May 13, 2026 12:21 pm

ਜੰਮੂ-ਕਸ਼ਮੀਰ ਦੀ ਕਤਲੋਗਾਰਤ

ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿੱਚ ਵੀਰਵਾਰ ਨੂੰ ਹੋਏ ਇਕ ਵੱਡੇ ਫਿਦਾਇਨ ਹਮਲੇ ’ਚ ਸੀਆਰਪੀਐਫ ਦੇ 42 ਜਵਾਨ ਮਾਰੇ ਗਏ। ਇਸ ਘਟਨਾ ਦੇ ਨਾਲ ਦੇਸ਼ ਭਰ ’ਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਹੈ। ਇਹ ਹਮਲਾ ਇਸ ਜਥੇਬੰਦੀ ਦੇ ਇਕ ਕਾਰਕੁੰਨ ਵੱਲੋਂ ਬਾਰੂਦ ਨਾਲ ਭਰੀ ਕਾਰ ਰਾਹੀਂ ਅੰਜ਼ਾਮ ਦਿੱਤਾ ਗਿਆ ਹੈ। ਵੱਡੇ ਜਾਨੀ ਨੁਕਸਾਨ ਕਾਰਨ ਇਸ ਘਟਨਾ ਨਾਲ ਪੂਰਾ ਦੇਸ਼ ਹਿੱਲ ਗਿਆ ਹੈ। ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਇਸ ਹਮਲੇ ਵਿੱਚ ਮਾਰੇ ਗਏ ਹਨ ਉਨ੍ਹਾਂ ਲਈ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਉਂਝ ਇਹ ਸਿਲਸਿਲਾ ਕੋਈ ਨਵਾਂ ਨਹੀਂ ਹੈ। ਪਿਛਲੇ 70-72 ਸਾਲਾਂ ਤੋਂ ਜੰਮੂ-ਕਸ਼ਮੀਰ ਦੁਵੱਲੀ ਕਤਲੋਗਾਰਤ ਵਿੱਚ ਫਸਿਆ ਹੋਇਆ ਹੈ। ਇਕ ਪਾਸੇ ਸਰਕਾਰੀ ਦਹਿਸ਼ਤਗਰਦੀ ਕਾਰਨ ਕਸ਼ਮੀਰ ਵਿੱਚ ਲੋਕਾਂ ’ਤੇ ਲਗਾਤਾਰ ਤਸ਼ੱਦਦ ਅਤੇ ਜ਼ੁਲਮ ਹੋ ਰਹੇ ਹਨ। ਕਸ਼ਮੀਰੀ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੂਸਰੇ ਪਾਸੇ ਇਸ ਦੇ ਪ੍ਰਤੀਕਰਮ ਵਜੋਂ ਹੀ ਜੰਮੂ-ਕਸ਼ਮੀਰ ਵਿੱਚ ਭਾਰਤੀ ਫੌਜ, ਨੀਮ ਫੌਜੀ ਦਸਤਿਆਂ ਅਤੇ ਪੁਲਿਸ ਖਿਲਾਫ਼ ਹਿੰਸਾ ਹੋ ਰਹੀ ਹੈ। ਭਾਰਤ ਅਤੇ ਪਾਕਿਸਤਾਨ 1947 ਤੋਂ ਕਸ਼ਮੀਰ ’ਤੇ ਕਬਜ਼ੇ ਦੀ ਲੜਾਈ ਲੜ ਰਹੇ ਹਨ। ਦੋਵੇਂ ਦੇਸ਼ ਕਸ਼ਮੀਰ ਦੇ ਇਸ ਖਿੱਤੇ ਲਈ ਇਕ ਤਰ੍ਹਾਂ ਨਾਲ ‘ਪ੍ਰੋਕਸੀ ਵਾਰ’ ਲੜ ਰਹੇ ਹਨ। ਦੋਵੇਂ ਦੇਸ਼ਾਂ ਦੇ ਨੇਤਾਵਾਂ ਲਈ ਕਸ਼ਮੀਰ ਦੀ ਲੜਾਈ ਆਪਣੀ ਸਿਆਸਤ ਚਲਾਉਣ ਦਾ ਸਬੱਬ ਬਣੀ ਹੋਈ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਕਸ਼ਮੀਰ ਵਿੱਚ ਇਕਦਮ ਹਿੰਸਾ ਸ਼ੁਰੂ ਹੋ ਜਾਂਦੀ ਹੈ। ਮਾਵਾਂ ਦੇ ਪੁੱਤ ਮਰਦੇ ਰਹਿੰਦੇ ਹਨ ਅਤੇ ਸਿਆਸੀ ਰੋਟੀਆਂ ਸੇਕਣ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਭਾਰਤੀ ਨੇਤਾਵਾਂ ਹਿੰਸਾ ਦੀ ਹਰ ਵੱਡੀ ਘਟਨਾ ਤੋਂ ਬਾਅਦ ਪਾਕਿਸਤਾਨ ਅਤੇ ਅੱਤਵਾਦੀਆਂ ਨੂੰ ਸਬਕ ਸਿਖਾਉਣ ਦੇ ਬਿਆਨ ਆਉਂਦੇ ਹਨ। ਇਸੇ ਤਰ੍ਹਾਂ ਦੀ ਹੀ ਬਿਆਨਬਾਜ਼ੀ ਪਾਕਿਸਤਾਨ ਦੇ ਸਿਆਸੀ ਨੇਤਾਵਾਂ ਵੱਲੋਂ ਲਗਾਤਾਰ ਹੁੰਦੀ ਰਹਿੰਦੀ ਹੈ। ਪੁਲਵਾਮਾ ਦੀ ਘਟਨਾ ਤੋਂ ਬਾਅਦ ਵੀ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਹੋਰ ਤਾਂ ਹੋਰ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਹੋਰ ਆਗੂ ਬਦਲਾ ਲੈਣ ਦੀਆਂ ਗੱਲਾਂ ਆਖ ਰਹੇ ਹਨ। ਲਾਜ਼ਮੀ ਤੌਰ ’ਤੇ ਇਸ ਬਦਲੇ ਦੇ ਜਵਾਬ ਵਿੱਚ ਫਿਰ ਹਿੰਸਾ ਹੋਵੇਗੀ। ਕਤਲੋਗਾਰਤ ਦਾ ਇਹ ਸਿਲਸਿਲਾ ਰੁਕੇਗਾ ਨਹੀਂ। ਕਿਉਂਕਿ ਦੋਵੇਂ ਪਾਸੇ ਸਿਆਸੀ ਨੇਤਾ ਇਹ ਨਹੀਂ ਚਾਹੁੰਦੇ ਕਿ ਕਸ਼ਮੀਰ ਵਿੱਚ ਕਤਲੋਗਾਰਤ ਰੋਕੀ ਜਾਵੇ ਅਤੇ ਇਸ ਮਸਲੇ ਦਾ ਸ਼ਾਂਤੀਪੂਰਨ ਹੱਲ ਕੱਢਿਆ ਜਾਵੇ। ਇਹ ਕਤਲੋਗਾਰਤ ਤਾਂ ਨੇਤਾਵਾਂ ਦਾ ਧੰਦਾ ਚਲਾਉਣ ਲਈ ਜ਼ਰੂਰੀ ਹੈ। ਦੋਵੇਂ ਪਾਸੇ ਸਿਆਸੀ ਨੇਤਾਵਾਂ ਨੇ ਫੌਜ, ਨੀਮ ਫੌਜੀ ਦਸਤਿਆਂ ਅਤੇ ਪੁਲਿਸ ਦੇ ਜਵਾਨਾਂ ਨੂੰ ਸਿਆਸਤ ਦੀ ਭੱਠੀ ਦਾ ਬਾਲਣ ਬਣਾ ਰੱਖਿਆ ਹੈ। ਕੋਈ ਵੀ ਸਿਆਸੀ ਨੇਤਾ ਕਸ਼ਮੀਰ ਮਸਲੇ ਦੇ ਹੱਲ ਲਈ ਗੱਲ ਕਰਨ ਨੂੰ ਤਿਆਰ ਨਹੀਂ ਹੈ। ਕੇਂਦਰ ਸਰਕਾਰ ਕਸ਼ਮੀਰ ਮਸਲੇ ਦਾ ਫੌਜ ਰਾਹੀਂ ਹੀ ਹੱਲ ਕੱਢਣਾ ਚਾਹੁੰਦੀ ਹੈ। ਪਿਛਲੇ 72 ਸਾਲਾਂ ’ਚ ਇਸ ਕਾਰਨ ਹੀ ਕਸ਼ਮੀਰ ਮਸਲਾ ਹੱਲ ਹੋਣ ਦੀ ਥਾਂ ਹੋਰ ਉਲਝਦਾ ਚਲਾ ਗਿਆ ਹੈ। ਕਸ਼ਮੀਰ ਦੀ ਹਿੰਸਾ ਦੇ ਦੋ ਪਹਿਲੂ ਹਨ। ਬੇਸ਼ਕ ਭਾਰਤ ਦਾ ਇਹ ਦੋਸ਼ ਹੈ ਕਿ ਪਾਕਿਸਤਾਨ ਹੀ ਕਸ਼ਮੀਰ ਵਿੱਚ ਹਿੰਸਾ ਭੜਕਾ ਰਿਹਾ ਹੈ, ਪ੍ਰੰਤੂ ਇਹ ਸੱਚ ਹੈ ਕਿ ਕਸ਼ਮੀਰ ਦੇ ਵੱਡੀ ਗਿਣਤੀ ਵਿੱਚ ਨੌਜਵਾਨ ਜ਼ੁਲਮ ਤਸ਼ੱਦਦ ਖਿਲਾਫ ਲੜਾਈ ਲਈ ਆਪਣੀ ਮਰਜ਼ੀ ਨਾਲ ਅੱਤਵਾਦੀ ਸੱਫਾਂ ਵਿੱਚ ਸ਼ਾਮਿਲ ਹੋਏ ਹਨ। ਸ਼ਾਇਦ ਉਨ੍ਹਾਂ ਨੂੰ ਘਰ ਵਿੱਚ ਬੈਠ ਕੇ ਮਰਨਾ ਮਨਜ਼ੂਰ ਨਹੀਂ ਹੈ। ਪੁਲਵਾਮਾ ਦੀ ਘਟਨਾ ਦਾ ਸੇਕ ਪੰਜਾਬ ਨੂੰ ਵੀ ਲੱਗਿਆ ਹੈ। ਪੰਜਾਬ ਦੇ 4 ਨੌਜਵਾਨ ਇਸ ਘਟਨਾ ਵਿੱਚ ਮਾਰੇ ਗਏ ਹਨ। ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਪੁਲਵਾਮਾ ਦੀ ਵੱਡੀ ਹਿੰਸਕ ਘਟਨਾ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਲਈ ਲਾਂਘੇ ਦੀ ਯੋਜਨਾ ਉਪਰ ਵੀ ਪ੍ਰਸ਼ਨ ਚਿੰਨ ਲਗਾ ਦਿਤੇ ਹਨ। ਹੋ ਸਕਦਾ ਹੈ ਭਾਰਤ ਸਰਕਾਰ ਇਸ ਘਟਨਾ ਨੂੰ ਆਧਾਰ ਬਣਾ ਕੇ ਪਾਕਿਸਤਾਨ ਨਾਲ ਲਾਂਘੇ ਬਾਰੇ ਵਾਰਤਾ ਨੂੰ ਹੋਰ ਅੱਗੇ ਨਾ ਵਧਾਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਲਵਾਮਾ ਹਮਲੇ ਉਪਰ ਦਿੱਤੇ ਜਾ ਰਹੇ ਭੜਕਾਊ ਬਿਆਨ ਵੀ ਇਸ ਗੱਲ ਵੱਲ ਸੰਕੇਤ ਕਰ ਰਹੇ ਹਨ। ਇਹ ਸਥਿਤੀ ਦੋਵੇਂ ਦੇਸ਼ਾਂ ਦੇ ਲੋਕਾਂ ਲਈ ਹੋਰ ਵੀ ਚਿੰਤਾਜਨਕ ਹੈ। ਕੁਝ ਵੀ ਹੋਵੇ ਕਸ਼ਮੀਰ ਦੀ ਦਵੱਲੀ ਹਿੰਸਾ ਨੂੰ ਭੜਕਾਉਣ ਦੀ ਥਾਂ ਇਸ ਮਸਲੇ ਦਾ ਸਦੀਵੀ ਹੱਲ ਕੱਢਿਆ ਜਾਵੇ। ਇਸ ਵਿੱਚ ਹੀ ਕਸ਼ਮੀਰ ਲੋਕਾਂ ਅਤੇ ਦੋਵੇਂ ਦੇਸ਼ਾਂ ਦੀ ਭਲਾਈ ਹੈ। ਲੋਕਾਂ ਨੂੰ ਸਿਆਸੀ ਨੇਤਾਵਾਂ ਦੇ ਝਾਂਸੇ ਵਿੱਚ ਆ ਕੇ ਇਸ ਖੇਤਰ ਵਿੱਚ ਜੰਗ ਅਤੇ ਹਿੰਸਾ ਦਾ ਮਾਹੌਲ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

Send this to a friend