May 13, 2026 1:20 pm

ਨਾਮ ਸਿਮਰਨ ਅਤੇ ਵਿਗਿਆਨਕ ਸੋਚ ਦੇ ਧਾਰਨੀ ਸਨ ‘ਮਾਤਾ ਭਾਗ ਕੌਰ ਜੀ’

ਚੀਮਾਂ ਮੰਡੀ- ਮਾਤਾ ਭਾਗ ਕੌਰ ਜੀ ਦਾ ਜਨਮ ਸੰਨ 1934 ਈ: ਨੂੰ ਪਾਕਿਸਤਾਨ ਦੇ ਜ਼ਿਲ੍ਹਾ ਹਜ਼ਾਰਾ ਵਿਖੇ ਅੰਮ੍ਰਿਤਧਾਰੀ ਪਰਿਵਾਰ ’ਚ ਪਿਤਾ ਸ੍ਰ. ਲਖਮੀ ਸਿੰਘ ਦੇ ਘਰ ਅਤੇ ਮਾਤਾ ਸੋਨਾਵੰਤੀ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ ਗੁਰਮੁੱਖ ਪਿਆਰੇ ਅਤੇ ਸੰਤ ਸੁਆਭ ਵਾਲੇ ਵਿਅਕਤੀ ਸਨ। ਆਪ ਜੀ ਨੇ ਸਕੂਲ ਜਾਣ ਦੀ ਥਾਂ ਮਾਤਾ ਪਾਸੋਂ ਹੀ ਗੁਰਮੁਖੀ ਪੜਨੀ ਸਿੱਖੀ। ਆਪ ਜੀ ਨੂੰ ਸਿੱਖੀ ਵਿਰਾਸਤ ਆਪਣੇ ਮਾਤਾ-ਪਿਤਾ ਪਾਸੋਂ ਵਿਰਸੇ ’ਚ ਹੀ ਮਿਲੀ ਅਤੇ ਸੰਨ 1947 ਵਿੱਚ ਦੇਸ਼ ਦੀ ਵੰਡ ਸਮੇਂ ਆਪ ਜੀ ਨੂੰ ਰਫਿਊਜ਼ੀ ਅਲਾਟਮੈਂਟ ’ਚ ਪਿੰਡ ਬਿਲਾਸਪੁਰ, ਅਲਵਰ (ਰਾਜਸਥਾਨ) ਵਿਖੇ 10 ਏਕੜ ਜ਼ਮੀਨ ਖੇਤੀ ਲਈ ਅਲਾਟ ਹੋਈ। ਆਪ ਜੀ ਦੇ ਪਿਤਾ ਵੰਡ ਸਮੇਂ ਪਾਕਿਸਤਾਨ ਤੋਂ ਸਿਰਫ਼ 6ਵੇਂ ਪਾਤਸ਼ਾਹ ਦੀ ਫੋਟੋ ਨਾਲ ਲੈ ਕੇ ਆਏ ਅਤੇ ਉਹ ਹਮੇਸ਼ਾ ਹੱਥ ਵਿੱਚ ਸ੍ਰੀ ਸਾਹਿਬ ਰੱਖਿਆ ਕਰਦੇ ਸਨ। ਜਿੰਨਾਂ ਦਾ ਪੰਥ ਪ੍ਰਤੀ ਜੁਝਾਰੂ ਗਤੀਵਿਧੀਆਂ ਕਰਕੇ ਇਲਾਕੇ ਵਿੱਚ ਬਹੁਤ ਨਾਮ ਅਤੇ ਸਤਿਕਾਰ ਸੀ। ਸੰਨ 1951 ’ਚ ਆਪ ਜੀ ਦਾ ਵਿਆਹ ਗਿਆਨੀ ਤੀਰਥ ਸਿੰਘ ਜੀ ਨਾਲ ਹੋਇਆ। ਗਿਆਨੀ ਤੀਰਥ ਸਿੰਘ ਜੀ ਪੰਜਾਬ ਆਰਮਡ ਪੁਲਿਸ ਅੰਮ੍ਰਿਤਸਰ ਵਿਖੇ ਸਰਕਾਰੀ ਨੌਕਰੀ ਕਰਦੇ ਸਨ। ਗਿਆਨੀ ਜੀ ਦੀ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ ਡਿਊਟੀ ਹੋਣ ਕਰਕੇ, ਮਾਤਾ ਭਾਗ ਕੌਰ ਜੀ ਰਾਤੀ 2 ਵਜੇ ਉਠ ਕੇ ਰੋਜ਼ਾਨਾ ਦਰਬਾਰ ਸਾਹਿਬ ਦੀ ਹਾਜ਼ਰੀ ਭਰਦੇ ਅਤੇ ਸਵੇਰ ਤੱਕ ਨਾਮ-ਸਿਮਰਨ ਕਰਦੇ। ਆਪ ਜੀ ਨੂੰ ਸਾਰਾ ਸੁੰਦਰ ਗੁੱਟਕਾ ਸਾਹਿਬ ਕੰਠ ਸੀ। ਰਿਟਾਇਰਮੈਂਟ ਤੋਂ ਬਾਅਦ ਆਪ ਜੀ ਵਾਪਿਸ ਪਿੰਡ ਬਿਲਾਸਪੁਰ, ਅਲਵਰ (ਰਾਜਸਥਾਨ) ਚਲੇ ਗਏ, ਜਿੱਥੇ ਆਪ ਜੀ 1984 ਤੱਕ ਰਹੇ ਅਤੇ ਖੇਤੀਬਾੜੀ ਦੀ ਕਿਰਤ ਕਰਦਿਆਂ, ਘਰ ਦੀਆਂ ਜ਼ੁਮੇਵਾਰੀਆਂ ਨੂੰ ਪੂਰੀ ਨਿਡਰਤਾ ਨਾਲ ਨਿਭਾਉਂਦੇ ਰਹੇ। ਆਪ ਜੀ ਦੀ ਕੁੱਥੋਂ 3 ਪੁੱਤਰਾਂ ਅਤੇ 3 ਪੁੱਤਰੀਆਂ ਨੇ ਜਨਮ ਲਿਆ। ਜਿਸ ਸਮੇਂ ਲੜਕੀਆਂ ਨੂੰ ਪੜ੍ਹਾਉਣ ਦੀ ਸਮਾਜ ਵਲੋਂ ਬਹੁਤੇ ਤਰਜੀਹ ਨਹੀਂ ਦਿੱਤੀ ਜਾਂਦੀ ਸੀ ਅਤੇ ਮਾਤਾ ਜੀ ਆਪ ਵੀ ਸਕੂਲੇ ਨਹੀਂ ਗਏ, ਪਰ ਉਨ੍ਹਾਂ ਆਪਣੀਆਂ ਤਿੰਨੋਂ ਲੜਕੀਆਂ ਨੂੰ ਐਮ.ਏ, ਬੀ ਐਡ ਦੀ ਡਿਗਰੀ ਕਰਵਾ ਕੇ ਸਰਕਾਰੀ ਮੁਲਾਜ਼ਮ ਬਣਾਇਆ ਅਤੇ ਤਿੰਨੋਂ ਭੁਝੰਗੀ ਵੀ ਉੱਚ ਵਿੱਦਿਆ ਪ੍ਰਾਪਤ ਕਰਕੇ, ਸਿੱਖ ਪੰਥ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਆਪ ਜੀ ਨੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਸਾਰੇ ਗੁਰੂ ਪੁਰਬ ਅਤੇ ਇਤਿਹਾਸਿਕ ਦਿਹਾੜੇ ਘਰ ਵਿੱਚ ਹੀ ਮਨਾਉਂਦੇ ਸੀ, ਹਰ ਸੰਗ੍ਰਾਂਦ ਨੂੰ ਕੜਾਹ ਪ੍ਰਸ਼ਾਦ ਤਿਆਰ ਕਰਕੇ ਸਹਿਜ ਪਾਠ ਸਾਹਿਬ ਦਾ ਭੋਗ ਪਾਉਂਦੇ ਸਨ। ਮਾਤਾ ਜੀ ਹਿੱਮਤ ਪੱਖੋਂ ਬਹੁਤ ਦਲੇਰ ਸੀ, ਇਕ ਵਾਰ ਮਾਤਾ ਜੀ ਨੇ ਮੁੱਝਾਂ ਚੋਰੀ ਕਰਨ ਆਏ ਡਕੈਤਾਂ ਨੂੰ ਸ੍ਰੀ ਸਾਹਿਬ ਦਿਖਾ ਕੇ ਭਜਾ ਦਿੱਤਾ। 1984 ਤੋਂ ਬਾਅਦ ਆਪ ਜੀ ਜਲੰਧਰ ਵਿਖੇ ਆ ਗਏ, ਜਿੱਥੇ ਗਿਆਨੀ ਤੀਰਥ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਅਤੇ ਗੰ੍ਰਥੀ ਦੀ ਸੇਵਾ ਨਿਭਾਉਂਦੇ ਰਹੇ। ਮਾਤਾ ਜੀ ਦੇ ਪਿਤਾ ਸ੍ਰ. ਲਖਮੀ ਸਿੰਘ ਨੇ ਹਜ਼ੂਰ ਸਾਹਿਬ ਵਿਖੇ ਪੰਜਾਂ ਪਿਆਰਿਆਂ ਪਾਸੋਂ ਭੁਝੰਗੀ ਦੀ ਅਰਦਾਸ ਕਰਵਾਉਣ ਉਪਰੰਤ ਆਪ ਜੀ ਦੇ ਗ੍ਰਹਿ ਵਿਖੇ ਵੱਡੇ ਸਪੁੱਤਰ ਸ੍ਰ. ਜੈਵਿੰਦਰ ਸਿੰਘ ਦਾ ਜਨਮ ਹੋਇਆ ਸੀ, ਐਮ.ਐਸ.ਸੀ ਦੀ ਉਚ ਡਿਗਰੀ ਪ੍ਰਾਪਤ ਕਰਨ ਉਪਰੰਤ ਨੌਕਰੀ ਕਰਵਾਉਣ ਦੀ ਥਾਂ ਸੰਨ 1983 ’ਚ ਮਾਤਾ ਭਾਗ ਕੌਰ ਜੀ ਨੇ ਭਾਈ ਜੈਵਿੰਦਰ ਸਿੰਘ ਨੂੰ ਆਸ਼ੀਰਵਾਦ ਦੇ ਕੇ ਸਿੱਖ ਪੰਥ ਦੀ ਸੇਵਾ ਕਰਨ ਲਈ ਭੇਜਿਆ। ਜਿੰਨਾਂ ਨੇ ਵਿਦਿਆ ਦੇ ਖੇਤਰ, ਨਾਮ-ਬਾਣੀ ਅਤੇ ਸਿੱਖ ਪੰਥਕ ਗਤੀਵਿਧੀਆਂ ’ਚ ਸੇਵਾਵਾਂ ਕੀਤੀਆਂ। ਹੁਣ ਗੁਰਦੁਆਰਾ ਜਨਮ ਅਸਥਾਨ ਚੀਮਾਂ ਸਾਹਿਬ (ਸੰਗਰੂਰ) ਵਿਖੇ ਚੀਮਾਂ ਸਾਹਿਬ ਦੀ ਸਾਧ ਸੰਗਤ ਅਤੇ ਇਲਾਕਾ ਨਿਵਾਸੀ ਸੰਗਤ ਨਾਲ ਪੰਥਕ ਸੇਵਾਵਾਂ ਨਿਭਾਅ ਰਹੇ ਹਨ। ਮਾਤਾ ਜੀ ਨੇ (ਜੈਵਿੰਦਰ ਸਿੰਘ ਦੀ ਮਾਤਾ ਹੋਣ ਦੀ ਪਹਿਚਾਣ ਨੂੰ ਗੁਪਤ ਰੱਖਕੇ) ਅਕਾਲ ਅਕੈਡਮੀਆਂ ’ਚ ਬਤੌਰ ਪੀਅਨ ਕੰਮ ਕੀਤਾ। ਚੀਮਾਂ ਇਲਾਕੇ ਦੇ ਪਿੰਡ ’ਚ ਵੀ ਪਹਿਚਾਣ ਗੁਪਤ ਰੱਖਕੇ ਸੇਵਾ ਕਰਦੇ ਰਹੇ। ਆਪ ਜੀ ਦਾ ਪੂਰਾ ਪਰਿਵਾਰ ਗੁਰਸਿੱਖ ਹੈ, ਤਿਨੋਂ ਜਵਾਈ ਗੁਰੂ ਘਰ ਵਿੱਚ ਅਥਾਂਹ ਸ਼ਰਧਾ ਰੱਖਣ ਅਤੇ ਸੇਵਾ ਭਾਵ ਵਾਲੇ ਹਨ। ਸੰਤ ਬਾਬਾ ਬਲਰਾਮ ਦਾਸ ਜੀ ਸੰਪ੍ਰਦਾਇ ਉਦਾਸੀਨ ਆਪ ਜੀ ਦੇ ਭਤੀਜੇ ਹਨ। ਜਦੋਂ ਮਾਤਾ ਜੀ ਦੀ ਅਵਸਥਾ ਬਿਰਧ ਹੋ ਗਈ ਤਾਂ ਭਾਈ ਜੈਵਿੰਦਰ ਸਿੰਘ ਜੀ ਉਨਾਂ ਨੂੰ ਚੀਮਾਂ ਸਾਹਿਬ (ਸੰਗਰੂਰ) ਵਿਖੇ ਲੈ ਆਏ, ਜਿੱਥੇ ਪਿਛਲੇ ਤਕਰੀਬਨ 3 ਸਾਲਾਂ ਤੋਂ ਨਾਮ-ਬਾਣੀ, ਸੇਵਾ, ਸਿਮਰਨ ਕਰ ਰਹੇ ਸਨ। ਉਨ੍ਹਾਂ ਆਸ ਪਾਸ ਦੇ ਪਿੰਡਾਂ ਵਿੱਚ ਮਾਈਆਂ ਨੂੰ ਨਾਮ ਜਪਾਉਣ ਅਤੇ ਗੁਰਬਾਣੀ ਦੀ ਸੰਥਿਆ ਵੀ ਦਿੰਦੇ ਰਹੇ। ਮਾਤਾ ਭਾਗ ਕੌਰ ਜੀ ਨੂੰ ਸਕੂਲੀ ਉਪਚਾਰਿਕ ਗਿਆਨ ਨਾਂ ਹੋਣ ਦੇ ਬਾਵਜੂਦ ਵਹਿਮਾਂ ਭਰਮਾਂ ਤੋਂ ਦੂਰ, ਹਰ ਸਮੇਂ ਨਾਮ-ਸਿਮਰਨ ਕਰਨ ਵਾਲੇ ਅਤੇ ਵਿਗਿਆਨਿਕ ਸੋਚ ਵਾਲੇ ਇਨਸਾਨ ਸਨ। ਮਾਤਾ ਭਾਗ ਕੌਰ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ 6 ਫਰਵਰੀ ਨੂੰ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਨ। ਆਪ ਜੀ ਦੀ ਆਤਮਿਕ ਕਲਿਆਣਤਾ ਲਈ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅੱਜ 15 ਫਰਵਰੀ ਨੂੰ ਗੁਰਦੁਆਰਾ ਜਨਮ ਅਸਥਾਨ ਸੰਤ ਅਤਰ ਸਿੰਘ ਜੀ (ਚੀਮਾਂ ਸਾਹਿਬ) ਸੰਗਰੂਰ ਵਿਖੇ ਪਾਏ ਜਾਣਗੇ।
– ਪਰਮਜੀਤ ਸਿੰਘ ਲੱਡਾ, ਧਾਲੀਵਾਲ

Send this to a friend