May 10, 2026 10:02 pm

ਹੇ ਔਰਤ, ਤੂੰ ਕਿੰਨੀ ਮਹਾਨ ਹੈ!

ਮਰਦ ਅਤੇ ਔਰਤ ਜੀਵਨ-ਰੂਪੀ ਗੱਡੀ ਦੇ ਦੋ ਪਹੀਏ ਅਤੇ ਜੀਵਨ-ਰੂਪੀ ਪੰਛੀ ਦੇ ਦੋ ਖੰਭ ਹਨ। ਨਾ ਇਕ ਪਹੀਏ ਨਾਲ ਗੱਡੀ ਚੱਲ ਸਕਦੀ ਹੈ ਅਤੇ ਨਾ ਇਕ ਖੰਭ ਨਾਲ ਪੰਛੀ ਉਡ ਸਕਦਾ ਹੈ। ਮਨੁੱਖੀ ਜੀਵਨ ਵਿਚ ਦੋਨਾਂ ਦੀ ਸਮਾਨ ਭੂਮਿਕਾ ਅਤੇ ਸਮਾਨ ਅਹਿਮੀਅਤ ਹੈ। ਇਕ ਤੋਂ ਬਿਨਾਂ ਦੂਜਾ ਅਧੂਰਾ ਹੈ ਅਤੇ ਦੂਜੇ ਤੋਂ ਬਿਨਾਂ ਪਹਿਲਾ ਸੱਖਣਾ ਹੈ। ਦੋਨੋਂ ਇਕ-ਦੂਜੇ ਦੇ ਪੂਰਕ ਹਨ ਅਤੇ ਦੋਹਾਂ ਨੂੰ ਇਕ-ਦੂਜੇ ਦੀ ਇਕੋ ਜਿੰਨੀ ਲੋੜ ਹੈ। ਸੱਚ ਤਾਂ ਇਹ ਹੈ ਕਿ ਕੇਵਲ ਮਰਦ ਜਾਤੀ ਹੀ ਨਹੀਂ, ਸਗੋਂ ਸਮੁੱਚਾ ਜੀਵ-ਜੰਤੂ ਸੰਸਾਰ ਹੀ ਨਰ ਅਤੇ ਮਾਦਾ ਦੇ ਮਿਲਾਪ ਤੋਂ ਪੈਦਾ ਹੁੰਦਾ ਹੈ ਅਤੇ ਉਤਪਤੀ ਪ੍ਰਕਿਰਿਆ ਵਿਚ ਮਾਦਾ ਦੀ ਭੂਮਿਕਾ ਨਰ ਤੋਂ ਕਿਤੇ ਵੱਧ ਜਿੰਮੇਵਾਰੀ ਵਾਲੀ, ਜ਼ੋਖ਼ਮ-ਭਰਪੂਰ, ਕਠਿਨ ਅਤੇ ਅਹਿਮ ਹੁੰਦੀ ਹੈ। ਜੀਵਨ ਨੂੰ ਖ਼ੂਬਸੂਰਤ ਬਣਾਉਣ, ਇਸ ਨੂੰ ਖ਼ੁਸ਼ੀਆਂ ਅਤੇ ਖੇੜਿਆਂ ਨਾਲ ਭਰਨ, ਪਰਿਵਾਰ ਦੀ ਪ੍ਰਥਾ ਨੂੰ ਚਲਦਾ ਰੱਖਣ ਅਤੇ ਜੀਵਨ ਨੂੰ ਸਥਿਰਤਾ ਪ੍ਰਦਾਨ ਕਰਨ ਵਿਚ ਜੋ ਯੋਗਦਾਨ ਔਰਤ ਦਾ ਹੁੰਦਾ ਹੈ, ਉਹ ਮਰਦ ਦਾ ਨਹੀਂ ਹੋ ਸਕਦਾ। ਨਿਰਸੰਦੇਹ, ਕਿਸੇ ਪਰਿਵਾਰ ਦੀ ਉਚਤਾ, ਸਮਾਜ ਦੀ ਪਾਇਦਾਰੀ ਅਤੇ ਦੇਸ਼ ਦੀ ਮਹਾਨਤਾ ਬਹੁਤ ਹੱਦ ਤਕ ਉਸਦੀ ਇਸਤਰੀ ਦੀ ਸਮਾਜ ਵਿਚ ਸਥਿਤੀ ਅਤੇ ਸਥਾਨ ’ਤੇ ਹੀ ਨਿਰਭਰ ਕਰਦੇ ਹਨ।
ਸਾਨੂੰ ਇਹ ਗੱਲ ਬਗ਼ੈਰ ਕਿਸੇ ਝਿਜਕ ਜਾਂ ਸੰਕੋਚ ਦੇ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਸਹਿਣਸ਼ੀਲਤਾ, ਸੇਵਾ ਅਤੇ ਤਿਆਗ ਦਾ ਜੋ ਮਾਦਾ ਔਰਤ ਵਿਚ ਹੁੰਦਾ ਹੈ, ਉਹ ਮਰਦ ਵਿਚ ਨਹੀਂ ਹੋ ਸਕਦਾ। ਔਰਤ ਭਾਵੇਂ ਮਾਂ ਦੇ ਰੂਪ ਵਿਚ ਹੋਵੇ, ਭੈਣ ਦੇ ਰੂਪ ਵਿਚ ਹੋਵੇ, ਪਤਨੀ ਦੇ ਰੂਪ ਵਿਚ ਹੋਵੇ, ਬੇਟੀ ਦੇ ਰੂਪ ਵਿਚ ਹੋਵੇ ਜਾਂ ਮਹਿਬੂਬਾ ਦੇ ਰੂਪ ਵਿਚ ਹੋਵੇ, ਉਸ ਕੋਲ ਮੋਹ, ਮਮਤਾ ਅਤੇ ਪਿਆਰ ਦਾ ਇਕ ਅਮੁੱਕ ਸੋਮਾਂ ਹੁੰਦਾ ਹੈ। ਘਰ-ਪਰਿਵਾਰ ਦੀ ਤਾਂ ਔਰਤ ਬਗ਼ੈਰ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਿਸ ਘਰ ਵਿਚ ਕੋਈ ਔਰਤ ਨਾ ਹੋਵੇ, ਉਹ ਘਰ ਨਹੀਂ ਹੁੰਦਾ, ਭੂਤਵਾੜਾ ਹੁੰਦਾ ਹੈ, ਨਿਰਾ ਭੂਤਵਾੜਾ! ਮਾਂ ਨੂੰ ਠੰਢੀ ਛਾਂ ਅਤੇ ਰੱਬ ਦਾ ਦੂਜਾ ਨਾਂਅ ਕਿਹਾ ਜਾਂਦਾ ਹੈ। ਭੈਣ ਪਿਆਰ ਦੀ ਉਹ ਅਜਿਹੀ ਮੂਰਤ ਹੁੰਦੀ ਹੈ ਜਿਸ ਨੂੰ ਦੇਖਦਿਆਂ ਹੀ ਰੂਹ ਉਚਤਾ ਅਤੇ ਸੁੱਚਤਾ ਦੀ ਬੁਲੰਦੀ ’ਤੇ ਪਹੁੰਚ ਜਾਂਦੀ ਹੈ। ਧੀ ਧਰਮ ਵੀ ਹੈ ਤੇ ਸ਼ਰਮ ਵੀ ਹੈ; ਬਾਬਲ ਦੇ ਵਿਹੜੇ ਦੀ ਰੌਣਕ ਵੀ ਹੈ ਅਤੇ ਸਹੁਰੇ-ਘਰ ਦਾ ਭਾਗ ਵੀ ਹੈ। ਪਤਨੀ ਜੀਵਨ ਦੀ ਉਹ ਸਾਥਣ ਹੈ, ਜੋ ਹਰ ਦੁੱਖ-ਸੁੱਖ ਵਿਚ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀ ਹੈ ਤੇ ਉਸ ਲਈ ਹਰ ਕੁਰਬਾਨੀ ਕਰਦੀ ਹੈ ਅਤੇ ਪਰਿਵਾਰ ਨੂੰ ਅੱਗੇ ਤੋਰਦੀ ਹੈ। ਤੇ ਮਹਿਬੂਬਾ ਔਰਤ ਦਾ ਉਹ ਰੂਪ ਹੁੰਦੀ ਹੈ, ਜਿਸ ਬਾਰੇ ਸੋਚਦਿਆਂ ਹੀ ਰੂਹ ਨਸ਼ਿਆ ਜਾਵੇ ਅਤੇ ਮਨ ਕਿਸੇ ਹੋਰ ਹੀ ਅੰਬਰ ਵਿਚ ਉਡਾਰੀਆਂ ਲਾਉਣ ਲੱਗ ਪਵੇ। ਦੁਨੀਆਂ ਵਿਚ ਵੰਨ-ਸੁਵੰਨਤਾ, ਕੋਮਲਤਾ ਅਤੇ ਸੁੰਦਰਤਾ ਤਾਂ ਹੈ ਹੀ ਔਰਤ ਕਾਰਣ! ਪ੍ਰਸਿੱਧ ਫ਼੍ਰਾਂਸੀਸੀ ਫ਼ੈਸ਼ਨ ਡਿਜ਼ਾਇਨਰ ਕ੍ਰਿਸ਼ਚਿਅਨ ਡਾਇਓਰ ਦੇ ਸ਼ਬਦਾਂ ਵਿਚ: ‘ਔਰਤਾਂ ਤੋਂ ਬਾਅਦ, ਫੁੱਲ ਰੱਬ ਦੁਆਰਾ ਸੰਸਾਰ ਨੂੰ ਦਿੱਤੀ ਗਈ ਦੂਜੀ ਸਭ ਤੋਂ ਸੁਹਣੀ ਚੀਜ਼ ਹਨ’।
ਔਰਤ ਦੀ ਨਿਰਸਵਾਰਥ ਸੇਵਾ, ਸਹਿਣਸ਼ੀਲਤਾ ਅਤੇ ਤਿਆਗ-ਭਾਵਨਾ ਦੇਖਣੀ ਹੋਵੇ ਤਾਂ ਉਸ ਨੂੰ ਆਪਣੇ ਪਰਿਵਾਰ ਦੀ ਸੇਵਾ-ਸੰਭਾਲ ਕਰਦਿਆਂ ਦੇਖਿਆ ਜਾ ਸਕਦਾ ਹੈ। ਅੱਤ ਦੀ ਗਰਮੀਂ ਵਿਚ ਜਦ ਬਾਕੀ ਪਰਿਵਾਰ ਕਿਸੇ ਏਅਰ-ਕੰਡੀਸ਼ਨਰ, ਕੂਲਰ ਜਾਂ ਪੱਖੇ ਹੇਠ ਬੈਠਾ ਹੁੰਦਾ ਹੈ ਤਾਂ ਘਰ ਦੀ ਸੁਆਣੀ ਰਸੋਈ ਵਿਚ ਚੁੱਲ੍ਹੇ ਜਾਂ ਅੰਗੀਠੀ ਕੋਲ ਬੈਠੀ ਜਾਂ ਖੜ੍ਹੀ ਪਰਿਵਾਰ ਲਈ ਭੋਜਨ ਤਿਆਰ ਕਰ ਰਹੀ ਹੁੰਦੀ ਹੈ ਤੇ ਫਿਰ ਉਨ੍ਹਾਂ ਨੂੰ ਖਾਣਾ ਪਰੋਸ ਵੀ ਉਸੇ ਸਥਾਨ ’ਤੇ ਦਿੰਦੀ ਹੈ, ਜਿੱਥੇ ਉਹ ਬੈਠ ਰਹੇ ਹੁੰਦੇ ਹਨ, ਮਤਾ ਉਨ੍ਹਾਂ ਨੂੰ ਜ਼ਰਾ ਜਿੰਨੀ ਵੀ ਗਰਮੀਂ ਲੱਗ ਜਾਵੇ। ਸਰਦੀਆਂ ਦੇ ਕਕਰੀਲੇ ਦਿਨਾਂ ਵਿਚ ਜਦ ਪਰਿਵਾਰ ਦੇ ਬਾਕੀ ਮੈਂਬਰ ਹਾਲੇ ਰਜਾਈਆਂ ਅਤੇ ਕੰਬਲਾਂ ਵਿਚ ਹੀ ਲਿਪਟੇ ਪਏ ਹੁੰਦੇ ਹਨ, ਉਹ ਰਸੋਈ ਵਿਚ ਉਨ੍ਹਾਂ ਲਈ ਖਾਣ-ਪੀਣ ਦਾ ਸਮਾਨ ਤਿਅਰ ਕਰ ਰਹੀ ਹੁੰਦੀ ਹੈ। ਕਮਾਲ ਦੀ ਗੱਲ ਇਹ ਹੈ ਕਿ ਸਭ ਕੁਝ ਖ਼ੁਦ ਬਣਾ ਕੇ ਵੀ ਜਿੰਨੀ ਤਸੱਲੀ ਉਹ ਆਪਣੇ ਪਤੀ, ਬੱਚਿਆਂ ਜਾ ਭੈਣ-ਭਰਾਵਾਂ ਨੂੰ ਖਵਾ ਕੇ ਮਹਿਸੂਸ ਕਰਦੀ ਹੈ, ਉਨੀ ਖ਼ੁਦ ਖਾ ਕੇ ਨਹੀਂ ਕਰਦੀ।
ਘਰ ਵਿਚ ਝਾੜੂ-ਪੋਚਾ ਲਾਉਣਾ, ਕੱਪੜਾ-ਲੀੜਾ ਧੋਣਾ ਅਤੇ ਹਰ ਚੀਜ਼ ਦੀ ਸਾਂਭ-ਸੰਭਾਲ ਵੀ ਔਰਤ ਦੀ ਹੀ ਜਿੰਮੇਵਾਰੀ ਹੁੰਦੀ ਹੈ। ਛੋਟੇ ਬੱਚਿਆਂ ਦੀ ਤਾਂ ਖਾਧ-ਖ਼ੁਰਾਕ ਤੋਂ ਲੈ ਕੇ ਸਾਫ਼-ਸਫ਼ਾਈ ਅਤੇ ਪੂਰਨ ਪਾਲਣ-ਪੋਸ਼ਣ ਦੀ ਜਿੰਮੇਵਾਰੀ ਹੀ ਔਰਤ ਦੀ ਹੁੰਦੀ ਹੈ। ਜੇਕਰ ਘਰ ਵਿਚ ਕੋਈ ਮਹਿਮਾਨ ਆ ਜਾਵੇ ਤਾਂ ਉਸ ਦੇ ਖਾਣ-ਪੀਣ ਲਈ ਕੁਝ ਵੱਖਰਾ ਤਿਆਰ ਕਰਦੀ ਹੈ। ਜੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੋ ਜਾਵੇ ਤਾਂ ਉਹ ਉਸ ਲਈ ਕੇਵਲ ਉਸ ਦੀ ਲੋੜ ਮੁਤਾਬਿਕ ਖਾਣ-ਪੀਣ ਦਾ ਸਮਾਨ ਹੀ ਨਹੀਂ ਬਣਾਉਂਦੀ ਸਗੋਂ ਉਸ ਦੀ ਹੋਰ ਵੀ ਹਰ ਤਰ੍ਹਾਂ ਨਾਲ ਸੇਵਾ-ਸੰਭਾਲ ਕਰਦੀ ਹੈ। ਕੰਮ-ਕਾਜੀ ਔਰਤ ਨਾਲੇ ਬਾਹਰ ਡਿਊਟੀ ਕਰਕੇ ਆਉਂਦੀ ਹੈ, ਨਾਲੇ ਘਰ ਦੀ ਸਾਰੀ ਜਿੰਮੇਵਾਰੀ ਨਿਭਾਉਂਦੀ ਹੈ। ਪਰ ਫਿਰ ਵੀ ਉਹ ਨਾ ਕਦੀ ਕੋਈ ਗ਼ਿਲਾ-ਸ਼ਿਕਵਾ ਕਰਦੀ ਹੈ, ਨਾ ਕਦੀ ਕੋਈ ਅਹਿਸਾਨ ਜਿਤਾਉਂਦੀ ਹੈ ਅਤੇ ਨਾ ਹੀ ਬਦਲੇ ਵਿਚ ਕੁਝ ਚਾਹੁੰਦੀ ਹੈ।
ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਜੇਕਰ ਸਮਾਜ ਮਰਦ-ਪ੍ਰਧਾਨ ਹੋਣ ਦੀ ਬਜਾਇ ਔਰਤ-ਪ੍ਰਧਾਨ ਹੁੰਦਾ ਤਾਂ ਨਾ ਤਾਂ ਸਮਾਜ ਵਿਚ ਅੱਜ ਵਰਗੇ ਤਬਾਹੀਕੁਨ ਹਥਿਆਰ ਹੋਣੇ ਸਨ, ਨਾ ਅਜਿਹੀਆਂ ਭਿਆਨਕ ਲੜਾਈਆਂ ਹੋਣੀਆਂ ਸਨ ਅਤੇ ਨਾ ਹੀ ਮਨੁੱਖ ਨੂੰ ਮਨੁੱਖੀ ਜ਼ੁਲਮ ਦਾ ਸ਼ਿਕਾਰ ਹੋਣਾ ਪੈਣਾ ਸੀ। ਮਨੁੱਖੀ ਜੀਵਨ ਸਹਿਜ ਅਤੇ ਮਨੁੱਖ ਸਹਿਣਸ਼ੀਲ ਹੁੰਦੇ ਅਤੇ ਹਰ ਪਾਸੇ ਸ਼ਾਂਤੀ ਦਾ ਵਾਤਾਵਰਣ ਹੁੰਦਾ। ਔਰਤ ਦੇ ਕਿਰਦਾਰ ਦੀ ਮਹਾਨਤਾ ਦਾ ਵਰਣਨ ਕਰਦਿਆਂ ਆਧੁਨਿਕ ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ ਆਪਣੇ ਨਾਵਲ ‘ਅਧ-ਖਿੜਿਆ ਫੁੱਲ’ ਵਿਚ ਲਿਖਦੇ ਹਨ: ‘ਓ ਇਸਤਰੀ! ਤੂੰ ਏਡੀ ਉੁੱਚਤਾ, ਏਡੀ ਵਿਸ਼ਾਲਤਾ ਕਿੱਥੋਂ ਪ੍ਰਾਪਤ ਕਰ ਲਈ? ਸਹਿਣਸ਼ੀਲਤਾ ਦੇ ਸੋਮੇ ਤੇਰੇ ਅੰਦਰ, ਮਮਤਾ ਦੀਆ ਕਾਂਗਾਂ ਤੇਰੇ ਵਿਚ, ਤਿਆਗ ਦੇ ਅਟੁੱਟ ਪਹਾੜ ਤੇਰੇ ਵਿਚ, ਪਿਆਰ ਦੇ ਅਥਾਹ ਸਮੁੰਦਰ ਤੇਰੇ ਵਿਚ। ਇਹ ਸਭ ਕੁਝ, ਹੇ ਇਸਤਰੀ! ਤੂੰ ਕਿੱਥੋਂ ਪ੍ਰਾਪਤ ਕਰ ਲਿਆ?’ ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਸਭ ਕੁਝ ਦੇ ਬਾਵਜੂਦ ਔਰਤ ਨਾਲ ਕਦੀ ਵੀ ਇਨਸਾਫ਼ ਨਹੀਂ ਹੋਇਆ।
ਔਰਤ ਨਾਲ ਬੇਇਨਸਾਫ਼ੀ ਦਾ ਸਭ ਤੋਂ ਵੱਡਾ ਕਾਰਣ ਇਹ ਹੈ ਕਿ ਮਨੁੱਖੀ ਸਮਾਜ ਮੁੱਢ ਕਦੀਮ ਤੋਂ ਹੀ ਮਰਦ-ਪ੍ਰਧਾਨ ਰਿਹਾ ਹੈ ਅਤੇ ਕੇਵਲ ਭਾਰਤ ਵਿਚ ਹੀ ਨਹੀਂ, ਸਗੋਂ ਹਰ ਦੇਸ਼ ਅਤੇ ਹਰ ਸਮਾਜ ਵਿਚ ਸਰਦਾਰੀ ਬੁਨਿਆਦੀ ਤੌਰ ’ਤੇ ਮਰਦ ਦੀ ਹੀ ਰਹੀ ਹੈ। ਅਸੀਂ ਵਿਸ਼ਵ ਦੇ ਕਿਸੇ ਵੀ ਦੇਸ਼, ਕਿਸੇ ਵੀ ਧਰਮ, ਕਿਸੇ ਵੀ ਕੌਮ ਅਤੇ ਕਿਸੇ ਵੀ ਜਾਤੀ ਦੇ ਇਤਿਹਾਸ, ਮਿਥਿਹਾਸ, ਧਰਮ ਜਾਂ ਸਾਹਿਤ ਨੂੰ ਘੋਖ਼ ਲਈਏ, ਸਾਨੂੰ ਔਰਤ ਦੇ ਮੁਕਾਬਲੇ ਵਿਚ ਮਰਦ ਨੂੰ ਪਹਿਲ ਦਿੱਤੀ ਜਾਂਦੀ ਪ੍ਰਤੱਖ ਨਜ਼ਰ ਆਏਗੀ। ਉਦਾਹਰਣ ਵਜੋਂ, ਇੰਗਲੈਂਡ ਵਰਗੇ ਅਗਾਂਹ-ਵਧੂ ਮੁਲਕ ਵਿਚ ਵੀ ਇਸਤਰੀਆਂ ਨੂੰ ਜਾਇਦਾਦ ਰੱਖਣ ਦਾ ਹੱਕ 1882 ਵਿਚ ਅਤੇ ਵੋਟ ਦੇਣ ਦਾ ਹੱਕ 1918 ਵਿਚ ਮਿਲਿਆ। ਜ਼ਿਕਰਯੋਗ ਹੈ ਕਿ ਔਰਤ ਨੂੰ ਸਭ ਤੋਂ ਪਹਿਲਾਂ ਵੋਟ ਦਾ ਹੱਕ ਦੇਣ ਵਾਲਾ ਮੁਲਕ ਨਿਊਜ਼ੀਲੈਂਡ ਹੈ, ਜਿਸਨੇ 1893 ਵਿਚ ਔਰਤ ਨੂੰ ਇਹ ਹੱਕ ਪ੍ਰਦਾਨ ਕੀਤਾ।
ਇਸਲਾਮ ਵਿਚ ਇਸਤਰੀ ਨੂੰ ਮਰਦ ਤੋਂ ਘਟੀਆ ਸਮਝਿਆ ਗਿਆ ਹੈ। ਇਹ ਔਰਤ ਦੀ ਸੁਤੰਤਰਤਾ ’ਤੇ ਬਹੁਤ ਸਾਰੀਆਂ ਪਾਬੰਦੀਆਂ ਦੀ ਹਾਮੀ ਭਰਦਾ ਹੈ ਅਤੇ ਉਸ ਨੂੰ ਨਿਗੂਣੇ ਅਧਿਕਾਰ ਦਿੰਦਾ ਹੈ। ਅਦਾਲਤ ਵਿਚ ਦੋ ਔਰਤਾਂ ਦੀ ਗਵਾਹੀ ਨੂੰ ਇਕ ਮਰਦ ਦੀ ਗਵਾਹੀ ਦੇ ਬਰਾਬਰ ਸਮਝਿਆ ਜਾਂਦਾ ਹੈ। ਔਰਤ ਲਈ ਮਰਦ ਨੂੰ ਤਲਾਕ ਦੇਣਾ ਲਗਭਗ ਨਾਮੁਮਕਿਨ ਹੈ, ਜਦਕਿ ਮਰਦ ਆਪਣੀ ਪਤਨੀ ਨੂੰ ਸਹਿਜੇ ਹੀ ਤਲਾਕ ਦੇ ਸਕਦਾ ਹੈ। ਵੀਹਵੀਂ ਸਦੀ ਦੇ ਸ਼ੁਰੂ ਵਿਚ ਇਰਾਨ ਵਿਚ ਲੜਕੀ ਦਾ ਜਨਮ ਕੇਵਲ ਉਸ ਦੇ ਕੁਨਬੇ ਲਈ ਹੀ ਨਹੀਂ ਸਗੋਂ ਉਸ ਨੂੰ ਪੈਦਾ ਕਰਨ ਵਾਲੀ ਦਾਈ ਲਈ ਵੀ ਨਿਰਾਸ਼ਾ ਦਾ ਕਾਰਣ ਹੁੰਦਾ ਸੀ ਕਿਉਂਕਿ ਉਸ ਨੂੰ ਲੜਕੇ ਦੇ ਜਨਮ ਸਮੇਂ ਮਿਲਣ ਵਾਲਾ ਸਿੱਕਾ ਨਹੀਂ ਦਿੱਤਾ ਜਾਦਾ ਸੀ। ਬਚਪਨ ਤੋਂ ਹੀ ਉਸ ਨੂੰ ਚੁੱਪਚਾਪ ਰਹਿਣ ਦੀ, ਨੀਵੀਂ ਪਾ ਕੇ ਚੱਲਣ ਦੀ ਤੇ ਗੰਭੀਰ ਰਹਿਣ ਦੀ ਸਿੱਖਿਆ ਦਿੱਤੀ ਜਾਂਦੀ ਸੀ ਤੇ ਉਸ ਨੂੰ ਆਮ ਤੌਰ ’ਤੇ ਘਰ ਦੀ ਚਾਰ-ਦੀਵਾਰੀ ਅੰਦਰ ਹੀ ਬੰਦ ਰਹਿਣ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਸਦੀ ਸ਼ਾਦੀ ਉਸਦੇ ਮਾਪੇ ਤੈਅ ਕਰਦੇ ਸਨ ਅਤੇ ਉਸਦੀ ਮਰਜ਼ੀ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ ਸੀ। ਉਸ ਨੂੰ ਬੁਰਕਾ ਪਹਿਨਣਾ ਪੈਂਦਾ ਸੀ ਅਤੇ ਬਹੁ-ਪਤਨੀ ਵਿਆਹ ਆਮ ਪ੍ਰਚਲਿਤ ਸੀ। ਹਿੰਦੂ ਧਰਮ ਦੇ ਪਿਛੋਕੜ ਤੇ ਝਾਤ ਮਾਰਿਆਂ ਪਤਾ ਚਲਦਾ ਹੈ ਕਿ ਪੁਰਾਣੇ ਸਮੇਂ ਵਿਚ ਔਰਤ ਦੀ ਪੂਰੀ ਕਦਰ ਕੀਤੀ ਜਾਂਦੀ ਸੀ ਅਤੇ ਉਸ ਨੂੰ ਕਾਫ਼ੀ ਅਧਿਕਾਰ ਪ੍ਰਾਪਤ ਸਨ। ਕੋਈ ਵੀ ਧਾਰਮਿਕ ਰਸਮ ਔਰਤ ਦੀ ਸ਼ਮੂਲੀਅਤ ਤੋਂ ਬਿਨਾਂ ਸੰਪੂਰਨ ਨਹੀਂ ਸਮਝੀ ਜਾਂਦੀ ਸੀ। ਰਾਜਿਆਂ-ਰਾਣੀਆਂ ਦੀਆਂ ਉਦਾਹਰਣਾਂ ਤੋਂ ਸੰਕੇਤ ਮਿਲਦਾ ਹੈ ਕਿ ਵੱਡੇ ਘਰਾਂ ਦੀਆਂ ਲੜਕੀਆਂ ਨੂੰ ਆਪਣੇ ਜੀਵਨ-ਸਾਥੀ ਚੁਣਨ ਦਾ ਅਧਿਕਾਰ ਵੀ ਪ੍ਰਾਪਤ ਸੀ। ਪ੍ਰੰਤੂ ਮਨੂੰ ਮਹਾਰਾਜ ਦੀ ਨਿਯਮਾਵਲੀ ਲਾਗੂ ਹੋਣ ਨਾਲ ਔਰਤ ਦਾ ਰੁਤਬਾ ਬਹੁਤ ਨੀਵਾਂ ਹੋਣ ਲੱਗਾ। ਮਨੂੰ ਅਨੁਸਾਰ ਇਸਤਰੀ ਸਭ ਦੁੱਖਾਂ ਦਾ ਮੂਲ ਕਾਰਣ ਅਤੇ ਮੁਕਤੀ ਪ੍ਰਾਪਤੀ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਹੈ। ਇਸਤਰੀ ਕਦੀ ਵੀ ਸੁਤੰਤਰਤਾ ਦੇ ਕਾਬਿਲ ਨਹੀਂ ਹੁੰਦੀ। ਬਚਪਨ ਵਿਚ ਉਸਦਾ ਪਿਤਾ ਉਸਦੀ ਰਖਵਾਲੀ ਕਰਦਾ ਹੈ, ਵਿਆਹ ਤੋਂ ਬਾਅਦ ਉਸਦਾ ਪਤੀ ਉਸਦਾ ਰੱਖਿਅਕ ਬਣਦਾ ਹੈ ਅਤੇ ਬੁਢਾਪੇ ਵਿਚ ਉਸਦੇ ਪੁੱਤਰ ਉਸਦੀ ਰੱਖਿਆ ਕਰਦੇ ਹਨ। ਇਸਤਰੀ ਲਈ ਉਸਦਾ ਪਤੀ ਰੱਬ ਸਮਾਨ ਹੁੰਦਾ ਹੈ ਅਤੇ ਉਸਦਾ ਇਹ ਫ਼ਰਜ਼ ਹੈ ਕਿ ਉਹ ਪਤੀ ਦਾ ਹਰ ਹੁਕਮ ਮੰਨੇ ਅਤੇ ਉਸਦੀ ਰੱਬ ਵਾਂਗ ਪੂਜਾ ਕਰੇ। ਬੁੱਧ ਧਰਮ ਅਤੇ ਜੈਨ ਧਰਮ ਵਿਚ ਵੀ ਇਸਤਰੀ ਨੂੰ ਮਰਦ ਦੇ ਬਰਾਬਰ ਨਹੀਂ ਮੰਨਿਆਂ ਗਿਆ।
