ਅਹੁਦਿਆਂ ਤੋਂ ਅਸਤੀਫ਼ੇ ਮਸਲੇ ਦਾ ਹੱਲ ਨਹੀਂ

ਲੋਕ ਸਭਾ ਦੀਆਂ ਤਾਜ਼ਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਮਿਲੀ ਕਰਾਰੀ ਹਾਰ ਕਾਰਨ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਵਿੱਚ ਨਮੋਸ਼ੀ ਦਾ ਮਾਹੌਲ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਆਪਣੇ ਅਹੁਦੇ ਤੋਂ ਮੁਕਤ ਹੋਣਾ ਚਾਹੁੰਦੇ ਹਨ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਹਾਰ ਦੀ ਜ਼ਿੰਮੇਵਾਰੀ ਕਬੂਲਦੇ ਹੋਏ ਆਪਣਾ ਅਸਤੀਫਾ ਪਾਰਟੀ ਨੂੰ ਭੇਜ ਦਿੱਤਾ ਹੈ। ਕੁੱਝ ਹੋਰ ਪਾਰਟੀਆਂ ਵਿੱਚ ਵੀ ਅਸਤੀਫਿਆਂ ਦਾ ਇਹ ਦੌਰ ਚੱਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅਤੇ ਦੂਜੇ ਰਾਜਾਂ ਵਿੱਚ ਕੁਝ ਹੋਰ ਆਗੂਆਂ ਨੂੰ ਵੀ ਅਸਤੀਫੇ ਦੇਣੇ ਪੈ ਸਕਦੇ ਹਨ। ਇਸ ਹਫੜਾਦਫੜੀ ਵਿੱਚ ਵਿਰੋਧੀ ਸਿਆਸੀ ਧਿਰਾਂ ਮੌਜੂਦਾ ਹਾਲਾਤਾਂ ਨਾਲ ਟਾਕਰਾ ਕਰਨ ਲਈ ਕੋਈ ਨਵੀਂ ਰਣਨੀਤੀ ਤਿਆਰ ਕਰਨਾ ਵੀ ਭੁੱਲ ਗਈਆਂ ਹਨ। ਅਸਤੀਫੇ ਮਸਲਿਆਂ ਦਾ ਹੱਲ ਨਹੀਂ ਹਨ। ਅਸਲ ਮਸਲਾ ਨੀਤੀਆਂ ਅਤੇ ਕੰਮਕਾਜੀ ਰਵੱਈਏ ਦਾ ਹੈ। ਕਾਂਗਰਸ ਹੀ ਸਮੁੱਚੀ ਲੀਡਰਸ਼ਿਪ ਜਦੋਂ ਤੱਕ ਆਪਣੇ ਸੁੱਖ-ਆਰਾਮ ਛੱਡ ਕੇ ਸਿਆਸੀ ਫਰੰਟ ਉੱਪਰ ਸਰਗਰਮੀ ਨਹੀਂ ਦਿਖਾਉਂਦੀ ਤਦ ਤੱਕ ਉਸ ਲਈ ਵੱਡੀਆਂ ਜਿੱਤਾਂ ਹਾਸਿਲ ਕਰਨੀਆਂ ਮੁਸ਼ਕਿਲ ਹਨ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਸਿਆਸੀ ਤੌਰ ‘ਤੇ ਇਕ ਸਮਰਥ ਆਗੂ ਹਨ। ਉਨ੍ਹਾਂ ਵਿੱਚ ਦੇਸ਼ ਦੇ ਦੂਸਰੇ ਨੇਤਾਵਾਂ ਦੇ ਮੁਕਾਬਲੇ ਵਧੇਰੇ ਗੁਣ ਹਨ। ਲੋਕ ਸਭਾ ਚੋਣਾਂ ਵਿੱਚ ਵੀ ਉਨ੍ਹਾਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਨੇ ਦੇਸ਼ ਦੇ ਜਨ ਮਾਣਸ ਨੂੰ ਪ੍ਰਭਾਵਿਤ ਕੀਤਾ ਹੈ। ਇਹ ਵੀ ਬਹੁਤ ਪ੍ਰਸ਼ਸਾ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਲਈ ਭਾਜਪਾ ਦੀ ਤਰ੍ਹਾਂ ਫਿਰਕੂ ਏਜੰਡੇ ਦੀ ਵਰਤੋਂ ਨਹੀਂ ਕੀਤੀ। ਇਸ ਦੇ ਬਾਵਜੂਦ ਜੇਕਰ ਕਾਂਗਰਸ ਨੂੰ ਹਾਰ ਹੋਈ ਹੈ ਤਾਂ ਇਸ ਦੇ ਲਈ ਸ਼੍ਰੀ ਰਾਹੁਲ ਗਾਂਧੀ ਇਕੱਲੇ ਤੌਰ ‘ਤੇ ਜ਼ਿੰਮੇਵਾਰ ਨਹੀਂ ਹਨ। ਇਸ ਹਾਰ ਦੇ ਹੋਰ ਬਹੁਤ ਸਾਰੇ ਕਾਰਨ ਹਨ। ਭਾਜਪਾ ਦੀ ਤੇਜ਼-ਤਰਾਰ ਸਿਆਸੀ ਰਣਨੀਤੀ ਅਤੇ ਫਿਰਕੂ ਏਜੰਡੇ ਅੱਗੇ ਬਾਕੀ ਸਾਰੀਆਂ ਪਾਰਟੀਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਭਾਜਪਾ ਨੇ ਝੂਠੇ ਰਾਸ਼ਟਰਵਾਦ ਦੇ ਮੁੱਦੇ ਉੱਪਰ ਵੀ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਇਕ ਤਰ੍ਹਾਂ ਨਾਲ ਵੋਟਰਾਂ ਦੇ ਦਿਮਾਗ ਨੂੰ ‘ਹੈੱਕ’ ਕਰਕੇ ਭਾਜਪਾ ਨੇ ਵੋਟਾਂ ਲਈਆਂ ਹਨ। ਇਹ ਸਥਿਤੀ ਲਗਾਤਾਰ ਇਸ ਤਰ੍ਹਾਂ ਰਹਿਣ ਵਾਲੀ ਨਹੀਂ ਹੈ। ਭਾਜਪਾ ਦੀਆਂ ਨੀਤੀਆਂ ਅਤੇ ਪਿਛਲੇ ਕਾਰਜਕਾਲ ਦੀਆਂ ਨਾਕਾਮੀਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਦੁਖੀ ਹਨ। ਕਾਂਗਰਸ ਅਤੇ ਦੂਜੀਆਂ ਸਾਰੀਆਂ ਵਿਰੋਧੀ ਧਿਰਾਂ ਨੂੰ ਅਸਤੀਫਿਆਂ ਦੀ ਥਾਂ ਨਵੀਂ ਸਿਆਸੀ ਰਣਨੀਤੀ ਅਤੇ ਵੱਧ ਸਰਗਰਮੀ ਨਾਲ ਸਥਿਤੀ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਵੀ ਕਾਂਗਰਸ ਨੂੰ ਨਵੇਂ ਸਿਰੇ ਤੋਂ ਜਥੇਬੰਦ ਕਰਨ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਦੀ ਕਾਰਗੁਜਾਰੀ ਨੂੰ ਬੇਹਤਰ ਬਣਾ ਕੇ ਹੋਰ ਵਧੇਰੇ ਲੋਕਾਂ ਨੂੰ ਨਾਲ ਜੋੜਿਆ ਜਾ ਸਕਦਾ ਹੈ।
– ਬਲਜੀਤ ਸਿੰਘ ਬਰਾੜ

Send this to a friend