May 14, 2026 9:48 am

ਸਿਰਫ਼ ਚਰਚਾ ਦਾ ਮੁੱਦਾ ਹੀ ਨਾ ਰਹੇ ਮਹਿਲਾ ਦਿਵਸ

ਹਰ ਸਾਲ 8 ਮਾਰਚ ਔਰਤਾਂ ਨੂੰ ਸਮਰਪਿਤ ਠਅੰਤਰਰਾਸ਼ਟਰੀ ਮਹਿਲਾ ਦਿਵਸ’’ ਦੇ ਤੌਰ ਤੇ ਮਨਾਇਆ ਜਾਂਦਾ ਹੈ।ਇਸ ਦਿਨ ਔਰਤਾਂ ਨਾਲ ਸਬੰਧਤ ਸਮਸਿਆਵਾਂ ਅਤੇ ਉਨ੍ਹਾਂ ਦੇ ਹਕਾਂ ਦੀ ਗਲ ਕੀਤੀ ਜਾਂਦੀ ਹੈ। ਇਸ ਦਿਨ ਸੈਮੀਨਾਰ, ਕਨਵੈਨਸ਼ਨਾਂ, ਰੈਲੀਆਂ, ਕਵੀ ਦਰਬਾਰ ਕਰਵਾਏ ਜਾਂਦੇ ਹਨ ਜਿਨ੍ਹਾਂ ਵਿਚ ਔਰਤਾਂ ਦੀਆਂ ਪ੍ਰਾਪਤੀਆਂ, ਕਮਜ਼ੋਰੀਆਂ ਤੇ ਔਰਤਾਂ ਦੇ ਸਾਹਮਣੇ ਸਮਸਿਆਵਾਂ ਦੀ ਚਰਚਾ ਕੀਤੀ ਜਾਂਦੀ ਹੈ । ਪਰ ਅਸਲੀਅਤ ਇਹ ਹੈ ਕਿ ਸਿਰਫ਼ ਚਰਚਾ ਹੀ ਕੀਤੀ ਜਾਂਦੀ ਹੈ, ਹਕੀਕਤ ਉਸ ਚਰਚਾ ਜਾਂ ਪੇਸ਼ ਕੀਤੀਆਂ ਰਿਪੋਰਟਾਂ ਤੋਂ ਕਿਤੇ ਜ਼ਿਆਦਾ ਵਖ ਹੁੰਦੀ ਹੈ ।
ਵਖ- ਵਖ ਦੇਸ਼ਾਂ ਅਤੇ ਸਭਿਆਤਾਵਾਂ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਔਰਤ ਦੀ ਸਥਿਤੀ ਮਾੜੀ ਹੀ ਰਹੀ ਹੈ । ਅਜ ਔਰਤ ਦੀ ਹਾਲਤ ਬਿਹਤਰ ਤਾਂ ਹੈ ਪਰ ਚੰਗੀ ਨਹੀਂ ਹੈ । ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਜਨਮ ਦਰ ਅਜ ਵੀ ਘਟ ਹੈ, ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਵੀ ਘਟ ਹੈ।ਔਰਤਾਂ ਦੀਆਂ ਸਮਸਿਆਵਾਂ ਨਾਲ ਸਬੰਧਤ ਪਹਿਲਾਂ ਵੀ ਕਾਨੂੰਨ ਹਨ ਅਤੇ ਹੋਰ ਨਵੇਂ ਵੀ ਬਣਦੇ ਹਨ , ਪਰ ਫਿਰ ਵੀ ਸਮਸਿਆਵਾਂ ਤੋਂ ਔਰਤ ਜਾਤੀ ਨੂੰ ਛੁਟਕਾਰਾ ਨਹੀਂ ਮਿਲਿਆ । ਅਜ ਕੋਈ ਵੀ ਅਖ਼ਬਾਰ ਚੁਕ ਲਵੋ ਔਰਤ ਨਾਲ ਹੁੰਦੇ ਜ਼ੁਲਮ ਅਤੇ ਬੁਰਾਈਆਂ ਨਾਲ ਭਰੇ ਰਹਿੰਦੇ ਹਨ । ਹੁਣ 1947 ਵਿਚ ਭਾਰਤ ਦੇ ਆਜ਼ਾਦ ਹੋਣ ਤੋਂ ਲੈ ਕੇ ਹੁਣ ਤਕ 72 ਸਾਲਾਂ ਬਾਅਦ ਵੀ ਸਾਡਾ ਸਮਾਜ ਅਜਿਹਾ ਨਹੀਂ ਬਣ ਸਕਿਆ ਜਿਸ ਵਿਚ ਔਰਤ ਸੁਰਖਿਅਤ ਹੋਵੇ । ਛੋਟੀਆਂ ਛੋਟੀਆਂ ਬਚੀਆਂ ਨਾਲ ਅਜਿਹੇ ਘਿਨਾਉਣੇ ਕਾਰੇ ਵਾਪਰ ਰਹੇ ਹਨ ਕਿ ਹਰ ਕੋਈ ਆਪਣੀ ਧੀ ਭੈਣ ਪਤਨੀ ਬਾਹਰ ਭੇਜਣ ਤੋਂ ਵੀ ਡਰਦਾ ਹੈ। ਗਲ ਕਰੀਏ ਇਤਿਹਾਸ ਦੀ ਸਭ ਤੋਂ ਪਹਿਲਾਂ 1869 ਵਿਚ ਬ੍ਰਿਟਿਸ਼ ਦੀ ਪਾਰਲੀਮੈਂਟ ਵਿਚ ਔਰਤ ਨੂੰ ਵੋਟ ਦਾ ਹਕ ਦੇਣ ਦੀ ਗਲ ਕੀਤੀ ਗਈ ਸੀ ਅਤੇ ਨਿਊਜ਼ੀਲੈਂਡ ਉਹ ਪਹਿਲਾ ਦੇਸ਼ ਸੀ ਜਿਸ ਵਿਚ ਔਰਤ ਨੂੰ ਵੋਟ ਦਾ ਹਕ ਮਿਲਿਆ। ਇਸ ਦਿਵਸ ਦਾ ਇਤਿਹਾਸ 8 ਮਾਰਚ 1857 ਤੋਂ ਸ਼ੁਰੂ ਹੁੰਦਾ ਹੈ, ਜਦੋਂ ਨਿਊਯਾਰਕ ਵਿਚ ਬੁਣਕਰ ਔਰਤਾਂ ਨੇ ਤਥਾਕਥਿਤ “ ਖਾਲੀ ਪਤੀਲਾ ਜਲੂਸ ” ਕਢਿਆ ਸੀ ਅਤੇ ਕਪੜਾ ਮਿਲਾਂ ਵਿਚ ਆਪਣੇ ਕੰਮ ਦੀਆਂ ਹਾਲਤਾਂ ਵਿਚ ਸੁਧਾਰ ਦੀ ਮੰਗ ਕੀਤੀ ਸੀ। 17 ਅਗਸਤ 1907 ਨੂੰ ਕਲਾਰਾ ਜੈਟਕਿਨ ਨੇ ਸਟੁਟਗਰਟ ਵਿਚ ਪਹਿਲਾਂ ਅੰਤਰਰਾਸ਼ਟਰੀ ਸਮਾਜਵਾਦੀ ਔਰਤਾਂ ਦੀ ਅੰਤਰਰਾਸ਼ਟਰੀ ਕਾਨਫਰੰਸ ਦਾ ਐਲਾਨ ਕੀਤਾ। ਪੂਰੇ ਯੂਰਪ ਅਤੇ ਸੰਯੁਕਤ ਰਾਜ ਤੋਂ 58 ਪ੍ਰਤੀਨਿਧੀਆਂ ਨੇ ਇਸ ਵਿਚ ਸ਼ਿਰਕਤ ਕੀਤੀ ਅਤੇ ਔਰਤਾਂ ਦੇ ਵੋਟ ਦੇ ਅਧਿਕਾਰ ਉਤੇ ਇਕ ਪ੍ਰਸਤਾਵ ਮੰਜੂਰ ਕੀਤਾ। ਇਸ ਪ੍ਰਸਤਾਵ ਨੂੰ ਐਸ.ਪੀ.