May 8, 2026 7:03 am

ਗੁਰਬਾਣੀ ਵਿਆਕਰਣ ਦੇ ਮਹਾਂ ਗਿਆਨੀ : ਪ੍ਰੋਫੈਸਰ ਸਾਹਿਬ ਸਿੰਘ ਜੀ

ਪ੍ਰੋਫੈਸਰ ਸਾਹਿਬ ਸਿੰਘ ਦੇ ਵਡੇ ਵਡੇਰੇ ਹਿੰਦੂ ਸਨ। ਉਨ੍ਹਾਂ ਦਾ ਆਪਣਾ ਮੁਢਲਾ ਨਾਂ ਨਥੂ ਰਾਮ ਸੀ।ਉਨ੍ਹਾਂ ਦੇ ਪਿਤਾ ਹੀਰਾਨੰਦ, ਦਾਦਾ ਗੁਰਮੁਖ ਤੇ ਪੜਦਾਦਾ ਮਨੀ ਰਾਮ ਸਨ। ਉਨ੍ਹਾਂ ਦੇ ਦੋ ਹੋਰ ਭਰਾ ਲਭੂ ਰਾਮ ਤੇ ਦੀਵਾਨ ਚੰਦ ਸਨ (ਜੋ ਪਿਛੋਂ ਲਾਭ ਸਿੰਘ ਤੇ ਦੀਵਾਨ ਸਿੰਘ ਬਣੇ)। ਪ੍ਰੋਫੈਸਰ ਸਾਹਿਬ ਸਿੰਘ ਦਾ ਜਨਮ 16 ਫਰਵਰੀ 1892 ਨੂੰ ਫਤੇਵਾਲੀ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਚ ਮਾਤਾ ਜਮਨਾ (ਨਿਹਾਲ ਦੇਈ) ਦੀ ਕੁਖੋਂ ਹੋਇਆ।
ਪ੍ਰੋਫੈਸਰ ਸਾਹਿਬ ਸਿੰਘ ਦਾ ਨਾਂ ਨਥੂ ਰਾਮ ਇਸ ਕਰਕੇ ਰਖਿਆ ਗਿਆ ਸੀ, ਕਿਉਂਕਿ ਪਰਿਵਾਰ ਵਿਚ ਉਸ ਤੋਂ ਪਹਿਲਾਂ ਜਿੰਨੇ ਵੀ ਬਚੇ ਹੋਏ, ਛੇਤੀ ਹੀ ਮਰਦੇ ਰਹੇ। ਇਸੇ ਲਈ ਪ੍ਰੋ. ਸਾਹਿਬ ਸਿੰਘ ਦੇ ਅਠਵੀਂ ਜਮਾਤ ਦੇ ਇਮਤਿਹਾਨ ਦੇਣ ਤਕ ਨਕ ਵਿਚ ਨਥ ਪਾਈ ਰਹੀ। ਉਨ੍ਹਾਂ ਦੀ ਸ਼ਾਦੀ ਦੁਰਗਾ ਦੇਵੀ (ਆਗਿਆ ਕੌਰ) ਨਾਲ ਹੋਈ, ਜੋ ਉਦੋਂ 11 ਸਾਲ ਦੀ ਸੀ। ਇਹ ਸ਼ਾਦੀ 25 ਜਨਵਰੀ 1905 ਈ. ਨੂੰ ਅਠਵੀਂ ਦੀ ਪ੍ਰੀਖਿਆ ਦੇਣ ਤੋਂ ਬਾਅਦ (ਕਰੀਬ 13 ਸਾਲ ਦੀ ਉਮਰ ਵਿਚ) ਹੋਈ।
ਪ੍ਰੋਫੈਸਰ ਸਾਹਿਬ ਨੇ ਮੁਢਲੀ ਵਿਦਿਆ ਪ੍ਰਸਿਧ ਕਿਸਾ ਕਵੀ ਹਾਸ਼ਮ ਸ਼ਾਹ ਦੇ ਪੁਤਰ ਮੀਆਂ ਹਯਾਤ ਸ਼ਾਹ ਤੋਂ ਪ੍ਰਾਪਤ ਕੀਤੀ। ਛੋਟੇ ਹੁੰਦਿਆਂ ਹੀ ਤੀਜੀ-ਚੌਥੀ ਜਮਾਤ ਵਿਚ ਪੜ੍ਹਦਿਆਂ ਪ੍ਰੋਫੈਸਰ ਸਾਹਿਬ ਨੂੰ ਮਿਆਦੀ ਤਾਪ ਅਤੇ ਚੇਚਕ ਦੀ ਬਿਮਾਰੀ ਹੋਈ, ਪਰ ਪਰਮਾਤਮਾ ਦੀ ਕਿਰਪਾ ਸਦਕਾ ਉਹ ਬਚਦੇ ਰਹੇ। ਸਤੰਬਰ 1906 ਵਿਚ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਧਰਮ ਸਿੰਘ ਦੀ ਪ੍ਰੇਰਨਾ ਸਦਕਾ ਅੰਮ੍ਰਿਤ ਛਕਿਆ।
ਘਰੋਂ ਗ਼ਰੀਬ ਹੋਣ ਕਰਕੇ ਦਸਵੀਂ ਦੇ ਪੇਪਰਾਂ ਦੇ ਦਾਖਲੇ ਲਈ ਉਨ੍ਹਾਂ ਦੀ ਭੂਆ ਰਾਧੀ ਨੇ ਟੂੰਮਾਂ ਗਹਿਣੇ ਧਰ ਕੇ ਕਰ ਕਰਜ਼ਾ ਲਿਆ ਸੀ। ਦਸਵੀਂ ਦੀ ਪ੍ਰੀਖਿਆ ਵਿਚ 33 ਮੁੰਡਿਆਂ ‘ਚੋਂ ਸਿਰਫ 10 ਹੀ ਪਾਸ ਹੋਏ ਤੇ ਸਾਹਿਬ ਸਿੰਘ ਸਕੂਲ ਵਿਚੋਂ ਪਹਿਲੇ ਨੰਬਰ ਤੇ ਰਿਹਾ। ਉਂਜ ਉਹਦੀ ਡਿਵੀਜ਼ਨ ਦੂਜੀ ਹੀ ਸੀ।
ਰੋਜ਼ਗਾਰ ਵਜੋਂ ਉਨ੍ਹਾਂ ਨੇ ਸਕੂਲ ਟੀਚਰ, ਡਾਕਖਾਨਾ ਕਲਰਕ, ਲੈਕਚਰਾਰ ਖਾਲਸਾ ਕਾਲਜ ਗੁਜਰਾਂਵਾਲਾ, ਮੀਤ ਸਕਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਲੈਕਚਰਾਰ ਖ਼ਾਲਸਾ ਕਾਲਜ ਅੰਮ੍ਰਿਤਸਰ, ਪ੍ਰਿੰਸੀਪਲ ਸ਼ਹੀਦ ਸਿਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਆਦਿ ਥਾਵਾਂ ਤੇ ਕੰਮ ਕੀਤਾ।
ਉਨ੍ਹਾਂ ਨੂੰ ਹੋਮਿਓਪੈਥੀ ਅਤੇ ਬਾਇਓਕੈਮਿਕ ਦਵਾਈਆਂ ਬਾਰੇ ਵੀ ਕਾਫੀ ਜਾਣਕਾਰੀ ਪ੍ਰਾਪਤ ਸੀ। ਇਕ ਵੇਰ ਉਨ੍ਹਾਂ ਦੇ ਬਚੇ ਨੂੰ ਟਾਈਫਾਈਡ ਬੁਖਾਰ ਹੋਇਆ, ਤਾਂ ਉਨ੍ਹਾਂ ਨੇ ਨੈਟਰਮ ਫਾਸ ਦਵਾਈ ਨਾਲ ਇਸਦਾ ਇਲਾਜ ਕੀਤਾ ਸੀ। ਫਿਰ ਉਸੇ ਬਚੇ ਨੂੰ ਅੰਗੂਰ ਖਾਣ ਨਾਲ ਖਾਂਸੀ ਹੋ ਗਈ, ਤਾਂ ਉਨ੍ਹਾਂ ਨੇ ਫਾਰਮ ਫਾਸ ਨਾਲ ਇਸਦਾ ਇਲਾਜ ਕੀਤਾ ਸੀ।
ਸਤੰਬਰ 1925 ਵਿਚ ਉਨ੍ਹਾਂ ਦੀ ਪਤਨੀ ਆਗਿਆ ਕੌਰ ਸਦੀਵੀ ਵਿਛੋੜਾ ਦੇ ਗਈ। ਦਸੰਬਰ 1933 ਵਿਚ ਉਨ੍ਹਾਂ ਨੇ ਦੂਜੀ ਸ਼ਾਦੀ ਕਰ ਲਈ, ਰਤਨ ਕੌਰ ਨਾਲ, ਜੋ ਪਹਿਲਾਂ ਵਿਧਵਾ ਸੀ। 1934 ਵਿਚ ਉਨ੍ਹਾਂ ਦੇ ਘਰ ਇਕ ਲੜਕਾ ਪੈਦਾ ਹੋਇਆ, ਦਲਜੀਤ ਸਿੰਘ। ਇਹੀ ਉਹ ਦਲਜੀਤ ਸਿੰਘ ਹੈ, ਜੋ ਅੰਮ੍ਰਿਤਸਰ ਵਿਚ ਅਖਾਂ ਦਾ ਪ੍ਰਸਿਧ ਡਾਕਟਰ ਸੀ। ਕੁਝ ਸਮਾਂ ਪਹਿਲਾਂ ਇਸ ਡਾਕਟਰ ਦੀ ਵੀ ਮੌਤ ਹੋ ਚੁਕੀ ਹੈ।
ਆਪਣੇ ਜੀਵਨ ਦੇ ਆਖਰੀ ਵਰ੍ਹਿਆਂ ਵਿਚ ਉਨ੍ਹਾਂ ਨੂੰ ਪਾਰਕਿਨਸਨ ਰੋਗ ਨੇ ਆ ਕੇ ਘੇਰਿਆ ਸੀ, ਜਿਸ ਕਰਕੇ ਉਹ ਹੌਲੀ ਹੌਲੀ ਖੁਰਦੇ ਗਏ। 14 ਸਤੰਬਰ 1977 ਨੂੰ ਉਹ ਬੇਹੋਸ਼ੀ ਵਿਚ ਚਲੇ ਗਏ ਅਤੇ 29 ਅਕਤੂਬਰ1977ਨੂੰ ਉਹ ਸਦੀਵੀ ਵਿਛੋੜਾ ਦੇ ਗਏ।
ਪ੍ਰੋ. ਸਾਹਿਬ ਸਿੰਘ ਨੇ ਆਪਣੇ ਜੀਵਨ ਵਿਚ ਸ਼੍ਰੀ ਗੁਰੂ ਗ੍ਰੰਥ ਦਰਪਣ ਤੇ ਦਸ ਗੁਰੂ ਸਾਹਿਬਾਨ ਦੇ ਚਰਿਤਰ ਸਬੰਧੀ ਵਡੇ ਕਾਰਜ ਕੀਤੇ ਤੇ ਹੋਰ ਨਿਕੇ ਮੋਟੇ ਕੰਮਾਂ ਤੋਂ ਇਨਕਾਰ ਕਰ ਦਿਤਾ। ਪ੍ਰੋ. ਪ੍ਰੀਤਮ ਸਿੰਘ (ਜੋ ਰਿਸ਼ਤੇ ਵਿਚ ਉਨ੍ਹਾਂ ਦੇ ਦਾਮਾਦ ਲਗਦੇ ਸਨ, ਬੇਟੀ ਨਰਿੰਦਰ ਕੌਰ ਦੇ ਪਤੀ) ਦੇ ਯਤਨਾਂ ਨਾਲ ਪੰਜਾਬ ਸਕੂਲ ਸਿਖਿਆ ਬੋਰਡ ਨੇ ਪ੍ਰੋਫੈਸਰ ਸਾਹਿਬ ਸਿੰਘ ਤੋਂ ਪੰਜਾਬੀ ਵਿਆਕਰਨਾਂ ਦੀਆਂ ਪੁਸਤਕਾਂ ਲਿਖਵਾਉਣੀਆਂ ਸਨ। ਪਰ ਉਨ੍ਹਾਂ ਨੇ ਪ੍ਰੋ. ਪ੍ਰੀਤਮ ਸਿੰਘ ਨੂੰ ਕਿਹਾ,ਠਪ੍ਰੀਤਮ ਸਿੰਘ ਜੀ, ਇਸ ਸਰੀਰ ਦਾ ਕੋਈ ਭਰਵਾਸਾ ਨਹੀਂ, ਕਿਸ ਵੇਲੇ ਜਵਾਬ ਦੇ ਜਾਵੇ। ਮੈਂ ਗੁਰਬਾਣੀ ਵਿਆਕਰਨ ਦਾ ਸੰਕਲਪ ਕੀਤਾ ਸੀ, ਜੋ ਗੁਰੂ- ਪਾਤਸ਼ਾਹ ਨੇ ਸਿਰੇ ਚੜ੍ਹਾ ਦਿਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਗੁਰ-ਇਤਿਹਾਸ ਬਾਰੇ ਸੰਕਲਪ ਬਣਿਆ ਹੋਇਆ ਹੈ। ਜੇ ਮੈਂ ਪੈਸਿਆਂ ਪਿਛੇ ਕੋਈ ਕੰਮ ਕਰਨਾ ਹੁੰਦਾ, ਤਾਂ ਇਹ ਕੰਮ ਕਦੀ ਨਾ ਹੋ ਸਕਦੇ। ਮੇਰੇ ਪਾਸ ਜੋ ਸਮਾਂ ਹੈ, ਉਸ ਦਾ ਇਕ- ਇਕ ਪਲ ਗੁਰੂ ਲਈ ਹੈ। ਵਿਆਕਰਨਾਂ ਲਈ ਲਿਖ ਕੇ ਪੈਸੇ ਕਮਾਉਣ ਵਾਲੇ ਹੋਰ ਬਥੇਰੇ।ਠ
ਉਨ੍ਹਾਂ ਦੀ ਪਹਿਲੀ ਪਤਨੀ (ਆਗਿਆ ਕੌਰ) ਦੀ ਕੁਖੋਂ ਛੇ ਬਚੇ (ਪੰਜ ਲੜਕੇ ਤੇ ਇਕ ਲੜਕੀ) ਅਤੇ ਦੂਜੀ (ਰਤਨ ਕੌਰ) ਦੀ ਕੁਖੋਂ ਦੋ ਬਚੇ (ਇਕ ਲੜਕਾ ਤੇ ਇਕ ਲੜਕੀ) ਪੈਦਾ ਹੋਏ।
ਪ੍ਰੋਫੈਸਰ ਸਾਹਿਬ ਸਿੰਘ ਦੀਆਂ ਸਾਰੀਆਂ ਹੀ ਪੁਸਤਕਾਂ ਗੁਰਬਾਣੀ, ਸਿਖ ਇਤਿਹਾਸ ਤੇ ਸਿਖ ਧਰਮ ਨਾਲ ਸਬੰਧਿਤ ਹਨ। ਇਨ੍ਹਾਂ ਵਿਚ ਖੋਜ, ਵਾਰਤਕ, ਜੀਵਨੀ , ਧਰਮ, ਵਿਆਕਰਨ, ਕੋਸ਼, ਸੰਪਾਦਨ ਅਤੇ ਟੀਕਾ ਆਦਿ ਦਾ ਵੇਰਵਾ ਸ਼ਾਮਲ ਹੈ।
* ਖੋਜ: ਆਦਿ ਬੀੜ ਬਾਰੇ (ਅੰਗਰੇਜ਼ੀ ਅਨੁਵਾਦ ਸ. ਦਲੀਪ ਸਿੰਘ ਵਲੋਂ ‘ਅਬਾਊਟ ਕੰਪਾਈਲੇਸ਼ਨ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ‘)
* ਵਾਰਤਕ: ਧਾਰਮਿਕ ਲੇਖ, ਕੁਝ ਹੋਰ ਧਾਰਮਿਕ ਲੇਖ, ਸਰਬਤ ਦਾ ਭਲਾ, ਗੁਰਬਾਣੀ ਦੇ ਇਤਿਹਾਸ ਬਾਰੇ, ਸਿਖ ਸਿਦਕ ਨਾ ਹਾਰੇ, ਬੁਰਾਈ ਦਾ ਟਾਕਰਾ, ਸਦਾਚਾਰਕ ਲੇਖ,ਸਿਮਰਨ ਦੀਆਂ ਬਰਕਤਾਂ।
* ਜੀਵਨੀਆਂ: ਜੀਵਨ ਬਿਰਤਾਂਤ ਗੁਰੂ ਗੋਬਿੰਦ ਸਿੰਘ ਜੀ, (ਅੰਗਰੇਜ਼ੀ ਤੇ ਹਿੰਦੀ ਵਿਚ ਵੀ ਛਪਿਆ), ਜੀਵਨ ਬਿਰਤਾਂਤ ਗੁਰੂ ਅਰਜਨ ਦੇਵ ਜੀ, ਜੀਵਨ ਬਿਰਤਾਂਤ ਗੁਰੂ ਹਰ ਰਾਇ ਜੀ ਤੇ ਗੁਰੂ ਹਰਕ੍ਰਿਸ਼ਨ ਜੀ, ਜੀਵਨ ਬਿਰਤਾਂਤ ਗੁਰੂ ਤੇਗ਼ ਬਹਾਦਰ ਜੀ, ਜੀਵਨ ਬਿਰਤਾਂਤ ਗੁਰੂ ਨਾਨਕ ਦੇਵ ਜੀ (ਅੰਗਰੇਜ਼ੀ ਤੇ ਹਿੰਦੀ ਵਿਚ ਵੀ ਛਪਿਆ), ਜੀਵਨ ਬਿਰਤਾਂਤ ਗੁਰੂ ਹਰਗੋਬਿੰਦ ਸਾਹਿਬ ਜੀ, ਜੀਵਨ ਬਿਰਤਾਂਤ ਗੁਰੂ ਅਮਰ ਦਾਸ ਜੀ, ਜੀਵਨ ਬਿਰਤਾਂਤ ਗੁਰੂ ਅੰਗਦ ਦੇਵ ਜੀ, ਜੀਵਨ ਬਿਰਤਾਂਤ ਗੁਰੂ ਰਾਮਦਾਸ ਜੀ।
* ਧਰਮ: ਧਰਮ ਤੇ ਸਦਾਚਾਰ ।
* ਵਿਆਕਰਨ: ਗੁਰਬਾਣੀ ਵਿਆਕਰਨ।
* ਕੋਸ਼: ਪੰਜਾਬੀ ਮੁਹਾਵਰਾ ਕੋਸ਼, ਪੰਜਾਬੀ ਅਲੰਕਾਰ।
* ਸੰਪਾਦਨ: ਬਾਬਾਣੀਆਂ ਕਹਾਣੀਆਂ।
* ਸਹਿ ਸੰਪਾਦਨ: ਪੰਜਾਬੀ ਸੁਹਜ ਪ੍ਰਕਾਸ਼ (ਮਹਿਤਾਬ ਸਿੰਘ ਨਾਲ ਰਲ ਕੇ) ਬਾਰਾਂਮਾਹ ਤੁਖਾਰੀ ਤੇ ਮਾਝ (ਕੁਲਵੰਤ ਸਿੰਘ ਨਾਲ ਮਿਲ ਕੇ)।
* ਟੀਕੇ: ਭਟਾਂ ਦੇ ਸਵਈਏ ਸਟੀਕ, ਜਪੁਜੀ ਸਾਹਿਬ ਸਟੀਕ, ਆਸਾ ਦੀ ਵਾਰ ਸਟੀਕ, ਰਾਮਕਲੀ ਸਦ ਸਟੀਕ, ਸੁਖਮਨੀ ਸਾਹਿਬ ਸਟੀਕ,ਜੈਤਸਰੀ ਕੀ ਵਾਰ ਸਟੀਕ, ਦਸ ਵਾਰਾਂ ਸਟੀਕ, ਜਾਪੁ ਸਾਹਿਬ, ਸਵਈਏ, ਚੌਪਈ ਸਟੀਕ, ਸਲੋਕ ਫਰੀਦ ਜੀ ਸਟੀਕ, ਸਲੋਕ ਗੁਰੂ ਅੰਗਦ ਸਾਹਿਬ ਸਟੀਕ, ਸਲੋਕ ਕਬੀਰ ਜੀ ਸਟੀਕ, ਸਿਧ ਗੋਸਟਿ ਸਟੀਕ, ਭਗਤ ਬਾਣੀ ਸਟੀਕ(ਪੰਜ ਜਿਲਦਾਂ), ਗੁਰੂ ਗ੍ਰੰਥ ਦਰਪਣ (ਪੰਜ ਭਾਗ), ਸਤੇ ਬਲਵੰਡ ਦੀ ਵਾਰ ਸਟੀਕ, ਬਾਰਾਂ ਮਾਹ ਤੁਖਾਰੀ ਤੇ ਮਾਝ ਸਟੀਕ, ਨਿਤਨੇਮ ਸਟੀਕ।
* ਹਿੰਦੀ ਵਿਚ: ਸੰਤ ਬਾਣੀ।
ਉਨ੍ਹਾਂ ਨੂੰ ਮਿਲੇ ਸਨਮਾਨਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ‘ਗੁਰਬਾਣੀ ਵਿਆਕਰਨ‘ ਉਤੇ ਪੁਰਸਕਾਰ, ਸਿੰਘ ਸਭਾ ਬੈਂਕਾਕ ਥਾਈਲੈਂਡ ਵਲੋਂ ਸਨਮਾਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਡੀ. ਲਿਟ. ਦੀ ਆਨਰੇਰੀ ਡਿਗਰੀ ਸ਼ਾਮਿਲ ਹਨ।
ਪ੍ਰੋਫੈਸਰ ਸਾਹਿਬ ਸਿੰਘ ਨੇ ਗੁਰੂ ਕੇ ਬਾਗ ਅਤੇ ਜੈਤੋ ਦੇ ਮੋਰਚੇ ਸਮੇਂ ਅਗਸਤ 1922 ਤੋਂ ਮਾਰਚ 1923 ਤਕ, ਅਤੇ ਅਕਤੂਬਰ1923 ਤੋਂ ਮਾਰਚ1924 ਤਕ ਜੇਲ੍ਹ ਯਾਤਰਾ ਵੀ ਕੀਤੀ। ਅਸਲ ਵਿਚ ਉਨ੍ਹਾਂ ਦੀ ਜੀਵਨ ਕਹਾਣੀ ‘ਮੇਰੀਆਂ ਹਡ ਬੀਤੀਆਂ‘ ਹੀ ਹਨ। ਜੇਲ੍ਹ ਸਮੇਂ ਹੀ ਉਨ੍ਹਾਂ ਨੇ ਹਡ ਬੀਤੀਆਂ ਲਿਖਣੀਆਂ ਸ਼ੁਰੂ ਕਰ ਦਿਤੀਆਂ ਸਨ ਤੇ ਫਿਰ 1966 ਵਿਚ ਇਨ੍ਹਾਂ ਹਡ ਬੀਤੀਆਂ ਨੂੰ ਦੁਬਾਰਾ ਲਿਖਿਆ ਸੀ।
ਉਨ੍ਹਾਂ ਨੇ ਆਪਣੇ ਬਚਿਆਂ ਦੇ ਵਿਆਹ ਬਹੁਤ ਹੀ ਸਧਾਰਨ ਤੇ ਸਾਦਾ ਢੰਗ ਨਾਲ ਕੀਤੇ। ਕਈ ਵਿਆਹਾਂ ਵਿਚ ਤਾਂ ਆਂਢ ਗੁਆਂਢ ਨੂੰ ਵੀ ਉਕਾ ਹੀ ਖ਼ਬਰ ਨਹੀਂ ਹੋਈ। ਉਨ੍ਹਾਂ ਦੀ ‘ਜੀਵਨ ਕਹਾਣੀ‘ ਦੇ 22ਵੇਂ ਕਾਂਡ (ਜਿਤਨੀ ਚਾਦਰ ਵੇਖੀਏ, ਉਤਨੇ ਪੈਰ ਪਸਾਰੀਏ) ਵਿਚ ਇਨ੍ਹਾਂ ਵਿਆਹਾਂ ਦੀ ਤਫ਼ਸੀਲ ਬਹੁਤ ਪ੍ਰਭਾਵਿਤ ਕਰਦੀ ਹੈ।
ਸਿਖ ਧਰਮ, ਇਤਿਹਾਸ ਤੇ ਵਿਆਕਰਨ ਲਈ ਜੋ ਕੰਮ ਇਕਲਿਆਂ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ ਹੈ, ਉਸਦੀ ਨਜ਼ੀਰ ਲਭਣ ਲਈ ਜ਼ਮਾਨੇ ਨੂੰ ਪਤਾ ਨਹੀਂ ਹੋਰ ਕਿੰਨੇ ਗੇੜਾਂ ਵਿਚੋਂ ਲੰਘਣਾ ਪਵੇਗਾ।
ਪ੍ਰੋਫੈਸਰ ਪ੍ਰੀਤਮ ਸਿੰਘ ਨੇ ਉਨ੍ਹਾਂ ਨੂੰ ‘ਗੁਰੂ ਗ੍ਰੰਥ ਸਾਹਿਬ ਦਾ ਪਾਣਿਨੀ‘ ਕਹਿ ਕੇ ਵਡਿਆਇਆ ਹੈ। ਉਨ੍ਹਾਂ ਦੀ ਆਤਮਕਥਾ (ਜਿਸਨੂੰ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਸੰਪਾਦਿਤ ਕੀਤਾ ਹੈ) ਦਾ ਅਸਲੀ ਨਾਮ ‘ਮੇਰੀਆਂ ਗ਼ਰੀਬ ਦੀਆਂ ਹਡ ਬੀਤੀਆਂ’ ਹੈ ।

Send this to a friend