ਫੌਜੀ ਸ਼ਹੀਦ ਇਕਬਾਲ ਸਿੰਘ ਗੁਰਨੇਕਲਾਂ ਦੀ ਲਾਸਾਨੀ ਸ਼ਹਾਦਤ

ਦੇਸ਼ ਦੀ ਆਨ-ਸ਼ਾਨ-ਬਾਨ ਨੂੰ ਸ਼ਰੀਕ ਤੋਂ ਬਚਾਉਣ ਲਈ ਪੰਜਾਬ ਦੇ ਜੋਸ਼ੀਲੇ ਗੱਭਰੂਆਂ ਦੀਆਂ ਹਿੱਕਾਂ ਹਮੇਸ਼ਾਂ ਢਾਲ ਬਣਕੇ ਖੜਕਦੀਆਂ ਰਹੀਆਂ ਹਨ ਅਤੇ ਅਜਿਹੇ ਗੱਭਰੂ ਨੌਜਵਾਨ ਭਾਰਤ ਦੇਸ਼ ਦੇ ਬਾਰਡਰਾਂ ਤੇ ਖੜਕੇ ਅਪਣੇ ਧੁਰ ਅੰਦਰ ਤੱਕ ਇੱਕੋ ਪ੍ਰਣ ਕਰਦੇ ਹਨ ਕਿ ਦੇਸ਼ ਦੀ ਆਨ ਤੇ ਸ਼ਾਨ ਨੂੰ ਖਤਰੇ ਵਿੱਚ ਨਹੀ ਪੈਣ ਦੇਣਾ ਇਸ ਬਦਲੇ ਅਪਣਾ ਆਪਾ ਵਾਰਕੇ ਹੱਸਦੇ ਹੱਸਦੇ ਦੇਸ਼ ਤੋਂ ਕੁਰਬਾਨ ਹੋ ਜਾਣ ਨੂੰ ਤਰਜੀਹ ਦਿੰਦੇ ਹਨ ਅਤੇ ਇਹ ਜੌਸ਼ੀਲੇ ਅਣਖੀ ਸੂਰਮੇ ਦੇਸ਼ ਭਗਤੀ ਦੀ ਭਾਵਨਾਂ, ਮਰਿਯਾਦਾ ਨੂੰ ਕਇਮ ਰੱਖਣ ਲਈ ਲੋੜ ਪੈਣ ਤੇ ਸ਼ਹਾਦਤ ਦੇ ਜਾਮ ਪੀਕੇ ਇੱਕ ਵੱਖਰਾ ਮੁਕਾਮ ਹਾਸਲ ਕਰ ਜਾਂਦੇ ਹਨ।
ਫੌਜੀ ਸ਼ਹੀਦ ਇਕਬਾਲ ਸਿੰਘ ਜਿਲਾ ਮਾਨਸਾ ਦੇ ਪਿੰਡ ਗੁਰਨੇਕਲਾਂ ਵਿਖੇ 26.01.1982 ਨੂੰ ਮਾਤਾ ਬਲਜੀਤ ਕੌਰ ਦੀ ਕੁੱਖੋਂ ਪਿਤਾ ਸ.੍ਰ ਰਾਜਾ ਸਿੰਘ ਦੇ ਘਰ ਪੈਦਾ ਹੋਇਆ। ਪਰਿਵਾਰ ਵਿੱਚ ਇੱਕ ਭੈਣ ਅਤੇ ਇੱਕ ਭਰਾ ਤੋਂ ਛੋਟਾ ਹੋਣ ਕਰਕੇ ਮਾਤਾ ਇਕਬਾਲ ਸਿੰਘ ਨੂੰ ਲਾਡਲਾ ਪੁੱਤ ਅਫਸਰ ਕਹਿਕੇ ਬੁਲਾਉਂਦੀ ਸੀ। ਬਾਰਵੀਂ ਜਮਾਤ ਦੀ ਪੜਾਈ ਪੂਰੀ ਕਰਨ ਤੋਂ ਤੁਰੰਤ ਬਾਅਦ ਇਕਬਾਲ ਸਿੰਘ 15.12.2005 ਨੂੰ ਸ਼ਾਸ਼ਤਰ ਸੀਮਾ ਬਲ 48ਵੀਂ ਬਟਾਲੀਅਨ ਵਿੱਚ ਭਰਤੀ ਹੋ ਗਿਆ। ਅਪਣੀ ਸਰਵਿਸ ਦੋਰਾਨ ਇਕਬਾਲ ਸਿੰਘ ਨੂੰ ਜਿਥੇ ਡਿਉਟੀ ਮਿਲੀ ਉਸਨੇ ਆਪਣੀ ਡਿਉਟੀ ਬਾਖੂੁਵੀ ਨਿਭਾਈ ਅਤੇ ਅਪਣੀ ਬਹਾਦਰੀ ਸਦਕਾ ਫੌਜ ਵਿੱਚ ਹੌਲਦਾਰ ਦਾ ਪਦ ਗ੍ਰਹਿਣ ਕੀਤਾ। ਭਾਰਤ ਅਤੇ ਨੇਪਾਲ ਦੇ ਬਾਰਡਰ ਤੇ ਅਪਣੀ 48ਵੀਂ ਸੈਨਾਂ ਟੁਕੜੀ ਨਾਲ ਡਿਉਂਟੀ ਨਿਭਾਅ ਰਿਹੇ ਫੌਜੀ ਜਵਾਨ ਦੀ 21 ਜਨਵਰੀ 2017 ਨੂੰ ਅਚਨਚੇਤ ਹੋਈ ਭੇਦ ਭਰੀ ਸ਼ਹਾਦਤ ਕਈ ਸਵਾਲ ਖੜੇ ਕਰ ਗਈ। ਫੌਜੀ ਇਕਬਾਲ ਸਿੰਘ ਦੇ ਸਾਥੀਆਂ ਨੇ ਨਮ ਅੱਖਾਂ ਨਾਲ ਇਸ ਮਾਨਸਾ ਜ਼੍ਹਿਲੇ ਦੇ ਵੀਰ ਇਕਬਾਲ ਸਿੰਘ ਦੀਆਂ ਯਾਦਾਂ ਜੋ ਭਾਰਤੀ ਫੌਜ ਵਿੱਚ 11 ਸਾਲ ਇੱਕ ਮਹੀਨਾ ਅਤੇ 7 ਦਿਨ ਸੇਵਾਵਾਂ ਨਿਭਾਉਣ ਦੌਰਾਨ ਉਸ ਦੀਆਂ ਬਹਾਦਰੀ ਭਰੀਆਂ ਗੱਲਾਂ ਕਰਦੇ ਨਹੀ ਥੱਕਦੇ ਪਰ 21 ਜਨਵਰੀ ਦੀ ਕੁਲਿਹਣੀ ਸ਼ਾਮ ਬਾਰੇ ਇੱਕ ਭੇਦ ਹੀ ਬਣਕੇ ਰਹਿ ਗਿਆ। ਜਦੋਂ 23 ਜਨਵਰੀ ਨੂੰ ਵੀਰ ਇਕਬਾਲ ਸਿੰਘ ਦੀ ਦੇਹ ਪਿੰਡ ਪਹੁੰਚੀ ਤਾਂ ਇਸ ਸੂਰਮੇਂ ਦਾ ਸਸਕਾਰ ਸਰਕਾਰੀ ਸਨਮਾਨਾਂ, ਫੌਜੀ ਬੈਂਡ ਅਤੇ 7 ਬੰਦੂਕਾਂ ਦੀ ਸਲਾਮੀ ਨਾਲ ਹੋਇਆ ਅਤੇ ਇਸ ਅਤਿ ਦੁਖਦਾਈ ਘਟਨਾਂ ਸੁਣਦੇ ਹੀ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਉਸ ਸਮੇਂ ਉਸਦੀ ਪਤਨੀ ਪਰਮਜੀਤ ਕੌਰ ਕੋਲ 3 ਸਾਲ ਦਾ ਸਪੁੱਤਰ ਸ਼ੁਭਦੀਪ ਗੋਦੀ ਸੀ।
ਇਕਬਾਲ ਸਿੰਘ ਵਿੱਚ ਇੱਕ ਗੱਲ ਹੋਰ ਜਿਹੜੀ ਖਾਸ ਅਤੇ ਡੂੰਘੇ ਅਰਥ ਰੱਖਦੀ ਸੀ ਕਿ ਜਦ ਵੀ ਉਹ ਛੁੱਟੀ ਕੱਟਣ ਪਿੰਡ ਗੁਰਨੇਕਲਾਂ ਵਿਖੇ ਆਉਂਦਾ ਤਾਂ ਸਭ ਤੋਂ ਪਹਿਲਾਂ ਅਪਣੇ ਮਾਤਾ ਪਿਤਾ ਦੀ ਸਿਹਤ ਦਾ ਧਿਆਨ ਕਰਦਾ ਅਤੇ ਉਸ ਤੋਂ ਬਾਅਦ ਉਸ ਤੋਂ ਛੋਟੀ ਉਮਰ ਦੇ ਨੌਜਵਾਨਾਂ ਦੀ ਕੌਂਸਲਿੰਗ ਕਰਦਾ ਕਿ ਸਮਾਜ ਵਿੱਚ ਕਾਮਯਾਬੀ ਕਿਵੇਂ ਹਾਸਲ ਕਰਨੀ ਹੈ ਅਤੇ ਉਹਨਾਂ ਨਵੇਂ ਮੁੱਛ ਫੁੱਟ ਗੱਭਰੂਆਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਦੀ ਨੇਕ ਸਲਾਹ ਦਿੰਦਾ। ਲੱਗਭੱਗ ਇੱਕ ਸਾਲ ਪਹਿਲਾਂ ਫੌਜੀ ਇਕਬਾਲ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਮਾਣਯੋਗ ਰਾਸ਼ਟਰਪਤੀ, ਮਾਣਯੋਗ ਪ੍ਰਧਾਨ ਮੰਤਰੀ ਅਤੇ ਥਲ ਸੈਨਾਂ ਫੌਜ ਦੇ ਐਸ.