May 9, 2026 1:56 pm

ਫੌਜੀ ਟਕਰਾਅ ਨੂੰ ਰੋਕਣ ਦੀ ਲੋੜ

ਇਹ ਬਦਕਿਸਮਤੀ ਅਤੇ ਚਿੰਤਾ ਵਾਲੀ ਗੱਲ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਹਾਲਾਤ ਤੇਜ਼ੀ ਨਾਲ ਫੌਜੀ ਟਕਰਾਅ ਵੱਲ ਵੱਧ ਰਹੇ ਹਨ। ਭਾਰਤ ਵੱਲੋਂ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਕੀਤੇ ਗਏ ਕਥਿਤ ਹਵਾਈ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧਿਆ ਹੋਇਆ ਹੈ। ਦੋਵੇਂ ਪਾਸੇ ਫੌਜੀ ਤਿਆਰੀਆਂ ਚੱਲ ਰਹੀਆਂ ਹਨ। ਬੁੱਧਵਾਰ ਨੂੰ ਪਾਕਿਸਤਾਨ ਨੇ ਭਾਰਤੀ ਹਵਾਈ ਸੈਨਾ ਦੇ ਦੋ ਪਾਇਲਟ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸੇ ਤਰ੍ਹਾਂ ਭਾਰਤ ਨੇ ਪਾਕਿਸਤਾਨ ਦੇ ਇਕ ਜੰਗੀ ਜਹਾਜ਼ ਨੂੰ ਡੇਗਣ ਦੀ ਗੱਲ ਆਖੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਹਾਲਾਤ ਬਹੁਤ ਹੀ ਨਾਜ਼ੁਕ ਮੋੜ ’ਤੇ ਪਹੁੰਚ ਚੁੱਕੇ ਹਨ। ਕਿਸੇ ਵੇਲੇ ਵੀ ਦੋਵੇਂ ਦੇਸ਼ਾਂ ਦਰਮਿਆਨ ਪੂਰੀ ਜੰਗ ਲੱਗ ਸਕਦੀ ਹੈ। ਦੋਵੇਂ ਦੇਸ਼ਾਂ ਦੀ ਸਿਆਸੀ ਅਗਵਾਈ ਆਪੋ ਆਪਣੇ ਸਿਆਸੀ ਮਨੋਰਥਾਂ ਲਈ ਜੰਗੀ ਮਨਸੂਬਿਆਂ ਨੂੰ ਹੌਲੀ-ਹੌਲੀ ਅੱਗੇ ਵਧਾ ਰਹੀ ਹੈ। ਦੋਵੇਂ ਦੇਸ਼ ਪਹਿਲਾਂ ਹੀ ਦੋ ਵੱਡੀਆਂ ਜੰਗਾਂ ਲੜ ਚੁੱਕੇ ਹਨ। ਦੋਵੇਂ ਜੰਗਾਂ ਵਿੱਚ ਦੋਵੇਂ ਪਾਸੇ ਵੱਡਾ ਨੁਕਸਾਨ ਹੋਇਆ ਹੈ। ਹੁਣ ਤੀਸਰੀ ਜੰਗ ਨਾਲ ਵੱਡੀ ਤਬਾਹੀ ਹੋਣ ਦਾ ਖਦਸ਼ਾ ਹੈ। ਬੇਸ਼ਕ ਵੱਡੀ ਗਿਣਤੀ ਵਿੱਚ ਆਮ ਲੋਕ ਜੰਗ ਨਹੀਂ ਚਾਹੁੰਦੇ। ਪੰਜਾਬ ਦੇ ਲੋਕ ਤਾਂ ਪੂਰੀ ਤਰ੍ਹਾਂ ਜੰਗ ਦੇ ਵਿਰੋਧੀ ਹਨ। ਜੇਕਰ ਦੋਵਾਂ ਦੇਸ਼ਾਂ ਦਰਮਿਆਨ ਜੰਗ ਲੱਗਦੀ ਹੈ ਤਾਂ ਸਭ ਤੋਂ ਵੱਡਾ ਨੁਕਸਾਨ ਵੀ ਪੰਜਾਬ ਦਾ ਹੀ ਹੋਣਾ ਹੈ। ਦੋਵੇਂ ਦੇਸ਼ਾਂ ਦਰਮਿਆਨ ਜੰਗ ਦੇ ਹਾਲਾਤ ਇਸ ਕਾਰਨ ਬਣ ਰਹੇ ਹਨ ਕਿਉਂਕਿ ਭਾਰਤ ਵਿੱਚ ਛੇਤੀ ਹੀ ਚੋਣਾਂ ਹੋਣ ਵਾਲੀਆਂ ਹਨ ਹੁਕਮਰਾਨ ਭਾਰਤੀ ਜਨਤਾ ਪਾਰਟੀ ਪਾਕਿਸਤਾਨ ਨਾਲ ਜੰਗ ਲਗਾ ਕੇ ਇਸ ਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਇਸ ਮਕਸਦ ਲਈ ਹੀ ਲੋਕਾਂ ਵਿੱਚ ਝੂਠੇ ਰਾਸ਼ਟਰਵਾਦ ਅਤੇ ਦੇਸ਼ਭਗਤੀ ਦੀ ਭਾਵਨਾ ਜਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਭਾਰਤ ਦੀ ਹਵਾਈ ਸੈਨਾ ਵੱਲੋਂ ਮਕਬੂਜਾ ਕਸ਼ਮੀਰ ਵਿੱਚ ਕੀਤੇ ਗਏ ਕਥਿਤ ਆਪ੍ਰੇਸ਼ਨ ਦਾ ਵੀ ਬੇਲੋੜਾ ਸਿਆਸੀਕਰਨ ਹੁਕਮਰਾਨ ਧਿਰ ਦੀਆਂ ਮਾੜੀਆਂ ਨੀਅਤਾਂ ਦਾ ਸਬੂਤ ਹੈ। ਭਾਰਤ-ਪਾਕਿਸਤਾਨ ਦੋਵੇਂ ਹੀ ਦੇਸ਼ਾਂ ਕੋਲ ਪ੍ਰਮਾਣੂ ਹਥਿਆਰ ਹਨ। ਜੇਕਰ ਫੌਜੀ ਟਕਰਾਅ ਹੁੰਦਾ ਹੈ ਤਦ ਇਸ ਜੰਗ ਵਿੱਚ ਪ੍ਰਮਾਣੂ ਹਥਿਆਰਾਂ ਦਾ ਇਸਤੇਮਾਲ ਵੀ ਹੋ ਸਕਦਾ ਹੈ। ਪਾਕਿਸਤਾਨ ਨੇ ਇਸ ਤਰ੍ਹਾਂ ਦੇ ਸੰਕੇਤ ਵੀ ਦਿੱਤੇ ਹਨ। ਪ੍ਰਮਾਣੂ ਹਮਲੇ ਵਿੱਚ ਦੋਵੇਂ ਦੇਸ਼ ਵੱਡੀ ਤਬਾਹੀ ਦਾ ਸ਼ਿਕਾਰ ਹੋਣਗੇ। ਇਹ ਬਹੁਤ ਹੀ ਮੰਦਭਾਗੀ ਸਥਿਤੀ ਹੈ। ਇਸ ਸਥਿਤੀ ਨੂੰ ਟਾਲਣ ਲਈ ਕੋਈ ਯਤਨ ਨਹੀਂ ਹੋ ਰਿਹਾ। ਸਿਆਸੀ ਨੇਤਾਵਾਂ ਵੱਲੋਂ ਬਲਦੀ ’ਤੇ ਤੇਲ ਪਾਇਆ ਜਾ ਰਿਹਾ ਹੈ। ਮੀਡੀਆ ਦਾ ਇਕ ਵੱਡਾ ਹਿੱਸਾ ਵੀ ਸਥਿਤੀ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਮ ਲੋਕਾਂ ਦੀ ਤਮਾਸ਼ਬੀਨੀ ਨੇ ਸਥਿਤੀ ਹੋਰ ਗੰਭੀਰ ਬਣਾ ਦਿੱਤੀ ਹੈ। ਦੋਵੇਂ ਦੇਸ਼ਾਂ ਵਿੱਚ ਫੌਜੀ ਟਕਰਾਅ ਨੂੰ ਰੋਕਣ ਲਈ ਵੱਡੀ ਲਾਮਬੰਦੀ ਦੀ ਜ਼ਰੂਰਤ ਹੈ। ਅਮਨ ਪਸੰਦ ਤਾਕਤਾਂ ਨੂੰ ਇਸ ਸਬੰਧ ਵਿੱਚ ਅੱਗੇ ਆਉਣਾ ਹੋਵੇਗਾ ਤਾਂ ਜੋ ਦੋਵੇਂ ਦੇਸ਼ਾਂ ਨੂੰ ਜੰਗ ਦੀ ਤਬਾਹੀ ਤੋਂ ਬਚਾਇਆ ਜਾ ਸਕੇ।
– ਬਲਜੀਤ ਸਿੰਘ ਬਰਾੜ

Send this to a friend