May 12, 2026 4:41 pm

ਸਮਾਰਟ ਫ਼ੋਨ ’ਚ ਸਿਮਟਦਾ ਸੰਸਾਰ

ਭਾਰਤ ਦੇ ਸਮਾਜਿਕ ਜੀਵਨ ਨੂੰ ਸੰਸਾਰ ਦੇ ਸਭ ਤੋਂ ਖੁਸ਼ਹਾਲ ਸਮਾਜਿਕ ਜੀਵਨ ਵਜੋਂ ਜਾਣਿਆ ਜਾਂਦਾ ਰਿਹਾ ਹੈ।ਇਹ ਭਾਰਤ ਦੀ ਅਮੀਰ ਵਿਰਾਸਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੀ ਕਿ ਇਥੇ ਹਰ ਮਨੁਖ ਸਮਾਜਿਕ ਤੌਰ ‘ਤੇ ਦੂਜੇ ਮਨੁਖ ਨਾਲ ਜੁੜਿਆ ਹੋਇਆ ਹੈ। ਕਿਸੇ ਇਕ ਮਨੁਖ ਦੀ ਸਮਸਿਆ, ਸਮੁਚੇ ਸਮਾਜ ਦੀ ਸਮਸਿਆ ਮੰਨੀ ਜਾਂਦੀ ਰਹੀ ਹੈ। ਭਾਰਤੀ ਸਮਾਜ ਵਿਚ ਕਦੇ ਇਕ ਕਹਾਵਤ ਬਹੁਤ ਮਸ਼ਹੂਰ ਹੁੰਦੀ ਸੀ ‘ਕਿ ਦੁਖ ਵੰਡਣ ਨਾਲ ਘਟ ਜਾਂਦਾ ਹੈ ਅਤੇ ਖੁਸ਼ੀ ਵੰਡਣ ਨਾਲ ਦੁਗਣੀ ਹੋ ਜਾਂਦੀ ਹੈ।‘ ਇਸ ਲਈ ਭਾਰਤੀ ਜਨਮਾਨਸ ਦੀ ਇਹ ਮਨੋਬਿਰਤੀ ਬਣ ਜਾਂਦੀ ਹੈ ਕਿ ਉਹ ਸਮਾਜਿਕ ਰੂਪ ਵਿਚ ਆਪਸ ‘ਚ ਇਕ- ਦੂਜੇ ਨਾਲ ਜੁੜੇ ਰਹਿੰਦੇ ਹਨ। ਪਰ, ਆਧੁਨਿਕ ਯੁਗ ਵਿਚ ਮਨੁਖਾਂ ਦੀ ਇਹ ਬਿਰਤੀ ਨੂੰ ਗ੍ਰਹਿਣ ਲਗਾ ਗਿਆ ਜਾਪਦਾ ਹੈ। ਮਨੁਖ ਸਮਾਜਿਕ ਪ੍ਰਾਣੀ ਤਾਂ ਹੈ ਪਰ ਇਸ ਵਿਚੋਂ ਸਮਾਜਿਕਤਾ ਦੇ ਗੁਣ ਅਲੋਪ ਹੁੰਦੇ ਜਾ ਰਹੇ ਹਨ। ਇਸ ਸੰਸਾਰ ਵਿਚ ਪੈਦੇ ਹੋਏ ਸਮੁਚੇ ਜੀਵਾਂ ਵਿਚੋਂ ਮਨੁਖ ਕੋਲ ਇਕ ਵਾਧੂ ਗੁਣ ਇਹ ਹੈ ਕਿ ਮਨੁਖ ਕੋਲ ਸਮਾਜਿਕਤਾ ਹੈ। ਪਰ ਬਦਕਿਸਮਤੀ ਹੁਣ ਇਹ ਗੁਣ ਮਨਫ਼ੀ ਹੁੰਦਾ ਜਾ ਰਿਹਾ ਹੈ। ਇਸ ਗੁਣ ਦੇ ਖ਼ਤਮ ਹੋਣ ਦੇ ਕਈ ਕਾਰਨ ਦ੍ਰਿਸ਼ਟੀਗੋਚਰ ਹੁੰਦੇ ਹਨ। ਇਹਨਾਂ ਵਿਚੋਂ ਸਭ ਤੋਂ ਅਹਿਮ ਸਮਾਰਟ ਫ਼ੋਨ ਦੀ ਹਦੋਂ ਵਧ ਵਰਤੋਂ ਨੂੰ ਮੰਨਿਆ ਜਾ ਰਿਹਾ ਹੈ।
ਅਜੋਕੇ ਸਮੇਂ ਹਰ ਮਨੁਖ ਇੰਟਰਨੈਟ ਨੇ ਮਾਧਿਅਮ ਦੁਆਰਾ ਪੂਰੀ ਦੁਨੀਆਂ ਨਾਲ ਜੁੜਿਆ ਹੋਇਆ ਹੈ। ਬਚੇ, ਨੌਜਵਾਨ ਅਤੇ ਵਡੇਰੀ ਉਮਰ ਦੇ ਲੋਕ ਸਮਾਰਟ ਫ਼ੋਨ ਨੂੰ ਇਸੇਤਮਾਲ ਕਰਦੇ ਹਨ। ਮੋਬਾਈਲ ਫ਼ੋਨ ਚਲਾਉਣਾ ਜਾਂ ਵਰਤਣਾ ਮਾੜੀ ਗਲ ਨਹੀਂ ਹੈ ਪਰ ਹਰ ਵਕਤ ਮੋਬਾਈਲ ਦੀ ਦੁਨੀਆਂ ਵਿਚ ਗੁਆਚੇ ਰਹਿਣਾ, ਜਿਥੇ ਸਿਹਤ ਲਈ ਨੁਕਸਾਨਦਾਇਕ ਹੈ ਉਥੇ ਸਮਾਜਿਕ ਬਣਤਰ ਲਈ ਵੀ ਵਡਾ ਖ਼ਤਰਾ ਬਣ ਕੇ ਸਾਹਮਣੇ ਆ ਰਿਹਾ ਹੈ।ਸੂਚਨਾ ਅਤੇ ਤਕਨੀਕ ਦੇ ਮਾਹਰਾਂ ਅਨੁਸਾਰ ਕੀਤੀ ਗਈ ਖੋਜ ਅਤੇ ਸਰਵੇਖਣ ਦੇ ਅਨੁਸਾਰ 17 ਸਾਲ ਤੋਂ 24 ਸਾਲ ਦੇ ਨੌਜਵਾਨ ਮੋਬਾਈਲ ਫ਼ੋਨ ਦੀ ਵਧ ਵਰਤੋਂ ਕਰਕੇ ਮਾਨਸਿਕ ਰੋਗੀ ਬਣ ਰਹੇ ਹਨ। ਇਸੇ ਤਰਾਂ 78% ਨੌਜਵਾਨ ਨੋਮੋਫੋਬੀਆ ਨਾਮਕ ਬੀਮਾਰੀ ਦੀ ਚਪੇਟ ਵਿਚ ਆ ਚੁਕੇ ਹਨ। ਬ੍ਰਿਟੇਨ ਵਿਚ ਹੋਏ ਇਕ ਖੋਜ ਕਾਰਜ ਦੋਰਾਨ ਹੈਰਾਨ ਕਰਨ ਵਾਲੇ ਸਿਟੇ ਸਾਹਮਣੇ ਆਏ ਹਨ। ਇਹਨਾਂ ਨਤੀਜਿਆਂ ਅਨੁਸਾਰ ਮਰਦਾਂ ਦੇ ਮੁਕਾਬਲੇ ਔਰਤਾਂ ਵਧ ਮਾਨਸਿਕ ਰੋਗੀ ਬਣੀਆਂ ਹਨ। ਇਕ ਸੰਸਥਾ ਨੇ ਆਪਣੇ ਸਰਵੇਖਣ ਵਿਚ ਕਿਹਾ ਹੈ ਕਿ 70% ਔਰਤਾਂ ਦੇ ਮੁਕਾਬਲੇ 62% ਮਰਦ ਨੋਮੋਫੋਬੀਆ ਨਾਮਕ ਬੀਮਾਰੀ ਦੇ ਮਰੀਜ਼ ਬਣੇ ਹਨ। ਇਹ ਬਹੁਤ ਖ਼ਤਰਨਾਕ ਰੁਝਾਨ ਹੈ।
