May 11, 2026 11:18 pm

ਵਰਲਡ ਸਿਖ ਕੰਨਵੈਨਸ਼ਨ ਟਰਾਂਟੋ ’ਚ ਖਾਲਿਸਤਾਨ ਦਾ ਝੰਡਾ ਲਹਿਰਾਇਆ ਅਤੇ ਨਕਸ਼ਾ ਰੀਲੀਜ਼

ਟਰਾਂਟੋ: ਲੰਘੇ ਐਤਵਾਰ 24 ਫਰਵਰੀ 2019 ਨੂੰ ਕੈਨੇਡਾ ਦੇ ਵਖ ਵਖ ਸ਼ਹਿਰਾਂ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋਂ ਸਫਲ ਵਰਲਡ ਸਿਖ ਕੰਨਵੈਨਸ਼ਨ ਕਰਵਾਈ ਗਈ। ਔਟਵਾ ਸਿਖ ਸੁਸਾਇਟੀ ਵਿਖੇ ਹੋਈ ਕੰਨਵੈਨਸ਼ਨ ਵਿਚ ਡਾ. ਇੰਦਰਾ ਪ੍ਰਾਸ਼ਤ ਨੇ ਸਿਖ ਕੌਮ ਉਪਰ ਹੋ ਰਹੇ ਯੋਜਨਾਵਧ ਹਮਲਿਆਂ ਦਾ ਜ਼ਿਕਰ ਕੀਤਾ। ਉਨਾਂ ਮਨੁਖੀ ਅਧਿਕਾਰਾਂ ਦੀ ਉਲੰਘਣਾ ਅਤੇ ਸਿਖ ਜੈਨੋਸਾਈਡ ਦੀ ਗਲ ਕਰਦਿਆਂ ਭਾਰਤ ਸਰਕਾਰ ਦੀਆਂ ਨੀਤੀਆਂ ਦੀ ਤਥਾਂ ਦੇ ਆਧਾਰ ਤੇ ਨਿਖੇਧੀ ਕੀਤੀ। ਡਾਥ ਪ੍ਰਾਸ਼ਤ ਨੇ ਕੈਨੇਡਾ ਵਿਚ ਪਬਲਿਕ ਸੇਫਟੀ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੈਨੇਡਾ ਦੀ ਸਰਕਾਰ ਨੂੰ ਭਾਰਤ ਸਰਕਾਰ ਦੇ ਅਸਰ ਹੇਠ ਆ ਕੇ ਸਿਖ ਕੌਮ ਨਾਲ ਧਕਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨਵਾਂ ਸ਼ਹਿਰ ਅਦਾਲਤ ਵਲੋਂ ਤਿੰਨ ਸਿਖ ਨੌਜੁਆਨਾਂ ਨੂੰ ਲਿਟਰੇਚਰ ਰਖਣ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਉਣ ਨੂੰ ਜੁਡੀਸ਼ੀਅਲ ਬੇਇਨਸਾਫੀ ਕਿਹਾ ਕਿ ਇਹ ਆਪਣੇ ਕਿਸਮ ਦਾ ਜੈਨੋਸਾਈਡ ਹੈ।
ਮਾਂਟਰੀਅਲ ਦੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਹੋਈ ਵਰਲਡ ਸਿਖ ਕੰਨਵੈਨਸ਼ਨ ਵਿਚ ਸੰਗਤ ਨੇ ਵਡੀ ਤਾਦਾਦ ਵਿਚ ਬੁਲਾਰਿਆਂ ਦੇ ਵਿਚਾਰ ਸੁਣੇ। ਬੇਹਦ ਸਫਲ ਰਹੀ ਇਸ ਕੰਨਵੈਨਸ਼ਨ ਵਿਚ ਸ੍ਰ. ਪਰਮਿੰਦਰ ਸਿੰਘ ਪਾਂਗਲੀ ਨੇ ਸਭ ਨੂੰ ਜੀ ਆਇਆ ਕਿਹਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋਂ ਕਰਵਾਈ ਜਾ ਰਹੀ ਕੰਨਵੈਨਸ਼ਨ ਦੇ ਮਕਸਦ, ਸਿਖ ਕੌਮ ਦੀ ਆਜ਼ਾਦੀ ਦੇ ਪ੍ਰਸਤਾਵ ਨੂੰ ਸਾਰਥਿਕ ਦਿਸ਼ਾ ਪ੍ਰਦਾਨ ਕਰਨੀ, ਬਾਰੇ ਜਾਣਕਾਰੀ ਦਿਤੀ।
ਇਥੇ ਡਾ. ਇੰਦਰਾ ਪ੍ਰਾਸ਼ਤ ਤੋਂ ਇਲਾਵਾ ਡਾ. ਇਕਤਦਾਰ ਚੀਮਾ, ਮਨਵੀਰ ਸਿੰਘ ਅਤੇ ਸੁਖਮਿੰਦਰ ਸਿੰਘ ਹੰਸਰਾ ਨੇ ਵੀ ਸੰਬੋਧਨ ਕੀਤਾ। ਇਥੇ ਡਾ. ਇਕਤਦਾਰ ਚੀਮਾ ਨੇ ਇਤਹਾਸ ਵਿਚੋਂ ਹਵਾਲੇ ਦੇ ਕੇ ਖਾਲਸਾ ਕੌਮ ਦੀ ਸੂਰਬੀਰਤਾ ਦਾ ਜ਼ਿਕਰ ਕੀਤਾ ਪਰ ਨਾਲ ਹੀ ਉਨ੍ਹਾਂ ਭਾਰਤ ਸਰਕਾਰ ਅਗੇ ਖਾਲਿਸਤਾਨ ਦੀ ਗਲ ਕਰਨ ਤੋਂ ਪੈਦਾ ਹੋਏ ਡਰ ਨੂੰ ਗਲਤ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਖਾਲਿਸਤਾਨ ਬਾਰੇ ਵਿਚਾਰਾਂ ਕਰਨੀਆਂ ਕੋਈ ਗੈਰਕਾਨੂੰਨੀ ਨਹੀਂ। ਇਹ ਯੂ ਐਨ ਦੇ ਚਾਰਟਰ ਅਨੁਸਾਰ ਤੁਹਾਡਾ ਹਕ ਹੈ। ਆਪਣੇ ਹਕ ਹਕੂਕ ਤੇ ਪਹਿਰਾ ਦਿੰਦਿਆਂ ਖਾਲਸੇ ਨੂੰ ਕੋਈ ਝਿਜਕ ਨਹੀਂ ਹੋਣੀ ਚਾਹੀਦੀ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਖੇਲਾ ਨੇ ਜਿਥੇ ਸਟੇਜ ਦੀ ਸੇਵਾ ਨਿਭਾਈ ਉਥੇ ਉਨ੍ਹਾਂ ਨੇ ਖਾਲਿਸਤਾਨ ਦੀ ਲਹਿਰ ਨੂੰ ਲੋਕ ਲਹਿਰ ਬਣਾ ਕੇ ਚਲਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਇਸ ਲਹਿਰ ਪ੍ਰਤੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਸੇਵਾਦਾਰਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸ੍ਰ. ਸੁਖਮਿੰਦਰ ਸਿੰਘ ਹੰਸਰਾ ਨੇ ਇਥੇ ਆਪਣੇ ਵਿਚਾਰਾਂ ਵਿਚ ਵਖਰੀ ਦਿਸ਼ਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਥੇਬੰਦੀ ਹੁਣ ਖਾਲਿਸਤਾਨ ਦੇ ਪ੍ਰਸਤਾਵ ਨੂੰ ਅੰਤਰਰਾਸ਼ਟਰੀ ਭਾਈਚਾਰੇ ਦੀ ਦਹਿਲੀਜ਼ ਤੇ ਲਿਜਾਣਾ ਚਾਹੁੰਦੀ ਹੈ, ਜਿਸ ਦੀ ਤਿਆਰੀ ਲਈ ਅਸੀਂ ਕੁਝ ਐਲਾਨ ਕਰ ਰਹੇ ਹਨ।
ਇਹ ਐਲਾਨ ਟਰਾਂਟੋ ਵਿਖੇ ਵਰਲਡ ਸਿਖ ਕੰਨਵੈਨਸ਼ਨ ਦੇ ਆਖਰੀ ਪੜਾਅ ਵਿਚ ਕੀਤੇ ਗਏ। ਇਥੇ ਖਾਲਿਸਤਾਨ ਦੇ ਝੰਡੇ ਨੂੰ ਰਸਮੀ ਤੌਰ ਤੇ ਲਹਿਰਾਅ ਕੇ ਅਤੇ ਕੈਨੇਡਾ ਅਤੇ ਖਾਲਿਸਤਾਨ ਦੇ ਕੌਮੀ ਤਰਾਨੇ ਗਾ ਕੇ ਕੰਨਵੈਨਸ਼ਨ ਦੀ ਸ਼ੁਰੂਆਤ ਕੀਤੀ ਗਈ।
ਕੰਨਵੈਨਸ਼ਨ ਦੌਰਾਨ ਸੁਖਮਿੰਦਰ ਸਿੰਘ ਹੰਸਰਾ ਨੇ ਖਾਲਿਸਤਾਨ ਦਾ ਨਕਸ਼ਾ ਰੀਲੀਜ਼ ਕੀਤਾ ਜਿਸ ਵਿਚ ਖਾਲਿਸਤਾਨ ਦੇਸ਼ ਦੀਆਂ ਬਕਾਇਦਾ ਹਦਾਂ ਵਿਖਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਹ ਸਾਡੇ ਵਲੋਂ ਇਹ ਇਕ ਪ੍ਰਸਤਾਵਿਤ ਨਕਸ਼ਾ ਹੈ, ਭਾਵ ਅਸੀਂ ਕਚੀ ਪੈਨਸ਼ਲ ਨਾਲ ਕੁਝ ਲਕੀਰਾਂ ਮਾਰ ਕੇ ਦੁਨੀਆਂ ਸਾਹਮਣੇ ਪੇਸ਼ ਕਰ ਰਹੇ ਹਨ ਕਿ ਗਲ ਐਥੋਂ ਸ਼ੁਰੂ ਕੀਤੀ ਜਾ ਸਕਦੀ ਹੈ। ਹੰਸਰਾ ਨੇ ਕਿਹਾ ਕਿ ਇਕ ਆਜ਼ਾਦ ਕੌਮ ਲਈ ਆਜ਼ਾਦੀ ਦਾ ਹਕ ਜਤਾਉਣ ਲਈ ਜੋ ਗਲਾਂ ਜਰੂਰੀ ਹਨ ਅਸੀਂ ਉਨ੍ਹਾਂ ਤੇ ਕੰਮ ਕਰ ਰਹੇ ਹਾਂ। ਅਸੀਂ ਨਕਸ਼ਾ ਬਣਾ ਲਿਆ ਹੈ, ਝੰਡਾ ਲਹਿਰਾਅ ਦਿਤਾ ਹੈ ਅਤੇ ਹੁਣ ਅਸੀਂ ਖਾਲਿਸਤਾਨ ਦੇ ਸੰਵਿਧਾਨ ਦਾ ਖਾਕਾ ਤਿਆਰ ਕਰਕੇ ਪੇਸ਼ ਕਰਾਂਗੇ। ਇਸ ਤੋਂ ਇਲਾਵਾ ਸਾਡੇ ਕੋਲ ਭਾਸ਼ਾ, ਕਲਚਰ, ਵਖਰਾਪਣ ਅਤੇ ਰਾਜ ਕਰਨ ਦਾ ਇਤਹਾਸ ਹੈ। ਉਨ੍ਹਾਂ ਕਿਹਾ ਕਿ ਜਦੋਂ ਖਾਲਸਾ ਰਾਜ ਦੁਨੀਆਂ ਦੇ ਨਕਸ਼ੇ ਤੇ ਮੌਜੂਦ ਸੀ ਉਸ ਵੇਲੇ ਭਾਰਤ ਅਤੇ ਪਾਕਿਸਤਾਨ ਵਜੂਦ ਵਿਚ ਨਹੀਂ ਸਨ। ਸ੍ਰ. ਹੰਸਰਾ ਨੇ ਕਿਹਾ ਕਿ ਸਿਖ ਕੌਮ ਦੇ ਆਜ਼ਾਦੀ ਦੇ ਪ੍ਰਸਤਾਵ ਦੀ ਪ੍ਰਮਾਣਿਕਤਾ ਕਿਸੇ ਪਖੋਂ ਕਮ ਨਹੀਂ ਹੈ।
ਸ੍ਰ. ਸੁਖਮਿੰਦਰ ਸਿੰਘ ਹੰਸਰਾ ਨੇ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ, ਸ੍ਰ. ਸਿਮਰਨਜੀਤ ਸਿੰਘ ਮਾਨ ਦੀ ਭਾਰਤ ਅੰਦਰ ਕ੍ਰਿਆਸ਼ੀਲ ਰਾਜਨੀਤਕ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਦਾ ਵਿਦੇਸ਼ੀ ਵਿੰਗ ਹੈ ਅਤੇ ਅਸੀਂ ਕੈਨੇਡਾ ਵਿਚ ਆਪਣੇ ਏਜੰਡੇ ਤੇ ਵੀ ਕੰਮ ਕਰਦੇ ਹਾਂ। ਪਰ ਮੂਲ ਰੂਪ ਵਿਚ ਅਸੀਂ ਸ੍ਰਥ ਸਿਮਰਨਜੀਤ ਸਿੰਘ ਮਾਨ ਵਲੋਂ ਖਾਲਿਸਤਾਨ ਦੀ ਆਜ਼ਾਦੀ ਦੇ ਸੰਕਲਪ ਤੇ ਅਥਿੜਕਵਾਂ ਪਹਿਰਾ ਦੇਣ ਤੇ ਸੰਘਰਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸ੍ਰਥ ਸਿਮਰਨਜੀਤ ਸਿੰਘ ਮਾਨ ਇਕ ਉਹ ਰਾਜਨੀਤਕ ਆਗੂ ਹੈ, ਜਿਸ ਨਾਲ ਹਰ ਇਕ ਦਾ ਸੌ ਫੀਸਦੀ ਸਹਿਮਤ ਹੋਣਾ ਜਰੂਰੀ ਨਹੀਂ ਹੈ, ਉਨ੍ਹਾਂ ਦਾ ਖਾਲਿਸਤਾਨ ਦੇ ਸੰਕਲਪ ਤੇ ਤਿੰਨ ਦਹਾਕਿਆਂ ਤੋਂ ਪਕੜ ਬਣਾਈ ਰਖਣਾ ਅਤੇ ਹਰ ਕਿਸਮ ਦੇ ਹਾਲਾਤਾਂ ਦਾ ਸਾਹਮਣਾ ਕਰਦਿਆਂ ਅਥਿੜਕਵਾਂ ਸਟੈਂਡ ਰਖਣਾ ਇਹ ਸਿਧ ਕਰਦਾ ਹੈ ਉਹ ਹੀ ਇਕ ਆਗੂ ਹਨ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਕਥਨਾਂ ਤੇ ਮੁਕੰਮਲ ਪਹਿਰਾ ਦੇ ਰਹੇ ਹਨ।
ਸੁਖਮਿੰਦਰ ਸਿੰਘ ਹੰਸਰਾ ਨੇ ਪੁਲਵਾਮਾ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੋਈ ਵੀ ਇਨਸਾਨੀ ਜਾਨ ਦੇ ਅਜਾਈਂ ਜਾਣ ਦੀ ਅਸੀਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ, ਅਤੇ ਇਸਦੇ ਨਾਲ ਹੀ ਅਸੀਂ ਸਮਝਦੇ ਹਾਂ ਕਿ ਲੋਕਤੰਤਰ ਸਟੇਟਾਂ ਦੀਆਂ ਨੀਤੀਆਂ ਵੀ ਲੋਕ ਪਖੀ ਹੋਣੀਆਂ ਚਾਹੀਦੀਆਂ ਹਨ। ਸ੍ਰਥ ਹੰਸਰਾ ਨੇ ਕਿਹਾ ਕਿ ਜਿਥੇ ਭਾਰਤੀ ਫੌਜ ਦੇ 41 ਫੌਜੀਆਂ ਦੀਆਂ ਲਾਸ਼ਾਂ ਦੁਖਦਾਇਕ ਹਨ ਉਥੇ ਅਖਾਂ ਵਿਚ ਪੈਲਟ ਗੰਨਾਂ ਨਾਲ ਬੁਲਟ ਮਾਰ ਕੇ ਅੰਨੇ ਕੀਤੇ ਕਸ਼ਮੀਰੀ ਬਚਿਆਂ ਦੀਆਂ ਤਸਵੀਰਾਂ ਵੀ ਦੁਖਦ ਹਨ। ਕਸ਼ਮੀਰੀ ਔਰਤਾਂ ਨਾਲ ਕੀਤੇ ਬਲਾਤਕਾਰ ਵੀ ਸੋਸ਼ਲ ਮੀਡੀਆ ਭੁਲਣ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਕਸ਼ਮੀਰ ਦੀ ਸਮਸਿਆ 1948 ਤੋਂ ਯੂ ਐਨ ਵਲੋਂ ਮਤਾ ਨੰਬਰ 47 ਜਾਰੀ ਕਰਕੇ ਹਲ ਕਰਨ ਦੀ ਗਲ ਕਹੀ ਗਈ ਸੀ, ਪਰ ਭਾਰਤ ਦੀ ਅਖੌਤੀ ਲੋਕਤੰਤਰਤਾ ਲੋਕਾਂ ਨੂੰ ਰਾਇ ਸ਼ੁਮਾਰੀ ਦਾ ਹਕ ਦੇਣ ਨੂੰ ਤਿਆਰ ਨਹੀਂ ਹੈ।
ਇਥੇ ਯੂ ਕੇ ਤੋਂ ਆਏ ਡਾ. ਇਕਤਦਾਰ ਚੀਮਾ ਨੇ ਬੜੇ ਇਤਹਾਸਕ ਹਵਾਲੇ ਦੇ ਕੇ ਖਲਿਸਤਾਨ ਦੇ ਪ੍ਰਸਤਾਵ ਨੂੰ ਪ੍ਰਮਾਣਿਕ ਕਰਾਰ ਦਿਤਾ। ਉਨ੍ਹਾਂ ਪਾਵਰ ਪੁਆਇੰਟ ਪੇਸ਼ਕਾਰੀ ਕਰਦਿਆਂ ਯੂ ਐਨ ਦੀਆਂ ਧਾਰਾਵਾਂ ਨੂੰ ਖੋਲ ਕੇ ਸਮਝਾਇਆ ਕਿ ਖਾਲਿਸਤਾਨ ਦੀ ਆਜ਼ਾਦੀ ਦਾ ਸੰਗਰਾਮ ਕਿਸੇ ਪਖੋਂ ਗਲਤ ਨਹੀਂ ਹੈ। ਡਾਥ ਚੀਮਾਂ ਨੇ ਕਿਹਾ ਕਿ ਕਿਸੇ ਕੌਮ ਨੂੰ ਆਜ਼ਾਦੀ ਦਾ ਦਾਹਵਾ ਕਰਨ ਲਈ ਚਾਰ ਚੀਜ਼ਾਂ ਮੁਖ ਹੁੰਦੀਆਂ ਹਨ ਜਿਸ ਵਿਚ ਰਕਬਾ ਭਾਵ ਇਲਾਕਾ, ਜੋ ਅਜ ਨਕਸ਼ੇ ਦੇ ਰੂਪ ਵਿਚ ਸਾਹਮਣੇ ਆ ਗਿਆ ਹੈ। ਵਸੋਂ, ਇਹ ਸਿਖ ਵਸੋਂ ਦੇ ਰੂਪ ਵਿਚ ਮੌਜੂਦ ਹਨ। ਰਾਜ ਕਰਨ ਦਾ ਇਤਿਹਾਸ ਹੈ ਅਤੇ ਕੌਮ ਦਾ ਵਖਰਾਪਣ ਹੈ।