ਇੱਥੇ ਇਹ ਜ਼ਿਕਰ ਕਰਨਾ ਵੀ ਕੁਥਾਉਂ ਨਹੀਂ ਹੋਵੇਗਾ ਕਿ ਇਸ ਸਮੇਂ ਔਰਤ ਨੂੰ ਇਕ ਵਿਅਕਤੀ ਜਾਂ ਇਨਸਾਨ ਘੱਟ ਅਤੇ ਇਕ ਵਸਤੂ ਜਾਂ ਜਾਇਦਾਦ ਵਧੇਰੇ ਮੰਨਿਆਂ ਜਾਂਦਾ ਸੀ। ਸਮਾਜ ਦੇ ਸਮੁੱਚੇ ਤਾਣੇ-ਬਾਣੇ ’ਤੇ ਮਰਦ ਦਾ ਗ਼ਲਬਾ ਹੋਣ ਕਾਰਣ ਹਰ ਮਸਲੇ ਵਿਚ ਮਰਦ ਦੀ ਹੀ ਚਲਦੀ ਸੀ ਅਤੇ ਔਰਤ ਨੂੰ ਉਸਦੀ ਗ਼ਲਤ ਗੱਲ ਨੂੰ ਵੀ ਠੀਕ ਮੰਨ ਕੇ ਸਵੀਕਾਰ ਕਰਨਾ ਪੈਂਦਾ ਸੀ। ਮਰਦ ਨੇ ਉਸ ਨੂੰ ਕਦੀ ਪੈਰ ਦੀ ਜੁੱਤੀ ਗ਼ਰਦਾਨਿਆਂ, ਕਦੀ ਬਘਿਆੜੀ ਕਹਿ ਕੇ ਭੰਡਿਆ, ਕਦੀ ਭੋਗ-ਵਿਲਾਸ ਦੀ ਵਸਤੂ ਐਲਾਨ ਕੇ ਉਸਦਾ ਸ਼ੋਸ਼ਣ ਕੀਤਾ, ਕਦੀ ਗ਼ੁਲਾਮ ਸਿੱਧ ਕਰਕੇ ਉਸ ਤੋਂ ਹਰ ਜਾਇਜ਼-ਨਜਾਇਜ਼ ਕੰਮ ਕਰਵਾਇਆ ਅਤੇ ਕਦੀ ਵਾਧੂ ਬੋਝ ਸਮਝ ਕੇ ਉਸ ਤੋਂ ਮਨਚਾਹੇ ਢੰਗ ਨਾਲ ਛੁਟਕਾਰਾ ਪਾਇਆ। ਇਸੇ ਮਾਨਸਿਕਤਾ ਵੱਸ, ਉਸ ਨੂੰ ਭੋਜਨ, ਭਜਨ ਅਤੇ ਖ਼ਜ਼ਾਨੇ ਵਾਂਗ ਪਰਦੇ ਦੀ ਅਧਿਕਾਰਨ ਦੱਸਿਆ; ਪੋਥੀ ਅਤੇ ਕਾਨੀ ਵਾਂਗ ਪਰ ਘਰ ਤੋਂ ਸਹੀ-ਸਲਾਮਤ ਨਾ ਮੁੜਨ ਦੀ ਗੱਲ ਕਹੀ; ਫ਼ਕੀਰ, ਤਲਵਾਰ ਅਤੇ ਘੋੜੇ ਨਾਲ ਤੁਲਨਾ ਕਰਕੇ ਉਸ ਨੂੰ ਮਿੱਤਰ-ਭਾਵਨਾ ਤੋਂ ਕੋਰੀ ਸਿੱਧ ਕੀਤਾ; ਖ਼ੁਰੀਂ ਮੱਤ ਕਹਿ ਕੇ ਉਸ ਨਾਲ ਦੋਸਤੀ ਨੂੰ ‘ਭੱਠ’ ਐਲਾਨਿਆਂ; ਗੰਵਾਰ, ਸ਼ੂਦਰ ਅਤੇ ਪਸ਼ੂ ਦੀ ਸ਼੍ਰੇਣੀ ਵਿਚ ਰੱਖ ਕੇ ਉਸ ਦੀ ਕੁੱਟ-ਮਾਰ ਨੂੰ ਵੀ ਮਾਨਤਾ ਦੇ ਦਿੱਤੀ ਗਈ। ਮੁਸਲਮਾਨਾਂ ਦੇ ਹਮਲਿਆਂ ਨੇ ਇਸਤਰੀ ਦੇ ਰੁਤਬੇ ਨੂੰ ਹੋਰ ਵੀ ਨੀਵਾਂ ਕਰ ਦਿੱਤਾ। ਮੁਸਲਮਾਨ ਹੁਕਮਰਾਨ ਹਿੰਦੂ ਇਸਤਰੀਆਂ ਨੂੰ ਜ਼ਬਰਦਸਤੀ ਖੋਹਣ ਲੱਗ ਪਏ ਜਿਸ ਕਾਰਣ ਉਨ੍ਹਾਂ ਨੂੰ ਪਰਦੇ ਵਿਚ ਰੱਖਿਆ ਜਾਣ ਲੱਗਾ। ਸਤੀ ਦੀ ਰਸਮ ਅਤੇ ਲੜਕੀ ਨੂੰ ਜੰਮਣ ਉਪਰੰਤ ਹੀ ਮਾਰ ਦੇਣ ਦੀਆਂ ਸਮਾਜਿਕ ਬੁਰਾਈਆਂ ਵੀ ਇਸ ਸਮੇਂ ਹੀ ਹੋਂਦ ਵਿਚ ਆਈਆਂ ਮੰਨੀਆਂ ਜਾਂਦੀਆਂ ਹਨ। ਸਾਡੇ ਨਾਥਾਂ-ਜੋਗੀਆਂ ਨੇ ਤਾਂ ਇਸਤਰੀ-ਨਫ਼ਰਤ ਨੂੰ ਬਿਲਕੁਲ ਸਿਰੇ ਪਹੁੰਚਾ ਦਿੱਤਾ। ਉਨ੍ਹਾਂ ਇਸਤਰੀ ਨੂੰ ਵਿਹੁ ਦੀ ਗੰਦਲ, ਨਰਕ-ਦੁਆਰੀ ਅਤੇ ਦੁੱਖਾਂ ਦਾ ਖੂਹ ਆਦਿ ਕਹਿ ਕੇ ਭੰਡਿਆ ਅਤੇ ਉਸ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ।
