ਬੰਗਾ – ਭਾਵੇਂ ਦੁਨੀਆ ਚ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਰ ਅਜੇ ਵੀ ਨਾਰੀ ਨੂੰ ਸ਼ਕਤੀ ਦੇ ਰੂਪ ਵਿਚ ਮੰਨਣ ਵਾਲੇ ਦੇਸ਼ਾਂ ਚ ਅਸਮਾਜਿਕ ਤਤਾਂ ਵਲੋਂ ਨਾਰੀ ਨੂੰ ਅਬਲਾ ਮੰਨ ਕੇ ਉਸ ਤੇ ਅਤਿਆਚਾਰ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ ਇਹੀ ਕਾਰਨ ਹੈ ਕਿ ਆਏ ਦਿਨ ਕੁੜੀਆਂ ਨਾਲ ਬਲਾਤਕਾਰ, ਵਿਆਹੁਤਾ ਨੂੰ ਦਾਜ ਦੀ ਬਲੀ ਅਤੇ ਕੰਨਿਆ ਭਰੂਣ ਹਤਿਆ ਵਰਗੀਆਂ ਸਮਾਜਿਕ ਬੁਰਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਨਾਰੀ ਦੀ ਸੁਰਖਿਆ ਨੂੰ ਲੈ ਕੇ ਸਰਕਾਰਾ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਤੇ ਨਾਰੀ ਅਜ ਵੀ ਆਪਣੇ ਆਪ ਨੂੰ ਸੁਰਖਿਅਤ ਮਹਿਸੂਸ ਨਹੀਂ ਕਰ ਰਹੀ। ਇਸ ਸਬੰਧੀ ਪੰਜਾਬ ਟਾਈਮਸ ਦੇ ਪਾਠਕਾਂ ਦੇ ਵਿਚਾਰ।ਇਸ ਸਬੰਧੀ ਅਨੀਤਾ ਸਿੰਘ ਮਾਲੋ ਮਜਾਰਾ ਤੇ ਦਵਿੰਦਰ ਕੌਰ ਕਜਲਾ ਨੇ ਕਿਹਾ ਕਿ ਅਜ ਸਮਾਜ ਅੰਦਰ ਔਰਤ ਕਿਤੇ ਵੀ ਸੁਰਖਿਅਤ ਨਹੀਂ ਹੈ ਬੇਸ਼ਕ ਉਹ ਦਫਤਰ ਹੋਵੇ, ਘਰ ਜਾ ਬਜ਼ਾਰ ਹੋਣ।ਮਹਿਲਾਵਾਂ ਤੇ ਤੇਜ਼ਾਬ ਸੁਟਣਾ, ਦਾਜ ਦੀ ਬਲੀ ਚੜ੍ਹਾਉਣਾ ਆਦਿ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ।ਇਸ ਦਾ ਇਕ ਕਾਰਨ ਕੁੜੀਆਂ ਦਾ ਘਟ ਪੜ੍ਹਿਆ ਲਿਖਿਆ ਹੋਣਾ ਵੀ ਹੈ।ਇਸ ਸਬੰਧੀ ਡਾ ਦਵਿੰਦਰ ਕੌਰ ਚੀਮਾ ਨੇ ਕਿਹਾ ਬੇਸ਼ਕ ਔਰਤਾਂ ਦੀ ਭਲਾਈ ਲਈ ਅਨੇਕਾਂ ਹੀ ਕਾਨੂੰਨ ਬਣਾਏ ਹਨ ਪਰ ਮਹਿਲਾਵਾਂ ਨੂੰ ਕਾਨੂੰਨ ਦੀ ਜਾਣਕਾਰੀ ਨਾ ਹੋਣ ਕਾਰਨ ਹੀ ਉਹ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ।ਇਸ ਸਬੰਧੀ ਚੇਅਰਮੈਨ ਮਮਤਾ ਬਖਸ਼ੀ ਦਾ ਕਹਿਣਾ ਹੈ ਕਿ ਮਹਿਲਾਵਾਂ ਨਾਲ ਵਧੀਕੀਆ ਦਿਨੋ ਦਿਨ ਵਧ ਰਹੀਆਂ ਹਨ।ਇਸ ਵਿਭਾਗ ਵਲੋ ਸੁਣਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਮਾਨਯੋਗ ਅਦਾਲਤਾ ਦਾ ਸਹਾਰਾ ਲੈਣਾ ਪੈਦਾ ਹੈ।ਬੇਸ਼ਕ ਸਮਾਜ ਅੰਦਰ ਮਹਿਲਾਵਾਂ ਪੜ ਲਿਖ ਗਈਆਂ ਹਨ ਪਰ ਇਸਦੇ ਬਾਵਜੂਦ ਮਹਿਲਾਵਾਂ ਤੇ ਜੁਲਮ ਦੀਆਂ ਵਾਰਦਾਤਾ ਘਟ ਨਹੀਂ ਹੋ ਰਹੀਆਂ ਹਨ।ਇਸ ਸਬੰਧੀ ਹਰਪ੍ਰੀਤ ਕੋਰ ਬਲਾਕ ਸੰਮਤੀ ਮੈਂਬਰ ਦਾ ਕਹਿਣਾ ਹੈ ਕਿ ਜਦੋਂ ਵੀ ਮਹਿਲਾ ਆਪਣੇ ਆਪ ਨਾਲ ਹੋਈ ਵਧੀਕੀ ਦੀ ਜਾਣਕਾਰੀ ਦਿੰਦੀ ਹੈ ਤਾ ਉਸ ਤੇ ਤੁੰਰਤ ਕਾਰਵਾਈ ਹੋਣੀ ਚਾਹੀਦੀ ਹੈ।
– ਸੁਖਜਿੰਦਰ ਸਿੰਘ ਬਖਲੋਰ
ਪੱਤਰਕਾਰ ‘ਪੰਜਾਬ ਟਾਇਮਜ਼’