ਲੋਕ ਸਭਾ ਦੀਆਂ ਆਮ ਚੋਣਾਂ ਦਾ ਰੌਲਾ-ਗੋਲਾ ਦਿਨੋ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਅਤੇ ਸਿਆਸੀ ਨੇਤਾ ਆਪੋ-ਆਪਣੀ ਜਿੱਤ ਲਈ ਪੂਰਾ ਜ਼ੋਰ ਲਗਾ ਰਹੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿਆਸੀ ਨੇਤਾ ਅਤੇ ਸਿਆਸੀ ਪਾਰਟੀਆਂ ਵੋਟਰਾਂ ਨਾਲ ਝੂਠੇ ਵਾਅਦੇ ਕਰਨ ਤੋਂ ਬਾਜ਼ ਨਹੀਂ ਆ ਰਹੇ। ਸਿਆਸੀ ਨੇਤਾਵਾਂ ਦਾ ਆਮ ਲੋਕਾਂ ਉਪਰ ਇਹ ‘ਇਮੋਸ਼ਨਲ ਅੱਤਿਆਚਾਰ’ ਲਗਾਤਾਰ ਵੱਧ ਰਿਹਾ ਹੈ। ਆਮ ਲੋਕਾਂ ਦੀਆਂ ਲੋੜਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ। ਰੁਜ਼ਗਾਰ ਦੀ ਕਿਧਰੇ ਕੋਈ ਗੱਲ ਨਹੀਂ ਹੋ ਰਹੀ। ਗਰੀਬੀ ਅਤੇ ਭੁਖਮਰੀ ਨੂੰ ਖਤਮ ਕਰਨ ਲਈ ਕੋਈ ਤਿਆਰ ਨਹੀਂ ਹੈ। ਖੇਤੀਬਾੜੀ ਦੇ ਮੰਦਵਾੜੇ ਨੂੰ ਠੱਲ੍ਹ ਪਾਉਣ ਲਈ ਕਿਸੇ ਕੋਲ ਕੋਈ ਯੋਜਨਾ ਨਹੀਂ। ਸਿੱਖਿਆ ਅਤੇ ਸਿਹਤ ਸੇਵਾਵਾਂ ਦੀ ਬਹਾਲੀ ਲਈ ਵੀ ਕੋਈ ਗੰਭੀਰ ਨਹੀਂ। ਸ਼ਹਿਰੀ ਸਹੂਲਤਾਂ ਦਾ ਤਾਂ ਜ਼ਿਕਰ ਹੀ ਬੇਮਾਇਨਾ ਜਿਹਾ ਹੈ। ਸਭ ਸਿਆਸੀ ਨੇਤਾ ਬੁਨਿਆਦੀ ਮੁੱਦਿਆਂ ਦੀ ਥਾਂ ਬੇਲੋੜੇ ਅਤੇ ਲੋਕਾਂ ਨੂੰ ਧਰਮ ਅਤੇ ਵਰਗ ਦੇ ਨਾਂ ਉਪਰ ਜਜ਼ਬਾਤੀ ਕਰਕੇ ਵੋਟਾਂ ਲੈਣ ਦੀ ਦੌੜ ਵਿੱਚ ਹਨ। ਵੋਟਾਂ ਦੀ ਇਸ ਦੌੜ ਵਿੱਚ ਲੋਕਾਂ ਦੀਆਂ ਭਾਵਨਾਵਾਂ ਦੀ ਕਿਸੇ ਨੂੰ ਕੋਈ ਕਦਰ ਨਹੀਂ। ਪੀੜ੍ਹੀਆਂ ਤੋਂ ਲੋਕਤੰਤਰ ਦੇ ਨਾਮ ਉਪਰ ਲੋਕ ਠੱਗੇ ਜਾ ਰਹੇ ਹਨ। 5 ਸਾਲ ਲਈ ਵੱਡੇ ਵਾਅਦੇ ਕਰਕੇ ਸਰਕਾਰ ਬਣਾਉਣ ਤੋਂ ਬਾਅਦ ਸਿਆਸੀ ਨੇਤਾ ਆਪਣੇ ਲਿਖਤੀ ਵਾਅਦੇ ਵੀ ਭੁੱਲ ਜਾਂਦੇ ਹਨ। ਪਹਿਲਾਂ ਕਾਂਗਰਸ ਇਹੋ ਖੇਡ ਖੇਡਦੀ ਰਹੀ। ਹੁਣ ਪਿਛਲੇ 5 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਨੇ ਵੀ ਲੋਕਾਂ ਨਾਲ ਇਹੋ ਧੋਖਾ ਕੀਤਾ ਹੈ। ਮੌਜੂਦਾ ਹਾਲਾਤਾਂ ਵਿੱਚ ਲੱਗ ਰਿਹਾ ਹੈ ਕਿ ਅਗਲੇ 5 ਸਾਲਾਂ ਲਈ ਵੀ ਲੋਕਾਂ ਨਾਲ ਇਕ ਹੋਰ ਧੋਖਾ ਹੋਣ ਜਾ ਰਿਹਾ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਈ ਤਾਂ ਗਰੀਬਾਂ ਲਈ ਘੱਟੋ-ਘੱਟ ਆਮਦਨ ਗਾਰੰਟੀ ਯੋਜਨਾ ਸ਼ੁਰੂ ਕੀਤੀ ਜਾਵੇਗੀ।ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਵੀ ਇਸੇ ਤਰ੍ਹਾਂ ਦੇ ਵਾਅਦੇ ਲੋਕਾਂ ਨਾਲ ਕੀਤੇ ਜਾ ਰਹੇ ਹਨ। ਪਿਛਲੇ ਵਾਅਦੇ ਨਿਭਾਏ ਨਹੀਂ ਗਏ। ਹੁਣ ਨਵੇਂ ਵਾਅਦੇ ਹੋ ਰਹੇ ਹਨ। ਲੋਕਾਂ ਨੂੰ ਵੀ ਇਹ ਪਤਾ ਹੈ ਕਿ ਸਿਆਸੀ ਨੇਤਾਵਾਂ ਵੱਲੋਂ ਕੀਤੇ ਜਾ ਰਹੇ ਵਾਅਦੇ ਵਫਾ ਨਹੀਂ ਹੋਣਗੇ। ਇਸ ਦੇ ਬਾਵਜੂਦ ਉਨ੍ਹਾਂ ਨੂੰ ਇਕ ਜਾਂ ਦੂਜੇ ਨੇਤਾ ਨੂੰ ਚੁਣਨਾ ਹੀ ਪੈਂਦਾ ਹੈ। ਲੋਕਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ। ਕੋਈ ਨਵਾਂ ਸਿਆਸੀ ਬਦਲ ਸਾਹਮਣੇ ਨਹੀਂ ਆ ਰਿਹਾ। ਹਰ ਵਾਰ ਇਕ ਜਾਂ ਦੂਸਰੀ ਪਾਰਟੀ ਨੂੰ ਚੁਣਨਾ ਹੀ ਪੈਂਦਾ ਹੈ। ਲੋਕਤੰਤਰ ਦੀ ਇਹੋ ਇਕ ਕਮਜ਼ੋਰ ਕੜੀ ਹੈ। ਹੁਣ ਤਾਂ ਲੋਕ ਸਭਾ ਦੀ ਚੋਣ ਵੀ ਆਮ ਲੋਕਾਂ ਦੇ ਘੇਰੇ ਵਿੱਚੋਂ ਨਿਕਲ ਗਈ ਹੈ। ਸਿਰਫ ਮੱਧ ਵਰਗ ਅਤੇ ਉਚ ਵਰਗ ਦੇ ਲੋਕ ਹੀ ਚੋਣਾਂ ਲੜ ਸਕਦੇ ਹਨ। ਹੁਣ ਚੋਣਾਂ ਲੜਨਾ ਹਾਰੀ ਸਾਰੀ ਦਾ ਕੰਮ ਨਹੀਂ ਰਿਹਾ ਹੈ। ਲੋਕਤੰਤਰ ਲੋਕਾਂ ਦੇ ਘੇਰੇ ਵਿੱਚੋਂ ਨਿਕਲ ਕੇ ਅਮੀਰਾਂ ਦੇ ਘਰਾਂ ਵਿੱਚ ਪਨਾਹ ਲਈ ਬੈਠਾ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਲੋਕ ਸਭਾ ਦੀਆਂ ਇਨ੍ਹਾਂ ਆਮ ਚੋਣਾਂ ਦੌਰਾਨ ਕੋਈ ਕ੍ਰਿਸ਼ਮਾ ਵਾਪਰ ਜਾਵੇ।
– ਬਲਜੀਤ ਸਿੰਘ ਬਰਾੜ