ਸਿਆਸੀ ਪਰਿਵਾਰ ਹੋਣ ਦੇ ਬਾਵਜੂਦ ਕੰਵਰ ਦੇਵਿੰਦਰਾ ਸਿੰਘ ਸਿਆਸਤ ਤੋਂ ਦੂਰ ਰਹੇ

ਅੱਜ ਦੇ ਸਿਆਸੀ ਵਾਤਵਰਨ ਵਿਚ ਸਿਆਸੀ ਪਰਿਵਾਰਾਂ ਦੇ ਮੈਂਬਰ ਹਰ ਹੀਲੇ ਅਹੁਦੇ ਪ੍ਰਾਪਤ ਕਰਨ ਦੇ ਚੱਕਰਾਂ ਵਿਚ ਪਏ ਹੋਏ ਹਨ। ਜੇਕਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਪਾਰਟੀਆਂ ਵਿਚ ਪਸੰਦ ਦੇ ਅਹੁਦੇ ਨਹੀਂ ਮਿਲਦੇ ਤਾਂ ਉਹ ਮਿੰਟਾਂ ਸਕਿੰਟਾਂ ਵਿਚ ਹੀ ਪਾਰਟੀਆਂ ਬਦਲਣ ਲੱਗੇ ਭੋਰਾ ਵੀ ਨਹੀਂ ਝਿਜਕਦੇ। ਹਾਲਾਂ ਕਿ ਸਿਆਸੀ ਪਾਰਟੀਆਂ ਦੇ ਆਪੋ ਆਪਣੇ ਸਿਧਾਂਤ ਹੁੰਦੇ ਹਨ ਪ੍ਰੰਤੂ ਅੱਜ ਕਲ੍ਹ ਸਿਧਾਂਤਾਂ ਦੀ ਰਾਜਨੀਤੀ ਤਾਂ ਪਰ ਲਾਕੇ ਉਡ ਗਈ ਹੈ। ਪਾਰਟੀ ਭਾਵੇਂ ਕੋਈ ਹੋਵੇ ਪ੍ਰੰਤੂ ਅਹੁਦਾ ਜ਼ਰੂਰ ਮਿਲਣਾ ਚਾਹੀਦਾ ਹੈ। ਭਾਰਤ ਦੀ ਸਿਆਸਤ ਵਿਚ ਬੰਸ਼ਵਾਦ ਭਾਰੂ ਹੈ। ਜਿਸ ਪਰਿਵਾਰ ਦਾ ਕੋਈ ਇਕ ਮੈਂਬਰ ਕਿਸੇ ਸਿਆਸੀ ਅਹੁਦੇ ਤੇ ਪਹੁੰਚ ਗਿਆ ਤਾਂ ਉਸ ਪਰਿਵਾਰ ਦੇ ਸਾਰੇ ਮੈਂਬਰਾਂ ਵਿਚ ਇਹ ਇੱਛਾ ਪੈਦਾ ਹੋ ਜਾਂਦੀ ਹੈ ਕਿ ਉਨ੍ਹਾਂ ਨੂੰ ਵੀ ਕੋਈ ਅਹੁਦਾ ਮਿਲਣਾ ਚਾਹੀਦਾ। ਅੱਜ ਦੇ ਅਜਿਹੇ ਮਾਹੌਲ ਵਿਚ ਇਕ ਅਜਿਹਾ ਇਨਸਾਨ ਵੀ ਹੋਇਆ ਹੈ, ਜਿਹੜਾ ਸਿਆਸੀ ਪਰਿਵਾਰ ਦਾ ਹੋਣ ਦੇ ਬਾਵਜੂਦ ਵੀ ਸਿਆਸਤ ਤੋਂ ਨਿਰਲੇਪ ਰਿਹਾ। ਉਹ ਮਹਾਨ ਵਿਅਕਤੀ ਸੀ ਕੰਵਰ ਦੇਵਿੰਦਰਾ ਸਿੰਘ, ਜਿਹੜਾ ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਦਾ ਸਪੁੱਤਰ ਸੀ। ਉਸਦੀ ਪਾਲਣ ਪੋਸ਼ਣ ਸ਼ਾਹੀ ਪਰਿਵਾਰ ਵਿਚ ਹੋਈ। ਉਚ ਕੋਟੀ ਦੇ ਸਕੂਲਾਂ ਤੋਂ ਸਿਖਿਆ ਪ੍ਰਾਪਤ ਕੀਤੀ ਪ੍ਰੰਤੂ ਕਮਾਲ ਦੀ ਗੱਲ ਉਸ ਇਨਸਾਨ ਵਿਚ ਸੀ ਕਿ ਉਸ ਉਪਰ ਸ਼ਾਹੀ ਪਰਿਵਾਰ ਦੀ ਜੀਵਨ ਸ਼ੈਲੀ ਦਾ ਬਹੁਤਾ ਪ੍ਰਭਾਵ ਨਹੀਂ ਪਿਆ। ਸਗੋਂ ਉਸਨੇ ਆਪਣਾ ਸਾਰਾ ਜੀਵਨ ਆਮ ਲੋਕਾਂ ਦਾ ਤਰ੍ਹਾਂ ਬਤੀਤ ਕੀਤਾ। ਮਹਾਰਾਜਾ ਭੁਪਿੰਦਰ ਸਿੰਘ ਦੇ ਸਪੁੱਤਰ ਹੋਣ ਦੇ ਬਾਵਜੂਦ ਮਹਾਰਾਜਿਆਂ ਵਾਲੀ ਜੀਵਨ ਸ਼ੈਲੀ ਤੋਂ ਕੋਹਾਂ ਦੂਰ ਰਹਿ ਕੇ ਸਾਦਗੀ ਦਾ ਜੀਵਨ ਜਿਓਣ ਨੂੰ ਪਹਿਲ ਦਿੰਦੇ ਸਨ ਕੰਵਰ ਦੇਵਿੰਦਰਾ ਸਿੰਘ। ਹੈਰਾਨੀ ਦੀ ਗੱਲ ਹੈ ਕਿ ਜਿਸ ਵਿਅਕਤੀ ਨੂੰ ਐਸ਼ ਆਰਾਮ ਦੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਹੋਣ ਤੇ ਉਹ ਵਿਅਕਤੀ ਆਪਣੇ ਨੌਕਰਾਂ ਨਾਲ ਖੇਤਾਂ ਦੇ ਬੰਨਿਆਂ ਉਤੇ ਧੂੜ ਫੱਕਦਾ ਤੁਰਦਾ ਫਿਰਦਾ ਹੋਇਆ ਖੇਤੀਬਾੜੀ ਵਿਚ ਦਿਲਚਸਪੀ ਲਵੇ। ਉਸਦਾ ਵਿਆਹ ਵੀ ਇਕ ਸਿਆਸੀ ਪਰਿਵਾਰ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਕਰਨਲ ਰਘਵੀਰ ਸਿੰਘ ਦੀ ਸਪੁੱਤਰੀ ਨਾਲ ਹੋਇਆ। ਫਿਰ ਵੀ ਕੰਵਰ ਦੇਵਿੰਦਰਾ ਸਿੰਘ ਦੀ ਜੀਵਨ ਸ਼ੈਲੀ ਤੇ ਕੋਈ ਅਸਰ ਨਹੀਂ ਹੋਇਆ। ਉਹ ਆਪਣਾ ਬਹੁਤਾ ਸਮਾਂ ਆਪਣੇ ਖੇਤਾਂ ਵਿਚ ਹੀ ਫਸਲਾਂ ਦੀ ਨਿਗਰਾਨੀ ਕਰਦਿਆਂ ਬਿਤਾਉਂਦੇ ਸਨ। ਉਨ੍ਹਾਂ ਮੁੱਢਲੀ ਸਿਖਿਆ ਵਿਸ਼ਵ ਕਾਟਨ ਸਕੂਲ ਸਿਮਲਾ ਤੋਂ ਪ੍ਰਾਪਤ ਕੀਤੀ। ਗ੍ਰੈਜੂਏਸ਼ਨ ਕਰਨ ਲਈ ਦਾਰਜਲਿੰਗ ਨਾਰਥ ਪੁਆਇੰਟ ਵਿਚ ਦਾਖਲਾ ਲੈ ਲਿਆ। ਜਿਵੇਂ ਕਿ ਮਹਾਰਾਜਾ ਪਰਿਵਾਰ ਵਿਚ ਖੇਡਾਂ ਵਿਚ ਦਿਲਚਸਪੀ ਲੈਣ ਦੀ ਪਰੰਪਰਾ ਸੀ, ਉਸੇ ਤਰ੍ਹਾਂ ਆਪਨੂੰ ਵੀ ਬਚਪਨ ਵਿਚ ਹੀ ਖੇਡਾਂ ਵਿਚ ਵਿਸ਼ੇਸ਼ ਤੌਰ ਤੇ ਦਿਲਚਸਪੀ ਸੀ। ਮਹਾਰਾਜਿਆਂ ਦੇ ਪਰਿਵਾਰਾਂ ਵਾਲੀ ਐਸ਼ ਪ੍ਰਸਤੀ ਤੋਂ ਅਭਿਜ ਕੰਵਰ ਦੇਵਿੰਦਰਾ ਸਿੰਘ ਨੇ ਖੇਤੀਬਾੜੀ ਵਿਚ ਹੱਦੋਂ ਵੱਧ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਖੇਤੀਬਾੜੀ ਕਰਨ ਵਿਚ ਆਪ ਨੂੰ ਤਜ਼ਰਬਾ ਨਹੀਂ ਸੀ ਪ੍ਰੰਤੂ ਆਪਨੇ ਫਿਰ ਵੀ ਪਟਿਆਲਾ ਜਿਲ੍ਹੇ ਦੇ ਮੁਰਾਦਪੁਰ ਪਿੰਡ ਵਿਚ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ। ਖੇਤੀਬਾੜੀ ਬਾਰੇ ਸਿਖਿਆ ਉਨ੍ਹਾਂ ਧਰੇੜੀ ਪਿੰਡ ਦੇ ਕਿਸਾਨ ਜਰਨੈਲ ਸਿੰਘ ਤੋਂ ਪ੍ਰਾਪਤ ਕੀਤੀ। ਮਹਾਰਾਜਾ ਪਟਿਆਲਾ ਦੇ ਪਰਿਵਾਰ ਵਿਚੋਂ ਉਹ ਪਹਿਲੇ ਕੰਵਰ ਸਨ, ਜਿਨ੍ਹਾਂ ਖੁਦ ਖੇਤਾਂ ਵਿਚ ਕੰਮ ਕਰਕੇ ਇਹ ਰਵਾਇਤ ਤੋੜ ਦਿੱਤੀ ਕਿ ਰਾਜੇ ਮਹਾਰਾਜੇ ਕੋਈ ਔਖਾ ਕੰਮ ਨਹੀਂ ਕਰ ਸਕਦੇ। ਕਿਰਤੀਆਂ ਦੀ ਤਰ੍ਹਾਂ ਖੇਤਾਂ ਵਿਚ ਕੰਮ ਕਰਕੇ ਆਪਣੇ ਨੌਕਰਾਂ ਨੂੰ ਹੈਰਾਨ ਕਰ ਦਿੱਤਾ। ਰਿਆਸਤਾਂ ਖ਼ਤਮ ਹੋਣ ਤੋਂ ਬਾਅਦ ਬਹੁਤੇ ਰਾਜੇ ਮਹਾਰਾਜੇ ਅਤੇ ਉਨ੍ਹਾਂ ਦੇ ਪਰਿਵਾਰ ਸਿਆਸਤ ਵਿਚ ਆ ਗਏ ਕਿਉਂਕਿ ਰਾਜ ਕਰਨਾ ਉਹ ਆਪਣਾ ਖ਼ਾਨਦਾਨੀ ਹੱਕ ਸਮਝਦੇ ਸਨ। ਪ੍ਰੰਤੂ ਕੰਵਰ ਦੇਵਿੰਦਰਾ ਸਿੰਘ ਸਿਆਸਤ ਤੋਂ ਵੀ ਕੋਹਾਂ ਦੂਰ ਰਹੇ। ਭਾਵੇਂ ਉਨ੍ਹਾਂ ਦਾ ਵਿਆਹ ਮਹਾਰਾਜ ਭੁਪਿੰਦਰ ਸਿੰਘ ਦੇ ਕਲਾਸ ਫੈਲੋ ਅਤੇ ਦੋਸਤ ਕਰਨਲ ਰਘਵੀਰ ਸਿੰਘ ਮੁੱਖ ਮੰਤਰੀ ਪੈਪਸੂ ਦੀ ਲੜਕੀ ਬੀਬਾ ਅਮਰਜੀਤ ਕੌਰ ਨਾਲ 12 ਮਈ 1964 ਵਿਚ ਹੋਇਆ। ਅਮਰਜੀਤ ਕੌਰ ਦੀ ਮਾਤਾ ਸ਼੍ਰੀਮਤੀ ਵੀਰਪਾਲ ਕੌਰ ਵੀ ਸਿਆਸਤ ਵਿਚ ਸਰਗਰਮ ਸਨ। ਬੀਬਾ ਅਮਰਜੀਤ ਕੌਰ ਪਹਿਲਾਂ ਆਪਣੀ ਮਾਤਾ ਦੀਆਂ ਸਿਆਸੀ ਸਰਗਰਮੀਆਂ ਵਿਚ ਮਦਦ ਕਰਦੇ ਸਨ। ਬਾਅਦ ਵਿਚ ਬੀਬਾ ਅਮਰਜੀਤ ਕੌਰ ਕਾਂਗਰਸ ਪਾਰਟੀ ਦੀ ਸਿਆਸਤ ਵਿਚ ਆ ਗਏ। ਬੀਬਾ ਅਮਰਜੀਤ ਕੌਰ ਵੀ ਕਾਂਗਰਸ ਪਾਰਟੀ ਦੀ ਸਿਆਸਤ ਵਿਚ ਮੋਹਰਲੀ ਕਤਾਰ ਦੇ ਨੇਤਾਵਾਂ ਵਿਚ ਰਹੀ ਹੈ। ਉਹ ਪਟਿਆਲਾ ਜਿਲਾ ਦਿਹਾਤੀ ਕਾਂਗਰਸ ਦੀ ਲੰਮਾ ਸਮਾਂ ਪ੍ਰਧਾਨ ਰਹੇ। ਫਿਰ ਉਹ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਸੰਯੁਕਤ ਸਕੱਤਰ ਬਣ ਗਏ। ਉਸ ਤੋਂ ਬਾਅਦ ਉਹ ਕੇਂਦਰ ਸਰਕਾਰ ਦੇ ਵੈਲਫੇਅਰ ਬੋਰਡ ਦੇ ਚੇਅਰਪਸਨ ਬਣ ਗਏ। ਸ਼੍ਰੀਮਤੀ ਅਮਰਜੀਤ ਕੌਰ ਦੋ ਵਾਰ ਰਾਜ ਸਭਾ ਦੀ ਮੈਂਬਰ ਰਹੀ। ਬੀਬਾ ਅਮਰਜੀਤ ਕੌਰ ਸ਼੍ਰੀਮਤੀ ਇੰਦਰਾ ਗਾਂਧੀ ਦੇ ਬਹੁਤ ਨਜ਼ਦੀਕ ਰਹੀ ਪ੍ਰੰਤੂ ਕੰਵਰ ਦੇਵਿੰਦਰਾ ਸਿੰਘ ਨੇ ਸਿਆਸਤ ਤੋਂ ਕਿਨਾਰਾ ਕਰੀ ਰੱਖਿਆ। ਕੰਵਰ ਦੇਵਿੰਦਰਾ ਸਿੰਘ ਨੇ ਨਾ ਹੀ ਆਪ ਸਿਆਸਤ ਵਿਚ ਦਿਲਚਸਪੀ ਲਈ ਅਤੇ ਨਾ ਹੀ ਬੀਬਾ ਅਮਰਜੀਤ ਕੌਰ ਨੂੰ ਸਿਆਸਤ ਕਰਨ ਤੋਂ ਰੋਕਿਆ। ਕੰਵਰ ਦੇਵਿੰਦਰਾ ਸਿੰਘ ਦੀ ਫ਼ਰਾਕਦਿਲੀ ਵੇਖਣ ਵਾਲੀ ਸੀ ਕਿ ਭਾਵੇਂ ਉਨ੍ਹਾਂ ਨੂੰ ਸਿਆਸਤ ਵਿਚ ਭੋਰਾ ਵੀ ਦਿਲਚਸਪੀ ਨਹੀਂ ਸੀ ਪ੍ਰੰਤੂ ਉਨ੍ਹਾਂ ਇਕੋ ਘਰ ਵਿਚ ਰਹਿੰਦਿਆਂ ਆਪਣੀ ਪਤਨੀ ਬੀਬਾ ਅਮਰਜੀਤ ਕੌਰ ਨੂੰ ਕਦੀਂ ਵੀ ਸਿਆਸਤ ਤੋਂ ਕਿਨਾਰਾਕਸ਼ੀ ਕਰਨ ਲਈ ਨਹੀਂ ਕਿਹਾ। ਭਾਵੇਂ ਉਨ੍ਹਾਂ ਦੇ ਘਰ ਵਿਚ ਸਿਆਸੀ ਨੇਤਾਵਾਂ ਦੀ ਆਵਾਜਾਈ ਰਹਿੰਦੀ ਸੀ ਅਤੇ ਕਾਂਗਰਸ ਪਾਰਟੀ ਦੇ ਵਰਕਰ ਵੀ ਚਹਿਲ ਪਹਿਲ ਕਰੀ ਰੱਖਦੇ ਸਨ ਪ੍ਰੰਤੂ ਉਨ੍ਹਾਂ ਕਦੀਂ ਵੀ ਸਿਆਸਤ ਵਿਚ ਦਿਲਚਸਪੀ ਨਹੀਂ ਲਈ। ਉਹ ਸਾਰੀ ਉਮਰ ਆਪਣੇ ਖੇਤੀਬਾੜੀ ਦੇ ਕਿਤੇ ਨੂੰ ਸਮਰਪਤ ਰਹੇ। ਮਹਾਂ ਪੁਰਸ਼ਾਂ ਦੀ ਤਰ੍ਹਾਂ ਮਸਤ ਰਹਿੰਦੇ ਸਨ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ। ਅੱਜ ਕਲ੍ਹ ਪੰਜਾਬ ਅਤੇ ਕੇਂਦਰ ਸਰਕਾਰ ਰਵਾਇਤੀ ਫ਼ਸਲਾਂ ਦੀ ਥਾਂ ਹੋਰ ਫ਼ਸਲਾ ਬੀਜਣ ਲਈ ਕਿਸਾਨਾ ਨੂੰ ਪ੍ਰੇਰਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪ੍ਰੰਤੂ ਉਨ੍ਹਾਂ ਉਸ ਸਮੇਂ ਅੱਜ ਤੋਂ 40 ਸਾਲ ਪਹਿਲਾਂ ਰਵਾਇਤੀ ਫਸਲਾਂ ਕਣਕ ਅਤੇ ਜੀਰੀ ਨੂੰ ਤਿਲਾਂਜਲੀ ਦੇ ਕੇ ਆਧੁਨਿਕ ਢੰਗ ਨਾਲ ਸਬਜ਼ੀਆਂ ਦੀ ਕਾਸ਼ਤ ਕਰਵਾਈ। ਰਾਜ ਪਰਿਵਾਰ ਦਾ ਕੰਵਰ ਫਸਲਾਂ ਦੇ ਬੰਨਿਆਂ ਤੇ ਨਿਗਰਾਨੀ ਕਰਦੇ ਵੇਖੇ ਜਾ ਸਕਦੇ ਸਨ। ਕੰਵਰ ਦੇਵਿੰਦਰਾ ਸਿੰਘ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਚਾਚਾ ਸਨ। ਕੰਵਰ ਦੇਵਿੰਦਰਾ ਸਿੰਘ 82 ਸਾਲ ਦੀ ਉਮਰ ਵਿਚ 22 ਮਾਰਚ 2019 ਨੂੰ ਸੰਖੇਪ ਬਿਮਾਰੀ ਤੋਂ ਬਾਅਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਦੋ ਲੜਕੇ ਅਤੇ ਇਕ ਲੜਕੀ ਹੈ। ਇਕ ਲੜਕਾ ਇਕ ਸੜਕ ਦੁਰਘਟਨਾ ਵਿਚ ਸਵਰਗਵਾਸ ਹੋ ਗਿਆ ਸੀ। ਉਨ੍ਹਾਂ ਦੀ ਪਤਨੀ ਬੀਬਾ ਅਮਰਜੀਤ ਕੌਰ ਅੱਜ ਕਲ੍ਹ ਵੀ ਸਿਆਸਤ ਵਿਚ ਸਰਗਰਮ ਹਨ।

Send this to a friend