ਡੀ. ਦੀ ਸਟੁਟਗਰਟ ਕਾਂਗਰਸ ਦੁਆਰਾ ਮਨਜ਼ੂਰ ਕਰ ਲਿਆ ਗਿਆ। ਸਦੀ ਦੇ ਪਲਟੇ ਸਮੇਂ, ਉਸ ਸਮੇਂ ਜਦੋਂ ਇਕ ਹੀ ਕੰਮ ਲਈ ਔਰਤਾਂ ਦੀ ਉਜਰਤ ਪੁਰਸ਼ਾਂ ਦੀ ਉਜਰਤ ਨਾਲੋਂ ਅਧੀ ਸੀ, ਅਨੇਕ ਇਸਤਰੀ ਸੰਗਠਨ ਅਤੇ ਬਹੁਤ ਵਡੀ ਗਿਣਤੀ ਵਿਚ ਔਰਤਾਂ ਸਾਰੇ ਮਜਦੂਰ ਸੰਘਰਸ਼ਾਂ ਵਿਚ ਸਰਗਰਮ ਰੂਪ ਨਾਲ ਸ਼ਾਮਿਲ ਸਨ।1910 ਵਿਚ ਕੰਮ ਕਰਨ ਵਾਲੀਆਂ ਔਰਤਾਂ ਦੀ ਕੋਪਨਹੈਗਨ ਵਿਚ ਹੋਣ ਵਾਲੀ ਦੂਜੀ ਇੰਟਰਨੈਸ਼ਨਲ ਤੋਂ ਪਹਿਲਾਂ, ਔਰਤਾਂ ਦੀ ਇਕ ਅੰਤਰਰਾਸ਼ਟਰੀ ਕਾਨਫਰੰਸ ਕੀਤੀ ਗਈ। ਸ਼ੋਸ਼ਲ ਡੈਮੋਕਰੈਟਿਕ ਪਾਰਟੀ ਜਰਮਨੀ ਲੀਡਰ ਲੂਈਸ ਜ਼ੇਤਜ਼ ਨੇ ਇਸ ਮੀਟਿੰਗ ਵਿਚ ਅੰਤਰਰਾਸ਼ਟਰੀ ਔਰਤ ਦਿਵਸ ਦਾ ਸੁਝਾਅ ਦਿਤਾ ਸੀ ਅਤੇ ਮਾਰਕਸਵਾਦੀ ਆਗੂ ਕਲਾਰਾ ਜੈਟਕਿਨ ਨੇ ਇਸ ਦਾ ਸਮਰਥਨ ਕੀਤਾ। ਪਰ ਕੋਈ ਨਿਸਚਿਤ ਤਾਰੀਖ ਇਸ ਕਾਨਫਰੰਸ ਵਿਚ ਨਹੀਂ ਸੀ ਮਿਥੀ ਗਈ। ਅਗਸਤ 1910 ਵਿਚ ਕੋਪਨਹੈਗਨ ਡੈਨਮਾਰਕ ਵਿਚ 17 ਦੇਸ਼ਾ ਦੀਆਂ 100 ਤੋਂ ਵਧ ਔਰਤ ਪ੍ਰਤੀਨਿਧੀਆਂ ਨੇ ਹਿਸਾ ਲਿਆ ਅਤੇ ਇਸ ਦਿਨ ਨੂੰ ਸਾਰੇ ਦੇਸ਼ਾਂ ਵਿਚ ਔਰਤ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਤਾਂ ਕਿ ਔਰਤਾਂ ਆਪਣੀਆਂ ਮੰਗਾਂ ਰਖ ਅਤੇ ਬਣਵਾ ਸਕਣ। 8 ਮਾਰਚ 1908 ਨੂੰ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਸਿਲਾਈ ਉਦਯੋਗ ਵਿਚ ਕੰਮ ਕਰਦੀਆਂ ਹਜ਼ਾਰਾਂ ਔਰਤਾਂ ਨੇ ਇਕ ਦਿਨ ਲਈ ਕੰਮ ਪੂਰੀ ਤਰ੍ਹਾਂ ਬੰਦ ਕਰਕੇ ਆਪਣੀਆਂ ਮੰਗਾਂ ਲਈ ਮਹਾਨ ਪ੍ਰਦਰਸ਼ਨ ਕੀਤਾ ਸੀ। ਇਸ ਲਈ 