ਜਨਤਕ ਖੇਤਰ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ

ਦੇਸ਼ ਵਿੱਚ ਜਨਤਕ ਖੇਤਰ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ। ਭ੍ਰਿਸ਼ਟਾਚਾਰ ਦੇ ਬਲਬੂਤੇ ਅਤੇ ਸਿਆਸੀ ਸਰਪ੍ਰਸਤੀ ਹੇਠ ਨਿੱਜੀ ਅਦਾਰੇ ਖਾਸ ਕਰਕੇ ਕਾਰਪੋਰੇਟ ਖੇਤਰ ਬਿਨਾਂ ਕਿਸੇ ਰੋਕ-ਟੋਕ ਅੱਗੇ ਵੱਧ ਰਿਹਾ ਹੈ। ਕਾਰਪੋਰੇਟ ਖੇਤਰ ਦੇ ਹਿੱਤਾਂ ਦੀ ਪੂਰਤੀ ਲਈ ਹੀ ਜਨਤਕ ਅਦਾਰਿਆਂ ਨੂੰ ਕੁਰਬਾਨ ਕੀਤਾ ਜਾ ਰਿਹਾ ਹੈ। ਦੇਸ਼ ਦੇ ਵੱਡੇ-ਵੱਡੇ ਜਨਤਕ ਅਦਾਰੇ ਇਸ ਸਮੇਂ ਸੰਕਟ ਵਿੱਚੋਂ ਗੁਜ਼ਰ ਰਹੇ ਹਨ। ਇਸ ਬਦਨੀਤੀ ਕਾਰਨ ਹੀ ਭਾਰਤ ਸੰਚਾਰ ਨਿਗਮ ਲਿਮਟਿਡ ਡੁੱਬਣ ਕਿਨਾਰੇ ਪਹੁੰਚ ਗਿਆ ਹੈ। ਪਹਿਲਾਂ ਵੀ ਸਰਕਾਰ ਵੱਲੋਂ ਕੁਝ ਜਨਤਕ ਅਦਾਰਿਆਂ ਨੂੰ ਘਾਟੇ ਵਿੱਚ ਪਹੁੰਚਾ ਕੇ ਨਿੱਜੀ ਖੇਤਰ ਨੂੰ ਵੇਚ ਦਿੱਤਾ ਗਿਆ। ਜਨਤਕ ਖੇਤਰ ਦੇ ਅਦਾਰਿਆਂ ਦਾ ਡੁੱਬਣਾ ਭਾਰਤੀ ਲੋਕਤੰਤਰ ਅਤੇ ਆਮ ਲੋਕਾਂ ਦੇ ਹਿੱਤਾਂ ਲਈ ਬਹੁਤ ਹੀ ਮੰਦਭਾਗਾ ਅਤੇ ਖਤਰਨਾਕ ਹੈ। ਕਾਰਪੋਰੇਟ ਖੇਤਰ ਦਾ ਲਗਾਤਾਰ ਮਜ਼ਬੂਤ ਹੋਣਾ ਲੋਕਤੰਤਰ ਲਈ ਸਭ ਤੋਂ ਵੱਡਾ ਖਤਰਾ ਹੈ। ਇਸ ਨਾਲ ਗਰੀਬਾਂ ਅਤੇ ਅਮੀਰਾਂ ’ਚ ਪਾੜਾ ਵੀ ਵੱਧ ਰਿਹਾ ਹੈ। ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮਹਿੰਗੇ ਮੁੱਲ ’ਤੇ ਮਿਲ ਰਹੀਆਂ ਹਨ। ਸਰਕਾਰੀ ਖੇਤਰ ਵਿੱਚ ਨੌਕਰੀਆਂ ਦੇ ਮੌਕੇ ਘੱਟ ਰਹੇ ਹਨ। ਇਹ ਵਰਤਾਰਾ ਪੰਜਾਬ ਵਿੱਚ ਵੀ ਜਿਉਂ ਦਾ ਤਿਉਂ ਚੱਲ ਰਿਹਾ ਹੈ। ਪੰਜਾਬ ਵਿੱਚ ਵੀ ਜਨਤਕ ਖੇਤਰ ਨੂੰ ਬਚਾਉਣ ਅਤੇ ਮਜ਼ਬੂਤ ਕਰਨ ਦੀ ਵੱਡੀ ਜ਼ਰੂਰਤ ਹੈ। ਪੰਜਾਬ ਰਾਜ ਬਿਜਲੀ ਬੋਰਡ ਦਾ ਕੁਝ ਸਾਲ ਪਹਿਲਾਂ ਨਿਗਮੀਕਰਨ ਕੀਤਾ ਗਿਆ ਸੀ। ਬੋਰਡ ਦੀ ਥਾਂ ਉਪਰ 2 ਲਿਮਟਿਡ ਕੰਪਨੀਆਂ ਕਾਇਮ ਕੀਤੀਆਂ ਗਈਆਂ ਸਨ। ਬੇਸ਼ਕ ਉਸ ਸਮੇਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਜਨਤਕ ਖੇਤਰ ਦੇ ਇਸ ਅਦਾਰੇ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਹੋਣ ਵਿੱਚ ਮੱਦਦ ਮਿਲੇਗੀ, ਪਰ ਇਹ ਦੁੱਖ ਦੀ ਗੱਲ ਹੈ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਹ ਅਦਾਰਾ ਲਗਾਤਾਰ ਆਰਥਿਕ ਮੁਸ਼ਕਿਲਾਂ ਵਿੱਚੋਂ ਗੁਜ਼ਰਦਾ ਰਿਹਾ ਹੈ। ਸਰਕਾਰ ਵੱਲੋਂ ਪਾਵਰਕਾਮ ਉਪਰ ਲਗਾਤਾਰ ਸਬਸਿਡੀਆਂ ਦਾ ਬੋਝ ਲੱਦਿਆ ਜਾਂਦਾ ਰਿਹਾ ਹੈ ਪਰ ਉਸ ਨੂੰ ਸਮੇਂ ਸਿਰ ਅਦਾਇਗੀਆਂ ਨਹੀਂ ਕੀਤੀਆਂ ਗਈਆਂ। ਇਸ ਨਾਲ ਪਾਵਰਕਾਮ ਵੀ ਆਰਥਿਕ ਤੌਰ ’ਤੇ ਸੰਕਟ ਵਿੱਚ ਫਸ ਗਿਆ। ਹੁਣ ਨਵੇਂ ਪ੍ਰਬੰਧਾਂ ਹੇਠ ਪਾਵਰਕਾਮ ਨੂੰ ਕੁਝ ਰਾਹਤ ਮਿਲੀ ਹੈ। ਪਾਵਰਕਾਮ ਦੇ ਨਵੇਂ ਸੀ.ਐਮ.ਡੀ. ਸ. ਬਲਦੇਵ ਸਿੰਘ ਸਰਾਂ ਇਸ ਦਿਸ਼ਾ ਵਿੱਚ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਸਹਿਯੋਗ ਅਤੇ ਚੰਗੇ ਪ੍ਰਬੰਧਾਂ ਦੀ ਬਦੌਲਤ ਹੀ ਪਾਵਰਕਾਮ ਨੂੰ ਸਾਲ 2018-19 ਵਿਤੀ ਵਰ੍ਹੇ ਦੀ 9 ਹਜ਼ਾਰ ਕਰੋੜ ਦੀ ਸਬਸਿਡੀ ਦੀ ਰਕਮ ’ਚੋਂ ਪੰਜਾਬ ਸਰਕਾਰ ਨੇ ਹੁਣ ਤੱਕ 8600 ਕਰੋੜ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪਾਵਰਕਾਮ ਨੂੰ ਇਹ ਰਕਮ ਦੇਰੀ ਨਾਲ ਮਿਲਦੀ ਰਹੀ ਹੈ, ਜਿਸ ਕਾਰਨ ਉਸ ਨੂੰ ਵੱਡੀਆਂ ਪ੍ਰੇਸ਼ਾਨੀਆਂ ਵਿੱਚੋਂ ਲੰਘਣਾ ਪਿਆ। ਪਾਵਰਕਾਮ ਨੂੰ ਇਸ ਵਿਤੀ ਵਰ੍ਹੇ ਦੀ ਲਗਭਗ ਸਾਰੀ ਸਬਸਿਡੀ ਦੀ ਰਕਮ ਮਿਲਣਾ ਸ਼ੁਭ ਸ਼ਗੁਨ ਹੈ। 500 ਕਰੋੜ ਰੁਪਏ ਹੋਰ ਮਿਲਣ ਦੀ ਵੀ ਉਮੀਦ ਹੈ। ਜੇਕਰ ਸਰਕਾਰ, ਜਨਤਕ ਅਤੇ ਨਿਜੀ ਅਦਾਰੇ ਅਤੇ ਆਮ ਲੋਕ ਆਪਣੇ ਬਕਾਇਆ ਬਿਜਲੀ ਬਿੱਲਾਂ ਦੀ ਸਮੇਂ ਸਿਰ ਅਦਾਇਗੀ ਕਰਨ ਤਦ ਇਸ ਜਨਤਕ ਅਦਾਰੇ ਨੂੰ ਹੋਰ ਬੇਹਤਰ ਅਤੇ ਮਜ਼ਬੂਤ ਬਣਾਇਆ ਜਾ ਸਕਦਾ ਹੈ। ਸਾਰੀਆਂ ਸਬੰਧਤ ਧਿਰਾਂ ਨੂੰ ਇਸ ਮਾਮਲੇ ਵਿੱਚ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਰੇ ਬਕਾਏ ਜਲਦ ਜਮ੍ਹਾਂ ਕਰਵਾਉਣੇ ਚਾਹੀਦੇ ਹਨ ਤਾਂ ਜੋ ਪਾਵਰਕਾਮ ਪੰਜਾਬ ਦੀ ਹੋਰ ਬੇਹਤਰ ਸੇਵਾ ਕਰ ਸਕੇ। ਅਜਿਹੇ ਜਨਤਕ ਅਦਾਰਿਆਂ ਨੂੰ ਬਚਾਉਣਾ ਅਤੇ ਮਜ਼ਬੂਤ ਕਰਨਾ ਸਮੇਂ ਦੀ ਵੱਡੀ ਲੋੜ ਹੈ।
– ਬਲਜੀਤ ਸਿੰਘ ਬਰਾੜ

Send this to a friend