ਫਤਿਹਗੜ੍ਹ ਸਾਹਿਬ, 28 ਮਾਰਚ-(ਰਿਸ਼ੂ ਗੋਇਲ)- ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਵਲੋਂ ਕੇਂਦਰ ’ਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਆਉਣ ਤੇ ਦੇਸ਼ ਦੇ 5 ਕਰੋੜ ਪਰਿਵਾਰਾਂ ਨੂੰ 72 ਹਜਾਰ ਰੁਪਏ ਸਲਾਨਾ ਭਾਵ 6 ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਫੈਸਲਾ ਇੱਕ ਇਤਿਹਾਸਕ ਫੈਸਲਾ ਹੈ।ਇਹਨਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਲੀਡਰ ਰਜਿੰਦਰ ਸਿੰਘ ਬਿੱਟੂ ਨੇ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਸਦਾ ਗਰੀਬ ਪਖੀ ਰਹੀ ਹੈ ਤੇ ਗਰੀਬੀ ਹਟਾੳਣਾ ਕਾਂਗਰਸ ਦੇ ਏਜੰਡੇ ਚ ਸ਼ਾਮਲ ਹੈ। ਜਦ ਕਿ ਭਾਜਪਾ ਨੇ ਹਮੇਸ਼ਾਂ ਅਮੀਰਾਂ ਨੂੰ ਲਾਭ ਪਹੁੰਚਾਇਆ ਹੈ। ਉਹਨਾਂ ਨੇ ਕਿਹਾ ਕਿ ਮੋਦੀ ਨੇ ਪੰਜ ਸਾਲਾਂ ਚ ਅੰਬਾਨੀ ਵਰਗੇ ਅਮੀਰ ਲੋਕਾਂ ਨੂੰ ਅਰਬਾਂ-ਖਰਬਾਂ ਦਾ ਫਾਇਦਾ ਦਿਤਾ ਪਰ ਗਰੀਬ ਲੋਕਾਂ ਦੀ ਸਾਰ ਨਹੀ ਲਈ। ਉਨਾਂ ਕਿਹਾ ਇਸੇ ਕਰਕੇ ਅਜ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੌਕੀਦਾਰ ਚੋਰ ਹੈ, ਨਾਂਅ ਨਾਲ ਜਾਨਣ ਲਗੇ ਹਨ। ਉਨਾਂ ਕਿਹਾ ਕਿ ਮੋਦੀ ਨੇ ਹਰ ਦੇਸ਼ਵਾਸੀ ਦੇ ਖਾਤੇ 15 ਲਖ ਪਾਉਣ ਦਾ ਵਾਅਦਾ ਕੀਤਾ ਸੀ ਪਰ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਭਾਰਤੀ ਦੇ ਖਾਤੇ ਚ ਫੁਟੀ ਕੌਡੀ ਵੀ ਨਹੀ ਆਈ ਜਿਸ ਕਰਕੇ ਦੇਸ਼ ਦੀ ਜਨਤਾ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਮਰਕਸੇ ਕਰੀ ਬੈਠੀ ਹੈ।ਉਹਨਾਂ ਨੇ ਅੱਗੇ ਕਿਹਾ ਕਿ ਪਹਿਲਾਂ ਵੀ ਕਾਂਗਰਸ ਸਰਕਾਰਾਂ ਦੇ ਕਾਰਜਕਾਲ ’ਚ ਹੀ 14 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕਢਿਆ ਗਿਆ ਤੇ ਹੁਣ ਵੀ ਕਾਂਗਰਸ ਦੇ ਸੱਤਾ ਚ ਆਉਣ ਤੇ ਦੇਸ਼ ਦੇ 20 ਪ੍ਰਤੀਸ਼ਤ ਗਰੀਬ ਲੋਕਾਂ ਨੂੰ 6 ਹਜ਼ਾਰ ਪ੍ਰਤੀ ਮਹੀਨਾ ਉਹਨਾਂ ਦੇ ਖਾਤਿਆਂ ’ਚ ਪਾ ਕੇ ਗਰੀਬੀ ਰੇਖਾ ਚੋਂ ਬਾਹਰ ਕਢਿਆ ਜਾਵੇਗਾ।