8 ਮਾਰਚ ਨੂੰ ਇਹ ਦਿਨ ਮਨਾਉਣ ਦਾ ਫੈਸਲਾ ਲਿਆ ਗਿਆ। ਇਸ ਤੋਂ ਬਾਅਦ ਔਰਤਾਂ ਦੇ ਵਖ ਵਖ ਕੰਮਾਂ ਅਤੇ ਅਧਿਕਾਰਾਂ ਬਾਰੇ ਅਕਸਰ ਗਲਾਂ ਹੋਣ ਲਗੀਆਂ । ਰੂਸ ਵਿਚ ਵੀ ਔਰਤਾਂ ਨੇ ਉਸ ਨੇ 1913 ਵਿਚ ਆਪਣੀਆਂ ਮੰਗਾਂ ਲਈ ਜਲੂਸ ਕਢਿਆ। ਇਸ ਲਈ 1913 ਵਿਚ ਰੂਸ ਸਮੇਤ ਚੀਨ ਅਤੇ ਚੀਨ ਦੇ ਯੂਰਪ ਦੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਅਠ ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਦੇ ਤੌਰ ਤੇ ਮਨਾਉਣ ਦੀ ਸਹਿਮਤੀ ਦਿਤੀ । ਕਈ ਦੇਸ਼ਾਂ ਵਿਚ ਇਸ ਦਿਨ ਸਰਕਾਰੀ ਛੁਟੀ ਹੁੰਦੀ ਹੈ। ਹੈਰਾਨੀ ਦੀ ਗਲ ਹੈ ਕਿ ਸਭ ਤੋਂ ਅਮੀਰ ਤੇ ਵਿਕਸਿਤ ਦੇਸ਼ ਅਮਰੀਕਾ ਨੇ 1974 ਵਿਚ ਇਸ ਨੂੰ ਮਾਨਤਾ ਦਿਤੀ । ਸਭ ਤੋਂ ਪਹਿਲਾ ਅੰਤਰਰਾਸ਼ਟਰੀ ਮਹਿਲਾ ਦਿਵਸ 1911 ਈਸਵੀ ਵਿਚ 18 ਮਾਰਚ ਨੂੰ ਮਨਾਇਆ ਗਿਆ ਸੀ। ਇਸ ਦਿਨ ਯੂਰਪ ਭਰ ਵਿਚ ਇਕ ਲਖ ਔਰਤਾਂ ਨੇ ਅਨੇਕ ਮੁਜਾਹਰੇ ਕੀਤੇ। ਕੁਝ ਦਿਨ ਬਾਅਦ 25 ਮਾਰਚ ਨੂੰ ਨਿਊਯਾਰਕ ਦੀ ਟਰਾਇੰਗਲ ਕਪੜਾ ਫੈਕਟਰੀ ਵਿਚ ਲਗੀ ਅਗ ਵਿਚ ਫੈਕਟਰੀ ਵਿਚ ਸੁਰਖਿਆ ਉਪਰਾਲਿਆਂ ਦੀ ਕਮੀ ਦੇ ਕਾਰਨ 140 ਤੋਂ ਜ਼ਿਆਦਾ ਔਰਤ ਮਜਦੂਰਾਂ ਦੀ ਜਲਕੇ ਮੌਤ ਹੋ ਗਈ। ਔਰਤਾਂ ਦੇ ਸ਼ੋਸ਼ਣ ਦੀਆਂ ਭਿਅੰਕਰ ਪਰਿਸਥਿਤੀਆਂ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਰਾਜਨੀਤਕ ਅਜਾਦੀ ਤੋਂ ਵੰਚਿਤ ਰਖਣ ਦੇ ਬੁਰਜੁਆ ਸੰਸਦੀ ਯਤਨਾਂ ਦੇ ਖਿਲਾਫ ਬਗ਼ਾਵਤ ਨੂੰ ਇਸ ਘਟਨਾ ਨੇ ਹੋਰ ਜਿਆਦਾ ਭੜਕਾ ਦਿਤਾ। 