ਦੇਸ਼ ਵਿੱਚ ਸਿਆਸਤ ਦਾ ਮਿਆਰ ਲਗਾਤਾਰ ਡਿੱਗ ਰਿਹਾ ਹੈ। ਹੋਰ ਤਾਂ ਹੋਰ ਸਿਆਸਤਦਾਨ ਨਿੱਜੀ ਹਿੱਤਾਂ ਲਈ ਦੇਸ਼ ਦੇ ਹਿੱਤਾਂ ਨੂੰ ਕੁਰਬਾਨ ਕਰਨ ਤੱਕ ਜਾ ਰਹੇ ਹਨ। ਜਿਉਂ-ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ-ਤਿਉਂ ਸਿਆਸੀ ਪਾਰਟੀਆਂ ਅਤੇ ਸਿਆਸੀ ਨੇਤਾਵਾਂ ਦਾ ਇਹ ਕਿਰਦਾਰ ਹੋਰ ਨਿਵਾਣਾਂ ਵੱਲ ਜਾਂਦਾ ਦਿਸ ਰਿਹਾ ਹੈ। ਹੁਕਮਰਾਨ ਭਾਰਤੀ ਜਨਤਾ ਪਾਰਟੀ ਚੋਣਾਂ ਜਿੱਤਣ ਲਈ ਪਾਕਿਸਤਾਨ ਨਾਲ ਫੌਜੀ ਟਕਰਾਅ ਦਾ ਸਹਾਰਾ ਲੈ ਰਹੀ ਹੈ। ਫੌਜ ਨੂੰ ਇਕ ਬੇਲੋੜੀ ਜੰਗ ਵਿੱਚ ਝੋਕਿਆ ਜਾ ਰਿਹਾ ਹੈ। ਕਸ਼ਮੀਰ ਦੇ ਹਾਲਾਤ ਲਗਾਤਾਰ ਵਿਗਾੜੇ ਜਾ ਰਹੇ ਹਨ। ਇਸ ਸਭ ਕੁਝ ਦੇ ਆਧਾਰ ਉਪਰ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ। ਲੋਕਾਂ ਦੀ ਧਾਰਮਿਕ ਆਧਾਰ ’ਤੇ ਸਫਬੰਦੀ ਲਈ ਵੀ ਨਾਪਾਕ ਯਤਨ ਹੋ ਰਹੇ ਹਨ। ਇਕ ਪਾਸੇ ਫੌਜੀ ਅਤੇ ਨੀਮ ਫੌਜੀ ਦਸਤਿਆਂ ਦੇ ਜਵਾਨ ਕੁਰਬਾਨ ਹੋ ਰਹੇ ਹਨ। ਦੂਸਰੇ ਪਾਸੇ ਜਵਾਨਾਂ ਦੀਆਂ ਲਾਸ਼ਾਂ ਉਪਰ ਸਿਆਸਤ ਕੀਤੀ ਜਾ ਰਹੀ ਹੈ। ਇਹ ਬਹੁਤ ਦੁਖਦਾਇਕ ਸਥਿਤੀ ਹੈ। ਸਿਆਸਤਦਾਨਾਂ ਨੂੰ ਲੋਕ ਮਸਲਿਆਂ ਦੀ ਕੋਈ ਫਿਕਰ ਨਹੀਂ ਹੈ। ਹੁਣ ਦੇਸ਼ ਦੇ ਆਰਥਿਕ ਵਿਕਾਸ ਦਾ ਮੁੱਦਾ ਸਿਆਸੀ ਪਾਰਟੀਆਂ ਅਤੇ ਸਿਆਸੀ ਨੇਤਾਵਾਂ ਦੇ ਏਜੰਡੇ ਉਪਰ ਨਹੀਂ ਰਿਹਾ। ਭਰਿਸ਼ਟਾਚਾਰ ਦੇ ਵਿਰੋਧ ਵਿੱਚ ਆਵਾਜ਼ ਵੀ ਹੁਣ ਮੱਧਮ ਪੈਂਦੀ ਜਾ ਰਹੀ ਹੈ। ਆਮ ਲੋਕ ਭੁੱਖਮਰੀ, ਗਰੀਬੀ ਅਤੇ ਬੇਰੁਜ਼ਗਾਰੀ ਨਾਲ ਦੋ ਚਾਰ ਹੋ ਰਹੇ ਹਨ। ਰੁਜ਼ਗਾਰ ਦੇ ਮੌਕੇ ਲਗਾਤਾਰ ਘੱਟ ਰਹੇ ਹਨ। ਛੋਟੇ ਵਪਾਰ ਅਤੇ ਕਾਰਖਾਨੇ ਬੰਦ ਹੋ ਰਹੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਫ-ਸਫਾਈ ਦਾ ਮਾੜਾ ਹਾਲ ਹੈ। ਬੁਨਿਆਦੀ ਸਹੂਲਤਾਂ ਦੀ ਕਮੀ ਕਾਰਨ ਦੇਸ਼ ਦੀ ਬਹੁਤੀ ਆਬਾਦੀ ਨਰਕ ਵਰਗਾ ਜੀਵਨ ਭੋਗ ਰਹੀ ਹੈ। ਕਹਿਣ ਦਾ ਭਾਵ ਇਹ ਹੈ ਕਿ ਦੇਸ਼ ਦੀਆਂ ਬੁਨਿਆਦੀ ਸਮੱਸਿਆਵਾਂ ਜਿਉਂ ਦਾ ਤਿਉਂ ਹਨ। ਪਰ ਸਿਆਸਤਦਾਨ ਇਸ ਨੂੰ ਬਾਈਪਾਸ ਕਰਕੇ ਅਜਿਹੇ ਮੁੱਦੇ ਤਲਾਸ਼ਦੇ ਹਨ ਜਿਨਹਾਂ ਨਾਲ ਲੋਕਾਂ ਨੂੰ ਭੜਕਾ ਕੇ ਵੋਟਾਂ ਹਾਸਿਲ ਕੀਤੀਆਂ ਜਾ ਸਕਣ। ਦੇਸ਼ ਵਿੱਚ ਇਸ ਲਈ ਹੀ ਝੂਠੇ ਰਾਸ਼ਟਰਵਾਦ ਦੇ ਨਾਅਰੇ ਬੁਲੰਦ ਕੀਤੇ ਜਾ ਰਹੇ ਹਨ। ਲੋਕਾਂ ਨੂੰ ਮੰਦਿਰ-ਮਸਜਿਦ ਦੇ ਨਾਮ ਉਪਰ ਭੜਕਾਇਆ ਜਾ ਰਿਹਾ ਹੈ। ਹਾਲਾਤ ਇਹ ਹੈ ਕਿ ਚੋਣਾਂ ਤੋਂ ਪਹਿਲਾਂ ਕਿਸੇ ਵੀ ਸਮੇਂ ਦੇਸ਼ ਵਿੱਚ ਫਿਰਕੂ ਦੰਗੇ ਹੋ ਸਕਦੇ ਹਨ। ਪਾਕਿਸਤਾਨ ਨਾਲ ਫੌਜੀ ਟਕਰਾਅ ਦੀ ਮਨਸ਼ਾ ਵੀ ਹਾਲੇ ਤਿਆਗੀ ਨਹੀਂ ਗਈ। ਜੰਮੂ-ਕਸ਼ਮੀਰ ਦੇ ਹਾਲਾਤਾਂ ਨੂੰ ਵੀ ਜਾਣਬੁਝ ਕੇ ਬਦਤਰ ਬਣਾਇਆ ਜਾ ਰਿਹਾ ਹੈ। ਸਿਆਸੀ ਪਾਰਟੀਆਂ ਅਤੇ ਸਿਆਸੀ ਨੇਤਾਵਾਂ ਦੀ ਇਸ ਮਾੜੀ ਮਨਸ਼ਾ ਤੋਂ ਲੋਕਾਂ ਨੂੰ ਜਾਣੂ ਹੋਣਾ ਚਾਹੀਦਾ ਹੈ। ਲੋਕਸਭਾ ਚੋਣਾਂ ਵਿੱਚ ਅਜਿਹੀਆਂ ਤਾਕਤਾਂ ਨੂੰ ਕਰਾਰੀ ਹਾਰ ਦੇ ਕੇ ਹੀ ਦੇਸ਼ ਦੇ ਹਿੱਤਾਂ ਦੀ ਰਖਵਾਲੀ ਹੋ ਸਕਦੀ ਹੈ।
– ਬਲਜੀਤ ਸਿੰਘ ਬਰਾੜ