ਭਾਰਤ ਅਤੇ ਪਾਕਿਸਤਾਨ ਦਰਮਿਆਨ ਫੌਰੀ ਤੌਰ ’ਤੇ ਸ਼ਾਂਤੀ ਵਾਰਤਾ ਸ਼ੁਰੂ ਹੋਣ ਦੀ ਕੋਈ ਸੰਭਾਵਨਾ ਨਹੀਂ ਬਣ ਰਹੀ। ਦੋਵੇਂ ਦੇਸ਼ਾਂ ਵਿੱਚ ਗੱਲਬਾਤ ਦੀ ਖੜੋਤ ਕਾਰਨ ਇਸ ਖੇਤਰ ਵਿੱਚ ਅਮਨ ਅਤੇ ਦੋਸਤੀ ਦਾ ਮਾਹੌਲ ਕਾਇਮ ਨਹੀਂ ਹੋ ਰਿਹਾ। ਦੋਵੇਂ ਦੇਸ਼ਾਂ ਵਿੱਚ ਲਗਾਤਾਰ ਤਣਾਅਪੂਰਨ ਅਤੇ ਕੁੜੱਤਣ ਵਾਲੇ ਸਬੰਧ ਬਣੇ ਹੋਏ ਹਨ। ਬੇਸ਼ਕ ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੇ ਮੁੱਦੇ ਨੂੰ ਲੈ ਕੇ ਭਾਰਤ ਨਾਲ ਗੱਲਬਾਤ ਕਰਨ ਦੇ ਯਤਨ ਹੋ ਰਹੇ ਹਨ, ਪ੍ਰੰਤੂ ਭਾਰਤ ਦਾ ਹੁੰਗਾਰਾ ਕਾਫੀ ਠੰਢਾ ਹੈ। ਭਾਰਤ ਵਿੱਚ ਛੇਤੀ ਹੀ ਲੋਕ ਸਭਾ ਦੀਆਂ ਆਮ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਕਾਰਨ ਭਾਰਤ ਸਰਕਾਰ ਪਾਕਿਸਤਾਨ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਕਰਨ ਦਾ ਜ਼ੋਖਮ ਨਹੀਂ ਉਠਾਉਣਾ ਚਾਹੁੰਦੀ। ਉਸ ਨੂੰ ਲੱਗਦਾ ਹੈ ਕਿ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੀ ਨਰਮੀ ਅਤੇ ਗੱਲਬਾਤ ਦੀ ਸ਼ੁਰੂਆਤ ਸਿਆਸੀ ਤੌਰ ’ਤੇ ਹੁਕਮਰਾਨ ਭਾਰਤੀ ਜਨਤਾ ਪਾਰਟੀ ਲਈ ਘਾਟੇ ਦਾ ਸੌਦਾ ਹੋ ਸਕਦੀ ਹੈ। ਪਾਕਿਸਤਾਨ ਦੀ ਸਰਕਾਰ ਵੀ ਇਸੇ ਤਰ੍ਹਾਂ ਸੋਚ ਰਹੀ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਜਨਾਬ ਫਵਾਦ ਚੌਧਰੀ ਨੇ ਕਿਹਾ ਹੈ ਕਿ ਭਾਰਤ ’ਚ ਆਮ ਚੋਣਾਂ ਦੇ ਨਤੀਜਿਆਂ ਮਗਰੋਂ ਹੀ ਸ਼ਾਂਤੀ ਵਾਰਤਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਫਵਾਦ ਦਾ ਮੰਨਣਾ ਹੈ ਕਿ ਨਵੀਂ ਦਿਲੀ ਨਾਲ ਇਸ ਸਮੇਂ ਗਲ ਕਰਨਾ ‘ਬੇਕਾਰ’ ਹੈ ਕਿਉਂਕਿ ਮੌਜੂਦਾ ਭਾਰਤ ਸਰਕਾਰ ਤੋਂ ਉਨ੍ਹਾਂ ਨੂੰ ਵਡੇ ਫ਼ੈਸਲੇ ਲਏ ਜਾਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਹੈ।ਉਨ੍ਹਾਂ ਦੀ ਗੱਲ ਵੀ ਕਿਸੇ ਹੱਦ ਤੱਕ ਸਹੀ ਹੈ ਕਿਉਂਕਿ ਸਾਰੀਆਂ ਹੀ ਪਾਰਟੀਆਂ ਅਤੇ ਸਿਆਸੀ ਨੇਤਾ ਆਮ ਚੋਣਾਂ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ। ਇਸ ਕਾਰਨ ਦੋਵੇਂ ਦੇਸ਼ਾਂ ਦਰਮਿਆਨ ਦਵੱਲੀ ਗੱਲਬਾਤ ਦਾ ਢੁੱਕਵਾਂ ਸਮਾਂ ਨਹੀਂ ਹੈ। ਅਜਿਹੀ ਗੱਲਬਾਤ ਭਾਰਤ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਹੀ ਹੋ ਸਕਦੀ ਹੈ। ਲੋਕ ਸਭਾ ਚੋਣਾਂ ਦਾ ਕਾਰਜ ਮਈ 2019 ਦੇ ਅੰਤ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਲਈ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਜੇਕਰ ਹਾਲਾਤ ਸਾਜ਼ਗਾਰ ਰਹੇ ਤਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਦਵੱਲੀ ਗੱਲਬਾਤ ਜੂਨ-ਜੁਲਾਈ ’ਚ ਸੰਭਵ ਹੋ ਸਕਦੀ ਹੈ। ਉਸ ਤੋਂ ਪਹਿਲਾਂ ਦੋਵੇਂ ਦੇਸ਼ਾਂ ਦਰਮਿਆਨ ਬਕਾਇਦਾ ਗੱਲਬਾਤ ਹੋਣ ਦੀ ਸੰਭਾਵਨਾ ਕਾਫੀ ਘੱਟ ਹੈ। ਫਿਰ ਵੀ ਦੋਵੇਂ ਦੇਸ਼ਾਂ ਨੂੰ ਇਹ ਯਤਨ ਕਰਨਾ ਚਾਹੀਦਾ ਹੈ ਕਿ ਇਸ ਸਮੇਂ ਦੌਰਾਨ ਕਿਸੇ ਤਰ੍ਹਾਂ ਦੀ ਭੜਕਾਹਟ ਪੈਦਾ ਨਾ ਕੀਤੀ ਜਾਵੇ। ਅਮਨ-ਸ਼ਾਂਤੀ ਦੇ ਮਾਹੌਲ ਨੂੰ ਬਣਾਏ ਰੱਖਿਆ ਜਾਣਾ ਚਾਹੀਦਾ ਹੈ। ਸਰਹੱਦ ਉਪਰ ਕਿਸੇ ਵੀ ਤਰ੍ਹਾਂ ਦੀ ਹਿੱਲ-ਜੁਲ ਦੋਵੇਂ ਦੇਸ਼ਾਂ ਲਈ ਨੁਕਸਾਨਦੇਹ ਹੈ। ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਢੁੱਕਵੇਂ ਸਮੇਂ ’ਤੇ ਦਵੱਲੇ ਮਾਮਲਿਆਂ ’ਤੇ ਗੱਲਬਾਤ ਸ਼ੁਰੂ ਕੀਤੀ ਜਾਵੇ ਅਤੇ ਸਾਰੇ ਮਸਲਿਆਂ ਦਾ ਆਪਸੀ ਸਹਿਮਤੀ ਨਾਲ ਹੱਲ ਕਢਿਆ ਜਾਵੇ।
– ਬਲਜੀਤ ਸਿੰਘ ਬਰਾੜ