1913 ਵਿਚ ਦੁਨੀਆਂ ਭਰ ਦੀਆਂ ਔਰਤਾਂ ਵੋਟ ਦੇ ਆਪਣੇ ਅਧਿਕਾਰ ਦੀ ਮੰਗ ਨੂੰ ਉਠਾ ਰਹੀਆਂ ਸਨ। ਰੂਸ ਵਿਚ 1913 ਈਸਵੀ ਵਿਚ ਪਹਿਲੀ ਵਾਰ ਕੌਮਾਂਤਰੀ ਇਸਤਰੀ ਦਿਹਾੜਾ ਮਨਾਇਆ ਗਿਆ। ਸੋਵੀਅਤ ਸਤਾ ਦੀ ਸਥਾਪਨਾ ਦੇ ਬਾਅਦ ਇਹ ਸਰਕਾਰੀ ਤਿਉਹਾਰ ਹੋ ਗਿਆ ਸੀ, ਫਿਰ 1965 ਤੋਂ ਇਸਨੂੰ ਛੁਟੀ ਦਾ ਦਿਨ ਵੀ ਬਣਾ ਦਿਤਾ ਗਿਆ। ਇਹ ਦਿਹਾੜਾ ਚੀਨ ਵਿਚ ਮਾਰਕਸਵਾਦੀਆਂ ਦੁਆਰਾ 1922 ਈਸਵੀ ਵਿਚ ਅਤੇ ਸਪੈਨਿਸ਼ ਮਾਰਕਸਵਾਦੀਆਂ ਦੁਆਰਾ 1936 ਈਸਵੀ ਵਿਚ ਮਨਾਇਆ ਗਿਆ ਸੀ। 1 ਅਕਤੂਬਰ, 1949 ਈਸਵੀ ਨੂੰ ਚੀਨੀ ਗਣਤੰਤਰ ਤੋਂ ਬਾਅਦ 23 ਦਸੰਬਰ ਨੂੰ ਰਾਜ ਸਭਾ ਨੇ ਇਹ ਦਿਹਾੜਾ ਚੀਨ ਵਿਚ 8 ਮਾਰਚ ਨੂੰ ਛੁਟੀ ਵਜੋਂ ਮਨਾਉਣ ਲਈ ਕਹਿ ਦਿਤਾ ਸੀ। ਹੁਣ 8 ਮਾਰਚ ਨੂੰ ਇਹ ਦਿਹਾੜਾ ਵਿਸ਼ਵ-ਭਰ ਵਿਚ ਮਨਾਇਆ ਜਾਂਦਾ ਹੈ । ਪਰ ! ਔਰਤ ਦਿਵਸ ਮੌਕੇ ਸੈਮੀਨਾਰ, ਕਨਵੈਨਸ਼ਨ, ਰੈਲੀਆਂ ਕਰਵਾ ਕੇ ਬੁਤਾ ਸਾਰਨ ਵਾਲੀ ਗਲ ਤੋਂ ਥੋੜ੍ਹਾ ਉਪਰ ਉਠਣ ਦੀ ਜ਼ਰੂਰਤ ਹੈ ਅਜ ਜ਼ਰੂਰਤ ਹੈ ਦੁਨੀਆਂ ਦੀ ਅਧੀ ਆਬਾਦੀ ਨੂੰ ਸਚ ਵਿਚ ਹੀ ਉਸ ਨੂੰ ਹਕ ਦੇਣ ਦੀ। ਮਰਦ ਪ੍ਰਧਾਨ ਸਮਾਜ ਨੂੰ ਥੋੜ੍ਹਾ ਬਦਲਣ ਦੀ।ਔਰਤ ਨੂੰ ਖੁਦ ਵੀ ਸਰੀਰਕ, ਮਾਨਸਿਕ ਤੌਰ ਤੇ ਬਲਵਾਨ ਬਨਣਾ ਪਵੇਗਾ ਤਾਂ ਹੀ ਉਹ ਆਪਣੇ ਖਿਲਾਫ਼ ਹੋ ਰਹੀਆਂ ਜ਼ਿਆਦਤੀਆਂ ਅਤੇ ਧਕਿਆਂ ਖਿਲਾਫ਼ ਡਟ ਕੇ ਖੜ੍ਹੀ ਹੋ ਸਕੇਗੀ ।

Send this to a friend