May 14, 2026 12:09 am

2019 ਵਾਲੀ ਪਾਨੀਪਤ ਜੰਗ ਦੌਸਤਾਨਾ ਮੈਚ ਹੋਵੇਗੀ

ਭਾਰਤ ਦੇ ਲੋਕਾਂ ਦੀ ਸਮਝ ਵਿੱਚ ਇਹ ਗੱਲ ਆ ਗਈ ਹੈ ਕਿ ਸਾਡੇ ਦੇਸ਼ ਵਿੱਚ ਇਹ ਜਿਹੜੇ ਰਾਜਸੀ ਲੋਕਾਂ ਦੀ ਇੱਕ ਵਖਰੀ ਜਮਾਅਤ ਆ ਬਣੀ ਹੈ । ਅਤੇ ਇਹ ਵੀ ਪਤਾ ਲਗ ਗਿਆ ਹੈ ਕਿ ਇਹ ਸਾਰੇ ਦੇ ਸਾਰੇ ਰਾਜ ਕਰਨ ਲਈ ਰਾਜਸੀ ਆਦਮੀ ਬਣੇ ਹਨ। ਇਹ ਵੀ ਪਤਾ ਲਗ ਗਿਆ ਹੈ ਕਿ ਹਾਲਾਂ ਤਕ ਕਿਸੇ ਵੀ ਰਾਜਸੀ ਆਦਮੀ ਨੇ ਸਾਨੂੰ ਇਹ ਨਹੀਂ ਦਸਿਆ ਕਿ ਉਸ ਵਿੱਚ ਕੀ ਖਾਸ ਗੁਣ ਹੈ ਜਿਸਦੀ ਵਰਤੋਂ ਕਰਕੇ ਉਹ ਸਦੀਆਂ ਤੋਂ ਬਣਦੀਆਂ ਅਤੇ ਵਧਦੀਆਂ ਆ ਰਹੀਆਂ ਲੋਕਾਂ ਦੀਆਂ ਸਮਸਿਆਵਾਂ ਹਲ ਕਰ ਸਕਦਾ ਹੈ। ਇਸ ਮੁਲਕ ਵਿੱਚ ਖਬੀਆਂ ਪਾਰਟੀਆਂ ਵੀ ਆਈਆ ਸਨ ਅਤੇ ਉਨ੍ਹਾਂ ਪਾਸ ਮੁਲਕ ਦੇ ਲੋਕਾਂ ਦੀਆਂ ਸਮਸਿਆਵਾਂ ਹਲ ਕਰਨ ਲਈ ਕੀ ਕੀ ਸਿਧਾਂਤ ਹਨ, ਉਹ ਵੀ ਲੋਕਾਂ ਨਾਲ ਸਾਂਝੇ ਨਹੀਂ ਕਰ ਪਾਈਆਂ।
ਇਸ ਮੁਲਕ ਵਿੱਚ ਜਿਹੜੀਆਂ ਚੋਣਾਂ ਹੁੰਦੀਆਂ ਹਨ ਉਨ੍ਹਾਂ ਵਿੱਚ ਸਿਰਫ ਇਹ ਰਾਜਸੀ ਲੋਕੀਂ ਹੀ ਭਾਗ ਲੈਂਦੇ ਹਨ ਅਤੇ ਇਹ ਜਿਹੜਾ ਪਰਜਾਤੰਤਰ ਸਾਡੇ ਦੇਸ਼ ਵਿੱਚ ਆਇਆ ਹੈ, ਇਸ ਵਿੱਚ ਅਸੀਂ ਲੋਕੀਂ ਆਪ ਹੀ ਵੋਟਾ ਪਾਕੇ ਇੰਨ੍ਹਾਂ ਹੀ ਰਾਜਸੀ ਲੋਕਾਂ ਵਿਚੋਂ ਆਪਣੇ ਹਾਕਮ ਚੁਣਦੇ ਹਾਂ ਅਤੇ ਹਾਲਾਂ ਤਕ ਅਸੀਂ ਲੋਕਾਂ ਦੇ ਨੁਮਾਇੰਦੇ ਚੁਣਨ ਲਈ ਕੋਈ ਵੀ ਜਮਾਅਤ ਖੜੀ ਨਹੀਂ ਕਰ ਸਕੇ। ਇਹ ਰਾਜਸੀ ਲੋਕਾਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਬਣ ਗਈ ਹੈ ਅਤੇ ਇਸ ਲਈ ਇੰਨ੍ਹਾਂ ਨੇ ਇਹ ਪਾਰਟੀਆਂ ਨਹੀਂ ਬਲਕਿ ਟੀਮਾਂ ਬਣਾ ਲਿਤੀਆਂ ਹਨ ਅਤੇ ਇਹ ਚੋਣਾ ਅਸਲ ਵਿੱਚ ਚੋਣਾਂ ਨਹੀਂ ਹਨ ਬਲਕਿ ਰਾਜਸੀ ਲੋਕਾਂ ਅਰਥਾਤ ਬਣਾਈਆਂ ਗਈਆਂ ਟੀਮਾ ਆਪੋ ਵਿੱਚ ਦੌਸਤਾਨਾ ਮੈਚ ਖੇਡਦੀਆਂ ਹਨ। ਜਿਹੜੇ ਉਮੀਦਵਾਰ ਖੜੇ ਕੀਤੇ ਜਾਂਦੇ ਹਨ ਉਹ ਲੋਕਾਂ ਦੇ ਉਮੀਦਵਾਰ ਨਹੀਂ ਹੁੰਦੇ ਅਤੇ ਨਾ ਹੀ ਲੋਕੀਂ ਉਨ੍ਹਾਂ ਦੀ ਚੋਣ ਕਰਦੇ ਹਨ। ਇਹ ਰਾਜਸੀ ਪਾਰਟੀਆਂ ਜਿਹੜੀਆਂ ਅਸਲ ਵਿੱਚ ਰਾਜਸੀ ਲੋਕਾਂ ਨੇ ਟੀਮਾਂ ਬਣਾ ਰਖੀਆਂ ਹਨ, ਇਹੀ ਇੰਨ੍ਹਾਂ ਦੀ ਚੋਣ ਕਰਦੀਆਂ ਹਨ ਅਤੇ ਲੋਕਾਂ ਦੀਆਂ ਮੋਹਰਾਂ ਲਗਵਾਕੇ ਰਾਜ ਕਰਨ ਬੈਠ ਜਾਂਦੀਆਂ ਹਨ।
ਇਸ ਵਾਰੀਂ ਟੀਮਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਇਸ ਲਈ ਕੁਝ ਗਰੁਪ ਬਣਨ ਦੀ ਸੰਭਾਵਨਾ ਵੀ ਬਣਦੀ ਆ ਰਹੀ ਹੈ। ਇਸ ਵਾਰੀਂ ਦੇ ਇਹ ਪਾਨੀਪਤ ਦੇ ਮੈਦਾਨ ਵਿੱਚ ਜਿਹੜੇ ਮੈਚ ਹੋ ਰਹੇ ਹਨ ਬਹੁਤ ਹੀ ਮਹਤਵਪੂਰਨ ਹਨ। ਇਹ ਪਾਨੀਪਤ ਦੀ ਜੰਗ ਵੋਟਾ ਨਾਲ ਜਿਤੀ ਜਾਣੀ ਹੈ। ਇਸ ਵਾਰੀਂ ਵੋਟਰਾਂ ਨੇ ਹਾਲਾਂ ਫੈਸਲਾ ਹੀ ਨਹੀਂ ਕਰ ਸਕਿਆ ਕਿ ਵੋਟਾ ਪਾਈਆਂ ਅਤੇ ਪਾਈਆਂ ਕਿਸਨੂੰ ਜਾਣ। ਕਾਂਗਰਸ ਵਾਲੇ ਕਈ ਦਹਾਕੇ ਰਾਜ ਕਰ ਗਏ ਹਨ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਉਤੇ ਇਹ ਭਾਰਤੀ ਖੁਸ਼ ਨਹੀਂ ਸਨ ਅਤੇ ਇਸ ਕਰਕੇ ਭਾਜਪਾ ਵਾਲਿਆਂ ਨੂੰ ਮੌਕਾ ਦਿਤਾ ਗਿਆ ਸੀ। ਇੰਨ੍ਹਾਂ ਦਾ ਰਾਜ ਵੀ ਖਤਮ ਹੋਣ ਨੂੰ ਆ ਗਿਆ ਹੈ। ਇਹ ਵੀ ਲੋਕਾਂ ਦੀ ਤਸਲੀ ਨਹੀਂ ਕਰ ਪਾਏ। ਹੁਣ ਆਖਰ ਵਿੱਚ ਜਾਕੇ ਇੰਨ੍ਹਾਂ ਨੂੰ ਗਰੀਬਾਂ ਦਾ ਖਿਆਲ ਆਇਆ ਹੈ ਅਤੇ ਗਰੀਬਾਂ ਦੀ ਪੈਨਸ਼ਨ ਲਗਾਈ ਗਈ ਹੈ ਅਤੇ ਕਾਂਗਰਸ ਵਾਲਿਆਂ ਨੇ ਇਹ ਆਖ ਦਿਤਾ ਹੈ ਕਿ ਉਹ ਗਰੀਬਾਂ ਦੀ ਘਟੋ ਘਟ ਆਮਦਨ ਦਸ ਹਜ਼ਾਰ ਰੁਪੈ ਕਰਨ ਦੀ ਯਾਤਨ ਕਰੇਗੀ। ਇਹ ਦੋਨੋਂ ਗਲਾਂ ਹਨ ਤਾਂ ਵਧੀਆਂ, ਪਰ ਮੁਲਕ ਪਾਸ ਇਤਨੀ ਰਕਮ ਹੈ ਵੀ , ਇਸ ਬਾਰੇ ਹਾਲਾਂ ਕੋਈ ਖਬਰ ਨਹੀਂ ਆਈ ਹੈ।
ਕੁਝ ਪਾਰਟੀਆਂ ਅਰਥਾਤ ਟੀਮਾ ਇਕਠੀਆਂ ਹੋ ਰਹੀਆਂ ਹਨ। ਕਾਂਗਰਸ ਵਾਲੇ ਵੀ ਕੁਝ ਟੀਮਾਂ ਨੂੰ ਨਾਲ ਲੈਕੇ ਇਹ ਪਾਨੀਪਤ ਦੀ ਜੰਗ ਲੜਨ ਦਾ ਸੋਚ ਰਹੀ ਹੈ। ਖਬੀਆਂ ਪਾਰਟੀਆਂ ਹਾਲਾਂ ਚੁਪ ਹਨ, ਪਰ ਉਹ ਵੀ ਇਸ ਵਾਰੀਂ ਦੀ ਜੰਗ ਵਿੱਚ ਇਕਲੀਆਂ ਹੀ ਸ਼ਰੀਕ ਹੋ ਸਕਦੀਆਂ ਹਨ। ਖਬੀਆਂ ਪਾਰਟੀਆਂ ਲਈ ਇਹ ਵਧੀਆਂ ਮੌਕਾ ਹੈ। ਕਾਂਗਰਸ ਅਤੇ ਭਾਜਪਾ ਲੋਕਾਂ ਲਈ ਜੋ ਕਰ ਸਕਦੀਆਂ ਸਨ, ਕਰ ਬੈਠੀਆਂ ਹਨ ਅਤੇ ਇਸ ਪਾਨੀਪਤ ਦੀ ਜੰਗ ਲਈ ਕੋਈ ਨਵਾਂ ਸਿਧਾਂਤ ਲੈਕੇ ਨਹੀਂ ਆ ਰਹੀਆਂ। ਖਬੀਆਂ ਪਾਰਟੀਆਂ ਇਹ ਦਾਅਵਾ ਕਰਦੀਆਂ ਆ ਰਹੀਆਂ ਹਨ ਕਿ ਉਨ੍ਹਾਂ ਪਾਸ ਕੋਈ ਸਿਧਾਂਤ ਹੈ ਜਿਸਦੀ ਵਰਤੋਂ ਕਰਕੇ ਇਸ ਮੁਲਕ ਵਿੱਚ ਗਰੀਬਾਂ ਅਤੇ ਅਮੀਰਾਂ ਵਿੱਚ ਫਰਕ ਮਟਾਇਆ ਜਾ ਸਕਦਾ ਹੈ। ਇਹ ਸਿਧਾਂਤ ਇਸ ਮੁਲਕ ਵਿੱਚ ਕਿਵੇਂ ਲਿਆਂਦਾ ਜਾ ਸਕਦਾ ਹੈ, ਇਹ ਗਲ ਅਗਰ ਖਬੀਆਂ ਪਾਰਟੀਆਂ ਲੋਕਾਂ ਨੂੰ ਸਮਝਾਜ ਪਾਉਣ ਤਾਂ ਉਹ ਵੀ ਜਿਤ ਸਕਦੀਆਂ ਹਨ। ਇਹ ਖਬੀਆਂ ਪਾਰਟੀਆਂ ਨੂੰ ਲੋਕਾਂ ਨੇ ਬੰਗਾਲ ਵਿੱਚ ਮੋਕਾ ਦਿਤੀ ਵੀ ਰਖਿਆ ਸੀ, ਪਰ ਖਬੀਆਂ ਪਾਰਟੀਆਂ ਉਥੇ ਕੋਈ ਖਾਸ ਤਬਦੀਲੀ ਨਹੀ ਲਿਆ ਸਕੀਆਂ ਸਨ। ਇਹ ਮੌਕਾ ਕਿਉਂ ਗਵਾ ਲਿਤਾ ਗਿਆ ਸੀ, ਇਹ ਗਲ ਵੀ ਲੋਕਾਂ ਨੂੰ ਸਮਝਾਉਣੀ ਪਵੇਗੀ।
ਇਸ ਮੁਲਕ ਵਿੱਚ ਚੋਣਾਂ ਕਰਵਾਈਆਂ ਜਾਂਦੀਆਂ ਹਨ ਅਤੇ ਹਜ਼ਾਰਾਂ ਹੀ ਐਮ ਐਲ ਏ ਅਤੇ ਐਮ ਪੀ ਚੁਣੇ ਜਾਂਦੇ ਹਨ, ਪਰ ਰਾਜ ਸਿਰਫ ਵਿਅਕਤੀਵਿਸ਼ੇਸ਼ਾਂ ਹੀ ਕਰਦਾ ਹੈ ਕੇਂਦਰ ਵਿੱਚ ਪ੍ਰਧਾਨ ਮੰਤਰੀ ਹੀ ਤਾਨਾਸ਼ਾਹ ਬਣ ਜਾਂਦਾ ਹੈ ਜਾਂ ਜਿਹੜਾ ਮੁਖ ਮੰਤਰੀ ਬਣਦਾ ਹੈ ਉਸਦੀ ਤਾਨਾਸ਼ਾਹੀ ਪ੍ਰਾਂਤ ਵਿੱਚ ਹੀ ਚਲਦੀ ਹੈ ਅਤੇ ਇਸ ਮੁਲਕ ਦੇ ਇਤਿਹਾਸ ਵਿੱਚ ਵੀ ਉਸਦਾ ਹੀ ਨਾਮ ਦਰਜ ਕੀਤਾ ਜਾਂਦਾ ਹੈ। ਅਤੇ ਇਸ ਵਾਰੀਂ ਦੀ ਪਾਨੀਪਤ ਦੀ ਜੰਗ ਲਈ ਉਨ੍ਹਾਂ ਨਾਮਾਂ ਦੀ ਘੋਸ਼ਣਾ ਭਾਵੇਂ ਕਿਸੇ ਵੀ ਟੀਮ ਨੇ ਨਹੀਂ ਕੀਤੀ, ਪਰ ਸਾਫ ਦਿਖਾਈ ਦੇ ਰਹੀ ਹੈ। ਜਿਹੜੇ ਗਠਜੋੜ ਵੀ ਬਨਣਗੇ ਉਥੇ ਵੀ ਇਕ ਦੋ ਨਾਮ ਚਮਕ ਰਹੇ ਹਨ। ਖਬੀਆਂ ਪਾਰਟੀਆਂ ਵੀ ਕਈ ਬਣ ਗਈਆਂ ਹਨ ਅਤੇ ਇਥੇ ਵੀ ਵਿਅਕਤੀਵਿਸ਼ੇਸ਼ਾਂ ਵਿਚ ਜੰਗ ਲਗ ਸਕਦੀ ਹੈ। ਇਹ ਖਬੀਆਂ ਪਾਰਟੀਆਂ ਕਈ ਬਣੀਆਂ ਹਨ ਅਤੇ ਅਸਲ ਵਿੱਚ ਇਥੇ ਵੀ ਵਿਅਕਤੀਵਿਸ਼ੇਸ਼ ਬਣਨ ਦਾ ਚਸਕਾ ਹੀ ਪਾਰਟੀ ਦੇ ਟੋਟੇ ਕਰਦਾ ਆਇਆ ਹੈ ਅਤੇ ਇਹ ਟੋਟੇ ਹੁਣ ਕਿਸੇ ਇਕ ਵਿਆਕਤੀਵਿਸ਼ੇਸ਼ ਦੀ ਕਮਾਨ ਹੇਠਾਂ ਇਕਠੇ ਵੀ ਹੋ ਸਕਦੇ ਹਨ, ਇਹ ਵੀ ਇਕ ਸਮਸਿਆ ਬਣ ਆਈ ਹੈ। ਇਹ ਸਮਸਿਆ ਹਲ ਕਰਨ ਲਈ ਖਬੀਆਂ ਪਾਰਟੀਆਂ ਨੇ ਹਾਲਾਂ ਕੋਈ ਵੀ ਸਿਧਾਂਤ ਸਾਡੇ ਸਾਹਮਣੇ ਨਹੀਂ ਲਿਆਂਦਾ। ਭਾਰਤ ਦੇ ਲੋਕਾਂ ਨੇ ਹਾਲਾਂ ਤਕ ਕੋਈ ਫੈਸਲਾ ਨਹੀਂ ਕੀਤਾ ਅਤੇ ਇਸ ਵਾਰੀਂ ਫੈਸਲਾ ਕਰਨਾ ਮੁਸ਼ਕਿਲ ਵੀ ਹੈ। ਇਸ ਲਈ ਇਸ ਵਾਰੀਂ ਦੀਆਂ ਵੋਟਾ ਤਾਂ ਨਤੀਜਾ ਤਾਂ ਦੇਣਗੀਆਂ ਹੀ, ਪਰ ਇਹ ਨਤੀਜਾ ਲਾਟਰੀ ਵਾਂਗ ਹੀ ਨਿਕਲੇਗਾ। ਇਸ ਲਈ ਰਾਜਸੀ ਪਾਰਟੀਆਂ ਜੋਤਿਸ਼ੀਆਂ ਪਾਸ ਵੀ ਜਾਣਗੀਆਂ ਅਤੇ ਕਈ ਜੋਤਿਸ਼ੀਆਂ ਨੇ ਭਵਿਖ ਬਾਣੀ ਕਰਨ ਦਾ ਸਿਲਸਿਲਾ ਸ਼ੁਰੂ ਵੀ ਕਰ ਦਿਤਾ ਹੈ। ਵਿਅਕਤੀ ਵਿਸ਼ੇਸ਼ ਧਾਰਮਿਕ ਅਸਥਾਨਾਂ ਅਤੇ ਧਾਰਮਿਕ ਹਸਤੀਆਂ ਪਾਸ ਵੀ ਜਾਣਗੇ। ਵਖ ਵਖ ਤਰ੍ਹਾਂ ਦੇ ਐਲਾਨ ਅਤੇ ਝਾਸੇ ਵੀ ਸਾਡੇ ਸਾਹਮਣੇ ਕੀਤੇ ਜਾਣਗੇ। ਲੋਕੀਂ ਵਿਸ਼ਵਾਸ ਤਾਂ ਅਜ ਕਿਸੇ ਉਤੇ ਨਹੀਂ ਕਰਦੇ, ਪਰ ਫਿਰ ਵੀ ਕੋਈ ਨਾਂ ਕੋਈ ਹਵਾ ਤਾ ਚਲੇਗੀ ਹੀ ਅਤੇ ਉਸ ਹਵਾ ਦੇ ਜ਼ੋਰ ਦਾ ਪ੍ਰਭਾਵ ਵੀ ਪਵੇਗਾ। ਅਸੀਂ ਭਾਰਤੀਆਂ ਨੇ ਵੋਟਾਂ ਤਾਂ ਪਾਉਣੀਆਂ ਹੀ ਹਨ ਕਿਉਂਕਿ ਇਹ ਜਿਸ ਤਰ੍ਹਾਂ ਦਾ ਵੀ ਪਰਜਾਤੰਤਰ ਆਇਆ ਹੈ ਇਹ ਕਾਇਮ ਰਖਣਾ ਸਾਡਾ ਫਰਜ਼ ਜਿਹਾ ਬਣਾ ਗਿਆ ਹੈ। ਰਾਜਸੀ ਟੀਮਾਂ ਨੇ ਅਗਰ ਸਾਡੇ ਨੁਮਾਇੰਦੇ ਖੜੇ ਨਹੀਂ ਵੀ ਕਰਨੇ ਤਾਂ ਵੀ ਅਸੀਂ ਵਿਅਕਤੀਵਿਸ਼ੇਸ਼ਾਂ ਦੇ ਚੁਣੇ ਨੁਮਾਇੰਦਿਆਂ ਨੂੰ ਹੀ ਵੋਟਾ ਪਾਕੇ ਅਗਲੇ ਪੰਜ ਸਾਲਾਂ ਦੀ ਸਰਕਾਰ ਬਣਾ ਦੇਵਾਂਗੇ। ਜਿਥੇ ਪਿਛਲੇ ਸਤ ਦਹਾਕਿਆਂ ਵਿੱਚ ਸਾਡੀ ਗੁਰਬਤ ਅਤੇ ਪਛੜਾਪਣ ਦੂਰ ਨਹੀਂ ਕੀਤਾ ਜਾ ਸਕਿਆ, ਪੰਜ ਸਾਲ ਹੋਰ ਸਹੀ। ਇਹ ਪਾਨੀਪਤ ਦੀਆਂ ਲੜਾਈਆਂ ਅਤੇ ਇਹ ਦੌਸਤਾਨਾ ਮੈਚਾਂ ਵਿੱਚ ਕੋਣ ਜਿਤਦਾ ਹੈ ਕੌਣ ਹਾਰਦਾ ਹੈ, ਸਾਡੇ ਲਈ ਕੋਈ ਮਾਅਨੇ ਨਹੀਂ ਰਖਦਾ।

Send this to a friend