ਕਸ਼ਮੀਰੀ ਨੌਜਵਾਨਾਂ ਦੇ ਹੋ ਰਹੇ ਕਤਲੇਆਮ ਦੀ ਗੱਲ ਹਲਕੇ ਤੌਰ ’ਤੇ ਨਾ ਲਈ ਜਾਵੇ

ਸ੍ਰੀ ਫ਼ਤਹਿਗੜ੍ਹ ਸਾਹਿਬ – ਕਸ਼ਮੀਰ ਵਿਚ ਲੰਮੇਂ ਸਮੇਂ ਤੋਂ ਉਥੋਂ ਦੀ ਨੌਜ਼ਵਾਨੀ ਜਿਥੇ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੀ ਹੈ, ਉਥੇ ਉਨ੍ਹਾਂ ਕਸ਼ਮੀਰੀਆਂ ਦੀਆਂ ਭਾਵਨਾਵਾਂ ਨੂੰ ਕੁਚਲਣ ਲਈ, ਹਿੰਦੂਤਵ ਹੁਕਮਰਾਨਾਂ, ਫ਼ੌਜ, ਪੈਰਾ ਮਿਲਟਰੀ ਫੋਰਸਾਂ ਵਲੋਂ ਆਜ਼ਾਦੀ ਲਈ ਸੰਘਰਸ਼ੀਲ ਨੌਜ਼ਵਾਨਾਂ ਨੂੰ ਗੋਲੀ ਦਾ ਨਿਸ਼ਾਨਾਂ ਬਣਾਕੇ ਕਸ਼ਮੀਰੀਆਂ ਵਿਚ ਦਹਿਸਤ ਪੈਦਾ ਕਰਕੇ ਉਥੇ ਮਨੁਖਤਾ ਦਾ ਵਡੇ ਪਧਰ ਤੇ ਕਤਲੇਆਮ ਜਾਰੀ ਹੈ । ਹੁਕਮਰਾਨਾਂ ਵਲੋਂ ਵਡੇ ਜ਼ਬਰ-ਜੁਲਮ ਕਰਨ ਅਤੇ ਇਸ ਆਜ਼ਾਦੀ ਦੀ ਲੜਾਈ ਨੂੰ ਬਦਨਾਮ ਕਰਨ ਤੇ ਖ਼ਤਮ ਕਰਨ ਹਿਤ ਹਰ ਹਥਕੰਡਾ ਵਰਤਣ ਉਪਰੰਤ ਵੀ ਕਸ਼ਮੀਰ ਦੀ ਆਜ਼ਾਦੀ ਦੀ ਲਹਿਰ ਵਿਚ ਕੋਈ ਕਮੀ ਨਾ ਆਉਣਾ ਇਸ ਗਲ ਨੂੰ ਪ੍ਰਤਖ ਕਰਦਾ ਹੈ ਕਿ ਕਸ਼ਮੀਰੀਆਂ ਦੀ ਆਜ਼ਾਦੀ ਦੀ ਲੜਾਈ ਨੂੰ ਬਹੁਤ ਵਡਾ ਹੁੰਗਾਰਾ ਮਿਲ ਰਿਹਾ ਹੈ । ਇਥੇ ਹੀ ਬਸ ਨਹੀਂ ਇਸ ਕਸ਼ਮੀਰ ਸੰਘਰਸ਼ ਵਿਚ ਪੀ.ਐਚ.ਡੀ. ਪ੍ਰਾਪਤ ਕਸ਼ਮੀਰੀ ਨੌਜ਼ਵਾਨ ਡਾਕਟਰ, ਪ੍ਰੋਫੈਸਰ ਅਤੇ ਬੁਧੀਜੀਵੀ ਵਰਗ ਵੀ ਮੋਹਰੀ ਹੋ ਕੇ ਭੂਮਿਕਾ ਨਿਭਾ ਰਿਹਾ ਹੈ । ਜੋ ਬੀਤੇ ਦਿਨੀਂ ਕਸ਼ਮੀਰ ਦੇ ਪ੍ਰਮੁਖ ਆਈ.ਏ.