ਐਸ.ਬੀ ਦੇ ਮੁਖੀ ਨੂੰ ਇੱਕ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਮੇਰੇ ਪਤੀ ਦੀ ਸ਼ਹਾਦਤ ਦਾ ਸਹੀ ਕਾਰਨ ਦੱਸਿਆ ਜਾਵੇ ਪਰ ਲੱਗਭਗ ਸਾਲ ਹੋਣ ਦੇ ਬਾਵਯੂਦ ਕਿਸੇ ਵੀ ਚਿੱਠੀ ਦਾ ਕੋਈ ਜਵਾਬ ਨਹੀ ਮਿਲਿਆ।
ਅੱਜ ਭਾਵੇਂ ਇਕਬਾਲ ਸਿੰਘ ਸਾਡੇ ਵਿੱਚ ਸਰੀਰਕ ਤੌਰ ਤੇ ਨਹੀ ਰਹੇ ਪਰ ਪਿੰਡ ਵਾਸੀ ਉਸਦੀ ਨੇਕ ਰੂਹ ਦੀ ਇੱਕ ਯਾਦ ਨੂੰ ਹਮੇਸ਼ਾਂ ਆਪਣੇ ਮਨਾਂ ਵਿੱਚ ਤਰੋ-ਤਾਜ਼ਾ ਰੱਖਣ ਲਈ ਪਿੰਡ ਗੁਰਨੇਕਲਾਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਇਸ ਯੋਧੇ ਦੇ ਜਨਮ ਦਿਨ 26 ਜਨਵਰੀ ਤੇ ਇੱਕ ਵਿਸ਼ੇਸ ਸਮਾਗਮ ਕਰਵਾਕੇ ਮਾਣ ਮਹਿਸੂਸ ਕਰਦੇ ਹਨ। ਇਸ ਪ੍ਰੋਗਰਾਮ ਵਿੱਚ ਫੌਜੀ ਦੇ ਪਿਤਾ ਸ੍ਰ ਰਾਜਾ ਸਿੰਘ, ਮਾਤਾ ਬਲਜੀਤ ਕੌਰ, ਪਤਨੀ ਪਰਮਜੀਤ ਕੌਰ, ਅਤੇ ਉਸਦੇ ਬੇਟੇ ਸ਼ੁਭਦੀਪ ਨੂੰ ਵਿਸ਼ੇਸ ਮਹਿਮਾਨ ਬਣਾਕੇ ਇਸ ਪਰਿਵਾਰ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ। ਦੇਸ਼ ਦੇ ਬਾਰਡਰਾਂ ਤੇ ਭੁੱਖਾਂ ਤਰੇਹਾਂ ਕੱਟਕੇ , ਜ਼ੀਰੋ ਗਿਗਰੀ ਤੋਂ ਥੱਲੇ ਠੰਡੇ ਤਾਪਮਾਨ ਵਿੱਚ ਦਿਨ ਰਾਤ ਉਨੀਂਦਰੇ ਰਹਿਕੇ ਜਿੰਮੇਵਾਰੀ ਨਾਲ ਡਿਉਂਟੀ ਨਿਭਾਉਣ ਵਾਲੇ ਸ਼ਹੀਦ ਫੌਜੀ ਇਕਬਾਲ ਸਿੰਘ ਗੁਰਨੇਕਲਾਂ ਵਰਗੇ ਯੋਧਿਆਂ ਅੱਗੇ ਭਾਰਤ ਵਾਸੀਆਂ ਦਾ ਸਿਰ ਹਮੇਸ਼ਾਂ ਹੀ ਝੁਕਦਾ ਰਹੇਗਾ ਅਤੇ ਇਹਨਾਂ ਸੂਰਵੀਰਾਂ ਨੂੰ ਭਾਰਤੀ ਬਸ਼ਿੰਦੇ ਸੱਚਾ ਸਲਾਮ ਕਰਦੇ ਰਹਿਣਗੇ ਜੀ।

Send this to a friend