ਇਸ ਤੋਂ ਇਲਾਵਾ ਇਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੇ ਕੰਨਵੀਨਰ ਸ੍ਰ. ਬੂਟਾ ਸਿੰਘ ਖੜੌਦ ਨੇ ਖਾਲਿਸਤਾਨ ਦੇ ਸੰਘਰਸ਼ ਨੂੰ ਪਾਰਟੀ ਦੇ ਪਲੇਟਫਾਰਮ ਤੋਂ ਬਾਖੂਬੀ ਨਾਲ ਲੜੇ ਜਾਣ ਦੀ ਗਲ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਦੇ ਐਗਜੈਕਟਿਵ ਮੈਂਬਰ ਸੁਖਦੇਵ ਸਿੰਘ ਬੈਨੀਵਾਲ ਨੇ ਬੜੇ ਭਾਵੁਕ ਹੋ ਕੇ ਕਿਹਾ ਕਿ ਵਰਲਡ ਸਿਖ ਕੰਨਵੈਨਸ਼ਨ ਵਿਚ ਆ ਕੇ ਉਨ੍ਹਾਂ ਦੇ ਬਹੁਤ ਸੁਆਲਾਂ ਦੇ ਜੁਆਬ ਉਨ੍ਹਾਂ ਨੂੰ ਮਿਲ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕੰਨਵੈਨਸ਼ਨਾਂ ਕਿਸੇ ਕੌਮ ਦੇ ਆਜ਼ਾਦੀ ਦੇ ਸੰਘਰਸ਼ ਵਿਚ ਅਹਿਮ ਮੰਨੇ ਜਾਂਦੇ ਹਨ। ਇਹ ਇਤਹਾਸਕ ਪਲ ਹਨ ਜੋ ਮੈਂ ਔਟਵਾ, ਮਾਂਟਰੀਅਲ ਅਤੇ ਟਰਾਂਟੋ ਵਿਚ ਵਰਲਡ ਸਿਖ ਕੰਨਵੈਨਸ਼ਨ ਵਿਚ ਬਿਤਾਏ ਹਨ।
ਵਰਲਡ ਸਿਖ ਕੰਨਵੈਨਸ਼ਨ ਤੇ ਸ਼ੁਰੂਆਤੀ ਭਾਸ਼ਨ ਸ੍ਰ. ਸੁਖਦੇਵ ਸਿੰਘ ਗਿਲ ਨੇ ਦਿਤਾ ਅਤੇ ਉਨ੍ਹਾਂ ਆਪਣੇ ਅੰਦਾਜ਼ ਵਿਚ ਕੌਮ ਦੇ ਸੰਘਰਸ਼ ਦੀ ਤਰਜ਼ਮਾਨੀ ਕਰਨ ਲਈ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਨੂੰ ਵਧਾਈ ਦਿਤੀ।
ਵਰਲਡ ਸਿਖ ਕੰਨਵੈਨਸ਼ਨ ਦੀ ਸਟੇਜ ਦੀ ਕਾਰਵਾਈ ਬਾਖੂਬੀ ਨਾਲ ਮਨਵੀਰ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਊਬਕ ਨੇ ਨਿਭਾਈ।
ਕੈਲੀਫੋਰਨੀਆ ਤੋਂ ਆਏ ਸਟੇਟ ਦੇ ਪ੍ਰਧਾਨ ਜਥੇਦਾਰ ਤਰਸੇਮ ਸਿੰਘ ਨੇ ਇਸ ਮੌਕੇ ਵਰਲਡ ਸਿਖ ਕੰਨਵੈਨਸ਼ਨ ਤੇ ਸੰਤੁਸ਼ਟੀ ਪ੍ਰਦਾਨ ਕਰਦਿਆਂ ਕਿਹਾ ਕਿ ਖਾਲਿਸਤਾਨ ਦੇ ਜੰਗ-ਏ-ਆਜ਼ਾਦੀ ਵਿਚ ਇਹ ਇਕ ਕੜੀ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਜਿਥੇ ਇਹ ਕੰਨਵੈਨਸ਼ਨ ਜਾਣਕਾਰੀ ਦਾ ਸ੍ਰੋਤ ਹੋ ਨਿਬੜੀ ਹੈ ਉਥੇ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋਂ ਪੁਟੇ ਗਏ ਅਹਿਮ ਕਦਮ ਸਾਰਥਿਕ ਸਾਬਤ ਹੋਣਗੇ।
ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੈਂਬਰ ਪ੍ਰੀਤਮ ਸਿੰਘ ਜੋਗਾਨੰਗਲ ਨੇ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੀਆਂ ਸੇਵਾਵਾਂ ਤੇ ਅਤਿਅੰਤ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਜੋ ਕੰਮ ਟਰਾਂਟੋ ਦੇ ਸਿੰਘਾਂ ਵਲੋਂ ਕੀਤਾ ਗਿਆ ਹੈ ਇਸਦੀ ਕੋਈ ਮਿਸਾਲ ਨਹੀਂ। ਉਨ੍ਹਾਂ ਕਿਹਾ ਕਿ ਖਾਲਿਸਤਾਨ ਦਾ ਮੈਪ ਜਦੋਂ ਸੰਗਤ ਦੇ ਘਰਾਂ ਦੀਆਂ ਕੰਧਾਂ ਤੇ ਲਟਕੇਗਾ ਤਾਂ ਹਰ ਪ੍ਰਾਣੀ ਅੰਦਰ ਆਜ਼ਾਦੀ ਦੀ ਚਿੰਣਗ ਪ੍ਰਬਲ ਰਹੇਗੀ। ਉਨ੍ਹਾਂ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਸੇਵਾਦਾਰਾਂ ਦੀ ਉਸਾਰੂ ਸੋਚ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਮੇਰੇ ਚਾਰ ਦਿਨਾਂ ਦੇ ਟਰਾਂਟੋ ਦੇ ਦੌਰੇ ਦਾ ਹਰ ਪਲ ਕੌਮੀ ਰੰਗ ਵਿਚ ਰੰਗਿਆ ਰਿਹਾ ਅਤੇ ਇਸ ਕੰਨਵੈਨਸ਼ਨ ਵਿਚ ਉਦਾਰਵਾਦੀ ਅਤੇ ਸਾਕਾਰਤਮਿਕ ਪਹੁੰਚ ਖਾਲਿਸਤਾਨ ਦੇ ਸੰਘਰਸ਼ ਵਿਚ ਨਿਗਰ ਰੋਲ ਕਰ ਸਕਦੀ ਹੈ।ਅਖੀਰ ਵਿਚ ਮਨਵੀਰ ਸਿੰਘ ਨੇ ਉਸ ਮੀਡੀਏ ਦਾ ਜਿੰਨ੍ਹਾਂ ਵਰਲਡ ਸਿਖ ਕੰਨਵੈਨਸ਼ਨ ਦੀ ਜਾਣਕਾਰੀ ਲੋਕਾਂ ਤਕ ਪਹੁੰਚਦੀ ਕੀਤੀ ਦਾ ਧੰਨਵਾਦ ਕੀਤਾ ਅਤੇ ਸਪਾਂਸਰ ਅਤੇ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਬੜੇ ਚੋਟੀ ਦੇ ਪ੍ਰਬੰਧ ਕੰਨਵੈਨਸ਼ਨ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਜੈਕਾਰੇ ਗੂੰਜਦੇ ਰਹੇ।
– ਪੀ.ਟੀ. ਬਿਊਰੋ

Send this to a friend