ਵਿਸ਼ਵ ਇਤਿਹਾਸ ਵਿਚ ਗੁਰੂ ਨਾਨਕ ਦੇਵ ਜੀ ਪਹਿਲੇ ਮਹਾਂਪੁਰਖ਼ ਹਨ ਜਿਨ੍ਹਾਂ ਨੇ ਇਨਕਲਾਬੀ ਸੁਰ ਵਿਚ ਇਸਤਰੀ ਦੇ ਹੱਕ ਵਿਚ ਅਵਾਜ਼ ਉਠਾਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸਤਰੀ ਬਿਨਾਂ ਨਾ ਤਾਂ ਇਹ ਦੁਨੀਆਂ ਚੱਲ ਸਕਦੀ ਹੈ ਅਤੇ ਨਾ ਹੀ ਸਮਾਜ ਹੋਂਦ ਵਿਚ ਆ ਸਕਦਾ ਹੈ। ਰਾਜਿਆਂ-ਮਹਾਰਾਜਿਆਂ ਸਮੇਤ ਸਭ ਇਨਸਾਨ ਇਸਤਰੀ ਤੋਂ ਹੀ ਪੈਦਾ ਹੁੰਦੇ ਹਨ ਅਤੇ ਇਸਤਰੀ ਨਾਲ ਹੀ ਵਿਆਹ ਉਪਰੰਤ ਨਵੀਆਂ ਰਿਸ਼ਤੇਦਾਰੀਆਂ ਬਣਦੀਆਂ ਹਨ। ਸੋ, ਇਸਤਰੀ ਮਨੁੱਖੀ ਨਸਲ ਨੂੰ ਅੱਗੇ ਤੋਰਦੀ ਹੈ ਅਤੇ ਉਸ ਨੂੰ ਕਿਸੇ ਤਰ੍ਹਾਂ ਵੀ ਨਿੰਦਣਾ ਜਾਂ ਦੁਰਕਾਰਨਾ ਜਾਇਜ਼ ਨਹੀਂ। ਸ੍ਰੀ ਗਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ
ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ
ਜੰਮਹਿ ਰਾਜਾਨ॥
ਭਾਈ ਗੁਰਦਾਸ ਜੀ ਨੇ ਔਰਤ ਨੂੰ ਅਰਧ-ਸਰੀਰੀ ਮੋਖ-ਦੁਆਰੀ ਕਹਿ ਕੇ ਵਡਿਆਇਆ ਅਤੇ ਉਸ ਵਿਰੁੱਧ ਹੋ ਰਹੇ ਕੂੜ-ਪ੍ਰਚਾਰ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ। ਸਿੱਖ ਧਰਮ ਵਿਚ ਸਤੀ ਅਤੇ ਲੜਕੀਆਂ ਮਾਰਨ ਦੀ ਪ੍ਰਥਾ ਨੂੰ ਖ਼ਤਮ ਕਰਨ ਦਾ ਆਦੇਸ਼ ਦਿੱਤਾ ਗਿਆ ਅਤੇ ਲੜਕੀ ਦੀ ਹੱਤਿਆ ਨੂੰ ਬੱਜਰ ਕੁਰਹਿਤ ਗ਼ਰਦਾਨਿਆਂ ਗਿਆ। ਗੁਰਮਤਿ ਵਿਚਾਰਧਾਰਾ ਨੇ ਇਸਤਰੀ ਨੂੰ ਮਰਦ ਦੇ ਬਰਾਬਰ ਦਾ ਰੁਤਬਾ ਅਤੇ ਸਮਾਜ ਵਿਚ ਸਨਮਾਨਯੋਗ ਸਥਾਨ ਦੇ ਕੇ ਉਸਦੀ ਦਸ਼ਾ ਨੂੰ ਸੁਧਾਰਨ ਲਈ ਰਾਹ ਪੱਧਰਾ ਕੀਤਾ।
– ਬਾਕੀ ਕੱਲ੍ਹ ਪੜ੍ਹੋ