ਕੁਝ ਵਰੇ ਪਹਿਲਾਂ ਜਦੋਂ ਘਰ ਵਿਚ ਪ੍ਰਾਹੁਣੇ ਆਉਂਦੇ ਸਨ ਤਾਂ ਪੂਰਾ ਪਰਿਵਾਰ ਇਕਠਾ ਬਹਿ ਕੇ ਗਲਾਂ- ਬਾਤਾਂ ਕਰਨ ਵਿਚ ਆਨੰਦ ਲੈਂਦਾ ਸੀ। ਇਕ- ਦੂਜੇ ਦੇ ਸੁਖ- ਦੁਖ ਨੂੰ ਬਹਿ ਕੇ ਵੰਡਿਆ ਜਾਂਦਾ ਸੀ ਅਤੇ ਸਿਰ ‘ਤੇ ਪਈ ਕਿਸੇ ਸਮਸਿਆ ਨੂੰ ਆਪਸੀ ਵਿਚਾਰ- ਵਟਾਂਦਰੇ ਦੁਆਰਾ ਸੁਲਝਾਇਆ ਜਾਂਦਾ ਸੀ। ਪਰ ਹੁਣ ਵਕਤ ਬਦਲ ਚੁਕਿਆ ਹੈ। ਪਹਿਲੀ ਗਲ ਤਾਂ ਹੁਣ ਘਰਾਂ ਵਿਚ ਪ੍ਰਾਹੁਣੇ ਆਉਣ ਦਾ ਰਿਵਾਜ਼ ਖ਼ਤਮ ਹੋ ਚੁਕਿਆ ਹੈ ਪਰ ਕਦੇ- ਕਦਾਈਂ ਜੇਕਰ ਕੋਈ ਆ ਵੀ ਗਿਆ ਤਾਂ ਪਰਿਵਾਰ ਦੇ ਕਿਸੇ ਮੈਂਬਰ ਕੋਲ ਬੈਠਣ ਦਾ ਸਮਾਂ ਨਹੀਂ ਹੁੰਦਾ ਕਿਉਂਕਿ ਹਰ ਸਖ਼ਸ਼ ਆਪਣੇ ਸਮਾਰਟ ਫ਼ੋਨ ਦੀ ਦੁਨੀਆਂ ਵਿਚ ਗੁਆਚਾ ਹੋਇਆ ਹੁੰਦਾ ਹੈ।
ਸਫ਼ਰ ਤੇ ਜਾਂਦਿਆਂ ਬਸ, ਰੇਲਗਡੀ ਜਾਂ ਹਵਾਈ ਜਹਾਜ਼ ਵਿਚ ਤੁਹਾਡੇ ਨਾਲ ਬੈਠਾ ਸਖ਼ਸ਼ ਅਕਸਰ ਹੀ ਆਪਣੇ ਮੋਬਾਈਲ ਵਿਚ ਅਜਿਹਾ ਲੀਨ ਹੁੰਦਾ ਹੈ ਕਿ ਉਸਨੂੰ ਆਪਣੇ ਨਾਲ ਬੈਠੇ ਕਿਸੇ ਮਨੁਖ ਦਾ ਅਹਿਸਾਸ ਹੀ ਨਹੀਂ ਹੁੰਦਾ। ਗਲਾਂ- ਬਾਤਾਂ ਕਰਨਾ ਤਾਂ ਬੀਤੇ ਜ਼ਮਾਨੇ ਦੀ ਗਲ ਹੋ ਚੁਕੀ ਹੈ।
ਇੰਟਰਨੈਟ ਦੀ ਦੁਨੀਆਂ ਵਿਚ ਗਲਤਾਨ ਹੋਣ ਦੀ ਸ਼ੁਰੂਆਤ ਨਿਕੇ ਬਚਿਆਂ ਨੂੰ ਘਰ ਤੋਂ ਹੀ ਲਗਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਮਾਂ ਘਰ ਦਾ ਕੰਮ ਕਰਨ ਲਈ ਆਪਣੇ ਨਿਕੇ ਬਚੇ ਨੂੰ ਮੋਬਾਈਲ ਫ਼ੋਨ ਤੇ ‘ਕਾਰਟੂਨ‘ ਲਗਾ ਕੇ ਦੇ ਦਿੰਦੀ ਹੈ। ਬਚਾ ਚੁਪਚਾਪ ਕਾਰਟੂਨ ਦੇਖਦਾ ਰਹਿੰਦਾ ਹੈ ਅਤੇ ਮਾਂ ਆਪਣੇ ਕੰਮ ਨੂੰ ਸੁਖਾਲਾ ਨਿਪਟਾ ਦਿੰਦੀ ਹੈ। ਪਰ ਇਸ ਦੇ ਸਿਟੇ ਬਾਅਦ ਵਿਚ ਸਾਹਮਣੇ ਆਉਣੇ ਸ਼ੁਰੁ ਹੁੰਦੇ ਹਨ। ਉਹੀ ਬਚਾ ਫੇਰ ਰੋਟੀ ਖਾਣ ਲਈ ਵੀ ਮੋਬਾਈਲ ਫ਼ੋਨ ਦੀ ਮੰਗ ਕਰਦਾ ਹੈ ਅਤੇ ਇਹ ਸਿਲਸਿਲਾ ਉਦੋਂ ਤਕ ਚਲਦਾ ਰਹਿੰਦਾ ਹੈ ਜਦੋਂ ਤਕ ਬਚਾ ਇੰਟਰਨੈਟ ਦੀ ਦੁਨੀਆਂ ਵਿਚ ਗੁਆਚ ਨਹੀਂ ਜਾਂਦਾ। ਮਾਂ ਨੇ ਤਾਂ ਆਪਣਾ ਕੰਮ ਸੁਖਾਲਾ ਕਰਨ ਲਈ ਬਚੇ ਦੇ ਹਥ ਮੋਬਾਈਲ ਫ਼ੋਨ ਫੜਾਇਆ ਸੀ ਪਰ ਹੁਣ ਬਚੇ ਨੂੰ ਇਸ ਦੀ ਆਦਤ ਪੈ ਚੁਕੀ ਹੈ। ਇਸਦੀ ਜ਼ਿੰਮੇਵਾਰ ਬਚੇ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰ ਹਨ।
ਖ਼ੈਰ, ਇਹ ਸਮਸਿਆ ਕੇਵਲ ਬਚਿਆਂ ਤਕ ਹੀ ਸੀਮਤ ਨਹੀਂ ਬਲਕਿ ਸਮਾਜ ਦੇ ਹਰ ਤਬਕੇ ਨਾਲ ਜੁੜੀ ਹੋਈ ਹੈ। ਨੌਜਵਾਨ ਅਤੇ ਵਡੇਰੀ ਉਮਰ ਦੇ ਲੋਕ ਵੀ ਇਸ ਬੀਮਾਰੀ ਤੋਂ ਬਚੇ ਨਹੀਂ ਹਨ। ਕਈ ਵਾਰ ਹੁੰਦਾ ਹੈ ਕਿ ਮਾਂ- ਬਾਪ ਆਪਣੇ ਬਚੇ ਨਾਲ ਗਲ ਕਰ ਰਹੇ ਹੁੰਦੇ ਹਨ ਪਰ ਬਚਾ ਆਪਣੇ ਸਮਾਰਟ ਫ਼ੋਨ ਨੂੰ ਚਲਾਉਣ ਵਿਚ ਮਸ਼ਗੂਲ ਹੁੰਦਾ ਹੈ, ਸਥਿਤੀ ਦਾ ਦੂਜਾ ਪਖ ਇਹ ਵੀ ਹੈ ਕਿ ਕਈ ਵਾਰ ਬਚੇ ਆਪਣੇ ਮਾਤਾ- ਪਿਤਾ ਨਾਲ ਗਲ ਕਰਨਾ ਚਾਹੁੰਦੇ ਹਨ ਪਰ ਮਾਂ- ਬਾਪ ਆਪਣੀ ਦੁਨੀਆਂ ਵਿਚ ਗੁਆਚੇ ਹੁੰਦੇ ਹਨ।
ਇੰਟਰਨੈਟ ਦੀ ਦੁਨੀਆਂ ਸੰਬੰਧੀ ਇਕ ਸਰਵੇ ਅਨੁਸਾਰ, ‘ਹਰ ਬੰਦਾ ਆਪਣੇ ਮੋਬਾਈਲ ਫ਼ੋਨ ਦਾ ਇਕ ਦਿਨ ਵਿਚ 80 ਵਾਰ ਤੋਂ ਵਧ ਜਿੰਦਰਾ (ਲਾਕ) ਖੋਲਦਾ ਹੈ ਅਤੇ 2600 ਤੋਂ ਵਧ ਵਾਰ ਕੁਝ ਨਾ ਕੁਝ ਲਿਖਦਾ ਹੈ। ਸਵੇਰੇ ਚਾਰ ਵਜੇ ਤੋਂ ਰਾਤ 11 ਵਜੇ ਤਕ ਦਾ ਕੋਈ ਘੰਟਾ ਅਜਿਹਾ ਨਹੀਂ ਹੁੰਦਾ ਜਦੋਂ ਅਸੀਂ ਆਪਣੇ ਮੋਬਾਈਲ ਫ਼ੋਨ ਨੂੰ ਚੈਕ ਨਹੀਂ ਕਰਦੇ ਜਾਂ ਦੇਖਦੇ ਨਹੀਂ।