ਐਸ. ਅਫ਼ਸਰ ਸਾਹ ਫੈਜਲ ਵਲੋਂ ਆਪਣੇ ਇਸ ਵਡੇ ਰੁਤਬੇ ਤੋਂ ਅਸਤੀਫ਼ਾਂ ਦੇ ਕੇ ਕਸ਼ਮੀਰੀ ਨੌਜ਼ਵਾਨਾਂ ਦੇ ਹੋ ਰਹੇ ਕਤਲੇਆਮ ਵਿਰੁਧ ਆਵਾਜ਼ ਉਠਾਈ ਗਈ ਹੈ ਅਤੇ ਕਿਹਾ ਗਿਆ ਹੈ ਕਿ ਸੈਂਟਰ ਦੀ ਸਹੀ ਪਹੁੰਚ ਦੀ ਕਮੀ ਕਾਰਨ ਕਸ਼ਮੀਰੀ ਅਜ ਮਨੋ ਅਤੇ ਆਤਮਾਵਾਂ ਤੋਂ ਡੂੰਘੇ ਪੀੜ੍ਹਤ ਹਨ, ਦੀ ਕਾਰਵਾਈ ਕਸ਼ਮੀਰੀਆਂ ਦੀ ਆਜ਼ਾਦੀ ਦੀ ਲੜਾਈ ਨੂੰ ਕੌਮਾਂਤਰੀ ਪਧਰ ਤੇ ਵਡਾ ਬਲ ਦਿੰਦੀ ਹੈ । ਉਨ੍ਹਾਂ ਵਲੋਂ ਇਹ ਕਹਿਣਾ ਕਿ 20 ਕਰੋੜ ਮੁਸਲਿਮ ਨਿਵਾਸੀਆ ਨਾਲ ਹੁਕਮਰਾਨ ਦੂਜੇ ਦਰਜੇ ਦਾ ਵਿਵਹਾਰ ਕਰਕੇ ਬਲਦੀ ਉਤੇ ਤੇਲ ਪਾਉਣ ਦੀ ਗਲ ਕਰ ਰਹੇ ਹਨ । ਜਿਸ ਨੂੰ ਕਸ਼ਮੀਰੀਆਂ ਦੀਆਂ ਭਾਵਨਾਵਾਂ ਅਨੁਸਾਰ ਸਮਝਣ ਅਤੇ ਇਸ ਸੰਜ਼ੀਦਾ ਮੁਦੇ ਨੂੰ ਸਹੀ ਦਿਸ਼ਾ ਵਲ ਹਲ ਕਰਨ ਲਈ ਹੁਕਮਰਾਨਾਂ ਨੂੰ ਪਹੁੰਚ ਅਪਣਾਉਣੀ ਚਾਹੀਦੀ ਹੈ ਤਾਂ ਕਿ ਕਸ਼ਮੀਰ ਵਿਚ ਮਨੁਖਤਾ ਦਾ ਕਤਲੇਆਮ ਬੰਦ ਹੋ ਸਕੇ ਅਤੇ ਕਸ਼ਮੀਰੀ ਦਹਿਸਤ ਦੇ ਪ੍ਰਛਾਵੇ ਵਿਚੋਂ ਨਿਕਲਕੇ ਆਜ਼ਾਦੀ ਦਾ ਨਿਘ ਮਾਣ ਸਕਣ । ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਜ ਪਾਰਟੀ ਦੇ ਮੁਖ ਦਫ਼ਤਰ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮਨੁਖਤਾ ਪਖੀ ਕੌਮਾਂਤਰੀ ਨੀਤੀ ਅਧੀਨ ਬਿਆਨ ਜਾਰੀ ਕਰਦੇ ਹੋਏ ਹਿੰਦੂਤਵ ਹੁਕਮਰਾਨਾਂ ਅਤੇ ਫ਼ੌਜ ਵਲੋਂ ਕਸ਼ਮੀਰ ਵਿਚ ਕਸ਼ਮੀਰੀਆਂ ਦੇ ਖੂਨ ਨਾਲ ਖੇਡੀ ਜਾ ਰਹੀ ਹੋਲੀ ਨੂੰ ਅਤਿ ਦੁਖਦਾਇਕ ਅਤੇ ਅਫ਼ਸੋਸਨਾਕ ਕਰਾਰ ਦਿੰਦੇ ਹੋਏ ਅਤੇ ਇਸ ਦਿਸ਼ਾ ਵਲ ਸਹੀ ਪਹੁੰਚ ਅਪਣਾਕੇ ਕਸ਼ਮੀਰੀਆਂ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਮਸਲੇ ਨੂੰ ਤੁਰੰਤ ਹਲ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸ੍ਰੀ ਫੈਜਲ ਨੇ ਉਚ ਅਫ਼ਸਰਸ਼ਾਹੀ ਅਤੇ ਬੁਧੀਜੀਵੀਆਂ ਨੂੰ ਆਪਣੇ ਖਿਆਲਾਤਾਂ ਤੋਂ ਜਾਣੂ ਕਰਵਾਉਦੇ ਹੋਏ ਕਸ਼ਮੀਰੀਆਂ ਦੇ ਇਸ ਸੁਪਨੇ ਨੂੰ ਪੂਰਨ ਕਰਨ ਲਈ ਮਦਦ ਦੀ ਗੁਹਾਰ ਲਗਾਈ ਹੈ, ਇਹ ਕੌਮਾਂਤਰੀ ਪਧਰ ਤੇ ਬਹੁਤ ਮਹਤਵਪੂਰਨ ਦੇ ਨਾਲ-ਨਾਲ ਜਮਹੂਰੀਅਤ ਅਤੇ ਅਮਨਮਈ ਕਦਰਾ-ਕੀਮਤਾ ਨੂੰ ਵੀ ਮਜ਼ਬੂਤ ਕਰਨ ਦਾ ਉਦਮ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੈਂਟਰ ਦੇ ਹੁਕਮਰਾਨਾਂ ਅਤੇ ਕਸ਼ਮੀਰ ਵਿਚ ਉਨ੍ਹਾਂ ਦੀਆਂ ਹਦਾਇਤਾ ਤੇ ਜ਼ਬਰ-ਜੁਲਮ ਕਰਨ ਵਾਲੀ ਅਫ਼ਸਰਸ਼ਾਹੀ ਅਤੇ ਫੋਰਸਾ ਦੇ ਆਫਿਸਰਜ਼ ਨੂੰ ਕੌਮਾਂਤਰੀ ਮਨੁਖਤਾ ਪਖੀ ਲੀਹਾਂ ਤੇ ਇਹ ਅਪੀਲ ਕਰਨੀ ਚਾਹੇਗਾ ਕਿ ਕਿਸੇ ਵੀ ਮਸਲੇ ਦਾ ਹਲ ਗੋਲੀ-ਬੰਦੂਕ ਦੀ ਨੀਤੀ ਨਾਲ ਨਹੀਂ ਹੋ ਸਕਦਾ । ਬਲਕਿ ਜਦੋਂ ਆਪਣੇ ਹੀ ਮੁਲਕ ਦੇ ਨਿਵਾਸੀਆ ਵਿਚ ਹੁਕਮਰਾਨਾਂ ਦੇ ਜ਼ਬਰ-ਜੁਲਮ ਦੀ ਬਦੌਲਤ ਪਾੜਾ ਵਧ ਜਾਵੇ ਤਾਂ ਉਸ ਸਮੇਂ ਉਨ੍ਹਾਂ ਪੀੜ੍ਹਤ ਨਿਵਾਸੀਆ ਦੇ ਦੁਖਦੇ ਜਖ਼ਮਾਂ ਉਤੇ ਮਲ੍ਹਮ ਲਗਾਕੇ ਵਿਸਫੋਟਕ ਬਣੇ ਹਾਲਾਤਾਂ ਨੂੰ ਬਿਲਕੁਲ ਸਹੀ ਕਰਨ ਵਿਚ ਯੋਗਦਾਨ ਪਾਉਣਾ ਬਣਦਾ ਹੈ । ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ ਦੇ ਵਾਈਸ ਪ੍ਰਧਾਨ ਅਤੇ ਸਾਬਕਾ ਮੁਖ ਮੰਤਰੀ ਜੰਮੂ-ਕਸ਼ਮੀਰ ਵਲੋਂ ਕਸ਼ਮੀਰੀਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜੋ ਸ੍ਰੀ ਫੈਜਲ ਵਲੋਂ ਅਸਤੀਫਾ ਦਿਤਾ ਗਿਆ ਹੈ, ਉਸਦਾ ਸਵਾਗਤ ਕਰਨ ਦੀ ਡੂੰਘੀ ਗਲ ਨੂੰ ਵੀ ਹੁਕਮਰਾਨਾਂ ਨੂੰ ਆਪਣੇ ਜਹਿਨ ਵਿਚ ਰਖਦੇ ਹੋਏ ਕਸ਼ਮੀਰ ਦੇ ਹਾਲਾਤਾਂ ਨੂੰ ਅਮਨਮਈ ਰਖਣ ਲਈ ਫ਼ੌਰੀ ਜਿਥੇ ਕਦਮ ਉਠਾਉਣੇ ਪੈਣਗੇ, ਉਥੇ ਫੌ?ਜ ਤੇ ਪੈਰਾ ਮਿਲਟਰੀ ਫੋਰਸਾ ਵਲੋਂ ਕਸ਼ਮੀਰੀ ਨੌਜ਼ਵਾਨੀ ਨੂੰ ਗੋਲੀ ਦਾ ਨਿਸ਼ਾਨਾਂ ਬਣਾਉਣ ਦੀ ਮਨੁਖਤਾ ਵਿਰੋਧੀ ਨੀਤੀ ਤੇ ਵਿਚਾਰ ਕਰਕੇ ਉਨ੍ਹਾਂ ਕਸ਼ਮੀਰੀ ਨੌਜ਼ਵਾਨਾਂ ਅਤੇ ਆਜ਼ਾਦੀ ਚਾਹੁਣ ਵਾਲੀਆ ਕਸ਼ਮੀਰੀ ਸਖਸ਼ੀਅਤਾਂ ਨਾਲ ਗੁਰੂ ਨਾਨਕ ਸਾਹਿਬ ਜੀ ਵਲੋਂ ‘ਵਿਚਾਰ-ਗੋਸਟੀਆ‘ ਦੀ ਤਰਜ ਤੇ ਉਨ੍ਹਾਂ ਨਾਲ ਦਲੀਲ ਸਹਿਤ ਟੇਬਲ-ਟਾਕ ਕਰਨ ਦੀ ਰਵਾਇਤ ਨੂੰ ਮਜ਼ਬੂਤੀ ਨਾਲ ਜਿਊਦਾ ਕਰਨਾ ਪਵੇਗਾ ਤਾਂ ਕਿ ਗਲਬਾਤ ਰਾਹੀ ਹੀ ਅਜਿਹੇ ਗੰਭੀਰ ਮਸਲਿਆ ਨੂੰ ਹਲ ਕਰਨ ਦੀ ਗਲ ਮਜ਼ਬੂਤ ਹੋਵੇ ਅਤੇ ਅਮਨ-ਚੈਨ ਤੇ ਜਮਹੂਰੀਅਤ ਦਾ ਸਥਾਈ ਰੂਪ ਵਿਚ ਬੋਲਬਾਲਾ ਹੋ ਸਕੇ ।

Send this to a friend