰਾਜਸੀ ਤੌਰ ਤਰੀਕੇ ਨੂੰ ਅਜਿਹੀ ਨਜ਼ਰ ਨਾਲ ਵੇਖਣ ਦੀ ਲੋੜ ਹੈ ਜਿਸ ਵਿੱਚ ਵਿਵੇਕਮਈ ਗਿਆਨ, ਸੁਹਿਰਦਤਾ , ਸਹਿਣਸੀਲਤਾ ਅਤੇ ਜਿੰਦਗੀ ਜਿਉਣ ਵਾਲੀ ਜਗਿਆਸਾ ਤੇ ਸੰਜ਼ੀਦਗੀ ਵੀ ਹੋਵੇ। ਸਾਡੇ ਅਜੋਕੇ ਰਾਜਸੀ ਤੇ ਧਾਰਮਿਕ ਆਗੂ ਸਿਰ ਤੋ ਪੈਰਾਂ ਤੱਕ ਦੁਨਿਆਵੀ ਸੁੱਖਾਂ ਤੇ ਮਸਤੀਆਂ ਵਿੱਚ ਮਸਤ ਹਨ। ਕੌਮ ਦੀ ਹੋਣੀ ਅਤੇ ਅਣਹੋਣੀ ਦੇ ਸਵਾਲਾਂ ਉੱਤੇ ਵਿਵੇਕਮਈ ਚਰਚਾ ਕੋਣ ਕਰੇਗਾ? ਇਹ ਸਵਾਲ ਸਾਡੀਆਂ ਨੀਂਦਰਾਂ ਤੇ ਭਾਰੂ ਹੋਣਾ ਚਾਹੀਦਾ ਹੈ। ਖਾੜਕੂ ਲਹਿਰ ਦੇ ਖਤਮ ਹੋਣ ਮਗਰੋਂ ਰਾਜਨੀਤਿਕ ਮੈਦਾਨ ਖਾਲੀ ਹੋ ਕੇ ਉਨਾਂ ਲੋਕਾਂ ਦੇ ਹੱਥਾਂ ਵਿੱਚ ਚਲਾ ਗਿਆ ਜਿੱਥੋ ਲਹਿਰ ਤੁਰੀ ਸੀ। ਇਸ ਤਰਾਂ ਦਾ ਭਿਆਨਕ ਖਿਲਾਅ ਹੀ ਸਿੱਖ ਕੌਮ ਦੀ ਵੱਡੀ ਪੀੜਾ ਹੈ। ਸਤਾ ਪ੍ਰਾਪਤੀ ਲਈ ਬੇਚੈਨ, ਸਿੱਖੀ ਪ੍ਰੰਪਰਾਵਾਂ ਅਤੇ ਮਰਯਾਦਾ ਤੋ ਅਣਜਾਣ, ਧਾਰਮਿਕ ਅਵੱਗਿਆਵਾਂ ਦੇ ਮੋਹਰੀ ਲਾਲਸਾਵਾਂ ਕਾਮਨਾਵਾਂ ਵਿੱਚ ਗੜੁੱਚ ਅਜੋਕੇ ਰਾਜਸੀ ਆਗੂਆਂ ਨੂੰ ਪਰੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਸਨੀ ਵਿੱਚ ਨਵੇ ਰਾਹ ਸਿਰਜਣ ਲਈ ਸਿਰ ਜੋੜ ਕੇ ਬੈਠਣਾ ਪਵੇਗਾ ਤਾ ਹੀ “’ਆਕੀ ਰਹੇ ਨਾ ਕੋਇ’” ਦੇ ਕਥਨ ਨੂੰ ਬੂਰ ਪੈ ਸਕੇਗਾ।