ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਹੋਲੇ-ਮਹੱਲੇ ’ਤੇ ਹੋਵੇਗਾ ਵਿਸ਼ੇਸ਼ ਸਨਮਾਨ ਸਮਾਗਮ

ਸੇਵਾ ਤੇ ਨਿਮਰਤਾ ਦੇ ਪੁੰਜ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਪ੍ਰਦਾਨ ਕੀਤਾ ਜਾਵੇਗਾ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਯਾਦਗਾਰੀ ਪੁਰਸਕਾਰ

ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ- ਸੰਤ ਬਾਬਾ ਕਸ਼ਮੀਰ ਸਿੰਘ ਭੁਰੀ ਵਾਲਿਆਂ ਦਾ ਜਨਮ 12 ਹਾੜ 1967 ਨੂੰ ਸ: ਬੂਟਾ ਸਿੰਘ ਦੇ ਗ੍ਰਹਿ ਮਾਤਾ ਗਿਆਨ ਕੌਰ ਜੀ ਦੀ ਕੁੱਖੋਂ ਅੰਮ੍ਰਿਤਸਰ ਜਿਲੇ ਦੇ ਪਿੰਡ ਚਾਟੀਵਿੰਡ ਵਿਖੇ ਹੋਇਆ। ਪਹਿਲੀ ਤੋਂ ਮਿਡਲ ਤੱਕ ਪਿੰਡ ਦੇ ਸਕੂਲ ਅਤੇ ਹਾਇਰ ਸੈਕੰਡਰੀ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਤੋਂ ਪਾਸ ਕੀਤੀ। ਸੇਵਾ ਦੇ ਸੰਸਕਾਰ ਬਾਬਾ ਜੀ ਨੂੰ ਆਪਣੀ ਮਾਤਾ ਜੀ ਪਾਸੋਂ ਵਿਰਸੇ ’ਚ ਹੀ ਮਿਲੇ।ਧਾਰਮਿਕ ਘਰੇਲੂ ਮਾਹੌਲ ਦੀ ਸੰਗਤ ਨੇ ਬਾਬਾ ਕਸ਼ਮੀਰ ਸਿੰਘ ਜੀ ਨੂੰ ਨਾਮ-ਸਿਮਰਨ ਤੇ ਸੇਵਾ ਲਈ ਪ੍ਰੇਰਿਤ ਕੀਤਾ ਅਤੇ ਸੰਨ 1989 ’ਚ ਉਹ ਪੱਕੇ ਤੌਰ ’ਤੇ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆਂ ਦੀ ਸੇਵਾ ’ਚ ਲੱਗ ਗਏ। ਬਾਬਾ ਕਸ਼ਮੀਰ ਸਿੰਘ ਜੀ ਸਬਰ, ਸਿਦਕ ਤੇ ਸੇਵਾ ਦੀ ਕਸਵੱਟੀ ਤੇ ਪੂਰੇ ਉਤਰੇ ਅਤੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ 1992 ’ਚ ਉਨ੍ਹਾਂ ਨੂੰ ਕਾਰ ਸੇਵਾ ਸੰਪਰਦਾਇ ਦੇ ਮੁੱਖ ਸੇਵਕ ਦੀ ਜਿੰਮੇਵਾਰੀ ਸੌਂਪ ਦਿੱਤੀ।
ਉਦਾਸੀ ਸੰਪ੍ਰਦਾ, ਨਿਹੰਗ ਸਿੰਘ ਜਥੇਬੰਦੀਆਂ, ਸੇਵਾ-ਪੰਥੀ, ਸੰਤ ਸਮਾਜ, ਹੋਰ ਧਾਰਮਿਕ ਤੇ ਸਮਾਜਕ ਜਥੇਬੰਦੀਆਂ ਨਾਲ ਹਮੇਸ਼ਾਂ ਤਾਲ-ਮੇਲ ਬਣਾਈ ਰੱਖਦੇ ਹਨ।
ਬਾਬਾ ਕਸ਼ਮੀਰ ਸਿੰਘ ਭੁੂਰੀ ਵਾਲਿਆਂ ਨੂੰ ਕਾਰ ਸੇਵਾ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਸਦਕਾ ਹੋਲੇ ਮਹੱਲੇ ਦੇ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ।
ਸੰਤ ਬਾਬਾ ਘਾਲਾ ਸਿੰਘ ਜੀ- ਸੰਤ ਬਾਬਾ ਘਾਲਾ ਸਿੰਘ ਜੀ ਦਾ ਜਨਮ 1 ਸਤੰਬਰ 1950 ਈਸਵੀ ਨੂੰ ਸ. ਭਜਨ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਹਰਪਾਲ ਕੌਰ ਜੀ ਦੀ ਪਵਿੱਤਰ ਕੁੱਖੋਂ ਅੰਮ੍ਰਿਤ ਵੇਲੇ ਹੋਇਆ। 1964 ਈਸਵੀ ਤੋਂ 14 ਸਾਲ ਦੀ ਉਮਰ ਵਿੱਚ ਸੰਤ ਬਾਬਾ ਨਰੈਣ ਸਿੰਘ ਜੀ ਦੀ ਹਜੂਰੀ ਸੇਵਾ ਮਿਲ ਗਈ। 1964 ਤੋਂ 1998 ਤੱਕ ਸਤਬਚਨੀ ਹੋ ਕੇ ਅਣਥੱਕ ਸੇਵਾ ਨਿਭਾਈ। 26 ਮਾਰਚ 1998 ਨੂੰ ਸੰਤ ਬਾਬਾ ਨਰੈਣ ਸਿੰਘ ਜੀ ਦੇ ਪੰਜ ਭੂਤਕ ਸਰੀਰ ਰੂਪੀ ਚੋਲਾ ਬਦਲਣ ਤੇ ਬਾਬਾ ਜੀ ਦੇ ਦੁਸਿਹਰੇ ਉਪਰ ਸਮੂੰਹ ਸੇਵਾਦਾਰ, ਸੰਤ ਸਮਾਜ ਤੇ ਪੰਥਕ ਜਥੇਬੰਦੀਆਂ ਵੱਲੋਂ ਨਾਨਕਸਰ ਕਲੇਰਾਂ ਦੇ ਮੌਜੂਦਾ ਮੁਖੀ ਵਜੋਂ ਦਸਤਾਰ ਬੰਦੀ ਕਰਵਾਈ ਗਈ। ਸੰਤ ਘਾਲਾ ਸਿੰਘ ਜੀ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਨੂੰ ਸਮਰਪਿਤ ਹੋ ਕੇ ਸੇਵਾਵਾਂ ਨਿਭਾ ਰਹੇ ਹਨ। ਇਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਦੇ ਕਾਰਨ ਹੋਲੇ ਮਹੱਲੇ ਦੇ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਵੱਲੋਂ ਸਨਮਾਨਤ ਕੀਤਾ ਜਾ ਰਿਹਾ ਹੈ।
ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ- ਸੰਤ ਬਾਬਾ ਪਾਲਾ ਸਿੰਘ ਜੀ ਦਾ ਜਨਮ ਪਿੰਡ ਲੋਹਗੜ੍ਹ ਨੇੜੇ ਬਾਬਾ ਬਕਾਲਾ ਸਾਹਿਬ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਸਰਦਾਰ ਗੁਰਬਖਸ਼ ਸਿੰਘ ਜੀ ਦੇ ਘਰ ਮਾਤਾ ਨਿਰੰਜਨ ਕੌਰ ਜੀ ਦੀ ਕੁੱਖੋ ਸੰਨ 1963 ਵਿਚ ਹੋਇਆ। ਆਪ ਕਰੀਬ 13 ਸਾਲ ਦੀ ਉਮਰ ਵਿਚ ਮਿਸ਼ਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਉਸ ਸਮੇਂ ਦੇ ਮੌਜੂਦਾ ਜਥੇਦਾਰ ਸੱਚਖੰਡ ਵਾਸੀ ਬਾਬਾ ਬਿਸ਼ਨ ਸਿੰਘ ਜੀ ਦੀ ਹਜੂਰੀ ਵਿਚ ਆ ਗਏ ਸਨ। ਏਥੇ ਆ ਕੇ ਬਾਬਾ ਪਾਲਾ ਸਿੰਘ ਨੇ ਗਊਆਂ ਦੀ ਨਿਸ਼ਕਾਮ ਸੇਵਾ ਕੀਤੀ। ਗਊਸ਼ਾਲਾ ਦੀ ਸੇਵਾ ਕਰਦਿਆ ਬਾਬਾ ਜੀ ਦਾ ਏਨਾਂ ਪਰਤਾਪ ਵਧਿਆ ਕਿ ਦੁਨੀਆ ਦਾ ਹਰ ਦੁਖਿਆਰਾ ਮਨੁੱਖ ਉਨਾਂ ਕੋਲ ਆਪਣੀ ਫਰਿਆਦ ਲੈ ਕੇ ਆਉਦੇ ਤਾਂ ਬਾਬਾ ਪਾਲਾ ਸਿੰਘ ਜੀ ਉਨਾ ਦੀ ਅਰਦਾਸ ਗੂਰੁ ਤੇਗ ਬਹਾਦਰ ਸਾਹਿਬ ਅਤੇ ਮਾਤਾ ਗੰਗਾ ਜੀ ਦੇ ਚਰਨਾਂ ਵਿਚ ਨਿਮਰਤਾ, ਸ਼ਰਧਾ, ਸਤਿਕਾਰ ਨਾਲ ਕਰਦੇ। ਸੰਗਤਾ ਨੂੰ ਬਾਬਾ ਜੀ ਦੀ ਸੇਵਾ ਤੇ ਬੜਾ ਮਾਣ ਅਤੇ ਅਰਦਾਸੇ ਤੇ ਬਹੁਤ ਵਿਸ਼ਵਾਸ਼ ਸੀ। ਬਾਬਾ ਜੀ ਨੇ ਇਸੇ ਤਰਾਂ ਗਊਸ਼ਾਲਾ ਦੀ ਸੇਵਾ ਬਾਬਾ ਬਿਸ਼ਨ ਸਿੰਘ ਜੀ, ਬਾਬਾ ਕੀਰਤਨ ਸਿੰਘ ਜੀ, ਬਾਬਾ ਮੱਖਣ ਸਿੰਘ ਜੀ ਦੇ ਸਮੇਂ ਬਾਖੂਬੀ ਨਿਭਾਈ। ਇਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਦੇ ਕਾਰਨ ਉਸ ਮਹਾਨ ਸ਼ਖ਼ਸੀਅਤ ਨੂੰ ਸਤਿਕਾਰ ਅਰਪਨ ਕਰਦਿਆਂ ਗੁਰਪੁਰਵਾਸੀ ਸਤਿਕਾਰਯੋਗ ਪਾਲਾ ਸਿੰਘ ਜੀ ਗਊਆਂ ਵਾਲਿਆਂ ਨੂੰ ਹੋਲੇ ਮਹੱਲੇ ਦੇ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਵੱਲੋਂ ਸਨਮਾਨ ਭੇਟ ਕੀਤਾ ਜਾ ਰਿਹਾ ਹੈ।