‘ ਇਸ ਦਾ ਮਤਲਬ ਅਸੀਂ ਹਰ ਘੰਟੇ ਵਿਚ ਆਪਣੇ ਮੋਬਾਈਲ ਨੂੰ ਘਟੋ- ਘਟ ਇਕ ਵਾਰ ਜ਼ਰੂਰ ਦੇਖਦੇ ਹਾਂ। ਟੀ. ਵੀ. ਦੇਖਦਿਆਂ, ਰੋਟੀ ਖਾਣ ਲਗਿਆਂ ਅਤੇ ਸਫ਼ਰ ਕਰਦਿਆਂ ਅਸੀਂ ਆਪਣੇ ਸਮਾਰਟ ਫ਼ੋਨ ਨੂੰ ਆਪਣੇ ਨਾਲੋਂ ਵਖ ਨਹੀਂ ਕਰਦੇ।
ਸਕੂਲ, ਕਾਲਜ, ਦਫ਼ਤਰ ਜਾਣ ਲਗਿਆਂ ਅਸੀਂ ਆਪਣੇ ਸਭ ਤੋਂ ਜ਼ਰੂਰੀ ਕਾਗਜ਼ ਭੁਲ ਸਕਦੇ ਹਾਂ ਪਰ ਮੋਬਾਈਲ ਫ਼ੋਨ ਨੂੰ ਨਹੀਂ ਭੁਲਦੇ। ਹਾਂ, ਜੇਕਰ ਕਦੇ- ਕਦਾਈਂ ਮੋਬਾਈਲ ਫ਼ੋਨ ਘਰ ਛੁਟ ਗਿਆ ਤਾਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਸਾਡੇ ਸਰੀਰ ਦਾ ਕੋਈ ਜ਼ਰੂਰੀ ਅੰਗ ਘਰ ਰਹਿ ਗਿਆ ਹੋਵੇ। ਮੋਬਾਈਲ ਫ਼ੋਨ ਤੋਂ ਬਿਨਾਂ ਜੀਵਨ ‘ਚ ਅਧੂਰਾਪਣ ਲਗਦਾ ਹੈ। ਸਮਾਰਟ ਫ਼ੋਨ ਤੋਂ ਹੁੰਦੇ ਨੁਕਸਾਨ ਕਰਕੇ ਕਈ ਕੰਪਨੀਆਂ, ਸਕੂਲਾਂ, ਕਾਲਜਾਂ ਨੇ ਕੰਮ ਦੇ ਵਕਤ ਮੋਬਾਈਲ ਨੂੰ ਵਰਤਣ ਤੇ ਪਾਬੰਦੀ ਲਗਾਈ ਹੋਈ ਹੈ ਪਰ ਜਦੋਂ ਤਕ ਅਸੀਂ ਸਮਾਜਿਕ ਜੀਵਨ ਦੀ ਮਹਤਤਾ ਨੂੰ ਦਿਲੋਂ ਸਵੀਕਾਰ ਨਹੀਂ ਕਰਦੇ ਉਦੋਂ ਤਕ ਇਹ ਪਾਬੰਦੀਆਂ ਕੇਵਲ ਦਿਖਾਵਟੀ ਪਾਬੰਦੀਆਂ ਹੁੰਦੀਆਂ ਹਨ। ਇਹਨਾਂ ਪਾਬੰਦੀਆਂ ਦਾ ਸਾਡੇ ਜੀਵਨ ਵਿਚ ਕੋਈ ਜਿਆਦਾ ਫ਼ਰਕ ਨਹੀਂ ਪੈਂਦਾ ਕਿਉਂਕਿ ਜਦੋਂ ਕੋਈ ਕੰਮ ਦਿਲੋਂ ਨਾ ਕਰਨਾ ਹੋਵੇ ਉਦੋਂ ਬੰਦਾ ਉਸ ਕੰਮ ਦਾ ਕੋਈ ਨਾ ਕੋਈ ਹੋਰ ਰਾਹ ਲਭ ਲੈਂਦਾ ਹੈ। ਸੜਕਾਂ ਤੇ ਹੁੰਦੇ ਹਾਸਦਿਆਂ ਦਾ ਮੁਖ ਕਾਰਨ ਵੀ ਮੋਬਾਈਲ ਫ਼ੋਨ ਵਰਤਣਾ ਹੁੰਦਾ ਹੈ। ਕਦੇ ਗਡੀ ਚਲਾਉਂਦਿਆਂ ਅਤੇ ਮੋਬਾਈਲ ਫ਼ੋਨ ‘ਤੇ ਗਲਾਂ ਵਿਚ ਮਸਤ ਹੁੰਦਿਆਂ ਸੜਕ ਪਾਰ ਕਰਨਾ ਹਾਦਸੇ ਦਾ ਕਾਰਨ ਬਣ ਜਾਂਦਾ ਹੈ। ਪਰ ਇੰਟਰਨੈਟ ਦੀ ਦੁਨੀਆਂ ਨੇ ਮਨੁਖ ਨੂੰ ਅਜਿਹਾ ਮਸਤ ਕੀਤਾ ਹੋਇਆ ਹੈ ਕਿ ਇਹ ਨੁਕਸਾਨ ਤੋਂ ਰਤਾ ਭਰ ਵੀ ਨਹੀਂ ਡਰਦਾ। ਜ਼ਮਾਨੇ ਦੇ ਨਾਲ ਤੁਰਨਾ ਵਖਰੀ ਗਲ ਹੈ ਪਰ ਜ਼ਮਾਨੇ ਤੋਂ ਪਿਛੜ ਜਾਣਾ ਮੂਰਖ਼ਤਾ ਹੁੰਦੀ ਹੈ। ਮਨੁਖ ਨੂੰ ਮਨੁਖ ਬਣੇ ਰਹਿਣ ਲਈ ਇੰਟਰਨੈਟ ਦੀ ਦੁਨੀਆਂ ਤੋਂ ਬਾਹਰ ਆਉਣਾ ਪਵੇਗਾ ਅਤੇ ਇਹ ਕੰਮ ਕੋਈ ਜਿਆਦਾ ਮੁਸ਼ਕਿਲ ਵੀ ਨਹੀਂ ਹੈ। ਅਸੀਂ ਨਿਤ ਦੇ ਕੰਮਾਂ ਦੀ ਤਰਤੀਬ ਨੂੰ ਅਮਲ ਵਿਚ ਲਿਆ ਕੇ ਸਮਾਰਟ ਫ਼ੋਨ ਦੀ ਨਕਲੀ ਦੁਨੀਆਂ ਤੋਂ ਬਾਹਰ ਆ ਸਕਦੇ ਹਾਂ।
ਇਥੇ ਕੁਝ ਅਹਿਮ ਨੁਕਤੇ ਦਿਤੇ ਜਾ ਰਹੇ ਹਨ ਜਿਨਾਂ ਨੂੰ ਅਮਲ ਵਿਚ ਲਿਆ ਕੇ ਅਸੀਂ ਇੰਟਰਨੈਟ ਦੀ ਲਤ ਤੋਂ ਕੁਝ ਹਦ ਤਾਂ ਛੁਟਕਾਰਾ ਪਾ ਸਕਦੇ ਹਾਂ।ਸਮਾਰਟ ਫ਼ੋਨ ਨੂੰ ਚਲਾਉਣ ਦਾ ਵਕਤ ਨਿਰਧਾਰਤ ਕਰੋ। ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਕਿੰਨਾ ਵਕਤ ਮੋਬਾਈਲ ਫ਼ੋਨ ਨੂੰ ਦੇਣਾ ਹੈ, ਇਹ ਨਿਸ਼ਚਿਤ ਕਰੋ। ਬਾਜ਼ਾਰ, ਪਾਰਕ, ਦਫ਼ਤਰ ਅਤੇ ਰਿਸ਼ਤੇਦਾਰੀ ਵਿਚ ਕਦੇ- ਕਦੇ ਬਿਨਾਂ ਮੋਬਾਈਲ ਫ਼ੋਨ ਤੋਂ ਜਾਓ। ਕੁਝ ਦਿਨ ਅਜ਼ੀਬ ਲਗੇਗਾ ਪਰ ਫੇਰ ਇਸਦੀ ਆਦਤ ਬਣ ਜਾਵੇਗੀ। ਹਰ ਘੰਟੇ ਆਪਣੇ ਮੋਬਾਈਲ ਫ਼ੋਨ ਨੂੰ ਚੈਕ ਕਰਨ ਦੀ ਆਦਤ ਨੂੰ ਬਦਲੋ। ਹਾਂ, ਕੋਈ ਜ਼ਰੂਰੀ ਕਾਲ/ ਫ਼ੋਨ ਹੋਵੇਗਾ ਤਾਂ ਉਹ ਬੰਦਾ ਤੁਹਾਨੂੰ ਮੁੜ ਕੇ ਸੰਪਰਕ ਕਰੇਗਾ।
ਮੋਬਾਈਲ ਫ਼ੋਨ ਨੂੰ ਬੰਦ ਕਰਕੇ ਕੁਝ ਸਮਾਂ ਆਪਣੇ ਪਰਿਵਾਰਿਕ ਮੈਂਬਰਾਂ ਵਿਚ ਬੈਠ ਕੇ ਗਲਬਾਤ ਕਰੋ। ਸਫ਼ਰ ਦੌਰਾਨ ਮੋਬਾਈਲ ਫ਼ੋਨ ਨੂੰ ਬਿਨਾਂ ਕਾਰਨ ਨਾ ਚਲਾਓ। ਸਫ਼ਰ ਦਾ ਆਨੰਦ ਲਓ ਕਿਉਂਕਿ ਮੋਬਾਈਲ ਤਾਂ ਤੁਸੀਂ ਆਪਣੇ ਕਮਰੇ ਵਿਚ ਬੈਠ ਕੇ ਵੀ ਚਲਾ ਸਕਦੇ ਹੋ ਪਰ ਰਸਤੇ ਦੀ ਖੂਬਸੂਰਤੀ ਤੁਹਾਨੂੰ ਮੁੜ ਨਸੀਬ ਨਹੀਂ ਹੋਵੇਗੀ ਅਤੇ ਕੀ ਪਤਾ ਤੁਹਾਡੇ ਨਾਲ ਦੀ ਸੀਟ ਤੇ ਬੈਠਾ ਵਿਅਕਤੀ ਤੁਹਾਡਾ ਚੰਗਾ ਮਿਤਰ ਬਣ ਜਾਵੇ ਜਾਂ ਤੁਹਾਨੂੰ ਉਸ ਕੋਲੋਂ ਕੋਈ ਚੰਗੀ ਗਲ ਸਿਖਣ ਨੂੰ ਮਿਲ ਜਾਵੇ, ਜਿਹੜੀ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿਚ ਸਾਰਥਕ ਰੋਲ ਅਦਾ ਕਰੇ।
ਸੋ ਦੋਸਤੋ, ਇੰਟਰਨੈਟ ਦੀ ਦੁਨੀਆਂ ਤੋਂ ਬਾਹਰ ਨਿਕਲੋ ਅਤੇ ਆਪਣੇ ਆਲੇ- ਦੁਆਲੇ ਦੀ ਖੂਬਸੂਰਤੀ ਦਾ ਜੀ ਭਰ ਕੇ ਆਨੰਦ ਲਓ। ਜ਼ਿੰਦਗੀ ਦਾ ਸਮਾਂ ਬਹੁਤ ਥੋੜਾ ਹੈ ਇਸ ਨੂੰ ਸਮਾਰਟ ਫ਼ੋਨ ਦੀ ਦੁਨੀਆਂ ਵਿਚ ਬਰਬਾਦ ਨਾ ਕਰੋ। ਸਮਾਜਿਕ ਪ੍ਰਾਣੀ ਬਣ ਕੇ ਸਮਾਜਿਕਤਾ ਦਾ ਆਨੰਦ ਲਉ। ਜੀਉਂਦੇ- ਵਸਦੇ ਰਹੋ ਸਾਰੇ।

Send this to a friend