ਬਾਬਾ ਅਮਰ ਸਿੰਘ- ਸਤਿਕਾਰਯੋਗ ਸੰਤ ਸੁਭਾਅ ਦਾ ਮਾਲਕ ਦਲ ਪੰਥ ਦੇ ਇਤਿਹਾਸ ਦੇ ਗਿਆਤਾ ਬਾਬਾ ਅਮਰ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਵਿਖੇ ਸੇਵਾਵਾਂ ਨਿਭਾ ਰਹੇ ਹਨ। ਬਾਬਾ ਅਮਰ ਸਿੰਘ ਲੰਬੇ ਸਮੇਂ ਤੋਂ ਵੱਖ-ਵੱਖ ਥਾਵਾਂ ਤੇ ਨਿਹੰਗ ਸਿੰਘ ਦਲਾਂ ਵਿਚ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਬਾਬਾ ਅਮਰ ਸਿੰਘ ਨੇ ਦਲ ਪੰਥ ਬਿਧੀ ਚੰਦ ਸੰਪਰਦਾ ਦੇ ਮੁੱਖੀ ਬਾਬਾ ਸੋਹਣ ਸਿੰਘ ਤੇ ਬਾਬਾ ਦਇਆ ਸਿੰਘ ਸੁਰਸਿੰਘ ਵਾਲਿਆਂ ਦੀ ਤਾਬਿਆ ’ਚ ਲੰਬਾ ਸਮਾਂ ਪੰਥ ਦੀ ਸੇਵਾ ਕੀਤੀ। ਫਿਰ ਉਹ ਤਰਨਾ ਦਲ ਬਾਬਾ ਬਕਾਲਾ ਦੇ ਮੁੱਖੀ ਬਾਬਾ ਬਿਸ਼ਨ ਸਿੰਘ, ਬਾਬਾ ਮੱਖਣ ਸਿੰਘ ਤੇ ਹੁਣ ਮੌਜੂਦਾ ਮੁੱਖੀ ਬਾਬਾ ਗੱਜਣ ਸਿੰਘ ਜੀ ਦੀ ਅਗਵਾਈ ਵਿਚ ਦਲ ਪੰਥ ਦੀਆਂ ਸੇਵਾਵਾਂ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਇਨ੍ਹਾਂ ਨੂੰ ਨਿਹੰਗ ਸਿੰਘ ਦਲ ਪੰਥ ਵਿਚ ਲੰਬੇ ਸਮੇਂ ਤੋਂ ਨਿਭਾਈਆਂ ਸੇਵਾਵਾਂ ਦੇ ਸਤਿਕਾਰ ਵਜੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਵੱਲੋਂ ਸਨਮਾਨਤ ਕੀਤਾ ਜਾ ਰਿਹਾ ਹੈ।
ਸ. ਸੁਰਜੀਤ ਸਿੰਘ ਆਰਟਿਸਟ- ਸ. ਸੁਰਜੀਤ ਸਿੰਘ ਆਰਟਿਸਟ ਸਾਹਿਤ ਦੇ ਖੇਤਰ ਵਿਚ ਜਾਣਿਆਂ ਪਹਿਚਾਣਿਆਂ ਨਾਮ ਹੈ। ਇਹ ਪਿਛਲੇ 16 ਸਾਲਾਂ ਤੋਂ ਬਤੌਰ ਸੰਪਾਦਕ ’ਸੱਚੇ ਪਾਤਸ਼ਾਹ’ ਮਾਸਿਕ ਰਸਾਲੇ ਦੀ ਸੰਪਾਦਨਾ ਕਰ ਪ੍ਰਕਾਸ਼ਤ ਕਰ ਰਹੇ ਹਨ। ਸ. ਸੁਰਜੀਤ ਸਿੰਘ ਨੇ ਧਾਰਮਿਕ ਕਵਿਤਾਵਾਂ ਦੀਆਂ 9 ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਆਈ. ਏ. ਆਰ. ਆਈ. (ਪੂਸਾ ਇੰਸ:) ਤੋਂ 2001 ਵਿਚ ਸੇਵਾ ਮੁਕਤ ਹੋਏ ਸ. ਸੁਰਜੀਤ ਸਿੰਘ ਇਸ ਸਮੇਂ ਨਵੀਂ ਦਿੱਲੀ ਵਿਚ ਨਿਵਾਸ ਰੱਖ ਰਹੇ ਹਨ। ਪੰਜਾਬੀ ਸਾਹਿਤ ਸਭਿਆਚਾਰ ਸੰਗਠਨ (ਰਜਿ) ਦਿੱਲੀ ਦੇ ਜਰਨਲ ਸਕੱਤਰ ਹਨ ਸ. ਸੁਰਜੀਤ ਸਿੰਘ ਨੂੰ ਦਿੱਲੀ ਸਰਕਾਰ ਵੱਲੋਂ ਪੰਜਾਬੀ ਅਕਾਦਮੀ ਅਵਾਰਡ, ਡਾ. ਭੀਮ ਰਾਉ ਅੰਬੇਡਕਰ ਅਵਾਰਡ ਸਮੇਤ ਅਨੇਕਾਂ ਸੰਸਥਾਵਾਂ ਵੱਲੋਂ ਸਨਮਾਨ ਮਿਲ ਚੁੱਕੇ ਹਨ। ਸਾਹਿਤਕ ਖੇਤਰ ਵਿਚ ਆਪ ਜੀ ਦੀਆਂ ਸੇਵਾਵਾਂ ਸ਼ਲਾਘਾਯੋਗ ਹਨ। ਇਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਦੇ ਕਾਰਨ ਅੱਜ 20-03-2019 ਨੂੰ ਹੋਲੇ ਮਹੱਲੇ ਦੇ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਵੱਲੋਂ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ ਤੌਰ ਤੇ ਸਨਮਾਨਤ ਕੀਤਾ ਜਾ ਰਿਹਾ ਹੈ।
ਡਾ. ਰਜਿੰਦਰ ਕੌਰ- ਡਾ. ਰਜਿੰਦਰ ਕੌਰ ਦਾ ਜਨਮ ਸ. ਵੀਰ ਸਿੰਘ ਨਿਹੰਗ ਤੇ ਮਾਤਾ ਜਗਿੰਦਰ ਕੌਰ ਦੇ ਘਰ ਤਲਵੰਡੀ ਸਾਬੋ, ਜਿਲ੍ਹਾ ਬਠਿੰਡਾ ਵਿਖੇ ਹੋਇਆ। ਡਾ. ਰਜਿੰਦਰ ਕੌਰ ਨੇ ਨਿਹੰਗ ਸਿੰਘਾਂ ਬਾਰੇ ਸੰਸਥਾਗਤ ਅਧਿਐਨ ਕੀਤਾ ਜੋ ਅਕਾਦਮਿਕ ਖੇਤਰ ਵਿਚ ਪਹਿਲੀ ਵਾਰ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾ. ਗੁਰਨੇਕ ਸਿੰਘ ਜੀ ਦੀ ਨਿਗਰਾਨੀ ਵਿਚ ਉਨ੍ਹਾਂ ਵੱਲੋਂ ਕੀਤੀ ਗਈ ਪੀ. ਐਚ. ਡੀ. ਦਾ ਵਿਸ਼ਾ ਠਨਿਹੰਗ ਸਿੰਘ ਸੰਸਥਾ: ਆਰੰਭ, ਵਿਕਾਸ ਤੇ ਯੋਗਦਾਨਠ ਸੀ।ਇਸ ਵਿਸ਼ੇ ਦੇ ਅਧਿਐਨ ਦੀ ਪ੍ਰੇਰਣਾ ਆਪਣੇ ਘਰ ਵਡੇਰਿਆਂ ਤੋਂ ਪ੍ਰਾਪਤ ਕੀਤੀ। ਡਾ. ਰਜਿੰਦਰ ਕੌਰ ਨਿਹੰਗ ਸਿੰਘਾਂ ਬਾਰੇ ਹੋਰ ਵੀ ਖੋਜ ਭਰਪੂਰ ਕਾਰਜ ਕਰ ਰਹੇ ਹਨ। ਇਸ ਖੇਤਰ ਵਿਚ ਕੀਤੀਆਂ ਸੇਵਾਵਾਂ ਕਾਰਨ ਹੋਲੇ ਮਹੱਲੇ ਦੇ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਵੱਲੋਂ ਇਨ੍ਹਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ।

Send this to a friend